ਹੋਲੀ ਤੇ ਹੋਲਾ ਮਹੱਲਾ – ਜਾਣੋ ਇਤਿਹਾਸ

ਪੌਰਾਣਕਤਾ ਹੋਲੀ ਇੱਕ ਪੁਰਾਣਾ ਤਿਓਹਾਰ ਹੈ। ਹਰਨਾਖਸ਼ ਦੀ ਭੈਣ ਹੋਲਿਕਾ ਜਿਸ ਨੂੰ ਵਰ ਸੀ ਕਿ ਅੱਗ ਸਾੜ ਨਹੀਂ ਸਕਦੀ , ਉਹ ਭਗਤ ਪ੍ਰਹਲਾਦ ਨੂੰ ਲੈ ਕੇ ਅੱਗ ਦੇ ਵਿੱਚ ਬੈਠ ਗਈ। ਪ੍ਰਮਾਤਮਾ ਦੀ ਕਿਰਪਾ ਪ੍ਰਹਿਲਾਦ ਬਚ ਗਿਆ। ਹੋਲਿਕਾ ਸੜ ਗਈ ਉਸ ਦਿਨ ਤੋਂ ਹੋਲੀ ਮਨਾਉਂਦੇ ਨੇ।
ਸਮੇਂ ਤੇ ਹਾਲਾਤਾਂ ਨੇ ਇਹ ਤਿਉਹਾਰ ਨੂੰ ਬੜਾ ਗੰਦਾ ਕਰ ਦਿੱਤਾ। ਇੱਕ ਦੂਸਰੇ ਦੇ ਉੱਪਰ ਚਿੱਕੜ ਕੂੜਾ ਤੇ ਹੋਰ ਗੰਦ ਮੰਦ ਸੁੱਟਣ ਲੱਗ ਪਏ। ਨਸ਼ਾ ਪਾਣੀ ਤੇ ਹੋਰ ਵਿਕਾਰ ਵਰਤੇ ਜਾਣ ਲੱਗੇ। ਵਰਨ ਵੰਡ ਵਾਲਿਆਂ ਨੇ ਹੋਲੀ ਨੂੰ ਸ਼ੂਦਰਾਂ ਦਾ ਤਿਉਹਾਰ ਕਿਹਾ ਹੈ।
ਗੁਰਮਤਿ ਚ ਹੋਲੀ
ਨੀਵਿਆ ਨੂੰ ਉੱਚੇ ਕਰਨ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੋਲੀ ਦਾ ਰੰਗ ਰੂਪ ਹੀ ਬਦਲ ਦਿੱਤਾ। ਸਤਿਗੁਰੂ ਜੀ ਨੇ ਸੰਗਤ ਦੀ ਸੇਵਾ ਲੋੜਵੰਦਾਂ ਦੀ ਸੇਵਾ ਕਰਨ ਨੂੰ ਹੋਲੀ ਕਿਹਾ। ਸੇਵਾ ਦੇ ਨਾਲ ਆਪਸੀ ਭਾਈਚਾਰਾ ਤੇ ਸਾਂਝ ਵੀ ਵਧਦੀ ਹੈ ਤੇ ਹਿਰਦੇ ਨੂੰ ਰੱਬੀ ਪਿਆਰ ਦਾ ਰੰਗ ਲੱਗਦਾ ਹੈ।
ਹੋਲੀ ਕੀਨੀ ਸੰਤ ਸੇਵ ॥
ਰੰਗੁ ਲਾਗਾ ਅਤਿ ਲਾਲ ਦੇਵ ॥੨॥ (ਅੰਗ 1180)
ਹੋਲਾ ਮਹਲਾ
ਕਲਗੀਧਰ ਪਿਤਾ ਮਹਾਰਾਜੇ ਨੇ ਹੋਲੀ ਦਾ ਨਾਮ ਹੀ ਬਦਲ ਦਿੱਤਾ ਹੋਲਾ ਮਹੱਲਾ ਤੇ ਇਸ ਤਿਉਹਾਰ ਨੂੰ ਜੰਗੀ ਅਭਿਆਸ ਵਿੱਚ ਬਦਲ ਦਿੱਤਾ।
ਹੋਲੇ ਦਾ ਮਤਲਬ ਹੈ ਹੱਲਾ ਬੋਲਿਆ।
ਮੁਹੱਲੇ ਦਾ ਮਤਲਬ ਹੈ ਥਾਂ ਜਗ੍ਹਾ ਹੱਲਾ ਬੋਲਣ ਵਾਲੀ ਥਾਂ।
ਮਹਾਨ ਕੋਸ਼ ਦੇ ਅਨੁਸਾਰ ਚੇਤ ਵਦੀ 1 1757 ਬਿਕ੍ਰਮੀ 1700 ਈ: ਨੂੰ ਹੋਲਾ ਮਹੱਲਾ ਪ੍ਰਾਰੰਭ ਹੋਇਆ।
ਤਰੀਕਾ ਇਹ ਹੁੰਦਾ ਸੀ ਕਿ ਸਿੱਖਾਂ ਨੂੰ ਦੋ ਜਥਿਆਂ ਵਿੱਚ ਵੰਡ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇੱਕ ਖ਼ਾਸ ਜਗ੍ਹਾ ਤੇ ਹੱਲਾ ਬੋਲਿਆ ਜਾਂਦਾ। ਨਗਾਰੇ ਵਜਾਏ ਜਾਂਦੇ ਇਹ ਇਕ ਤਰ੍ਹਾਂ ਦੀ ਲੜਾਈ ਹੁੰਦੀ ਸੀ। ਸਤਿਗੁਰੂ ਆਪ ਇਸ ਨਕਲੀ ਲੜਾਈ ਨੂੰ ਦੇਖਦੇ। ਸਫ਼ਲ ਹੋਣ ਵਾਲੇ ਜਥੇ ਨੂੰ ਸਿਰਪਾਓ ਦੇ ਕੇ ਸਤਿਕਾਰਿਆ ਜਾਂਦਾ। ਦੋਵਾਂ ਜਥਿਆਂ ਤੋਂ ਜਿਥੇ ਜਿਥੇ ਗਲਤੀਆਂ ਹੋਈਆਂ ਨੇ ਉਹ ਵੀ ਸਮਝਾਈਆਂ ਜਾਂਦੀਆਂ। ਇਸ ਤਰ੍ਹਾਂ ਜੰਗੀ ਅਭਿਆਸ ਵੀ ਹੁੰਦਾ ਤੇ ਸਿੰਘਾਂ ਦਾ ਉਤਸ਼ਾਹ ਵੀ ਵੱਧਦਾ। ਸਤਿਗੁਰਾਂ ਨੇ ਪੰਜ ਕਿਲਿਆਂ ਚੋਂ ਇਕ ਕਿਲੇ ਦਾ ਨਾਮ ਹੀ ਹੋਲਗੜ੍ਹ ਰੱਖਿਆ ਸੀ।
ਆਨੰਦਪੁਰ ਸਾਹਿਬ ਦੇ ਵਿੱਚ ਭਾਈ ਘਨ੍ਹੱਈਆ ਜੀ ਸੇਵਾ ਕਰਦੇ ਨੇ ਉਹ ਹੋਲੀ ਹੈ ਪਰ ਭਾਈ ਉਦੇ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਵੈਰੀਆਂ ਤੇ ਹੱਲਾ ਕਰਦੇ ਆਹੂ ਲਾਹੁੰਦੇ ਨੇ ਉਹ ਹੋਲਾ ਮਹੱਲਾ ਹੈ। ਸਾਰੇ ਹੀ ਗੁਰੂ ਦੇ ਲਾਲ ਨੇ ਸਾਰਿਆਂ ਤੇ ਗੁਰੂ ਦੀ ਖੁਸ਼ੀ ਹੈ।
ਪ੍ਰੇਰਣਾ
ਹੋਲੀ ਤੇ ਹੋਲਾ ਮਹੱਲਾ ਸ਼ਕਤੀਆਂ ਦਾ ਸੇਵਾ ਦਾ ਪ੍ਰਤੀਕ ਹੈ ਸੰਤ ਤੇ ਸਿਪਾਹੀ ਦਾ ਸੁਮੇਲ ਹੈ।
ਜ਼ੁਲਮ ਦੀ ਜੜ੍ਹ ਪੁੱਟਣ ਦੇ ਲਈ ਦੇਗ ਅਤੇ ਤੇਗ ਦਾ ਸੁਨੇਹਾ ਦਿੰਦਾ ਹੈ ਨਰਸਿੰਘ ਦੀ ਤਰ੍ਹਾਂ ਦੁਸ਼ਟਾਂ ਹਰਨਾਖਸ਼ਾਂ ਦੀਆਂ ਆਂਦਰਾਂ ਚੀਰਨ ਦੇ ਲਈ ਸਿੰਘ ਸੱਜਣ ਦੀ ਲੋੜ ਹੈ ਸ਼ਸਤਰ ਸੇਵਾ ਤੇ ਗੁਰਬਾਣੀ ਦੇ ਅਭਿਆਸ ਦੀ ਲੋੜ ਹੈ।
ਅੱਜ ਵੀ ਆਨੰਦਪੁਰ ਸਾਹਿਬ ਦੇ ਵਿੱਚ ਦੋਨੋਂ ਕਿਰਿਆਵਾਂ ਹੁੰਦੀਆਂ ਨੇ ਥਾਂ ਥਾਂ ਤੇ ਲੰਗਰ ਲੱਗਦੇ ਨੇ ਸੇਵਾ ਹੁੰਦੀ ਹੈ ਸੇਵਾ ਭਾਵ ਹੋਲੀ ਤੇ ਮਹੱਲਾ ਵੀ ਕੱਢਿਆ ਜਾਂਦਾ ਜਿਸ ਵਿਚ ਨਿਹੰਗ ਸਿੰਘ ਜਥੇਬੰਦੀਆਂ ਸ਼ਸਤਰਾਂ ਦੇ ਜੌਹਰ ਸ਼ਸਤਰਾਂ ਦਾ ਅਭਿਆਸ ਕਰਦੀਆਂ ਨੇ।
ਕਈ ਵਾਰ ਪ੍ਰਚਾਰਕਾਂ ਨੂੰ ਸੁਣੀਦਾ ਹੈ ਉਹ ਆਨੰਦਪੁਰ ਸਾਹਿਬ ਦੇ ਲੰਗਰਾਂ ਨੂੰ ਮਾੜਾ ਕਹਿ ਰਹੇ ਹੁੰਦੇ ਨੇ ਕੋਈ ਸ਼ਸਤਰਾਂ ਨੂੰ ਮਾੜਾ ਕਹਿ ਰਿਹਾ ਹੁੰਦਾ ਇਨ੍ਹਾਂ ਨੂੰ ਨਾ ਤਾਂ ਹੋਲੀ ਦੇ ਸਮਝ ਹੈ ਨਾ ਮਹੱਲੇ ਦੀ ਗੁਰੂ ਸਾਹਿਬ ਸੁਮੱਤ ਬਖ਼ਸ਼ਣ।
ਸਮੂਹ ਸੰਗਤਾਂ ਦੇ ਤਾਈਂ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ


Share On Whatsapp

Leave a Reply




top