ਇਕ ਵਾਰ ਕਿਸੇ ਜਗਿਆਸੂ ਨੇ ਭਗਤ ਰਵੀਦਾਸ ਜੀ ਨੂੰ ਸਵਾਲ ਕੀਤਾ ਕੇ ਤੁਸੀਂ ਹਰ ਘੜੀ ਹਰ ਪਲ ਜਿਸ ਪ੍ਰਭੂ ਪ੍ਰਮੇਸ਼ਰ ਨੂੰ ਚਿਤਵਦੇ ਸਿਮਰਦੇ ਰਹਿਨੇ ਓ, ਕੀ ਤੁਸੀਂ ਮੈਨੂੰ ਦੱਸ ਸਕਦੇ ਓ ਕੇ ਓਹ ਪ੍ਰਮੇਸ਼ਰ ਤੁਹਾਡੇ ਕਿੰਨਾ ਕੁ ਨੇੜੇ ਹੈ ?
ਭਗਤ ਜੀ ਸਹਿਜਤਾ ਵਿਚ ਹੀ ਸਵਾਲ ਕਰਨ ਵਾਲੇ ਜਗਿਆਸੂ ਨੂੰ ਅੱਗਿਓਂ ਸਵਾਲ ਕਰਦੇ ਹਨ ਕਿ ਪਹਿਲਾਂ ਤੁਸੀਂ ਮੇਰੇ ਇਕ ਸਵਾਲ ਦਾ ਉਤਰ ਦਿਓ, ਉਸਤੋਂ ਬਾਅਦ ਮੈਂ ਤੁਹਾਡੇ ਇਸ ਪ੍ਰਸ਼ਨ ਦਾ ਉਤਰ ਵੀ ਜ਼ਰੂਰ ਦਿਆਂਗਾ….
ਓਸ ਵਿਅਕਤੀ ਨੇ ਭਗਤ ਜੀ ਨੂੰ ਸਤਿ ਬਚਨ ਆਖ ਭਗਤ ਜੀ ਨੂੰ ਸਵਾਲ ਪੁੱਛਣ ਲਈ ਆਖਿਆ….
ਭਗਤ ਜੀ ਨੇ ਪੁੱਛਿਆ, “ਤੇਰੇ ਸਰੀਰ ਦਾ ਉਹ ਕਿਹੜਾ ਅੰਗ ਏ, ਜੋ ਤੇਰੇ ਸਭ ਤੋਂ ਨੇੜੇ ਹੈ”?
ਉਹ ਵਿਅਕਤੀ ਅੱਗਿਓਂ ਬਹੁਤ ਹੈਰਾਨ ਹੋਇਆ ਕਿ ਭਗਤ ਜੀ ਨੇ ਇਹ ਕਿਹੋ ਜਿਹਾ ਸਵਾਲ ਪੁੱਛ ਲਿਆ ਮੇਰੇ ਕੋਲੋਂ …
ਪਰ ਫਿਰ ਵੀ ਉਸਨੇ ਤੀਰ ਤੁੱਕੇ ਲਾ ਕੇ ਆਪਣੇ ਸਰੀਰ ਦੇ ਵੱਖੋ ਵੱਖਰੇ ਅੰਗਾਂ ਦਾ ਉਸਦੇ ਕੋਲ ਹੋਣ ਦਾ ਦਾਅਵਾ ਪ੍ਰਗਟ ਕੀਤਾ…
ਭਗਤ ਜੀ ਨੇ ਉਸਦੇ ਭਰਮਾਂ ਵਾਲੀ ਕੰਧ ਨੂੰ ਤੋੜਦਿਆਂ ਆਖਿਆ ਕਿ ਮਨੁੱਖੀ ਦਾਅਵਿਆਂ ਮੁਤਾਬਕ ਸਾਡੇ ਸਰੀਰ ਦਾ ਸਭ ਤੋਂ ਕਰੀਬੀ ਅੰਗ ਸਾਡਾ ਹੱਥ ਹੈ, ਜੋ ਹਮੇਸ਼ਾ ਸਾਡੇ ਆਦੇਸ਼ ਵਿੱਚ ਰਹਿੰਦਾ ਹੈ, ਭਾਵ ਅਸੀਂ ਇਸਦੇ ਆਸਰੇ ਕਿਸੇ ਦਾ ਚੰਗਾ ਵੀ ਕਰ ਸਕਦੇ ਹਾਂ ਤੇ ਮਾੜਾ ਵੀ।
ਇਹ ਗੱਲ ਸੁਣ ਉਹ ਜਗਿਆਸੂ ਬੜਾ ਖੁਸ਼ ਹੋਇਆ ….
ਪਰ ਉਸਦੇ ਅਸਲੀ ਸੁਆਲ ਦਾ ਜੁਆਬ ਅਜੇ ਬਾਕੀ ਸੀ, ਜਿਸਨੂੰ ਸਮਝਾਉਣ ਲਈ ਭਗਤ ਜੀ ਨੇ ਮਨੁੱਖੀ ਦਾਅਵੇ ਮੁਤਾਬਕ ਉਸਦੇ ਸਭ ਤੋਂ ਨੇੜਲੇ ਅੰਗ ਦਾ ਜ਼ਿਕਰ ਕੀਤਾ…
ਭਗਤ ਜੀ ਆਖਣ ਲੱਗੇ, “ਤੁਸਾਂ ਸਵਾਲ ਕਰਿਆ ਸੀ ਕਿ ਪ੍ਰਮਾਤਮਾ ਸਾਡੇ ਕਿੰਨਾ ਕੁ ਨੇੜੇ ਹੈ ਤਾਂ ਉਸਦਾ ਉਤਰ ਇਹ ਹੈ ਕਿ ਪ੍ਰਮਾਤਮਾ ਮੇਰੇ ਹੱਥ ਤੋਂ ਵੀ ਨੇੜੇ ਹੈ”
ਜਗਿਆਸੂ ਭਗਤ ਜੀ ਦੀ ਇਸ ਰਮਜ਼ ਨੂੰ ਸਮਝ ਨ ਪਾਇਆ, ਇਸ ਲਈ ਉਸਦੀ ਦੁਬਿਧਾ ਨੂੰ ਦੂਰ ਕਰਨ ਲਈ ਭਗਤ ਜੀ ਨੇ ਸਮਝਾਉਣਾ ਕੀਤਾ ਕਿ ਜਿਵੇਂ ਅਸੀਂ ਮਨੁੱਖ ਇਹ ਦਾਅਵਾ ਕਰਦੇ ਹਾਂ ਕੇ ਸਾਡਾ ਹੱਥ ਹੀ ਹੈ ਜੋ ਸਾਡੇ ਸਭ ਤੋਂ ਨੇੜੇ ਹੈ…
ਪਰ ਕੀ ਅਸੀਂ ਆਪਣੇ ਇਸ ਸਭ ਤੋਂ ਨੇੜਲੇ ਤੇ ਸਾਡਾ ਹਰ ਇਕ ਆਦੇਸ਼ ਮੰਨਣ ਵਾਲੇ ਹੱਥ ਨੂੰ ਹਨੇਰੇ ਵਿਚ ਵੀ ਵੇਖ ਸਕਦੇ ਆ ?
ਜਗਿਆਸੂ ਨੇ ਨਾਂਹ ਵਿਚ ਉੱਤਰ ਦਿੱਤਾ
ਭਗਤ ਜੀ ਆਖਣ ਲੱਗੇ, “ਅਸੀਂ ਮਨੁੱਖ ਆਪਣੇ ਹੱਥ ਨੂੰ ਹਨੇਰੇ ਵਿਚ ਇਸ ਲਈ ਨੀ ਵੇਖ ਸਕਦੇ, ਕਿਉੰਕਿ ਅਸੀਂ ਬਾਹਰੀ ਚਾਨਣ ਭਾਵ ਸੂਰਜ ਦੀ ਰੋਸ਼ਨੀ ਤੇ ਹੀ ਪੂਰੀ ਤਰ੍ਹਾਂ ਨਿਰਭਰ ਹਾਂ….
ਰੌਸ਼ਨੀ ਤੋਂ ਬਿਨਾਂ ਮਨੁੱਖ ਬਿਲਕੁਲ ਹੀਣਾ ਹੋ ਜਾਂਦਾ ਹੈ, ਜਿਸ ਨਾਲ ਉਹ ਆਪਣੇ ਸਭ ਤੋਂ ਕਰੀਬੀ ਅੰਗ ਨੂੰ ਵੀ ਵੇਖ ਨਹੀਂ ਪਾਉਂਦਾ..
ਪਰ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੂੰ ਸੂਰਜ਼ ਦੀ ਰੋਸ਼ਨੀ ਜਾਂ ਚੰਦਰਮਾ ਦੀ ਚਾਨਣੀ ਦੀ ਜ਼ਰੂਰਤ ਨਹੀਂ ਪੈਂਦੀ ਉਸ ਅਕਾਲ ਪੁਰਖ ਦੇ ਦੀਦਾਰੇ ਕਰਨ ਲਈ, ਕਿਉੰਕਿ ਪ੍ਰਭੂ ਉਹਨਾਂ ਅੰਦਰ ਗਿਆਨ ਦੀ ਐਸੀ ਰੋਸ਼ਨੀ ਭਰ ਦਿੰਦਾ ਹੈ ਕੇ ਉਹਨਾ ਅੰਦਰ ਬਾਹਰੀ ਪਦਾਰਥਾਂ ਦੀ ਮੰਗ ਬਿਲਕੁਲ ਨਾਂਮਾਤਰ ਹੋ ਜਾਂਦੀ ਹੈ ਅਤੇ ਅੱਠੋ ਪਹਿਰ ਉਠਦਿਆਂ ਬਹਿੰਦਿਆਂ ਸੌੰਦਿਆਂ ਅਤੇ ਕਿਰਤ ਕਰਦਿਆਂ ਓਨਾ ਨੂੰ ਅਕਾਲ ਪੁਰਖ ਦੇ ਹੀ ਦੀਦਾਰੇ ਹੁੰਦੇ ਹਨ।
(ਕਹਿ ਰਵਿਦਾਸ *ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ* ਅੰਗ – 657 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
Waheguru