22 ਵਾਰਾਂ – ਭਾਗ 17

11 ਵਡਹੰਸ ਕੀ ਵਾਰ ਮਹਲਾ ੪
ਗੁਰਮਤਿ ਸੰਗੀਤ ਪੱਧਤੀ ਉੱਤਰੀ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਦਾ ਸੁਮੇਲ ਹੈ। ਗੁਰੂ ਸਾਹਿਬਾਨ ਨੇ ਸੰਗੀਤ ਦੇ ਇਨ੍ਹਾਂ ਦੋਵੇਂ ਗਾਇਨ ਰੂਪਾਂ ਦੀਆਂ ਗਾਇਨ ਸ਼ੈਲੀਆਂ, ਰਾਗਾਂ ਤੇ ਧੁਨਾਂ ਦੀ ਵਰਤੋਂ ਕੀਤੀ ਅਤੇ ਪ੍ਰਚਾਰਿਆ। ਲੋਕ-ਕਾਵਿ ਰੂਪਾਂ ਨੂੰ ਕਿਸੇ ਰਾਗ ਅਧੀਨ ਅੰਕਿਤ ਕਰਨਾ ਗੁਰੂ ਸਾਹਿਬਾਨ ਦੀ ਵਿਸ਼ੇਸ਼ਤਾ ਹੈ। ਇਸ ਤੋਂ ਸੰਬੰਧਿਤ ਰਾਗਾਂ ਵਿਚ ਅੰਕਿਤ ਲੋਕ-ਕਾਵਿ ਰੂਪ ਦੀ ਧੁਨ ਨੂੰ, ਉਸ ਰਾਗ ਦਾ ਮੁਢਲਾ ਸਰੂਪ ਵੀ ਮਿਥਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਰਾਗ ਵਡਹੰਸ ਅਧੀਨ ਘੋੜੀਆਂ ਵਰਗੇ ਲੋਕ-ਕਾਵਿ ਰੂਪਾਂ ਨੂੰ ਅੰਕਿਤ ਕੀਤਾ ਗਿਆ ਹੈ। ਇਨ੍ਹਾਂ ਤੋਂ ਬਿਨਾਂ ਸ਼ਾਸਤਰੀ ਸੰਗੀਤ ਦੀ ਸ਼ੈਲੀ ਧਰੁਪਦ, ਧਮਾਰ ਆਦਿ ਵਿਚ ਵੀ ਕਈ ਸ਼ਬਦ ਅੰਕਿਤ ਕੀਤੇ ਮਿਲਦੇ ਹਨ।
ਇਸ ਵਾਰ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀਆਂ 21 ਪਉੜੀਆਂ ਹਨ। ਇਨ੍ਹਾਂ ਨਾਲ ਕੁੱਲ 43 ਸਲੋਕ ਹਨ। ਪਹਿਲੀ ਨਾਲ ਤਿੰਨ ਅਤੇ ਬਾਕੀ ਨਾਲ ਦੋ-ਦੋ ਸਲੋਕ ਹਨ। ਇਨ੍ਹਾਂ ਸਲੋਕਾਂ ਵਿੱਚੋਂ ਦਸਵੀਂ ਪਉੜੀ ਨਾਲ ਇਕ ਅਤੇ 20ਵੀਂ ਪਉੜੀ ਨਾਲ ਦੋ ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੇਚਾਰਨ ਕੀਤੇ ਹੋਏ ਹਨ। ਅਤੇ ਬਾਕੀ ਦੇ 40 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। ਸਲੋਕਾਂ ਦੀਆਂ ਤੁਕਾਂ ਦੀ ਗਿਣਤੀ ਇਕਸਾਰ ਨਹੀਂ ਹੈ। 2 ਤੋਂ ਲੈ ਕੇ 10 ਤਕ ਸਲੋਕ ਹਨ। ਇਸ ਵਾਰ ਵਿਚ ਗੁਰੂ ਜੀ ਨੇ ਗੁਰਮਤਿ ਦੇ ਅਨੇਕਾ ਪੱਖਾਂ ’ਤੇ ਆਪਣੇ ਢੰਗ ਨਾਲ ਵਿਆਖਿਆ ਕਰ ਕੇ ਚਾਨਣਾ ਪਾਇਆ ਹੈ।
12. ਸੋਰਠਿ ਕੀ ਵਾਰ ਮਹਲਾ ੪
ਸੋਰਠਿ ਰਾਗ ਦੇ ਸੰਬੰਧ ਵਿਚ ਸ੍ਰੀ ਗੁਰੂ ਰਾਮਦਾਸ ਜੀ ਫ਼ਰਮਾਉਂਦੇ ਹਨ :
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ (ਪੰਨਾ 642)
ਇਹ ਰਾਗ ਗੰਭੀਰ ਪ੍ਰਕਿਰਤੀ ਦਾ ਵੈਰਾਗਮਈ ਰਾਗ ਹੈ ਜੋ ਭਗਤੀ-ਭਾਵ ਦੀਆਂ ਰਚਨਾਵਾਂ ਲਈ ਅਤਿ ਢੁਕਵਾਂ ਹੈ। ‘ਸੋਰਠਿ ਕੀ ਵਾਰ’ ਵਿਚ ਕੁੱਲ 29 ਪਉੜੀਆਂ ਹਨ ਜੋ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਹਰ ਇਕ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ, ਪਰ ਤੁਕਾਂ ਦਾ ਆਕਾਰ ਇਕਸਾਰ ਨਹੀਂ ਹੈ। ਹਰ ਇਕ ਪਉੜੀ ਨਾਲ ਦੋ-ਦੋ ਸਲੋਕ ਹਨ। ਇਸ ਤਰ੍ਹਾਂ ਇਸ ਵਾਰ ਵਿਚ ਕੁੱਲ 58 ਸਲੋਕ ਹਨ ਜਿਨ੍ਹਾਂ ਦੀਆਂ ਤੁਕਾਂ ਦੀ ਗਿਣਤੀ ਦੋ ਤੋਂ ਲੈ ਕੇ ਅੱਠ ਤਕ ਹੈ। ਇਨ੍ਹਾਂ ਵਿੱਚੋਂ 3 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ, 1 ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦਾ, 47 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ 7 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ ਹਨ। ਇਸ ਵਾਰ ਵਿਚ ਦਰਸਾਇਆ ਗਿਆ ਹੈ ਕਿ ਪਰਮਾਤਮਾ ਦੀ ਸ਼ਰਨ ਵਿਚ ਆਉਣ ਨਾਲ ਸਹੀ ਸੂਝ ਪ੍ਰਾਪਤ ਹੁੰਦੀ ਹੈ। ਸੰਸਾਰਿਕ ਵਸਤੂਆਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।
( ਚਲਦਾ )


Share On Whatsapp

Leave a Reply




top