ਬਾਲ ਗੁੰਦਾਈ ਨੂੰ ਨਿਹਾਲ ਕਰਕੇ ਗੁਰੂ ਜੀ ਅੱਗੇ ਚੱਲਣ ਲੱਗੇ ਤਾਂ ( ਬਾਲ ਗੁੰਦਾਈ ਇਹ ਟਿਕਾਣਾ ਜਿਹਲਮ ਤੋਂ 14 — 15 ਮੀਲ ਦੂਰ ਹੈ ਜੀ ( ਮੈਨੂੰ ਬਾਲੇ ਨੂੰ ) ਗੁਰੂ ਜੀ ਨੇ ਕਿਹਾ ਹੇ ਬਾਲਾ ! ਇਸ ਸ਼ਹਿਰ ਵਿਚ ਸਾਡਾ ਇਕ ਸੰਸਾਰੀ ਮਿੱਤਰ ਮੂਲਾ ਰਹਿੰਦਾ ਹੈ ਚੱਲ ਉਸਨੂੰ ਮਿਲ ਆਈਏ । ਗੁਰੂ ਜੀ ਮੈਨੂੰ ਨਾਲ ਲੈ ਕੇ ਮੂਲੇ ਦੇ ਘਰ ਦੇ ਬੂਹੇ ਅੱਗੇ ਆਣ ਖੜੇ ਹੋਏ । ਮੂਲੇ ਦੀ ਇਸਤਰੀ ਨੇ ਗੁਰੂ ਜੀ ਨੂੰ ਵੇਖਕੇ ਮੂਲੇ ਨੂੰ ਆਖਿਆ ਜਿਨ੍ਹਾਂ ਦੇ ਨਾਲ ਤੂੰ ਪਹਿਲਾਂ ਗਿਆ ਸੀ ਉਹ ਸਾਧੂ ਬਾਹਰ ਬੂਹੇ ਅੱਗੇ ਖੜੇ ਹਨ ।
ਤੂੰ ਘਰ ਅੰਦਰ ਛੁਪ ਕੇ ਬੈਠ ਜਾਹ ਨਹੀਂ ਤਾਂ ਤੈਨੂੰ ਫੇਰ ਲੈ ਜਾਣਗੇ । ਇਸਤਰੀ ਦੀ ਇਹ ਗੱਲ ਸੁਣਕੇ ਮੂਲਾ ਗੋਹਿਆਂ ਦੇ ਗਹੂਰੇ ਵਿਚ ਵੜਕੇ ਲੁੱਕ ਗਿਆ । ਗੁਰੂ ਜੀ ਨੇ ਮੂਲਾ ਮੂਲਾ ਕਰਕੇ ਦੋ ਤਿੰਨ ਵਾਰ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਪਰ ਉਸ ਦੀ ਇਸਤਰੀ ਨੇ ਕਿਹਾ ਸੰਤ ਜੀ ਉਹ ਬਾਹਰ ਕਿਸੇ ਕੰਮ ਪਿੰਡ ਗਿਆ ਹੋਇਆ ਹੈ ਘਰ ਨਹੀਂ ਹੈ ।
ਗੁਰੂ ਜੀ ਨੇ ਕਿਹਾ ਮੂਲਾ ਬੇਮੁਖ ਕਰਮਹੀਨ ਹੈ
ਅਸੀਂ ਉਸਨੂੰ ਮਿਲਣ ਆਏ ਹਾਂ ਤੇ ਇਸਤਰੀ ਦੇ ਆਖੇ ਘਰ ਵਿਚ ਲੁੱਕ ਗਿਆ ਹੈ ਫਿਰ ਆਪ ਜੀ ਨੇ ਇਹ ਬਚਨ ਕਿਹਾ —–
ਸਲੋਕ ।। ਵਾਰਾਂ ਤੇ ਵਧੀਕ ।।
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ।। ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ।।
ਇਹ ਬਚਨ ਕਰਕੇ ਗੁਰੂ ਜੀ ਮੁੜ ਕੇ ਆਪਣੇ ਅਸਥਾਨ ਤੇ ( ਹੁਣ ਜਿੱਥੇ ਗੁਰਦੁਆਰਾ ਬੇਰ ਬਾਬਾ ਹੈ ) ਆਣ ਬੈਠੇ । ਪਿਛੋਂ ਮੂਲੇ ਨੂੰ ਗਹੂਰੇ ਵਿਚੋਂ ਕਾਲਾ ਸੱਪ ਲੜ ਗਿਆ ਤੇ ਉਹ ਹਾਏ ਹਾਏ ਕਰਦਾ ਗਹੂਰੇ ਵਿਚੋਂ ਬਾਹਰ ਨਿਕਲ ਕੇ ਇਸਤਰੀ ਨੂੰ ਕਹਿਣ ਲੱਗਾ ਕਿ ਤੂੰ ਮੇਰਾ ਜੀਵਨ ਗਵਾਇਆ ਉਨ੍ਹਾਂ ਪਾਸ ਮੈਨੂੰ ਲੈ ਚੱਲ ਮੈ ਆਪਣੇ
ਗੁਨਾਹ ਬਖਸ਼ਵਾ ਲਵਾਂ । ਫਿਰ ਮੂਲਾ ਬੇਹੋਸ਼ ਹੋ ਗਿਆ ਤੇ ਉਸਨੂੰ ਕੋਈ ਸੁਧ ਨਾ ਰਹੀ ਇਹ ਗੱਲ ਸਾਰੇ ਸ਼ਹਿਰ ਵਿਚ ਪ੍ਰਗਟ ਹੋ ਗਈ ਕਿ ਮੂਲੇ ਦੇ ਘਰ ਸੰਤ ਗਏ ਸਨ ਤੇ ਮੂਲਾ ਲੁੱਕ ਗਿਆ ਉਨ੍ਹਾਂ ਦੀ ਅਵਗਿਆ ਕਰਨ ਕਰਕੇ ਮੂਲੇ ਨੂੰ ਸੱਪ ਨੇ ਡੰਗ ਲਿਆ
ਹੈ । ਬੇਅੰਤ ਲੋਕ ਉਸ ਨੂੰ ਵੇਖਣ ਆ ਗਏ ਅਤੇ ਫਿਰ ਮੂਲੇ ਨੂੰ ਚੁੱਕ ਕੇ ਗੁਰੂ ਜੀ ਪਾਸ ਲੈ ਗਏ ਅਤੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸਨੂੰ ਜ਼ਿੰਦਾ ਕਰ ਦਿਓ ਇਸ ਨੇ ਤੁਹਾਡੀ ਅਵਗਿਆ ਕਰ ਕੇ ਬੜੀ ਗਲਤੀ ਕੀਤੀ ਹੈ। ਇਸਨੂੰ ਬਖਸ਼ ਦਿਓ
ਗੁਰੂ ਜੀ ਕਿਹਾ ਇਸ ਦਾ ਕਾਲ ਆ ਗਿਆ ਹੈ ਹੁਣ ਇਹ ਜ਼ਿੰਦਾ ਨਹੀਂ ਹੋ ਸਕਦਾ । ਹਾਂ ਅੰਤ ਸਮੇਂ ਜੋ ਇਸ ਨੇ ਸਾਡੇ ਦਰਸ਼ਨ ਕੀਤੇ ਹਨ ਇਸ ਦਾ ਫਲ ਇਸ ਨੂੰ ਸਹਾਈ ਹੋਵੇਗਾ ਜਦ ਅਸੀਂ ਦਸਵਾਂ ਜਾਮਾ ਪਹਿਨਾਂਗੇ ਤਾਂ ਇਸਦੀ ਮੁਕਤੀ ਹੋ ਜਾਵੇਗੀ ਜਨਮ ਮਰਨ ਛੁੱਟ ਜਾਏਗਾ ਤਦ ਤੱਕ ਇਸ ਸੂਰ ਸਹਿਆ ਤੇ ਹਰਨ ਆਦਿਕ ਜੂਨਾਂ ਵਿਚ ਜਨਮ ਲਵੇਗਾ । ਇਹ ਗੱਲ ਸੁਣ ਕੇ ਮੂਲੇ ਦੇ ਸੰਬੰਧੀ ਉਸਨੂੰ ਘਰ ਲੈ ਗਏ ਤੇ ਉਹ ਘਰ ਪਹੁੰਚ ਕੇ ਮਰ ਗਿਆ ।
ਜਦ ਗੁਰੂ ਜੀ ਇੱਥੋਂ ਤੁਰਨ ਲੱਗੇ ਤਾਂ ਸ਼ਹਿਰ ਦੇ ਲੋਕਾਂ ਨੇ ਬੇਨਤੀ ਕੀਤੀ ਮਹਾਰਾਜ ! ਕੁੱਝ ਸਮਾਂ ਹੋਰ ਠਹਿਰਕੇ ਸਾਡਾ ਉਧਾਰ ਕਰੋ
ਗੁਰੂ ਜੀ ਨੇ ਕਿਹਾ ਪਹਿਲਾਂ ਇੱਥੇ ਧਰਮਸਾਲਾ ਬਣਵਾਓ ਫਿਰ ਜਦ ਕੜਾਹ ਪ੍ਰਸ਼ਾਦਿ ਕਰਕੇ ਅਰਦਾਸਾਂ ਕਰੋਗੇ ਤਾਂ ਤੁਹਾਡੀ ਮੁਰਾਦ ਪੂਰੀ ਹੋਵੇਗੀ । ਉਪਰੰਤ ਗੁਰੂ ਜੀ ਚਰਨ ਪਾਹੁਲ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ ਇਸ ਜਗ੍ਹਾ ਤੇ ਗੁਰਦੁਆਰਾ ਬੇਰ ਬਾਬਾ ਨਾਨਕ ਕਰ ਕੇ ਪ੍ਰਸਿੱਧ ਹੈ ।।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏🙏 ਪੇਜ ਨੂੰ ਫੌਲੌ ਕਰਲਿਉ ਤਾਂ ਜੌ ਹੌਰ ਰੌਜ ਗੁਰੂ ਸਾਖੀਆਂ ਪੜ ਸਕੌ
HRਮਨ 🙏🙏