ਅੰਗ : 554
ਸਲੋਕ ਮ: ੩ ॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥
ਅਰਥ : ਮਨੁੱਖ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ ਜਿਸ ਵਿਚੋਂ ਹੋਰ ਆ ਕੇ ਪਿਆਲਾ ਭਰ ਲੈਂਦਾ ਹੈ। ਪਰ (ਸ਼ਰਾਬ) ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ‘ਨਾਮ’-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ। ਐਸਾ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ॥੧॥