ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਭਗੜਾਣਾ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 2 ਵਾਰ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ | ਇਤਿਹਾਸਕਾਰਾਂ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਮਤਿ ਦੇ ਪ੍ਰਚਾਰ ਲਈ ਮਾਲਵੇ ਨੂੰ ਜਾਂਦੇ ਹੋਏ ਇਸ ਅਸਥਾਨ ‘ਤੇ ਬਿਰਾਜਮਾਨ ਹੋਏ ਸਨ | ਇਸ ਪਿੰਡ ਦੇ ਵਸਨੀਕ ਭਾਈ ਦਿਆਲਾ ਜੀ ਅਤੇ ਹੋਰ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ ਅਤੇ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਇਸ ਅਸਥਾਨ ‘ਤੇ ਖੂਹ ਲਗਵਾਇਆ ਜੋ ਕਿ ਅੱਜ ਵੀ ਸਰੋਵਰ ਵਿਚ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇਣ ਲਈ ਦਿੱਲੀ ਨੂੰ ਜਾਂਦੇ ਸਮੇਂ ਦੂਜੀ ਵਾਰ ਪਿੰਡ ਭਗੜਾਣਾ ਵਿਖੇ ਇਸ ਅਸਥਾਨ ‘ਤੇ ਠਹਿਰੇ | ਭਾਈ ਦਿਆਲਾ ਜੀ ਅਤੇ ਹੋਰ ਸੰਗਤਾਂ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ | ਗੁਰੂ ਜੀ ਨੇ ਭਾਈ ਦਿਆਲਾ ਜੀ ਨੂੰ ਆਪਣੇ ਦੋਵੇਂ ਸਪੁੱਤਰ ਬਾਬਾ ਮਦਨ ਸਿੰਘ ਅਤੇ ਬਾਬਾ ਕੋਠਾ ਸਿੰਘ ਨੂੰ ਗੋਬਿੰਦ ਰਾਇ ਜੀ ਕੋਲ ਭੇਜਣ ਦਾ ਹੁਕਮ ਦਿੱਤਾ | ਅਨੰਦਪੁਰ ਸਾਹਿਬ ਪਹੁੰਚ ਕੇ ਦੋਵੇਂ ਭਰਾਵਾਂ ਨੇ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਅਤੇ ਅੰਮਿ੍ਤ ਛੱਕ ਕੇ ਸਿੰਘ ਸਜੇ | ਚਮਕੌਰ ਦੀ ਕੱਚੀ ਗੜ੍ਹੀ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਬਾਬਾ ਮਦਨ ਸਿੰਘ ਅਤੇ ਬਾਬਾ ਕੋਠਾ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ | ਨੌਵੇਂ ਪਾਤਸ਼ਾਹ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸਸ਼ੋਭਿਤ ਹੈ ਜਿੱਥੇ ਪੂਰਨਮਾਸ਼ੀ ਦਾ ਦਿਹਾੜਾ ਭਰਦਾ ਹੈ | ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਇਆ ਜਾ ਰਿਹਾ ਹੈ |