ਵੱਡੇ ਘੱਲੂਘਾਰੇ ਵਿੱਚ ਹੋਈਆਂ ਸ਼ਹਾਦਤਾਂ ਅਤੇ ਆਪਣੀ ਅਗਲੀ ਰਣਨੀਤੀ ਦਾ ਲੇਖਾ ਜੋਖਾ ਕਰਨ ਸਿੰਘ ਸਰਦਾਰ ਬੈਠੇ ਸਨ… ਹੱਥਾਂ ਵਿੱਚ ਲਹੂ ਰੰਗੀਆਂ ਸ਼ਮਸ਼ੀਰਾਂ …..ਗੋਲ਼ੀਆਂ ਤੇ ਫੱਟਾਂ ਨਾਲ ਜਖ਼ਮੀ ਹੋਏ ਰਕਤਅੰਗੇਜ਼ ਤਨ…. ਜਾਨ ਤੋਂ ਪਿਆਰੇ ਹਾਲੋ ਬੇਹਾਲ ਤੁਰੰਗ… ਖਾਮੋਸ਼ੀ ਨੂੰ ਤੋੜਦਿਆਂ ਇਕ ਇਰਾਨੀ ਤਲਵਾਰ ਦੀ ਧਾਰ ਤੇ ਉਂਗਲ ਫੇਰਦਾ ਸ: ਮਿੱਤ ਸਿੰਘ ਡੱਲੇਵਾਲੀਆ ਬੋਲਿਆ,” ਵੈਸੇ… ਪਠਾਣਾਂ ਦੀਆਂ ਤੇਗ਼ਾਂ ਵਿੱਚ ਵੀ ਦਮ ਹੈ।”
ਚਿਹਰੇ ਤੇ ਮੁਸਕੁਰਾਹਟ ਲਿਆ ਕੇ ,ਸ: ਰਾਮਗੜ੍ਹੀਆ ਬੋਲਿਆ,” ਹਮਮਮ.. ਤੇਗ਼ਾਂ ਵਿੱਚ ਤਾਂ ਦਮ ਹੈ…ਵਾਹੁਣ ਵਾਲੇ ਸੀ ਦਮਦਾਰ ਸੀ… ਪਰ ਅੱਗੇ ਜਿਸਮ ਲੋਹੇ ਦੇ ਸੀ।”
ਸ: ਚੜ੍ਹਤ ਸਿੰਘ ਸ਼ੁਕਰਚੱਕੀਏ ਨੇ ਸਹਜ ਨਾਲ ਹੁੰਗਾਰਾ ਭਰਦਿਆਂ ਕਿਹਾ,”… ਤੇਗ਼ਾਂ ਵੀ ਵਧੀਆ ਸੀ… ਤੇ ਵਾਹੁਣ ਵਾਲੇ ਵੀ… ਪਰ ਅੱਗੇ ਮਰਹੱਟੇ ਨਹੀ ਸੀ…ਖ਼ਾਲਸਾ ਸੀ..।”
ਸਾਰਿਆਂ ਤੇ ਚਿਹਰਿਆਂ ਤੇ ਮੁਸਕੁਰਾਹਟ ਜਿਹੀ ਸੀ… ਲਹੂ ਦਾ ਬੁੱਤ ਬਣੇ ਜਿਸਮ ਵੀ ਅਡੋਲ ਸਨ….ਵਕਤ ਦੀ ਕੁਠਾਲੀ ਵਿੱਚ ਜ਼ੁਲਮ ਦੀ ਤਾਅਬ ਨਾਲ ਕੰਚਨ ਹੋਇਆ ਖ਼ਾਲਸਾ ਬੈਠਾ ਸੀ। ਸਾਰੇ ਪਾਸੇ ਸੁੰਨ… ਇਕ ਦਮ ਸ: ਆਹਲੂਵਾਲੀਆ ਬੋਲੇ…..,” ਅਬਦਾਲੀ…. ਅੱਜ ਮਲੇਰਕੋਟਲੇ ਬੈਠਾ ਸੋਚਦਾ ਹੋਣਾ… ਗਿੱਦੜ ਨੇ ਹਦਵਾਣਿਆਂ ਭੁਲੇਖੇ ਪੱਥਰ ਨੂੰ ਮੂੰਹ ਮਾਰ ਲਿਆ।”
ਡਾ:ਸੁਖਪ੍ਰੀਤ ਸਿੰਘ ਉਦੋਕੇ