ਉਸ ਸਮੇਂ ਪਟਨੇ ਵਿਚ ਇਕ ਬੜੇ ਸਤਿਕਾਰਯੋਗ ਪੰਡਿਤ ਸ਼ਿਵ ਚੰਦ ਜੀ ਰਹਿੰਦੇ ਸਨ। ਉਹ ਬੜੇ ਸੱਚੇ ਸੁੱਚੇ ਬ੍ਰਾਹਮਣ ਸਨ।
ਜਿਸ ਕਰਕੇ ਪਖੰਡੀ ਅਤੇ ਰਵਾਇਤੀ ਬ੍ਰਾਹਮਣ ਉਨ੍ਹਾਂ ਨੂੰ ਬੜੀ ਨਫ਼ਰਤ ਕਰਦੇ ਸਨ।
ਪੰਡਿਤ ਸ਼ਿਵ ਚੰਦ ਰੋਜ਼ ਸਵੇਰੇ ਗੰਗਾ ਨਦੀ ਵਿਚ ਇਸ਼ਨਾਨ ਕਰਨ ਜਾਂਦੇ ਅਤੇ ਉਥੇ ਪ੍ਰੰਪਰਾਗਤ ਢੰਗ ਨਾਲ ਦੇਵਤਿਆਂ ਦੀ ਪੂਜਾ ਵਿਚ ਸੱਚੇ ਦਿਲੋਂ ਲਗੇ ਰਹਿੰਦੇ।
ਉਹ ਆਪਣੇ ਮਨ ਵਿਚ ਇਕ ਸੰਪੂਰਣ ਪ੍ਰਣ ਲੈ ਕੇ ਬੈਠੇ ਸਨ ਕਿ ਉਹ ਪ੍ਰਭੂ ਦੇ ਦਰਸ਼ਨ ਕਰਨਗੇ।
ਪਰ ਪੰਡਿਤ ਜੀ ਜਿੰਨੀ ਮਿਹਨਤ, ਤਪੱਸਿਆ ਅਤੇ ਹਿੰਮਤ ਨਾਲ ਠਾਕਰਾਂ ਦੀ ਪੂਜਾ ਕਰਦੇ ਉਨ੍ਹਾਂ ਨੂੰ ਅਨੁਭਵ ਹੁੰਦਾ ਕਿ ਉਹ ਪ੍ਰਭੂ ਦੇ ਦਰਸ਼ਨਾਂ ਤੋਂ ਹੋਰ ਦੂਰ ਹੋ ਰਹੇ ਸਨ।
ਪ੍ਰਭੂ ਨੂੰ ਪਾਉਣ ਦੀ ਜਿੰਨੀ ਬਿਹਬਲਤਾ ਵਧਦੀ ਸੀ ਉਨ੍ਹਾਂ ਹੀ ਜ਼ਿਆਦਾ ਉਹ ਗੰਭੀਰ ਹੁੰਦੇ ਜਾ ਰਿਹੇ ਸਨ।
ਇਕ ਦਿਨ ਪੰਡਿਤ ਸ਼ਿਵ ਚੰਦ ਜੀ ਗੰਗਾ ਕਿਨਾਰੇ ਇਕਾਂਤ ਵਿਚ ਬੈਠੇ ਅੰਤਰ ਧਿਆਨ ਹੋਏ ਪ੍ਰਭੂ ਦੀ ਅਰਾਧਨਾ ਕਰ ਰਹੇ ਸਨ।
ਉਨ੍ਹਾਂ ਨੂੰ ਉਸ ਵੇਲੇ ਲਗ ਰਿਹਾ ਸੀ ਜਿਵੇਂ ਉਹ ਭਗਵਾਨ ਦੇ ਦਰਸ਼ਨ ਕਰ ਹੀ ਲੈਣਗੇ।
ਉਸ ਸਮੇਂ ਸ੍ਰੀ ਦਸਮੇਸ਼ ਜੀ ਖੇਡਦੇ ਖੇਡਦੇ ਉਸ ਥਾਂ ਜਾ ਪੁਜੇ ਜਿਥੇ ਪੰਡਿਤ ਸ਼ਿਵ ਚੰਦ ਭਗਤੀ ਕਰ ਰਹੇ ਸਨ।
ਸ਼ਿਵ ਚੰਦ ਨੂੰ ਅੱਖਾਂ ਮੀਟੀ ਸਮਾਧੀ ਵਿਚ ਬੈਠੇ ਵੇਖ ਕੇ ਗੁਰੂ ਜੀ ਹੌਲੀ ਹੌਲੀ ਉਨ੍ਹਾਂ ਦੇ ਪਾਸ ਗਏ ਅਤੇ ਪੰਡਿਤ ਦੇ ਕੰਨਾਂ ਕੋਲ ਮੂੰਹ ਕਰਕੇ ਬੋਲੇ ‘ਪੰਡਿਤ ਜੀ ਝਾਤ’।
ਪੰਡਿਤ ਇਕ ਦਮ ਤ੍ਰਬਕਿਆ ਅਤੇ ਆਪਣੇ ਸਾਹਮਣੇ ਇਕ ਸੁੰਦਰ ਬਾਲਕ ਨੂੰ ਵੇਖ ਕੇ ਹੈਰਾਨ ਰਹਿ ਗਿਆ।
ਬਾਲਕ ਦੀਆਂ ਗੋਲ ਗੋਲ ਚਮਕਦਾਰ ਅੱਖਾਂ, ਹਸੂੰ ਹਸੂੰ ਕਰਦਾ ਚਿਹਰਾ ਅਤੇ ਫੁਰਤੀਲੇ ਸਰੀਰ ਨੂੰ ਵੇਖ ਕੇ ਉਹ ਕੀਲੀਆ ਗਿਆ ਅਤੇ ਕਾਫੀ ਸਮਾਂ ਟਿਕਟਿਕੀ ਲਾਈ ਬਾਲਕ ਵੱਲ ਤਕਦਾ ਰਿਹਾ।
ਉਸ ਨੂੰ ਇੰਝ ਵਿਸ਼ਵਾਸ ਹੋ ਗਿਆ ਕਿ ਪ੍ਰਭੂ ਇਕ ਬਾਲਕ ਦਾ ਰੂਪ ਧਾਰ ਕੇ ਉਸ ਪਾਸ ਆ ਗਏ ਹਨ ਅਤੇ ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ।
ਪਿਆਰ ਵਿਚ ਖੀਵੇ ਹੋਏ ਪੰਡਿਤ ਨੇ ਝੱਟ ਸਿਰ ਨਿਵਾ ਕੇ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਕਿਹਾ, ‘ਤੂੰ ਮੇਰਾ ਬਾਲਾ ਪ੍ਰੀਤਮ ਏਂ, ਅੱਜ ਮੈਨੂੰ ਪ੍ਰਭੂ ਆਪ ਮਿਲ ਪਿਆ ਹੈ’।
ਉਸ ਦਿਨ ਤੋਂ ਬਾਅਦ ਸ਼ਿਵ ਚੰਦ ਹਮੇਸ਼ਾ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਆਉਂਦੇ ਅਤੇ ਮੱਥਾ ਟੇਕ ਕੇ ਚਲੇ ਜਾਂਦੇ।
ਹੋਰ ਬ੍ਰਾਹਮਣ ਉਨ੍ਹਾਂ ਨੂੰ ਮਖੌਲ ਕਰਦੇ ਕਿ ਏਨਾ ਗਿਆਨਵਾਨ ਬੁੱਢਾ ਪੰਡਿਤ ਹੋ ਕੇ ਇਕ ਛੋਟੇ ਬੱਚੇ ਨੂੰ ਨਮਸਕਾਰ ਕਰਦਾ ਹੈ।
ਪਰ ਪੰਡਿਤ ਸ਼ਿਵ ਚੰਦ ਜੀ ਕਿਸੇ ਦੀ ਵੀ ਪ੍ਰਵਾਹ ਨਹੀਂ ਸਨ ਕਰਦੇ ਅਤੇ ਜਦ ਤਕ ਬਾਲਾ ਪ੍ਰੀਤਮ ਪਟਨੇ ਰਹੇ, ਉਹ ਹਰ ਰੋਜ਼ ਦਰਸ਼ਨ ਕਰਨ ਆਉਂਦੇ ਰਹੇ।
ਸ਼ੇਅਰ ਜ਼ਰੂਰ ਕਰੋ ਜੀ।