ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ, ਯਮੁਨਾਨਗਰ (ਹਰਿਆਣਾ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ | ਇਹ ਅਸਥਾਨ ਜ਼ਿਲ੍ਹਾ ਯਮੁਨਾਨਗਰ ਅਤੇ ਜ਼ਿਲ੍ਹਾ ਕੁਰੂਕਸ਼ੇਤਰ ਦੀ ਹੱਦ ਤੇ ਬਣੇ ਪਿੰਡ ਝੀਵਰਹੇੜੀ ਵਿਖੇ ਸੁਸ਼ੋਭਿਤ ਹੈ | ਇਤਿਹਾਸ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਸਾਮ-ਬਿਹਾਰ ਵੱਲ ਨੂੰ ਜਾ ਰਹੇ ਸਨ ਤਾਂ ਪਿੰਡ ਬਨੀ ਬਦਰਪੁਰ ਤੋਂ ਹੁੰਦੇ ਹੋਏ ਗੁਰੂ ਸਾਹਿਬ ਪਿੰਡ ਝੀਵਰਹੇੜੀ ਵਿਖੇ ਪੁੱਜੇ | ਜਿੱਥੇ ਉਨ੍ਹਾਂ ਨੇ ਡੇਰਾ ਸਰਸਵਤੀ ਦੇ ਕਿਨਾਰੇ ਸੰਤ ਭਿਖਾਰੀ ਦਾਸ ਨੂੰ ਦਰਸ਼ਨ ਦਿੱਤੇ | ਡੇਰੇ ਪਹੁੰਚਣ ‘ਤੇ ਸੰਤ ਭਿਖਾਰੀ ਦਾਸ ਨੇ ਗੁਰੂ ਜੀ ਦਾ ਆਦਰ ਕੀਤਾ | ਇਸ ਤੋਂ ਬਾਅਦ ਗੁਰੂ ਸਾਹਿਬ ਇਕ ਸੁੱਕੇ ਪਿੱਪਲ ਥੱਲੇ ਬੈਠ ਗਏ, ਜੋ ਮੁੱਦਤਾਂ ਤੋਂ ਸੁੱਕਾ ਸੀ | ਸੰਤ ਭਿਖਾਰੀ ਦਾਸ ਨੇ ਗੁਰੂ ਸਾਹਿਬ ਨੂੰ ਛਾਂ ਵਾਲੇ ਰੁੱਖ ਥਲੇ ਬੈਠਣ ਦੀ ਬੇਨਤੀ ਕੀਤੀ | ਕਿਉਂਕਿ ਸੁੱਕੇ ਪਿੱਪਲ ਦੀ ਛਾਂ ਨਹੀਂ ਸੀ | ਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਇਹ ਵਚਨ ਨਿਕਲਿਆ ਕਿ ਸੰਤ ਜੀ ਅਕਾਲ ਪੁਰਖ ਨੂੰ ਮਨਜ਼ੂਰ ਹੋਇਆ ਤਾਂ ਇਹ ਪਿੱਪਲ ਵੀ ਹਰਾ ਹੋ ਜਾਵੇਗਾ | ਗੁਰੂ ਜੀ ਦੇ ਪਵਿੱਤਰ ਮੁੱਖ ‘ਚੋਂ ਗੁਰਬਾਣੀ ਦੀ ਇਹ ਤੁਕ ਨਿਕਲੀ ਕਿ ਸੁੱਕੇ ਹਰੇ ਕੀਏ ਖਿਨ ਮਾਹੇ, ਬਚਨਾਂ ਨਾਲ ਪਿੱਪਲ ਹਰਾ-ਭਰਾ ਹੋ ਗਿਆ | ਅੱਜ ਵੀ ਇਹ ਪਿੱਪਲ ਹਰਾ-ਭਰਾ ਹੈ ਅਤੇ ਸੰਗਤਾਂ ਇਸ ਦੇ ਦਰਸ਼ਨ ਕਰਕੇ ਨਿਹਾਲ ਹੰੁਦੀਆਂ ਹਨ | ਇਤਿਹਾਸ ਮੁਤਾਬਿਕ ਅਗਲੇ ਦਿਨ ਮੱਸਿਆ ਦਾ ਸ਼ੁੱਭ ਦਿਹਾੜਾ ਸੀ | ਸੰਤ ਭਿਖਾਰੀ ਦਾਸ ਹਰ ਮੱਸਿਆ ਨੂੰ ਹਰਿਦਵਾਰ ਵਿਖੇ ਹਰ ਦੀ ਪੌੜੀ ਤੇ ਇਸ਼ਨਾਨ ਕਰਨ ਜਾਂਦਾ ਸੀ | ਭਿਖਾਰੀ ਦਾਸ ਨੇ ਜਾਣ ਦੀ ਤਿਆਰੀ ਕੀਤੀ ਤਾਂ ਗੁਰੂ ਸਾਹਿਬ ਜੀ ਦੇ ਪੁੱਛਿਆ ਕਿ ਸਾਧ ਜੀ ਤੁਸੀਂ ਕਿਥੇ ਜਾ ਰਹੇ ਹੋ | ਫਿਰ ਭਿਖਾਰੀ ਦਾਸ ਨੇ ਹਰ ਮਹੀਨੇ ਮੱਸਿਆ ਤੇ ਹਰਿਦਵਾਰ ਜਾਣ ਬਾਰੇ ਦੱਸਿਆ | ਗੁਰੂ ਸਾਹਿਬ ਨੇ ਭਿਖਾਰੀ ਦਾਸ ਦਾ ਭਰਮ ਤੋੜਨ ਲਈ ਆਪਣਾ ਗੜਵਾ ਅਤੇ ਆਪਣੇ ਪਵਿੱਤਰ ਚਰਨਾਂ ਦੀ ਖੜ੍ਹਾਵਾਂ ਦੇ ਕੇ ਕਿਹਾ ਕਿ ਇਹ ਦੋਵੇਂ ਵਸਤਾਂ ਸਾਢੇ ਵਲੋਂ ਗੰਗਾ ‘ਚ ਭੇਟ ਕਰ ਦੇਣਾ | ਭਿਖਾਰੀ ਦਾਸ ਜਦੋਂ ਹਰਿਦਵਾਰ ਤੋਂ ਵਾਪਸ ਆਇਆ ਤਾਂ ਉਸ ਨੇ ਉੱਥੇ ਬਣੇ ਖੂਹ ‘ਚੋਂ ਬਰਤਨ ਨਾਲ ਪੀਣ ਲਈ ਪਾਣੀ ਕੱਢਿਆ ਤਾਂ ਗੁਰੂ ਸਾਹਿਬ ਵਲੋਂ ਦਿੱਤਾ ਗੜਵਾ ਅਤੇ ਪਵਿੱਤਰ ਖੜਾਵਾਂ ਵੀ ਪਾਣੀ ਨਾਲ ਬਾਹਰ ਆ ਗਈਆਂ | ਭਿਖਾਰੀ ਦਾਸ ਇਹ ਦੇਖ ਕੇ ਹੈਰਾਨ ਹੋਇਆ | ਆ ਕੇ ਗੁਰੂ ਸਾਹਿਬ ਨੂੰ ਖੜਾਵਾਂ ਵਾਲੀ ਗੱਲ ਦੱਸੀ | ਗੁਰੂ ਸਾਹਿਬ ਜੀ ਨੇ ਕਿਹਾ ਕਿ ਹੈਰਾਨ ਹੋਣ ਦੀ ਕੋਈ ਲੋੜ ਨਹੀਂ, ਤੁਹਾਡੇ ਇਸ਼ਨਾਨ ਲਈ ਗੰਗਾ ਚੱਲ ਕੇ ਇੱਥੇ ਆ ਗਈ ਹੈ | ਅੱਜ ਤੋਂ ਬਾਅਦ ਤੁਹਾਨੂੰ ਇਸ਼ਨਾਨ ਲਈ ਹਰਿਦਵਾਰ ਜਾਣ ਦੀ ਲੋੜ ਨਹੀਂ, ਇੱਥੇ ਹੀ ਇਸ਼ਨਾਨ ਕਰਨ ਨਾਲ ਹਰਿਦਵਾਰ ਦਾ ਮਹਾਤਮ ਮਿਲੇਗਾ | ਜਿਨ੍ਹਾਂ ਸਮਾਂ ਭਿਖਾਰੀ ਦਾਸ ਇਸ ਅਸਥਾਨ ਤੇ ਰਿਹਾ, ਉਹ ਖੂਹ ‘ਚੋਂ ਪਾਣੀ ਲੈਕੇ ਇਸ਼ਨਾਨ ਕਰਦਾ ਰਿਹਾ | ਇਸ ਪਵਿੱਤਰ ਅਸਥਾਨ ‘ਤੇ ਅੱਜ ਵੀ ਗੁਰੂ ਸਾਹਿਬ ਦਾ ਗੜਵਾ, ਖੂਹ ਅਤੇ ਭਿਖਾਰੀ ਦਾਸ ਦੇ ਦੋ ਡੰਡੇ ਸੰਗਤਾਂ ਦੇ ਦਰਸ਼ਨ ਲਈ ਮੌਜੂਦ ਹਨ | ਹਰ ਮਹੀਨੇ ਦੀ ਮੱਸਿਆ ਤੇ ਇੱਥੇ ਭਾਰੀ ਜੋੜ ਮੇਲਾ ਲਗਦਾ ਹੈ | ਇਸ ਅਸਥਾਨ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਖਿਆ ਜਾ ਰਿਹਾ ਹੈ |