ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਅਪਣੇ ਜਿਗਰ ਦੇ ਟੋਟਿਆਂ ਅਤੇ ਪਿਆਰੇ ਸਿੰਘਾਂ ਨੂੰ ਪੰਥ ਤੋਂ ਵਾਰ ਕੇ ਪੰਥ ਖਾਲਸੇ ਦਾ ਹੁਕਮ ਮੰਨ ਕੇ ਗੜੀ ਵਿੱਚੋਂ ਬਾਹਰ ਨਿਕਲਣ ਵੇਲੇ ਗੁਰੂ ਜੀ ਨਾਲੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਰਾਤ ਦੇ ਹਨੇਰੇ ਵਿੱਚ ਨਿਖੜ ਜਾਂਦੇ ਹਨ। ਗੁਰੂ ਸਾਹਿਬ ਜੀ ਰਾਤੋ ਰਾਤ ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲਾਂ ਵਿੱਚ ਸਫ਼ਰ ਕਰਕੇ ਗੁਲਾਬੇ ਮਸੰਦ ਦੇ ਬਾਗ ਵਿੱਚ ਪਹੁੰਚ ਕੇ ਆਰਾਮ ਕਰਨ ਲਈ ਢੀਮ ਦਾ ਸਰੵਾਣਾ ਲੇ ਕੇ ਲੇਟ ਜਾਂਦੇ ਹਨ। ਇਥੇ ਤਿੰਨੇ ਸਿੰਘ ਗੁਰੂ ਜੀ ਨੂੰ ਆਣ ਮਿਲਦੇ ਹਨ। ਗੁਰੂ ਸਾਹਿਬ ਜੀ ਦੀ ਹਾਲਾਤ ਪੈਰਾਂ ਵਿੱਚੋਂ ਲਹੂ ਸਿੰਮਦਾ, ਜਾਮਾ ਲੀਰੋ ਲੀਰ ਵੇਖ ਤਿੰਨਾਂ ਦੀਆਂ ਭੁੱਬਾਂ ਨਿੱਕਲ ਗਈਆਂ।ਗੁਰੂ ਜੀ ਨੇ ਉਨ੍ਹਾਂ ਨੂੰ ਸ਼ਾਂਤ ਕਰਦੇ ਹੋਏ ਭਾਣੇ ਵਿੱਚ ਰਹਿਣ ਦੀ ਤਾਕੀਦ ਕੀਤੀ। ਗੁਲਾਬੇ ਨੇ ਗੁਰੂ ਸਾਹਿਬ ਜੀ ਦੀ ਸੇਵਾ ਤਾਂ ਬਹੁਤ ਕੀਤੀ, ਪਰ ਮੁਗਲ ਫੌਜਾਂ ਤੋਂ ਡਰਦੇ ਮਾਰੇ ਨੇ ਸਵੇਰੇ ਹੀ ਪੰਜ ਮੋਹਰਾਂ ਰੱਖ ਗੁਰੂ ਜੀ ਨੂੰ ਮੱਥਾ ਟੇਕ ਦਿੱਤਾ।
ਇਸੇ ਪਿੰਡ ਦੇ ਵਸਨੀਕ ਘੋੜਿਆਂ ਦੇ ਸੁਦਾਗਰ ਪਠਾਣ ਨਬੀ ਖਾਂ ਤੇ ਗਨੀ ਖਾਂ ਗੁਰੂ ਜੀ ਦੇ ਮੁਰੀਦ ਸਨ, ਜਦੋਂ ਗੁਰੂ ਜੀ ਦੀ ਖਬਰ ਉਨ੍ਹਾਂ ਨੂੰ ਹੋਈ, ਗੁਰੂ ਜੀ ਨੂੰ ਲੈਣ ਲਈ ਗੁਲਾਬੇ ਦੇ ਘਰ ਆ ਗਏ। ਨਾ ਤਖਤ,ਨਾ ਤਾਜ਼,ਨਾ ਸੈਨਾ,ਨਾ ਪਰਿਵਾਰ ਦੇਖ ਉਦਾਸ ਹੋ ਗਏ। ਬੜੇ ਪਰੇਮ ਭਾਵ ਨਾਲ ਗੁਰੂ ਜੀ ਨੂੰ ਅਪਣੇ ਘਰ ਲਿਜਾ ਕੇ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਦੋ ਦਿਨ ਦੋ ਰਾਤਾਂ ਗਨੀ ਖਾਂ ਤੇ ਨਬੀ ਖਾਂ ਦੇ ਘਰ ਅਰਾਮ ਕੀਤਾ। ਦੁਸ਼ਮਣ ਫ਼ੌਜਾਂ ਦੀਆਂ ਤਲਾਸ਼ੀਆਂ ਦੇ ਖਤਰੇ ਕਰਕੇ ਉਨ੍ਹਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਖਤਰੇ ਦੇ ਘੇਰੇ ਵਿੱਚੋਂ ਬਾਹਰ ਲੈ ਕੇ ਜਾਣ ਦੀ ਸਲਾਹ ਦਿੱਤੀ। ਗੁਰੂ ਸਾਹਿਬ ਜੀ ਨੂੰ ਨੀਲੇ ਵਸਤਰ ਪਹਿਨਾ ਕੇ ਨੁਆਰੀ ਪਲੰਘ ਤੇ ਕੀਮਤੀ ਦੁਸ਼ਾਲੇ ਵਿਛਾਅ ਕੇ ਉਚ ਦੇ ਪੀਰ ਦੇ ਭੇਸ ਵਿੱਚ ਬਿਠਾ ਲਿਆ। ਪਲੰਘ ਨੂੰ ਅਗਲੇ ਪਾਸਿਓਂ ਗਨੀ ਖਾਂ ਤੇ ਨਬੀ ਖਾਂ ਨੇ ਅਤੇ ਪਿਛੋਂ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੇ ਭਾਈ ਦਇਆ ਸਿੰਘ ਜੀ ਪਾਲਕੀ ਦੇ ਪਿੱਛੇ ਚਵਰ ਕਰਦੇ ਹੋਏ, ਮਾਛੀਵਾੜੇ ਦੇ ਘੇਰੇ ਵਿੱਚੋਂ ਨਿਕਲ ਕੇ ਪਿੰਡ ਹੇਹਰ ਵੱਲ ਰਵਾਨਾ ਹੋ ਗਏ। ਇਤਿਹਾਸ ਅਨੁਸਾਰ ਰਾਹ ਵਿੱਚ ਗਸ਼ਤੀ ਫੌਜ ਨਾਲ ਟੱਕਰ ਹੋ ਗਈ। ਤਸੱਲੀ ਲਈ ਨੇੜਲੇ ਪਿੰਡ ਦੇ ਕਾਜੀ ਪੀਰ ਮੁਹੰਮਦ ਨੂੰ ਬੁਲਾ ਲਿਆ। ਭਾਵੇਂ ਕਾਜੀ ਨੇ ਗੁਰੂ ਜੀ ਨੂੰ ਪਹਿਚਾਣ ਲਿਆ, ਪਰ ਉਸਨੇ ਕਿਹਾ ਇਹ ਉਚ ਦੇ ਪੀਰ ਹਨ ਇਨ੍ਹਾਂ ਨੂੰ ਨਾ ਰੋਕਿਆ ਜਾਵੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਹੇਹਰ ਪਿੰਡ ਮਹੰਤ ਕਿਰਪਾਲ ਦੇ ਘਰ ਪਹੁੰਚ ਗਏ। ਇਥੋਂ ਗੁਰੂ ਸਾਹਿਬ ਜੀ ਨੇ ਗਨੀ ਖਾਂ ਤੇ ਨਬੀ ਖਾਂ ਨੂੰ ਆਸ਼ੀਰਵਾਦ ਦੇ ਕੇ ਵਿਦਾ ਕੀਤਾ ਅਤੇ ਇਕ ਹੁਕਮ ਨਾਮਾ ਬਖਸ਼ਿਆ ਜਿਸ ਵਿੱਚ ਲਿਖਿਆ ਕੇ ਗਨੀ ਖਾਂ ਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੀ ਵਧੇਰੇ ਪਿਆਰੇ ਹਨ।
ਦਸ਼ਮੇਸ਼ ਪਿਤਾ ਜੀ ਵਲੋਂ ਬਖਸ਼ਿਆ ਹੁਕਮ ਨਾਮਾ ਅੱਜ ਵੀ ਗਨੀ ਖਾਂ ਤੇ ਨਬੀ ਖਾਂ ਜੀ ਦੀ ਨੌਵੀਂ ਪੀੜੀ ਨੇ ਅਦਬ ਸਤਿਕਾਰ ਨਾਲ ਲਾਹੌਰ ਪਾਕਿਸਤਾਨ ਵਿੱਚ ਸੰਭਾਲਿਆ ਹੋਇਆ ਹੈ।


Share On Whatsapp

Leave a Reply




top