ਇਕ ਸੂਫੀ ਨਖਾਸ ਚੌਕ ਕੋਲੋਂ ਲੰਘ ਰਿਹਾ ਸੀ ਤੇ ਭੀੜ ਦੇਖ ਕੇ ਏਧਰ ਆਇਆ।
“ਕੀ ਹੋ ਰਿਹਾ ਹੈ ਏਥੇ?”, ਉਸ ਨੇ ਭੀੜ ਵਿਚ ਪਿਛਾਂਹ ਖਲੋਤੇ ਇਕ ਮੁਸਲਮਾਨ ਲਾਹੌਰੀ ਨੂੰ ਪੁੱਛਿਆ।
“ਇਕ ਸੰਤ ਕਤਲ ਕੀਤਾ ਜਾ ਰਿਹਾ ਹੈ”
“ਕਿਵੇਂ…?”
“ਸਰੀਰ ਟੋਟੇ ਟੋਟੇ ਕਰ ਕੇ”
“ਪਰ ਕਤਲ ਹੋਣ ਵਾਲਾ ਏਨੀ ਹੌਲੀ ਸੁਰ ਵਿਚ ਚੀਕਾਂ ਕਿਉਂ ਮਾਰ ਰਿਹਾ ਹੈ?”
“ਤੈਨੂੰ ਸੁਣ ਰਹੀਆਂ ਚੀਕਾਂ ਕਤਲ ਹੋਣ ਵਾਲਾ ਨਹੀਂ ਮਾਰ ਰਿਹਾ, ਇਹ ਤਾਂ ਭੀੜ ਵਿਚੋਂ ਆ ਰਹੀਆਂ ਹਨ। ਭੀੜ ਮਾਰ ਰਹੀ ਹੈ ਇਹ ਚੀਕਾਂ ਤੇ ਹੋ ਸਕਦੈ ਜੱਲਾਦ ਨੇ ਵੀ ਮਾਰੀ ਹੋਵੇ ਇਕ ਅੱਧੀ ਚੀਕ, ਪਰ ਕਤਲ ਹੋਣ ਵਾਲਾ ਨਹੀਂ ਮਾਰ ਰਿਹਾ…”
“ਕਮਾਲ ਕਰਦਾ ਹੈਂ ਤੂੰ, ਬੰਦੇ ਦੇ ਅੰਗ ਕੱਟੇ ਜਾ ਰਹੇ ਹਨ ਤੇ ਉਹ ਚੀਕ ਨਹੀਂ ਰਿਹਾ…?”
“ਸ਼ਾਇਦ ਤੂੰ ਸੁਣਿਆਂ ਨਹੀਂ… ਇਕ ਸਿਖ ਸੰਤ ਨੂੰ ਮਾਰਿਆ ਜਾ ਰਿਹਾ ਹੈ ਤੇ ਚੀਕਾਂ ਦੀ ਥਾਵੇਂ ਉਹ ਮੁਸਕੁਰਾ ਰਿਹਾ ਹੈ”
“ਯਾ ਖੁਦਾ… ਮਨਸੂਰ ਸਿਖਾਂ ਵਿਚ ਵੀ ਪੈਦਾ ਹੋ ਗਿਆ ਹੈ…”
“ਕਿਹੜੀ ਦੁਨੀਆਂ ਵਿਚ ਰਹਿੰਦਾ ਹੈਂ ਬਾਬਾ… ਇਹ ਤਾਂ ਪੰਥ ਹੀ ਮਨਸੂਰਾਂ ਦਾ ਹੈ…”
…ਤੇ ਹੈਰਾਨੀ ਦਾ ਭਰਿਆ ਹੋਇਆ ਸੂਫੀ ਭਾਈ ਸਾਹਿਬ ਦੇ ਦਰਸ਼ਨ ਕਰਨ ਲਈ ਭੀੜ ਵਿਚ ਅੱਗੇ ਵਧਿਆ।