ਬਹਾਦਰ ਬੀਬੀ ਅਨੂਪ ਕੌਰ ਸ਼ਹੀਦ – ਜਾਣੋ ਇਤਿਹਾਸ

ਪਿੰਡ ਜਲੂਪੁਰ ਖੇੜਾ ਜਿਹੜਾ ਕਿ ਰਈਏ ਤੋਂ ਚਾਰ ਕੁ ਮੀਲ ਤੇ ਸਥਿਤ ਹੈ । ਇਥੇ ਸੋਢੀ ਬੰਸ ‘ ਚੋਂ ਭਾਈ ਲਛਮਣ ਦਾਸ ਦੇ ਘਰ 1660 ਦੇ ਲਗਭਗ ਬੀਬੀ ਅਨੂਪ ਕੌਰ ਨੇ ਜਨਮ ਲਿਆ । ਬਾਬਾ ਬਕਾਲਾ ਵਿਚ ਜਦੋਂ ਬਾਈ ਮੰਜੀਆਂ ਡੱਠ ਗਈਆਂ , ਧੀਰ ਮਲ ਨੇ ਸ਼ੀਹੇਂ ਮਸੰਦ ਰਾਹੀਂ ਗੁਰੂ ਤੇਗ ਬਹਾਦਰ ਉਪਰ ਗੋਲੀ ਚਲਾਈ , ਸਭ ਕੁਝ ਲੁੱਟ ਕੇ ( ਚੜਾਵਾ ) ਲੈ ਗਿਆ ਪਰ ਮਖਣ ਸ਼ਾਹ ਲੁਭਾਣੇ ਨੇ ਸਭ ਕੁਝ ਖੋਹ ਲਿਆਂਦਾ । ਪਰ ਗੁਰੂ ਜੀ ਇਹ ਸਮਾਨ ਵਾਪਸ ਕਰਨ ਲਈ ਕਹਿ ਆਪ ਨੇ ਅਨੰਦਪੁਰ ਜਾ ਵਸਾਇਆ । ਭਾਈ ਲਛਮਣ ਦਾਸ ਵੀ ਗੁਰੂ ਜੀ ਦੇ ਨਾਲ ਉਥੇ ਜਾ ਵਸਿਆ । ( ਯਾਦ ਆ ਗਿਆ ਸੋਢੀ ਤੇਜਾ ਸਿੰਘ ਇਤਿਹਾਸਕਾਰ ਸੋਢੀ ਚਮਤਕਾਰ ਦਾ ਕਰਤਾ ਵੀ ਜਲੂਪੁਰ ਦਾ ਵਾਸੀ ਸੀ , ਪਿਛੋਂ ਅੰਮ੍ਰਿਤਸਰ ਰਹਿਣ ਲਗ ਪਿਆ ਸੀ । ਭਾਈ ਲਛਮਣ ਦਾਸ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਵੇਲੇ ਵੀ ਨਾਲ ਹੀ ਰਿਹਾ ਸੀ । ਜਦੋਂ ਬਾਲ ਗੋਬਿੰਦ ਜੀ ਅਨੰਦਪੁਰ ਪੁਜੇ ਤੇ ਬੀਬੀ ਅਨੂਪ ਕੌਰ ਇਨ੍ਹਾਂ ਨੂੰ ਬੜੀਆਂ ਲੋਰੀਆਂ ਦੇਂਦੀ , ਖਿਡਾਉਂਦੀ , ਭਰਾਵਾਂ ਵਾਂਗ ਪਿਆਰ ਕਰਦੀ । ਬਾਲ ਗੋਬਿੰਦ ਜੀ ਵੀ ਸਕੀ ਭੈਣਾਂ ਵਾਂਗ ਸਮਝਦੇ ਤੇ ਭੈਣ ਜੀ ਕਰਕੇ ਬੁਲਾਉਂਦੇ । ਜੁਆਨ ਹੋ ਕੇ ਲੰਗਰ ਵਿਚ ਬੜੀ ਲਗਨ ਨਾਲ ਕੰਮ ਕਰਦੀ ਗੁਰਮੁਖੀ ਪੜ ਬਾਣੀ ਵੀ ਕੰਠ ਕਰ ਲਈ । ਬੜੀ ਧੀਰੀ , ਨਿਮਰਤਾ ਤੇ ਸੰਤੋਖੀ ਸੁਭਾਅ ਵਾਲੀ ਸੀ ਆਪਣੇ ਮਿਠੇ ਬੋਲਾਂ ਨਾਲ ਹਰਮਨ ਪਿਆਰੀ ਹੋ ਗਈ । ਪੰਜ ਗ੍ਰੰਥੀ ਕੰਠ ਕਰ ਲਈ ਸਵੇਰੇ ਜਪੁ ਜੀ ਤੇ ਸ਼ਾਮ ਨੂੰ ਸੋਦਰੁ ਦਾ ਪਾਠ ਕਰਦੀ । ਬਾਲ ਗੁਰੂ ਦੇ ਸਾਥੀਆਂ ਨੂੰ ਵੀ ਬੜਾ ਪਿਆਰ ਕਰਦੀ ਉਨ੍ਹਾਂ ਨੂੰ ਚੰਗਾ ਚੋਖਾ ਖਾਣ ਲਈ ਦੇਂਦੀ । ਜਦੋਂ ਬਾਲ ਗੋਬਿੰਦ ਆਪਣੇ ਹਾਣੀਆਂ ਨਾਲ ਨਕਲੀ ਲੜਾਈਆਂ ਕਰਦਾ ਤੇ ਇਸ ਨੇ ਵੀ ਆਪਣੀਆਂ ਸਹੇਲੀਆਂ ਨੂੰ ਲੈ ਕੇ ਉਨ੍ਹਾਂ ਵਾਂਗ ਲੜਾਈ ਕਰਨੀ । ਗਲ ਕੀ ਹਰ ਸ਼ਸ਼ਤਰ ਚਲਾਉਣ ਦੀ ਸਿੱਖਿਆ ਤੇ ਘੋੜ ਸੁਆਰੀ ਦੀ ਸਿੱਖਿਆ ਪ੍ਰਾਪਤ ਕਰ ਲਈ । ਬੀਬੀ ਨੇ ਭੰਗਾਨੀ ਦੇ ਯੁੱਧ ਵਿਚ ਭਾਗ ਲਿਆ । 1699 ਦੀ ਵਿਸਾਖੀ ਤੇ ਆਪਣੇ ਮਾਪਿਆਂ ਨਾਲ ਅੰਮ੍ਰਿਤ ਛਕ ਸਿੰਘਣੀ ਸਜ਼ ਗਈ । ਯਾਦ ਰਹੇ ਗੁਰੂ ਜੀ ਵੇਲੇ ਜਿਹੜੀ ਬੀਬੀ ਅੰਮ੍ਰਿਤ ਛਕ ਲੈਂਦੀ ਉਹ ਸਿੰਘਾਂ ਵਾਲਾ ਬਾਣਾ ਧਾਰਨ ਲਗ ਪੈਂਦੀ । ਇਸ ਦੀਆਂ ਸਹੇਲੀਆਂ ਨੇ ਵੀ ਅੰਮ੍ਰਿਤ ਛਕ ਲਿਆ । ਗਲ ਕੀ ਬੀਬੀ ਅਨੂਪ ਕੌਰ ਨੇ ਬੀਬੀਆਂ ਦਾ ਵੀ ਇਕ ਸੈਨਿਕ ਜਥਾ ਤਿਆਰ ਕਰ ਲਿਆ । ਉਨ੍ਹਾਂ ਨੂੰ ਬਕਾਇਦਾ ਸ਼ਸ਼ਤਰ ਵਿਦਿਆ ਤੇ ਘੋੜ ਸੁਆਰੀ ਦੀ ਸਿੱਖਿਆ ਦਿੱਤੀ ਗਈ । ਜਦੋਂ ਪਹਾੜੀ ਰਾਜਿਆਂ ਗੁਰੂ ਜੀ ਤੇ ਚੜ੍ਹਾਈ ਕੀਤੀ ਤਾਂ ਬੀਬੀ ਨੇ ਆਪਣੇ ਜਥੇ ਨਾਲ ਵੈਰੀਆਂ ਦੇ ਆਹੂ ਲਾਏ । ਰਾਜਿਆਂ ਨੂੰ ਚਨੇ ਚਬਾਏ । ਪਹਾੜੀ ਰਾਜਿਆਂ ਹਾਰ ਖਾ ਕੇ ਔਰੰਗਜ਼ੇਬ ਦੇ ਕੰਨ ਭਰੇ ਗੁਰੂ ਜੀ ਵਿਰੁੱਧ ਭੜਕਾਇਆ । ਔਰੰਗਜ਼ੇਬ ਦੇ ਕਹੇ ਤੇ ਸੂਬਾ ਲਾਹੌਰ ਦਿਲਾਵਰ ਖਾਂ , ਕਸ਼ਮੀਰ ਦਾ ਸੂਬਾ ਜ਼ਬਰਦਸਤ ਖਾਂ , ਸਰਹੰਦ ਦਾ ਵਜ਼ੀਰ ਖਾਂ ਹੋਰ ਮੁਲਖਈਆ ਕਹਿਲੂਰ , ਕਾਂਗੜਾ , ਜਸਵਾਲ , ਨਾਲਾਗੜ੍ਹ , ਕੁਲੂ , ਕੈਂਥਲ , ਮੰਡੀ , ਜੰਮੂ , ਚੰਬਾ , ਗੜਵਾਲ , ਬਿਜੜ ਵਾਲ , ਡਡਵਾਲ , ਗੁਜਰਾਂ ਦੇ ਰਾਜੇ , ਰੋਪੜ ਦਾ ਰੰਗੜ – ਦੋ ਲੱਖ ਤੋਂ ਉਪਰ ਵਰਦੀ ਵਾਲੇ ਸਿਪਾਹੀਆਂ ਨੇ ਅਨੰਦਪੁਰ ਨੂੰ ਘੇਰਾ ਪਾ ਲਿਆ । ਅੱਠ ਮਹੀਨੇ ਘੇਰਾ ਪਾਈ ਰਖਿਆ ਅੰਦਰੋਂ ਸਭ ਰਸਦਾਂ ਖਤਮ ਹੋ ਗਈਆਂ । ਸ਼ੇਰਨੀ ਅਨੂਪ ਕੌਰ ਨੇ ਆਪਣੇ ਜਥੇ ਦੀਆਂ ਸਿੰਘਣੀਆਂ ਨੂੰ ਅੱਧੀ ਰਾਤ ਬਾਹਰ ਲਿਜਾ ਵੈਰੀ ਦਲ ਦਾ ਰਾਸ਼ਨ ਚੁਕ ਲਿਆਉਣਾ । ਬੀਬੀਆਂ ਲੰਗਰ ਤਿਆਰ ਕਰਨ ਵਿਚ ਤੇ ਲੜਨ ਵਿਚ ਭਾਗ ਲੈਂਦੀਆਂ । ਵੈਰੀਆਂ ਦੇ ਆਪਣੇ ਤੀਰਾਂ ਨਾਲ ਆਹੂ ਲਾਹੁੰਦੀਆਂ । ਜਦੋਂ ਪਹਾੜੀ ਰਾਜਿਆਂ ਤੇ ਸੂਬੇਦਾਰਾਂ ਨੇ ਕਸਮਾਂ ਖਾ ਗੁਰੂ ਜੀ ਨੂੰ ਕਿਲ੍ਹਾ ਛਡਣ ਲਈ ਕਿਹਾ , “ ਤੁਸੀਂ ਕਿਲ੍ਹਾ ਛਡ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ । ਦਸੰਬਰ ਦੇ ਅੰਤ ਵਿਚ 1704 ਨੂੰ ਗੁਰੂ ਜੀ ਨੂੰ ਕਿਲ੍ਹਾ ਛਡਣਾ ਪਿਆ । ਰਾਤ ਕਿਲ੍ਹਾ ਛਡਣ ਲਗਿਆਂ ਬੀਬੀ ਅਨੂਪ ਕੌਰ ਦਾ ਜਥਾ ਪਿਛੇ ਗੁਰੂ ਪ੍ਰਵਾਰ ਦੀ ਰਾਖੀ ਕਰਦਾ ਆ ਰਿਹਾ ਸੀ । ਸਰਸਾ ਪਾਰ ਕਰਨ ਲੱਗਿਆਂ ਉਪਰੋਂ ਪੋਹ ਮਹੀਨੇ ਦੀ ਸੀਤ ਬਰਫ਼ੀਲਾ ਪਾਣੀ ਵੰਗਾਰ ਰਿਹਾ ਸੀ । ਪਰ ਸਿੱਖਾਂ ਨੂੰ ਸਰਸਾ ਪਾਰ ਕਰਨੀ ਪਈ , ਕਈ ਸਿੱਖ ਰੁੜ ਗਏ । ਗੁਰੂ ਜੀ ਦਾ ਪ੍ਰਵਾਰ ਵਿਛੜ ਗਿਆ । ਸਰਸਾ ਪਾਰ ਕਰਦੇ ਬੀਬੀ ਅਨੂਪ ਕੌਰ ਨੂੰ ਪੰਜ ਕੁ ਸਿੰਘ ਮਿਲ ਪਏ । ਜਦੋਂ ਥੋੜੀ ਦੂਰ ਗਏ ਤਾਂ ਮੁਗਲ ਸਿਪਾਹੀਆਂ ਨਾਲ ਝੜਪ ਹੋ ਗਈ । ਦੋ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘਾਂ ਤੋਂ ਡਰ ਕੇ ਭੱਜ ਗਏ । ਅਗੋਂ ਮਲੇਰ ਕੋਟਲੀਆ ਨਵਾਬ 200 ਕੁ ਤੁਰਕਾਂ ਨਾਲ ਮਿਲ ਪਿਆ । ਸਿੰਘਾਂ ਨੂੰ ਘੇਰਾ ਪਾ ਲਿਆ । ਸਿੰਘ ਮੁਗਲਾਂ ਨੂੰ ਮਾਰਦੇ ਸ਼ਹੀਦ ਹੋ ਗਏ । ਬੀਬੀ ਦੇ ਘੋੜੇ ਦੇ ਪੈਰ ਨੂੰ ਠੋਕਰ ਲਗੀ ਸ਼ੇਰਨੀ ਹੇਠਾਂ ਡਿੱਗ ਪਈ । ਸੱਜੀ ਬਾਂਹ ਟੁੱਟ ਗਈ ਉਠਿਆ ਨਾ ਗਿਆ । ਨਵਾਬ ਦੇ ਕਾਬੂ ਆ ਗਈ । ਜਦੋਂ ਸੁਣਿਆ ਕਿ ਇਹੋ ਅਨੂਪ ਕੌਰ ਹੈ ਜਿਸ ਦੀ ਬਹਾਦਰੀ ਦੀਆਂ ਸਾਰੇ ਧੁੰਮਾਂ ਪਈਆਂ ਹੋਈਆਂ ਹਨ , ਦੁਸ਼ਟ ਇਸ ਨਾਲ ਵਿਆਹ ਕਰਾਉਣ ਲਈ ਸੋਚਣ ਲਗਾ । ਨੌਕਰਾਂ ਚਾਕਰਾਂ ਨੂੰ ਕਿਹਾ ਕਿ ਇਸ ਨੂੰ ਮਹਿਲਾਂ ਵਿਚ ਲਿਜਾ ਕੇ ਇਲਾਜ ਕਰਾਓ । ਬੀਬੀ ਨਵਾਬ ਦੀ ਦੁਸ਼ਟ ਚਾਲ ਸਮਝ ਗਈ । ਲਗੀ ਰੱਬ ਅੱਗੇ ਅਰਦਾਸਾਂ ਕਰਨ ਦਸ਼ਮੇਸ਼ ਪਿਤਾ ! ਆਪਣੀ ਪੁੱਤਰੀ ਨੂੰ ਹੌਸਲਾ ਤੇ ਜੁਰਅਤ ਬਖਸ਼ੋ ਕਿ ਇਹ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਸਕੇ । ‘ ‘ ਦਾਸੀਆਂ ਵੇਖਦੀਆਂ ਇਹ ਹਰ ਸਮੇਂ ਰੱਬ ਦੀ ਇਬਾਦਤ ਵਿਚ ਲਗੀ ਰਹਿੰਦੀ ਹੈ । ਬੜੇ ਲਾਲਚ ਤੇ ਡਰਾਵੇ ਦਿੱਤੇ ਗਏ । ਪਰ ਸ਼ੇਰਨੀ ਨੇ ਗਿਦੜ ਨਵਾਬ ਨੂੰ ਲਾਗੇ ਨਾ ਫਟਕਨ ਦਿੱਤਾ । ਬੜੇ ਹਰਬੇ ਵਰਤੇ ਕਿ ਉਸ ਨੂੰ ਧਰਮ ਤੋਂ ਡੇਗਿਆ ਜਾਵੇ । ਜ਼ਿਆਦਾ ਤੰਗ ਕਰਦੇ ਤੇ ਆਤਮਘਾਤ ਕਰਨ ਲਈ ਸੋਚਦੀ ਤਾਂ ਗੁਰਬਾਣੀ ਵਿਚ ਆਤਮਘਾਤੀ ਨੂੰ ਮਹਾਂ ਪਾਪੀ ਕਿਹਾ ਹੈ । ਅਰਦਾਸ ਕਰਦੀ ਹੈ ਪਸ਼ਚਾਤਾਪ ਕਰਦੀ ਹੈ ਹੇ ਅਕਾਲ ਪੁਰਖ ਤੇਰੀ ਦਾਸੀ ਆਪਣੀ ਅਣਖ ਤੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਇਹ ਘਿਣਾਉਣਾ ਕੰਮ ਕਰਨ ਲਗੀ ਹੈ ਮਾਫ ਕਰੀ । ਇਤਿਹਾਸ ਵਿਚ ਇਹ ਵੀ ਦਰਜ ਹੈ ਕਿ ਬਾਹਰ ਕਾਜ਼ੀ ਜਬਰਨ ਨਿਕਾਹ ਪੜ੍ਹਣ ਲਈ ਸੱਦਿਆ ਹੋਇਆ ਸੀ । ਸ਼ੇਰਨੀ ਨੇ ਆਪਣੀ ਹਿਕ ‘ ਚ ਸ੍ਰੀ ਸਾਹਿਬ ਮਾਰ ਆਪਣੀ ਬਲੀ ਦੇ ਦਿੱਤੀ । ਇਤਿਹਾਸ ਵਿਚ ਲਿਖਿਆ ਹੈ ਇਸ ਦੀ ਲਾਸ਼ ਨੂੰ ਦਬਾ ਦਿੱਤਾ ਗਿਆ ਸੀ । ਪਰ ਬੰਦਾ ਸਿੰਘ ਬਹਾਦਰ ਨੂੰ ਇਸ ਬਾਰੇ ਪਤਾ ਲਗਾ ਤਾਂ 1710 ਵਿਚ ਮਲੇਰ ਕੋਟਲਾ ਫਤਹਿ ਕਰਾ ਕਬਰ ‘ ਚੋਂ ਉਸ ਦਾ ਪਿੰਜਰ ਕੱਢ ਇਸ਼ਨਾਨ ਕਰਾ ਅਰਦਾਸ ਕਰਕੇ ਸਸਕਾਰ ਕੀਤਾ ਗਿਆ ਸੀ । ਨਵਾਬ ਨੂੰ ਸਰਹੰਦ ‘ ਚ ਆਹ ਦਾ ਨਾਅਰਾ ਮਾਰਨ ਕਰਕੇ ਕੁਝ ਨਹੀਂ ਕਿਹਾ ।
ਜੋਰਾਵਰ ਸਿੰਘ ਤਰਸਿੱਕਾ


Share On Whatsapp

Leave a Reply




top