ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਜੁਰਗ ਮਾਤਾ ਗੁਰਦੇਈ ਦੀ ਖਵਾਇਸ਼ ਕੀਤੀ ਪੂਰੀ

ਮਾਛੀਵਾੜੇ ਦੇ ਵਾਸੀ ਨਿਹਾਲੇ ਖੱਤਰੀ ਦੀ ਬਜੁਰਗ ਮਾਤਾ ਗੁਰਦੇਈ ਅਕਸਰ ਕਹਿੰਦੀ ਵੇ ਪੁੱਤ ਨਿਹਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੀ ਖਵਾਹਿਸ਼ ਜਰੂਰ ਪੂਰੀ ਕਰਨਗੇ,ਕਿਉਂਕਿ ਹੁਣ ਮੈਂ ਬਜੁਰਗ ਹਾਂ ਮੰਜੇ ਤੋਂ ਉੱਠ ਨਹੀਂ ਸਕਦੀ ਉਹ ਅੰਤਰਯਾਮੀ ਸਤਿਗੁਰੂ ਆਪ ਬਿਧ ਬਣਾਉਣਗੇ ਮੈਂਨੂੰ ਅਕਾਲ ਚਲਾਣੇ ਤੋਂ ਪਹਿਲਾਂ ਮਹਾਰਾਜ ਜੀ ਦੇ ਦਰਸ਼ਨਾਂ ਦੀ ਬੜੀ ਤਾਘ ਹੈ…
ਨਿਹਾਲੇ ਤੇ ਪਰਿਵਾਰ ਦੇ ਮੈਂਬਰਾਂ ਕਹਿ ਛੱਡਣਾਂ ਮਾਤਾ ਤੂੰ ਕਮਲ ਨਾ ਕੁਦਾਇਆ ਕਰ,ਤੈਨੂੰ ਪਤਾ ਮਹਾਰਾਜ ਸਾਹਿਬ ਜੀ ਦੇ ਅਨੰਦਪੁਰ ਸ਼ਹਿਰ ਨੂੰ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਸੱਤ ਮਹੀਨਿਆਂ ਤੋਂ ਘੇਰਾ ਪਾਇਆ ਹੈ,ਐਸੇ ਹਾਲਤਾਂ ਵਿੱਚ ਮਹਾਰਾਜ ਕਿਵੇਂ ਦੇ ਦਰਸ਼ਨ ਹੋ ਸਕਦੇ ਹਨ…..?
ਮਾਤਾ ਨੇ ਪਰਿਵਾਰ ਨੂੰ ਕਹਿਣਾਂ “ਪੁੱਤ ਨਿਹਾਲਿਆ ਜੇਕਰ ਮੀਰੀ/ਪੀਰੀ ਦੇ ਮਾਲਕ,ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਤਾ ਭਾਗਭਰੀ ਨੂੰ ਕਸ਼ਮੀਰ ਜਾ ਕੇ ਦਰਸ਼ਨ ਦੇ ਸਕਦੇ ਹਨ ਤਾਂ ਮਹਾਰਾਜ ਮੇਰੀ ਗਰੀਬਣੀਂ ਦੀ ਸ਼ਰਧਾ ਜਰੂਰ ਪੂਰੀ ਕਰਨਗੇ,ਸਮਾਂ ਬੀਤਦਾ ਗਿਆ ਮਾਤਾ ਦ੍ਰਿੜ ਨਿਸ਼ਚੇ ਨਾਲ ਮਹਾਰਾਜ ਜੀ ਦਾ ਧਿਆਨ ਧਰਕੇ ਤਾਂਘ ਨਾਲ ਸੂਤ ਕੱਤਦੀ ਮਨ ਚ ਖਵਾਹਿਸ਼ ਕਿ ਏਹੀ ਸੂਤ ਦਾ ਚੋਲਾ ਬਣਾਂ ਕੇ ਮੈਂ ਮਹਾਰਾਜ ਸਾਹਿਬ ਜੀ ਨੂੰ ਭੇਟਾ ਕਰਾਂਗੀ,ਮਾਤਾ ਗੁਰਦੇਈ ਨੌਹਾਂ ਧੀਆਂ ਪੁੱਤਾਂ ਲਈ ਮਜਾਕ ਦਾ ਪਾਤਰ ਬਣੀ ਸੀ….
ਸੰਨ੍ਹ ੧੭੦੪ ਦਸੰਬਰ ੮ ਪੋਹ ਦੀ ਰਾਤ ਮਾਛੀਵਾੜੇ ਦੇ ਸਰਦਾਰ ਭਾਈ ਪੰਜਾਬਾ ਭਾਈ ਗੁਲਾਬਾ ਜੀ ਨੇ ਨਿਹਾਲੇ ਖੱਤਰੀ ਦਾ ਆਣ ਬੂਹਾ ਖੜਕਾਇਆ,ਨਿਹਾਲਾ ਬੜਾ ਹੈਰਾਨ ਕਿ ਮੇਰੇ ਗਰੀਬ ਦੇ ਘਰ ਬਾਗਾਂ ਦੇ ਮਾਲਕ ਭਾਈ ਪੰਜਾਬਾ ਜੀ ਕੀ ਹੁਕਮ ਹੈ…?
ਭਾਈ ਪੰਜਾਬਾ ਜੀ ਕਹਿਣ ਲੱਗੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜਾ ਪਧਾਰੇ ਹਨ,ਮਾਤਾ ਗੁਰਦੇਈ ਨੂੰ ਯਾਦ ਕਰ ਰਹੇ ਹਨ,ਇਹ ਸੁਣਦਿਆਂ ਹੀ ਨਿਹਾਲੇ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ,ਨਿਹਾਲਾ ਕੂਕ ਉਠਿਆ #ਧੰਨ_ਗੁਰੂ_ਧੰਨ_ਗੁਰੂ_ਧੰਨ_ਗੁਰੂ ਕਹਿੰਦਿਆਂ ਹੀ ਆਪਣੀ ਮਾਤਾ ਦੇ ਚਰਨ ਫੜ੍ਹ ਮਾਫੀਆਂ ਮੰਗਣ ਲੱਗਾ ਮਾਤਾ ਮੈਨੂੰ ਬਖਸ਼ ਦੇਈ ਮਾਂ ਤੇਰੀ ਭਗਤੀ ਸਫਲ ਸਫਲ…
ਬਖਸ਼ੰਦ ਪਿਤਾ ਕਲਗੀਧਰ ਪਾਤਸ਼ਾਹ ਜੀ ਸੱਚਮੁੱਚ ਮਾਛੀਵਾੜਾ ਆਣ ਪਧਾਰੇ ਹਨ,ਮਾਤਾ ਮੰਜੇ ਤੋਂ ਉੱਠ ਨਹੀਂ ਸਕਦੀ ਸੀ ਪਰ ਪਾਤਸ਼ਾਹ ਦੀ ਕਲਾ ਵਰਤ ਗਈ ਮਾਤਾ ਜੀ ਉਠਕੇ ਜਲਦ ਤਿਆਰ ਹੋਏ,ਭਾਈ ਪੰਜਾਬਾ ਜੀ ਕਹਿਣ ਲੱਗੇ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਹੈ ਮਾਤਾ ਗੁਰਦੇਈ ਜੀ ਵਲੋਂ ਕਤਿਆ ਸੂਤ ਨਾਲ ਬਣਿਆ ਥਾਨ ਨਾਲ ਲੈ ਕੇ ਆਉਣਾਂ ਏਹੀ ਥਾਨ ਸੀ ਜਿਸ ਨੂੰ ਨਬੀ ਖ਼ਾ ਅਤੇ ਗਨੀ ਖ਼ਾ ਨੇ ਨੀਲਾ ਰੰਗ ਕਰਵਾਇਆ ਜਿਸ ਨੂੰ ਪਹਿਨ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣੇ ।
ਕਲਗੀਧਰ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਵਿਚ ਐਸੀਆਂ ਬੇਅੰਤ ਘਟਨਾਵਾਂ ਦਾ ਜਿਕਰ ਇਤਿਹਾਸ ਵਿਚ ਮਿਲਦਾ ਹੈ ।
【ਸ਼ਮਸ਼ੇਰ ਸਿੰਘ ਜੇਠੂਵਾਲ】


Share On Whatsapp

Leave a Reply




"1" Comment
Leave Comment
  1. Chandpreet Singh

    ਵਾਹਿਗੁਰੂ ਜੀ 🙏

top