ਇਤਿਹਾਸ – ਗੁਰਦੁਆਰਾ ਟਿੱਬਾ ਨਾਨਕਸਰ ਪਾਕਪੱਤਣ

ਇਹ ਪਿੰਡ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪੱਤਣ ਤੋਂ 5-6 ਕਿਲੋਮੀਟਰ ਦੇ ਪੰਧ ਤੇ ਵੱਸਿਆ ਹੈ, ਜੋ ਵੰਡ ਤੋਂ ਸੱਤ ਦਹਾਕਿਆਂ ਦਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਆਪਣੇ ਅਸਲ ਇਤਿਹਾਸ ਦੀ ਅਹਿਮੀਅਤ ਕਰਕੇ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀ ਤੀਜੀ ਉਦਾਸੀ ਵੇਲੇ ਪਾਕਪੱਤਣ (ਜਿਸਦਾ ਪੁਰਾਣਾ ਨਾਮ ਅਜੋਧਨ ਸੀ) ਪਹੁੰਚੇ ਅਤੇ ਟਿੱਬਾ ਨਾਨਕਸਰ ਵਿੱਚ ਉਨ੍ਹਾਂ ਦੀ ਮੁਲਾਕਾਤ ਬਾਬਾ ਫ਼ਰੀਦ ਜੀ ਦੇ ਗਿਆਰ੍ਹਵੇਂ ਖ਼ਲੀਫ਼ਾ ਸ਼ੇਖ਼ ਇਬਰਾਹੀਮ ਜੀ ਨਾਲ ਹੋਈ, ਜਿਨ੍ਹਾਂ ਨੂੰ ਸ਼ੇਖ਼ ਫ਼ਰੀਦ ਸਾਨੀ ਵੀ ਕਿਹਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਤੋਂ ਇਸ ਅਸਥਾਨ ਤੇ ਹੀ ਬਾਬਾ ਫ਼ਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ। ਜਿੱਥੇ ਗੁਰੂ ਨਾਨਕ ਸਾਹਿਬ ਜੀ ਰਹੇ ਸਨ, ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਵਾਈ ਗਈ ਅਤੇ ਇਸ ਅਸਥਾਨ ਨੂੰ ਬੈਠਕ ਬਾਬਾ ਗੁਰੂ ਨਾਨਕ ਜੀ ਦਾ ਨਾਮ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀ ਇਮਾਰਤ ਪਹਿਲਾਂ 4 ਕਨਾਲ ਜਗ੍ਹਾ ਵਿੱਚ ਹੁੰਦੀ ਸੀ, ਹੁਣ 1 ਕਨਾਲ ਵਿੱਚ ਹੀ ਰਹਿ ਗਈ ਹੈ। ਅੱਜ ਵੀ ਇਹ ਗੁਰਦੁਆਰਾ ਸਾਹਿਬ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ। ਇੱਥੇ ਗੁਰਦੁਆਰਾ ਸਾਹਿਬ ਅਤੇ ਮਸੀਤ ਦੀ ਕੰਧ ਸਾਂਝੀ ਹੈ, ਜੋ ਕਿ ਦੇਸ ਪੰਜਾਬ ਦੀ ਸਦੀਆਂ ਪੁਰਾਣੀ ਸਾਂਝ ਦੀ ਗਵਾਹੀ ਭਰਦੀ ਹੈ।
ਦੇਸ ਪੰਜਾਬ ਦੀ ਵੰਡ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਇੱਕ ਮੌਲਵੀ ਦਾ ਪਰਿਵਾਰ ਕਰਦਾ ਹੈ, ਜਿਨ੍ਹਾਂ ਦੀਆਂ ਅੱਖਾਂ ਵਿੱਚ ਹੀ ਗੁਰੂ ਸਾਹਿਬ ਲਈ ਮੁਹੱਬਤ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਨੇ ਜੋ ਇਨਸਾਨੀਅਤ ਦਾ ਪ੍ਰਚਾਰ ਕੀਤਾ ਹੈ, ਉਸ ਨੂੰ ਉਨ੍ਹਾਂ ਨੇ ਆਪਣੇ ਦਿਲ ਵਿੱਚ ਵਸਾਇਆ ਹੈ ਅਤੇ ਉਹ ਗੁਰੂ ਸਾਹਿਬ ਦੇ ਇਸ ਪਾਵਨ ਪਵਿੱਤਰ ਅਸਥਾਨ ਦੀ ਹਮੇਸ਼ਾ ਸਾਂਭ ਸੰਭਾਲ ਕਰਦੇ ਰਹਿਣਗੇ।
ਇਸ ਅਸਥਾਨ ਦੀ ਵੀਰਾਨੀ ਤੇ ਕੰਧ ਕੰਧ ਅੱਜ ਵੀ ਆਪਣੇ ਵਾਰਸਾਂ ਦੀ ਉਡੀਕ ਕਰਦੀਆਂ ਨੇ ।
ਮੈਂ ਜਦੋਂ ਆਪਣੇ ਇਤਿਹਾਸ ਦੀ ਖੋਜ ਤੇ ਨਿਕਲੀ ਅਤੇ ਪਹਿਲੀ ਵਾਰ ਇਸ ਅਸਥਾਨ ਦੇ ਦਰਸ਼ਨ ਕਰਨ ਪਹੁੰਚੀ, ਤਾਂ ਦਿਲ ਬੁਹਤ ਉਦਾਸ ਹੋਇਆ। ਇੰਞ ਮਹਿਸੂਸ ਹੋਇਆ ਜਿਵੇਂ ਇਸ ਦੀ ਕੰਧ ਮੇਰੇ ਨਾਲ ਗੱਲਾਂ ਕਰਦੀ ਹੋਵੇ। ਮੈਨੂੰ ਕਹਿੰਦੀ ਹੋਵੇ ਕਿ ਮੇਰੇ ਵਾਰਸਾਂ ਨੂੰ ਵਾਪਿਸ ਬੁਲਾ ਦੇ।
ਜਦੋਂ ਮੈਂ ਬਾਣੀ ਦੀ ਪੰਕਤੀ ਪੜ੍ਹਨ ਲਈ ਹੱਥ ਨਾਲ ਮਿੱਟੀ ਸਾਫ ਕੀਤੀ ਤੇ ਅੱਖਾਂ ਵਿੱਚ ਨਮੀ ਆ ਗਈ ਅਤੇ ਇੰਜ ਲਗਾ ਜਿੰਵੇ ਕੰਧ ਵੀ ਮੇਰੇ ਨਾਲ ਰੋ ਰਹੀ ਹੋਵੇ, ਮੇਰੇ ਨਾਲ ਆਪਣਾ ਦੁੱਖ ਸਾਂਝਾ ਕਰਨਾ ਚਾਹੁੰਦੀ ਹੋਵੇ। ਇਹ ਗੱਲਾਂ ਸੁਣਨ ਵਿੱਚ ਬਹੁਤ ਖਿਆਲੀ ਤੇ ਬਨਾਵਟੀ ਲਗਦੀਆਂ ਨੇ ਪਰ ਜਦੋਂ ਨੇੜੇ ਜਾ ਕੇ ਆਪਣੇ ਇਤਿਹਾਸ ਨਾਲ ਰੂ ਬ ਰੂ ਹੋਵੋ ਓਦੋਂ ਕੰਧ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ।
ਇਹ ਮੇਰੀ ਜ਼ਿੰਦਗੀ ਦਾ ਉਹ ਖਾਸ ਦਿਨ ਸੀ ਜਦੋਂ ਇਸ ਇਤਿਹਾਸਕ ਅਸਥਾਨ ਦੀ ਕੰਧਾਂ ਨਾਲ ਮੈਂ ਸਾਂਝ ਬਣਾਈ ਅਤੇ ਵਾਦਾ ਕੀਤਾ ਕਿ ਆਪਣੇ ਇਨ੍ਹਾਂ ਅਸਥਾਨਾਂ ਬਾਰੇ ਆਪਣੀ ਕੌਮ ਨੂੰ ਦੱਸਾਂ ਤਾ ਕਿ ਓਹ ਆਪਣੇ ਇਸ ਕੀਮਤੀ ਵਿਰਸੇ ਵੱਲ੍ਹ ਵਾਪਿਸ ਆਉਣ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਪੁਰਵਾ ਮਸੌਦ,
ਜੀਵੇ ਸਾਂਝਾ ਪੰਜਾਬ।


Share On Whatsapp

Leave a Reply




top