ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਸਮੇਂ ਦਾ ਇਤਿਹਾਸ

ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਏਨੇ ਲੀਨ ਹੋ ਗਏ ਸਨ ਉਹਨਾਂ ਨੂੰ ਵਿਆਹ ਬਾਰੇ ਕਦੇ ਖਿਆਲ ਹੀ ਨਹੀ ਆਇਆ । ਪਰ ਜਿਵੇ ਹਰ ਮਾਂ ਪਿਉ ਦੇ ਦਿਲ ਦੀ ਰੀਝ ਹੁੰਦੀ ਹੈ ਉਹਨਾਂ ਦਾ ਧੀ ਪੁੱਤਰ ਵਿਆਹਿਆ ਜਾਵੇ । ਉਹ ਜਲਦੀ ਤੋ ਜਲਦੀ ਕਿਸੇ ਦੋਹਤੇ ਦੋਹਤੀਆਂ – ਪੋਤੇ ਪੋਤੀਆਂ ਦਾ ਮੂੰਹ ਦੇਖ ਸਕਣ ਤੇ ਆਪਣੇ ਮਨ ਨੂੰ ਤਸੱਲੀ ਦੇ ਸਕਣ ਕਿ ਉਹਨਾਂ ਦੀ ਕੁਲ ਅਗੇ ਚਲ ਪਈ ਹੈ । ਏਸੇ ਮੋਹ ਵੱਸ ਹੋ ਬਾਬਾ ਬੁੱਢਾ ਜੀ ਨੂੰ ਜਵਾਨ ਹੁੰਦਿਆ ਦੇਖਕੇ ੳਹਨਾਂ ਦੇ ਪਿਤਾ ਸੁੱਘਾ ਜੀ ਤੇ ਮਾਤਾ ਗੌਰਾ ਜੀ ਦਾ ਖਿਆਲ ਰੁਕ ਨਾ ਸਕਿਆ। ਉਹਨਾ ਦੋਵਾ ਸੋਚਿਆ ਬਾਬਾ ਜੀ ਸੁਖ ਨਾਲ 17 ਕੁ ਸਾਲਾ ਦੇ ਹੋ ਗਏ ਹਨ ਇਸ ਲਈ ਇਹਨਾ ਦਾ ਵਿਆਹ ਕਰ ਦੇਣਾ ਚਾਹੀਦਾ ਹੈ । ਫੇਰ ਉਹਨਾ ਦੇ ਮਨ ਵਿੱਚ ਖਿਆਲ ਆਇਆ ਅਸੀ ਤਾ ਬਾਬਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਸੌਂਪ ਦਿੱਤਾ ਹੈ । ਇਹ ਤਾ ਗੁਰੂ ਨਾਨਕ ਸਾਹਿਬ ਦੀ ਮਹਾਨ ਕਿਰਪਾ ਅਥਵਾ ਲਿਹਾਜ ਹੈ ਕਿ ਬਾਬਾ ਬੁੱਢਾ ਜੀ ਨੂੰ ਉਹਨਾਂ ਮਾਂ ਪਿਉ ਨੂੰ ਮਿਲਣ ਤੇ ਉਹਨਾਂ ਦੇ ਕੰਮ ਕਾਜ ਕਰਨ ਦੀ ਆਗਿਆ ਦਿੱਤੀ ਹੋਈ ਸੀ । ਫੇਰ ਵੀ ਦੋਵੇ ਜੀਅ ਸਲਾਹ ਕਰਕੇ ਗੁਰੂ ਨਾਨਕ ਸਾਹਿਬ ਜੀ ਕੋਲ ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਦੀ ਇਜਾਜ਼ਤ ਲੈਣ ਲਈ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਚਲੇ ਗਏ । ਭਾਈ ਸੁਘਾਂ ਜੀ ਤੇ ਮਾਤਾ ਗੌਰਾਂ ਜੀ ਨੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਕੇ ਕੀਰਤਨ ਸਰਵਨ ਕਰਨ ਲੱਗੇ । ਐਸਾ ਮਨ ਟਿਕਿਆ ਕੋਈ ਸੁਧ ਨਾ ਰਹੀ ਕੀਰਤਨ ਦੀ ਸਮਾਪਤੀ ਮਗਰੋ ਲੰਗਰ ਵਿਚ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ । ਦੋਵੇ ਜੀਅ ਆਪਸ ਵਿਚ ਕਹਿਣ ਲੱਗੇ ਅਸੀ ਕੁਝ ਚਿਰ ਕੀਰਤਨ ਸੁਣਿਆ ਤੇ ਸੇਵਾ ਕੀਤੀ ਹੈ ਸਾਡਾ ਮਨ ਇਕ ਦਮ ਸਾਂਤ ਹੋ ਗਿਆ ਹੈ ਜਿਹੜੇ ਰੋਜ ਕੀਰਤਨ ਸਰਵਨ ਕਰਦੇ ਤੇ ਸੇਵਾ ਕਰਦੇ ਹਨ ਉਹਨਾਂ ਦੀ ਅਵਸਥਾ ਕਿਥੇ ਹੋਵੇਗੀ । ਫੇਰ ਦੋਵੇ ਜੀਅ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚੇ ਤੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਅਸੀ ਚਹੁੰਦੇ ਹਾ ਬੂੜੇ ਦਾ ਵਿਆਹ ਕਰ ਦਈਏ ਜੀ । ਤੁਹਾਡੀ ਇਜਾਜ਼ਤ ਲੈਣ ਵਾਸਤੇ ਆਏ ਹਾ ਤੁਸੀ ਜੋ ਹੁਕਮ ਕਰੋਗੇ ਉਦਾ ਹੀ ਹੋਵੇਗਾ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵਿਆਹ ਕਰਵਾਉਣਾ ਕੋਈ ਮਾੜਾ ਕਰਮ ਨਹੀ ਸਗੋ ਗ੍ਰਿਹਸਤੀ ਤਾ ਤਿਆਗੀ ਨਾਲੋ ਕਈ ਗੁਣਾ ਚੰਗਾ ਹੁੰਦਾ ਹੈ । ਗੁਰੂ ਨਾਨਕ ਸਾਹਿਬ ਜੀ ਤੋ ਇਜਾਜ਼ਤ ਲੈ ਕੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਮਾਤਾ ਪਿਤਾ ਜੀ ਕਥੂਨੰਗਲ ਪਹੁੰਚ ਗਏ। ਬਾਬਾ ਬੁੱਢਾ ਸਾਹਿਬ ਜੀ ਦਾ ਰੋਕਾ ਬਟਾਲਾ ਨਗਰ ਜਿਲਾ ਗੁਰਦਾਸਪੁਰ ਦੇ ਜਿੰਮੀਦਾਰ ਦੀ ਪੁੱਤਰੀ ਬੀਬੀ ਮਿਰੋਆ ਜੀ ਨਾਲ ਹੋਇਆ। ਜਦੋ ਵਿਆਹ ਦਾ ਦਿਨ ਮਿਥਿਆ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਪਰਿਵਾਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚ ਕੇ ਵਿਆਹ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਏਥੇ ਸੰਗਤ ਰੋਜ ਦਰਸ਼ਨ ਕਰਨ ਵਾਸਤੇ ਆਉਦੀ ਹੈ ਇਸ ਲਈ ਅਸੀ ਨਹੀ ਆ ਸਕਦੇ । ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਛੋਟੇ ਪੁੱਤਰ ਲਛਮੀ ਦਾਸ ਤੇ ਉਹਨਾ ਦੀ ਪਤਨੀ ਬੀਬੀ ਲਕਸ਼ਮੀ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਭੇਜਿਆ । ਬਾਬਾ ਬੁੱਢਾ ਜੀ ਦੀਆਂ ਵਿਆਹ ਦੀਆਂ ਤਿਆਰੀਆ ਮੁਕੰਮਲ ਕਰਕੇ ਬਰਾਤ ਕਥੂਨੰਗਲ ਤੋ ਬਟਾਲੇ ਵਾਸਤੇ ਰਵਾਨਾ ਹੋਈ । ਇਸ ਬਰਾਤ ਵਿੱਚ ਬਾਬਾ ਲਛਮੀ ਦਾਸ ਉਹਨਾਂ ਦੀ ਪਤਨੀ ਬੀਬੀ ਲਕਸ਼ਮੀ ਜੀ , ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਪਿਆਰ ਵਾਲੇ ਸਿੱਖ , ਤੇ ਪਰਿਵਾਰਕ ਜੀਅ ਸਾਮਿਲ ਹੋਏ । ਗੁਰੂ ਨਾਨਕ ਸਾਹਿਬ ਜੀ ਦੇ ਦਸੇ ਅਨੁਸਾਰ ਕੀਰਤਨ ਕਰਦੀਆਂ ਸੰਗਤਾ ਬਟਾਲਾ ਨਗਰ ਵਿੱਚ ਪਹੁੰਚੀਆਂ । ਬਰਾਤ ਦਾ ਭਰਵਾਂ ਸਵਾਗਤ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਚਲਾਈ ਮਰਯਾਦਾ ਅਨੁਸਾਰ ਵਿਆਹ ਬੀਬੀ ਮਿਰੋਆ ਜੀ ਨਾਲ ਹੋਇਆ। ਬਰਾਤ ਨੇ ਕੁਝ ਦਿਨ ਬਟਾਲੇ ਨਗਰ ਵਿੱਚ ਹੀ ਠਹਿਰਿਆ ਕੀਤਾ ਤੇ ਫੇਰ ਵਾਪਿਸ ਕਥੂਨੰਗਲ ਪਹੁੰਚ ਗਈ । ਬਾਬਾ ਬੁੱਢਾ ਸਾਹਿਬ ਜੀ ਗ੍ਰਿਹਸਤੀ ਧਰਮ ਨਿਭਾਉਣ ਦੇ ਨਾਲ – ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹਾਜਰੀ ਵੀ ਲਾ ਕੇ ਆਉਦੇ ਸਨ । ਬਾਬਾ ਬੁੱਢਾ ਸਾਹਿਬ ਜੀ ਦੇ ਘਰ ਜਦੋ ਦੋ ਪੁੱਤਰਾ ਨੇ ਜਨਮ ਲਿਆ ਤਾ ਬਾਬਾ ਜੀ ਦੇ ਪਿਤਾ ਸੁੱਘਾ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਅਜੇ ਪਿਤਾ ਜੀ ਦੀ ਸਤਾਰਵੀ ਨਹੀ ਕੀਤੀ ਕਿ ਮਾਤਾ ਗੌਰਾ ਜੀ ਵੀ ਪਤੀ ਦੇ ਪਿਛੇ ਸੱਚਖੰਡ ਜਾ ਬਿਰਾਜੇ ਗੁਰੂ ਨਾਨਕ ਸਾਹਿਬ ਜੀ ਆਏ ਤੇ ਹੱਥੀ ਦਸਤਾਰ ਸਜਾ ਕੇ ਘਰ ਦੀ ਸਾਰੀ ਜਿਮੇਵਾਰੀ ਬਾਬਾ ਬੁੱਢਾ ਜੀ ਮੋਢਿਆਂ ਤੇ ਪਾ ਦਿੱਤੀ । ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਚੇ ਪਾਤਸ਼ਾਹ ਘਰ ਦੀ ਜਿੰਮੇਵਾਰੀ ਨਿਭਾਉਦੇ ਹੋਏ ਆਪ ਤੋ ਦੂਰ ਨਾ ਹੋ ਜਾਵਾ । ਮਿਹਰ ਕਰਿਉ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹਾ ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਬਾਬਾ ਜੀ ਮੈ ਤੁਹਾਡੇ ਤੋ ਦੂਰ ਨਾ ਹੋਸਾਂ । ਬਾਬਾ ਬੁੱਢਾ ਜੀ ਦੇ ਦੋ ਪੁੱਤਰ ਹੋਰ ਹੋਏ ਜਿਨਾ ਦੇ ਨਾਮ ਇਸ ਤਰਾ ਹੈ ਭਾਈ ਸਿਧਾਰੀ ਜੀ ਭਾਈ ਭਿਖਾਰੀ ਜੀ ਭਾਈ ਮਹਿਮੂ ਜੀ ਤੇ ਸਭ ਤੋ ਛੋਟੇ ਭਾਈ ਭਾਨਾ ਜੀ । ਬਾਬਾ ਬੁੱਢਾ ਜੀ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਸਨ ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁ‌ਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਸੀ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।
ਸਿੱਖ ਇਤਿਹਾਸਕਾਰਾਂ ਅਨੁਸਾਰ ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਿਹ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਂਟ ਕੀਤੇ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ-ਮੁਖਤਿਆਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਜਿਹੇ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾਇਆ ਸੀ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ। ਸਿੱਖ ਇਤਿਹਾਸ ਅਨੁਸਾਰ ਧੰਨ ਧੰਨ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ ਮਾਤਾ ਜੀ ਆਪ ਜੀ ਦੇ ਘਰ ‘ਚ ਮਹਾਨ ਯੋਧਾ ਪੈਦਾ ਹੋਵੇਗਾ, ਜੋ ਮਨੁੱਖਤਾ ਅਤੇ ਧਰਮ ਦੀ ਰਾਖੀ ਲਈ ਮੁਗਲਾਂ ਦੇ ਸਿਰ ਕੁਚਲੇਗਾ। ਉਸ ਤੋਂ ਬਾਅਦ ਮਾਤਾ ਗੰਗਾ ਜੀ ਦੇ ਘਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ।
ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਿਆਈ ਰਸਮ ਨਿਭਾਉਣ ਦਾ ਸੁਭਾਗ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ ਹੈ। ਚੌਥੇ ਪੁੱਤਰ ਭਾਨਾਂ ਜੀ ਦੇ ਜਨਮ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਆਪ ਦੇ ਗ੍ਰਹਿ ਆਸ਼ੀਰਵਾਦ ਦੇਣ ਪਹੁੰਚੇ ਸਨ। ਆਪ ਜੀ ਦੇ ਪੁੱਤਰ ਭਾਨਾਂ ਜੀ ਦੇ ਨਾਂ ਅਤੇ ਆਪਣੇ ਨਗਰ ਤਲਵੰਡੀ ਦੇ ਨਾਂ ਤੇ ਇਸ ਨਗਰ ਦਾ ਨਾਂ ‘ਭਾਨਾਂ ਤਲਵੰਡੀ’ ਪਿਆ। ਬਾਬਾ ਭਾਨਾਂ ਜੀ ਨੇ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਛੇਵੇ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਬਤੀਤ ਕੀਤਾ। ਕੁੱਝ ਸਮੇਂ ਬਾਅਦ ਆਪ ਜੀ ਦੀ ਅੰਸ ਵੰਸ਼ ਵਿੱਚ ਬਾਬਾ ਝੰਡਾ ਜੀ ਨੇ ਜਨਮ ਲਿਆ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਨਗਰ ਵਿੱਚ ਬਾਬਾ ਬੁੱਢਾ ਜੀ ਦੇ ਗ੍ਰਹਿ ਵਿਖੇ ਆਸ਼ੀਰਵਾਦ ਦੇਣ ਲਈ ਆਏ ਸਨ।
ਉਸ ਸਮੇਂ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਕਿ ਨਗਰ ਦਾ ਨਾਮ ਆਪ ਜੀ ਦੇ ਨਾਮ ਤੇ ਰੱਖਣਾ ਹੈ। ਪਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਸ ਨਗਰ ਦਾ ਨਾਮ ‘ਝੰਡਾ ਰਮਦਾਸਪੁਰ’ ਰੱਖਿਆ ਜਾਵੇ ਅਤੇ ਹੁਣ ਇਸ ਨਗਰ ਦਾ ਨਾਮ ਰਮਦਾਸ ਜੀ ਦੇ ਨਾਮ ਕਰਕੇ ਪ੍ਰਸਿੱਧ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਛੇਵੀਂ ਪੀੜ੍ਹੀ ਵਿੱਚੋਂ ਭਾਈ ਰਾਮ ਕੁਇਰ ਜੀ ਹੋਏ ਜੋ ਬਾਅਦ ਵਿੱਚ ਖੰਡੇ ਦੀ ਪਾਹੁਲ ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਏ। ਇਹਨਾਂ ਨੇ ਹੀ ਦਸ਼ਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ।
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਬਾਬਾ ਬੁੱਢਾ ਜੀ ਦੇ ਗ੍ਰਹਿ ਰਮਦਾਸ ਵਿਖੇ ਪਹੁੰਚੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦਾ ਸੀਸ ਆਪਣੀ ਗੋਦ ਵਿੱਚ ਲੈ ਕੇ ਪਲੋਸਦੇ ਹਨ ਅਤੇ ਬਾਬਾ ਬੁੱਢਾ ਸਾਹਿਬ ਜੀ ਸੰਮਤ 1688 ਬਿਕਰਮੀ (ਸੰਨ 1631 ਈ:) ਨੂੰ 125 ਸਾਲ ਦੀ ਉਮਰ ਵਿੱਚ ਆਖਰੀ ਸਵਾਸ ਤਿਆਗਦੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਾਬਾ ਬਿਧੀ ਚੰਦ ਜੀ, ਭਾਈ ਗੁਰਦਾਸ ਜੀ, ਭਾਈ ਲੰਗਾਹ ਜੀ, ਭਾਈ ਜੇਠਾ ਜੀ ਅਤੇ ਹੋਰ ਗੁਰਸਿੱਖ ਵੀ ਹਾਜ਼ਰ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਾਰਾਂ ਦਿਨ ਨਗਰ ਰਮਦਾਸ ਵਿਖੇ ਰਹਿ ਕੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸਨ। ਹੁਣ ਇਹ ਅਸਥਾਨ ਗੁਰਦੁਆਰਾ ਤੱਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




"1" Comment
Leave Comment
  1. Balwinder Singh

    Waheguru Ji

top