ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਾਲ ਰੂਪ

ਗੁਰੂ ਅਰਜਨ ਦੇਵ ਜੀ ਦਾ ਜਨਮ ਵੈਸਾਖ ਮਹੀਨੇ ਦਾ ਹੈ। ਇਸੇ ਮਹੀਨੇ ਗੁਰੂ ਅੰਗਦ ਦੇਵ ਜੀ ਦਾ ਵੀ ਪ੍ਰਕਾਸ਼ ਹੋਇਆ। ਉਸ ਦਿਨ 5 ਵੈਸਾਖ ਸੀ। ਭਾਵੇਂ ਅਸੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਉਂਦੇ ਹਾਂ ਪਰ ਕਈ ਪੁਰਾਤਨ ਲਿਖਤਾਂ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ 20 ਵੈਸਾਖ ਨੂੰ ਹੋਇਆ ਲਿਖਿਆ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਦਾ ਜਨਮ 19 ਵੈਸਾਖ ਸੰਮਤ 1620 ਨੂੰ ਹੋਇਆੀ, ਈਸਵੀ ਸੰਨ 1563 ਸੀ ਤੇ ਅਪ੍ਰੈਲ ਮਹੀਨੇ ਦੀ 15 ਤਰੀਕ ਸੀ। ਗੁਰੂ ਜੀ ਬੀਬੀ ਭਾਨੀ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਪੁੱਤਰ ਸਨ। ਨਾਨਾ-ਨਾਨੀ ਜੀ ਦਾ ਨਾਂ ਕ੍ਰਮਵਾਰ ਗੁਰੂ ਅਮਰਦਾਸ ਜੀ ਤੇ ਮਨਸਾ ਦੇਵੀ ਜੀ ਸੀ। ਬੀਬੀ ਅਨੂਪੀ ਤੇ ਹਰਿਦਾਸ ਜੀ ਦਾਦੀ-ਦਾਦਾ ਜੀ ਸਨ। ਗੁਰੂ ਸਾਹਿਬ ਦੇ ਦਾਦਕੇ ਲਾਹੌਰ ਤੇ ਨਾਨਕੇ ਗੋਇੰਦਵਾਲ ਸਨ। ਗੁਰੂ ਸਾਹਿਬ ਦਾ ਜਨਮ ਗੋਇੰਦਵਾਲ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਇਥੇ ਹੀ ਬੀਤਿਆ। ਗੁਰੂ ਜੀ ਤਿੰਨ ਭਰਾ ਸਨ। ਗੁਰੂ ਜੀ ਸਭ ਤੋਂ ਛੋਟੇ ਸਨ। ਵੱਡੇ ਭਰਾ ਦਾ ਨਾਂ ਪ੍ਰਿਥੀ ਚੰਦ ਸੀ ਤੇ ਉਸ ਤੋਂ ਛੋਟੇ ਮਹਾਦੇਵ ਸਨ। ਪ੍ਰਿਥੀ ਚੰਦ ਨੇ ਗੁਰੂ ਗੱਦੀ ਲਈ ਬੇਅੰਤ ਲਲਕ ਵਿਖਾਈ ਪਰ ਉਹ ਗੁਰੂ ਅਰਜਨ ਦੇਵ ਜੀ ਦੇ ਸਹਿਜ ਅੱਗੇ ਮਿੱਟੀ ਹੋ ਗਿਆ। ਗੁਰੂ ਜੀ ਅੰਦਰ ਵਸਦੇ ਸਹਿਜ ਦੇ ਝਲਕਾਰੇ ਉਨ੍ਹਾਂ ਬਾਰੇ ਪ੍ਰਚਲਤ ਬਾਲ ਸਾਖੀਆਂ ਤੋਂ ਪ੍ਰਤੱਖ ਹੁੰਦੇ ਹਨ।
ਇਕ ਵਾਰ ਬਾਲ (ਗੁਰੂ) ਅਰਜਨ ਦੇਵ ਜੀ ਵਿਹੜੇ ‘ਚ ਗੇਂਦ ਨਾਲ ਖੇਡ ਰਹੇ ਸਨ। ਖੇਡਦੇ ਸਮੇਂ ਗੇਂਦ ਰੁੜ੍ਹਦੀ-ਰੁੜ੍ਹਦੀ ਗੁਰੂ ਅਮਰਦਾਸ ਜੀ ਦੇ ਕਮਰੇ ਅੰਦਰ ਚਲੀ ਗਈ। ਬਾਲ ਅਰਜਨ ਦੇਵ ਵੀ ਗੇਂਦ ਦੇ ਮਗਰ ਰਿੜ੍ਹਦੇ ਹੋਏ ਅੰਦਰ ਜਾ ਵੜੇ। ਬਾਲ ਅਰਜਨ ਦੇਵ ਜੀ ਨੂੰ ਅੰਦਰ ਗੇਂਦ ਨਾ ਦਿਸੀ। ਉਨ੍ਹਾਂ ਸੋਚਿਆ ਗੇਂਦ ਪਲੰਘ ਉੱਪਰ ਹੋਵੇਗੀ। ਪਲੰਘ ਉੱਪਰ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ। ਬਾਲ ਅਰਜਨ ਦੇਵ ਪਲੰਘ ‘ਤੇ ਚੜ੍ਹਨ ਲਈ ਪਾਵੇ ਦਾ ਸਹਾਰਾ ਲੈ ਕੇ ਖੜ੍ਹੇ ਹੋਏ ਤੇ ਫਿਰ ਬਾਹੀ ਨਾਲ ਲਟਕ ਕੇ ਉੱਤੇ ਚੜ੍ਹਨ ਦਾ ਯਤਨ ਕਰਨ ਲੱਗੇ। ਇਸ ਨਾਲ ਪਲੰਘ ਹਿੱਲਿਆ ਤੇ ਗੁਰੂ ਅਮਰਦਾਸ ਜੀ ਧਿਆਨ ਅੰਦਰੋਂ ਬੋਲੇ, ‘ਇਹ ਕੌਣ ਵੱਡਾ ਪੁਰਖ ਹੈ, ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ!’ ਉਨ੍ਹਾਂ ਦੇਖਿਆ ਤਾਂ ਬਾਲ ਅਰਜਨ ਦੇਵ ਜੀ ਪਲੰਘ ‘ਤੇ ਚੜ੍ਹਨ ਦਾ ਯਤਨ ਕਰ ਰਹੇ ਸਨ। ਨਾਨਾ ਗੁਰੂ ਬਾਲ ਅਰਜਨ ਜੀ ਨੂੰ ਦੇਖ ਕੇ ਮੁਸਕਰਾਏ ਤੇ ਉਨ੍ਹਾਂ ਦੇ ਮੂੰਹੋਂ ਸਹਿਜ ਭਾਅ ਨਿਕਲਿਆ, ”ਕਾਹਲਾ ਨਾ ਪੈ, ਸਮਾਂ ਆਉਣ ‘ਤੇ ਇਸ ਆਸਣ ਦਾ ਵੀ ਮਾਲਕ ਹੋ ਜਾਵੇਂਗਾ।”
ਜਦੋਂ ਬੀਬੀ ਭਾਨੀ ਜੀ ਦੀ ਨਿਗਾਹ ਉਸ ਪਾਸੇ ਗਈ ਤਾਂ ਉਹ ਬਾਲ ਅਰਜਨ ਨੂੰ ਫੜਨ ਲਈ ਦੌੜ੍ਹੇ ਮਤੇ ਉਹ ਪਲੰਘ ‘ਤੇ ਚੜ੍ਹ ਕੇ ਪਿਤਾ ਗੁਰੂ ਦੇ ਵਸਤਰ ਮੈਲੇ ਨਾ ਕਰ ਦੇਣ ਤੇ ਪਿਤਾ ਗੁਰੂ ਦੀ ਨੀਂਦ ਨਾ ਖ਼ਰਾਬ ਹੋ ਜਾਵੇ ਪਰ ਪਿਤਾ ਗੁਰੂ ਨੇ ਬੀਬੀ ਭਾਨੀ ਨੂੰ ਰੋਕ ਦਿੱਤਾ ਤੇ ਖ਼ੁਦ ਬਾਲ ਅਰਜਨ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਬਾਲ ਅਰਜਨ ਸਰੀਰੋਂ ਭਾਰੇ ਸਨ। ਨਾਨਾ ਗੁਰੂ ਦੇ ਮੁੱਖੋਂ ਫਿਰ ਨਿੱਕਲਿਆ, ‘ਐਨਾ ਗਹੁਰਾ, ਬੋਹਿਥ ਜਿੰਨਾ, ਵੱਡਾ ਹੋ ਬਾਣੀ ਦਾ ਵੀ ਬੋਹਿਥ ਹੋਵੇਗਾ।” ਹੁਣ ਇਹ ਸ਼ਬਦ ‘ਦੋਹਤਾ ਬਾਣੀ ਦਾ ਬੋਹਿਥਾ’ ਪੰਜਾਬੀ ਬੋਲੀ ਦਾ ਮੁਹਾਵਰਾ ਹੀ ਬਣ ਗਿਆ ਹੈ।
ਨਾਨਾ ਗੁਰੂ ਦੇ ਦੋਵੇਂ ਬਚਨ ਪੂਰੇ ਹੋਏ। ਬਾਲ ਅਰਜਨ ਗੁਰੂ ਰਾਮਦਾਸ ਜੀ ਤੋਂ ਬਾਅਦ ਪੰਜਵੇਂ ਗੁਰੂ ਹੋਏ ਤੇ ਬਾਣੀ ਬੋਹਿਥ ਪੱਖੋਂ ਉਨ੍ਹਾਂ ਨੇ ਆਦਿ ਗ੍ਰੰਥ ਜੀ ਦੀ ਸਾਜਨਾ ਹੀ ਨਹੀਂ ਕੀਤੀ ਸਗੋਂ ਇਸ ਅੰਦਰ ਦਰਜ ਬਾਣੀ ਵਿਚ ਉਨ੍ਹਾਂ ਦਾ ਖ਼ੁਦ ਦਾ ਬਾਣੀ ਭਾਗ ਕਰੀਬ 40 ਫ਼ੀਸਦੀ ਹੈ।
ਇਕ ਹੋਰ ਸਾਖੀ ਪ੍ਰਸਿੱਧ ਹੈ ਕਿ ਨਾਨਾ ਗੁਰੂ ਲੰਗਰ ਛਕਣ ਲਈ ਪੰਗਤ ‘ਚ ਬੈਠੇ ਸਨ। ਖੇਡ ਰਹੇ ਬਾਲ ਅਰਜਨ ਦੀ ਨਿਗਾਹ ਉਨ੍ਹਾਂ ‘ਤੇ ਪਈ। ਉਹ ਰਿੜ੍ਹਦੇ-ਰਿੜ੍ਹਦੇ ਨਾਨਾ ਗੁਰੂ ਕੋਲ ਆ ਗਏ। ਬਾਲ ਅਰਜਨ ਨੇ ਨਾਨਾ ਗੁਰੂ ਦਾ ਪ੍ਰਸ਼ਾਦੀ ਥਾਲ ਨੰਨ੍ਹੇ ਹੱਥਾਂ ਨਾਲ ਖਿਲਾਰ ਦਿੱਤਾ। ਮੁਸਕਰਾਉਂਦੇ ਨਾਨਾ ਗੁਰੂ ਬਾਲ ਅਰਜਨ ਨੂੰ ਨਿਹਾਰਦੇ ਰਹੇ। ਇਕ ਸੇਵਕ ਨੇ ਜਦੋਂ ਇਹ ਵੇਖਿਆ ਤਾਂ ਉਹ ਬਾਲ ਅਰਜਨ ਨੂੰ ਚੁੱਕ ਕੇ ਲੰਗਰ ਹਾਲ ਤੋਂ ਬਾਹਰ ਛੱਡ ਆਇਆ ਪਰ ਬਾਲ ਅਰਜਨ ਫਿਰ ਆਏ ਤੇ ਨਾਨਾ ਗੁਰੂ ਦਾ ਥਾਲ ਦੁਬਾਰਾ ਖਿਲਾਰਨ ਲੱਗੇ। ਸੇਵਕ ਰੋਕਣ ਦਾ ਯਤਨ ਕਰਨ ਲੱਗਾ ਪਰ ਨਾਨਾ ਗੁਰੂ ਨੇ ਉਸ ਨੂੰ ਵਰਜ ਦਿੱਤਾ। ਗੁਰੂ ਅਮਰਦਾਸ ਜੀ ਦੇ ਮੁੱਖੋਂ ਨਿਕਲਿਆ, ”ਠਹਿਰ ਓਏ ਥਾਲ ਦਿਆ ਮਾਲਕਾ, ਐਨਾ ਕਾਹਲਾ ਨਾ ਪੈ, ਖਿਲਾਰ ਲੈ, ਖਿਲਾਰ ਲੈ। ਇਹ ਥਾਲ ਤੈਨੂੰ ਹੀ ਸਾਂਭਣਾ ਤੇ ਪਰੋਸਣਾ ਪੈਣਾ ਹੈ।” ਬਾਅਦ ਵਿਚ ਨਾਨਾ ਗੁਰੂ ਦੇ ਇਨ੍ਹਾਂ ਬੋਲਾਂ ਨੇ ਆਦਿ ਬੀੜ ਦੀ ਸਾਜਨਾ ਦੇ ਰੂਪ ਰਾਹੀਂ ਮੁੰਦਾਵਣੀ ਦੇ ਸ਼ਬਦ ਬਣ ਪ੍ਰਕਾਸ਼ ਧਾਰਿਆ :
ਥਾਲ ਵਿਚਿ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।
ਅੰਮ੍ਰਿਤ ਨਾਮੁ ਠਾਕੁਰ ਕਾ ਪਈਓ ਜਿਸ ਕਾ ਸਭਸੁ ਅਧਾਰੋ।।
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।
ਏਹੁ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ।।
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।।
ਗੁਰੂ ਅਰਜਨ ਦੇਵ ਜੀ ਜਦੋਂ ਬਾਲ ਸਨ ਤਾਂ ਗੋਇੰਦਵਾਲ ਵਿਖੇ ਮਾਤਾ ਬੀਬੀ ਭਾਨੀ ਜੀ ਦੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਸਨ। ਬੀਬੀ ਜੀ ਚੁੱਲ੍ਹੇ-ਚੌਂਕੇ ਦਾ ਕੰਮ ਕਰਦੇ ਤਾਂ ਬਾਲ ਅਰਜਨ ਹਰ ਕੰਮ ਨੂੰ ਨੀਝ ਨਾਲ ਦੇਖਦੇ। ਸਿੱਖ ਸਾਹਿਤ ਦੱਸਦਾ ਹੈ ਕਿ ਬੀਬੀ ਜੀ ਜਦੋਂ ਰੋਟੀ-ਟੁੱਕ ਬਣਾਉਂਦੇ ਸਨ ਤਾਂ ਬਾਲ ਅਰਜਨ ਚੁਪਕੇ ਜਿਹੇ ਚੌਂਕੇ ਦੁਆਲੇ ਬਣਾਏ ਓਟੀਏ ਨਾਲ ਲੱਗ ਕੇ ਖੜ੍ਹੇ ਹੋ ਜਾਂਦੇ ਤੇ ਧਿਆਨ ਨਾਲ ਚੁੱਲ੍ਹੇ ਵਿਚ ਬਲਦੀ ਅੱਗ, ਉੱਤੇ ਧਰੀ ਤਵੀ ਤੇ ਤਵੀ ‘ਤੇ ਪੱਕਦੀ ਰੋਟੀ ਨੂੰ ਨਿਹਾਰਦੇ ਰਹਿੰਦੇ। ਮੱਠੇ-ਮੱਠੇ ਸੇਕ ਨਾਲ ਤਪਦੀ ਤਵੀ ‘ਤੇ ਪੱਕਦੀ ਰੋਟੀ ਦੇ ਧਿਆਨ ਅੰਦਰ ਉਹ ਵਰਤਮਾਨ ਤੋਂ ਕਿੰਨ੍ਹੇ ਸਾਲ ਅਗਾਂਹ ਵੇਖਣ ਲੱਗ ਜਾਂਦੇ, ਜਦੋਂ ਉਨ੍ਹਾਂ ਸਿੱਖੀ ਦੀ ਰੋਟੀ ਪਕਾਉਣ ਲਈ ਖ਼ੁਦ ਤਪਤੀ ਤਵੀ ਉੱਤੇ ਜਾ ਬੈਠਣਾ ਸੀ। ਬੀਬੀ ਜੀ ਨੇ ਪੁੱਛਣਾ, ਅਰਜਨ! ਕੀ ਵੇਖਦਾ ਹੈਂ? ਤਾਂ ਬਾਲ ਅਰਜਨ ਬੋਲਦੇ : ”ਮਾਂ, ਰੋਟੀ ਨੂੰ ਪੱਕਣ ਲਈ ਕਿੰਨੇ ਕੁ ਸੇਕ ਦੀ ਲੋੜ ਹੁੰਦੀ ਹੈ?”
ਲਾਹੌਰ ਵਿਖੇ ਉਨ੍ਹਾਂ ਨੂੰ ਤੱਤੀ ਤਵੀ ਉੱਤੇ ਬੈਠਾ ਕੇ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਛਾਲੇ-ਛਾਲੇ ਹੋਇਆ ਆਪਣਾ ਤਨ ਰਾਵੀ ਅੰਦਰ ਸਮਾ ਲਿਆ ਸੀ। ਇਸ ਤੋਂ ਬਾਅਦ ਤੱਤੀ ਤਵੀ ਪੰਜਾਬੀ ਬੋਲੀ ਦਾ ਤੇਜੱਸਵੀ ਸ਼ਬਦ ਬਣ ਗਿਆ। ਅੱਜ ਜਦੋਂ ਵੀ ਇਹ ਸ਼ਬਦ ਕਿਸੇ ਲਿਖਤ ਜਾਂ ਬੋਲਾਂ ਅੰਦਰ ਆਉਂਦਾ ਹੈ ਤਾਂ ਇਸ ਦਾ ਅਰਥ ਗੁਰੂ ਅਰਜਨ ਦੇਵ ਜੀ ਦੇ ਲਟ-ਲਟ ਬਲਦੇ ਸ਼ਹਾਦਤੀ ਬਿੰਬ ਨੂੰƒ ਪ੍ਰਕਾਸ਼ਮਾਨ ਕਰਦਾ ਹੈ ਤੇ ਸਾਡੇ ਦਿਲਾਂ ਅੰਦਰ ਅਣਖ ਨਾਲ ਜਿਉਂਣ ਤੇ ਜੂਝਣ ਦਾ ਜਜ਼ਬਾ ਪੈਦਾ ਕਰਦਾ ਹੈ ਅਤੇ ਓਟੀਏ ਨਾਲ ਖੜ੍ਹੇ ਬਾਲ ਅਰਜਨ ਤੱਤੇ ਰਾਹਾਂ ਉੱਤੇ ਤੁਰਦੇ ਹੋਏ ਗੁਰੂ ਬਣ ਦੁਨੀਆ ਦੇ ਹਰ ਪ੍ਰਾਣੀ ਲਈ ਜ਼ਿੰਦਗੀ ਦਾ ਸੋਮਾਂ ਹੋ ਜਾਂਦੇ ਹਨ।


Share On Whatsapp

Leave a Reply




top