ਸ਼ਹੀਦੀ
ਹੁਕਮ ਹੋਇਆ ਜਦੋਂ, ਦਿਖਾਓ ਕਰਾਮਾਤ ਕੋਈ,
ਜਾਂ ਇਸਲਾਮ ਕਬੂਲ ਕਰਨ ਲਈ ਤਿਆਰ ਰਹੋ।
ਜਾਂ ਕਰਵਾ ਸ਼ਹੀਦ ਵਾਰੋ ਵਾਰ, ਆਪਣੇ ਮੁਰੀਦਾਂ ਨੂੰ,
ਗਲੇ ਪਵਾਉਣ ਲਈ ਹਾਰ ਤਿਆਰ ਰਹੋ।

ਨਹੀਂ ਯਕੀਨ ਕਰਦੇ ਅਸੀਂ,
ਕਰਾਮਾਤ ਵਿਖਾਉਣ ਵਿੱਚ,
ਪਰ ਫਿਰ ਵੀ ਜੇ ਕਹਿੰਦੇ ਹੋ,
ਕਰਾਮਾਤ ਕੋਈ ਦਿਖਾ ਦਿਆਂਗੇ।
ਨਾ ਤਹਾਨੂੰ ਸਰ ਲੱਭਣਾ,
ਨਾ ਹੀ ਕਦੇ ਧੜ ਮੇਰਾ,
ਕਿਰਪਾ ਪਰਵਰਦਗਾਰ ਦੀ ਨਾਲ, ਕਲਾ ਐਸੀ ਵਰਤਾ ਦਿਆਂਗੇ।
ਬਚ ਜਾਣਾ ਧਰਮ ਫਿਰ,
ਇਹਨਾ ਮਜ਼ਲੂਮਾਂ ਦਾ,
ਜਦੋਂ ਅਸੀਂ ਸਿਦਕ ਸਬਰ ਸੰਗ, ਸ਼ਹੀਦੀਆਂ ਪਾ ਦਿਆਂਗੇ।

ਸੇਕ ਤੱਤੀਆਂ ਤਵੀਆਂ ਦੇ,
ਨਾ ਭੁੱਲੇ ਕਦੇ ਅਸੀਂ,
ਨਾ ਉਬਾਲੇ ਦੇਗ਼ ਦੇ,
ਅਸਾਂ ਕਦੇ ਭੁੱਲਾਏ ਨੇ।
ਕਦੇ ਕੀਤਾ ਸਾਹਮਣਾ,
ਜਬਰ ਦਾ ਨਾਲ ਸਬਰ,
ਕਦੇ ਮੀਰੀ ਪੀਰੀ ਦੇ ਵੀ,
ਕੌਤਕ ਅਸਾਂ ਦਿਖਾਏ ਨੇ।
ਕੀਤਾ ਸੇਵਾ ਸਿਮਰਨ ਜੇ,
ਅਸੀਂ ਸਮੇਂ ਸਮੇਂ ਸਿਰ ਸਦਾ,
ਢਾਲ ਸਮੇਂ ਅਨੁਸਾਰ ਖ਼ੁਦ ਨੂੰ,
ਅਸ਼ਤਰ ਸ਼ਸਤਰ ਉਠਾਏ ਨੇ।

ਬਹਾਦਰੀ ਕਿਸੇ ਨੂੰ ਡਰਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਮੁਕਾਉਣ ਵਿੱਚ ਨਹੀਂ,
ਬਹਾਦਰੀ ਕਿਸੇ ਨੂੰ ਸਤਾਉਣ ਵਿੱਚ ਨਹੀਂ,
ਬਹਾਦਰੀ ਤਾਂ ਮਜ਼ਲੂਮਾਂ ਨੂੰ ਬਚਾਉਣ ਵਿੱਚ ਹੈ।
ਬਹਾਦਰੀ ਤਾਂ ਕਿਸੇ ਜ਼ਾਲਮ ਜਾਬਰ ਨੂੰ ਹਰਾਉਣ ਵਿੱਚ ਹੈ।
ਬਹਾਦਰੀ ਤਾਂ ਕੀਤਾ ਵਾਅਦਾ ਪੁਗਾਉਣ ਨਿਭਾਉਣ ਵਿੱਚ ਹੈ।

ਕਰ ਤੱਪਸਿਆ ਭਾਰੀ,
ਆਤਮ ਬਲ ਮਜ਼ਬੂਤ ਕਰਿਆ ਸੀ।
ਝੋਲੀਆਂ ਭਰ ਲੈ ਗਿਆ,
ਜਿਸ ਪੈਰ ਗੁਰੂ ਘਰ ਧਰਿਆ ਸੀ।
ਜਦੋਂ ਜ਼ਾਲਮ ਜਾਬਰ ਔਰੰਗੇ ਤੋਂ,
ਹਰ ਕੋਈ ਡਰਿਆ ਸੀ‌।
ਗੁਰੂ ਤੇਗ ਬਹਾਦਰ ਵਾਰ ਸੀਸ,
ਦੁੱਖ ਸਭ ਦਾ ਹਰਿਆ ਸੀ।
@©® ਸਰਬਜੀਤ ਸੰਗਰੂਰਵੀ
9463162463
ਪੁਰਾਣੀ ਅਨਾਜ ਮੰਡੀ ਸੰਗਰੂਰ


Leave a Reply




top