ਅਮ੍ਰਿਤ ਵੇਲੇ ਦਾ ਹੁਕਮਨਾਮਾ – 25 ਜੂਨ 2024

ਅੰਗ : 856

ਬਿਲਾਵਲੁ ॥ ਰਾਖਿ ਲੇਹੁ ਹਮ ਤੇ ਬਿਗਰੀ ॥ ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥ ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥ ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥ ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥ ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥

ਅਰਥ: ਹੇ ਪ੍ਰਭੂ! ਮੇਰੀ ਲਾਜ ਰੱਖ ਲੈ। ਮੈਥੋਂ ਬੜਾ ਮਾੜਾ ਕੰਮ ਹੋਇਆ ਹੈ ਕਿ ਨਾਹ ਮੈਂ ਚੰਗਾ ਸੁਭਾਵ ਬਣਾਇਆ, ਨਾਹ ਮੈਂ ਜੀਵਨ ਦਾ ਫ਼ਰਜ਼ ਕਮਾਇਆ, ਤੇ ਨਾਹ ਤੇਰੀ ਬੰਦਗੀ, ਤੇਰੀ ਭਗਤੀ ਕੀਤੀ। ਮੈਂ ਸਦਾ ਅਹੰਕਾਰ ਕਰਦਾ ਰਿਹਾ, ਤੇ ਵਿੰਗੇ ਰਾਹ ਪਿਆ ਰਿਹਾ ਹਾਂ (ਟੇਢਾ-ਪਨ ਫੜਿਆ ਹੋਇਆ ਹੈ)।੧।ਰਹਾਉ। ਇਸ ਸਰੀਰ ਨੂੰ ਕਦੇ ਨਾਹ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ, (ਇਹ ਸੋਚ ਹੀ ਨਾਹ ਫੁਰੀ ਕਿ) ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ। ਜਿਸ ਪ੍ਰਭੂ ਨੇ ਮਿਹਰ ਕਰ ਕੇ ਮੇਰਾ ਇਹ ਸੁਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ, ਉਸ ਨੂੰ ਵਿਸਾਰ ਕੇ ਮੈਂ ਹੋਰਨੀਂ ਪਾਸੀਂ ਲੱਗਾ ਰਿਹਾ।੧। (ਸੋ) ਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰਾ ਚੋਰ ਹਾਂ, ਮੈਂ ਭਲਾ ਨਹੀਂ ਅਖਵਾ ਸਕਦਾ। ਫਿਰ ਭੀ (ਹੇ ਪ੍ਰਭੂ!) ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ; ਮੇਰੀ ਇਹ ਅਰਜ਼ੋਈ ਸੁਣ, ਮੈਨੂੰ ਜਮਾਂ ਦੀ ਸੋਇ ਨਾਹ ਘੱਲੀਂ (ਭਾਵ, ਮੈਨੂੰ ਜਨਮ ਮਰਨ ਦੇ ਗੇੜ ਵਿਚ ਨਾਹ ਪੈਣ ਦੇਈਂ)।੨।੬।

Share On Whatsapp
Leave a Reply