ਮੈ ਪੋਤੀ ਮੈ ਪੋਤੀ

ਔਰਗੇ ਦੇ ਭੇਜੇ ਸੁਹੀਏ ਹੌਲਦਾਰ ਨੂੰ ਬੂਹੇ ਦੀ ਝੀਤ ਚੋਂ ਨਬੀ ਖਾਂ/ਗਨੀ ਖਾਂ…ਦੇ ਘਰ ਅੰਦਰ ਦਾ ਅੱਧੀ ਰਾਤ ਸਮੇ ਅਜੀਬ ਦ੍ਰਿਸ਼ ਵੇਖਣ ਨੂੰ ਮਿਲਦਾ ਹੈ…ਇਕ ਬਾਲੜੀ ਹੱਥਾਂ ਚ ਕਾਗਜ ਦਾ ਟੁੱਕੜਾ ਫੜ੍ਹ ਉਸ ਨੂੰ ਚੁੰਮਦੀ ਤੇ ਕਹਿੰਦੀ…ਅੱਬਾ ਜਾਨ..ਇਕ ਵਾਰ ਫੇਰ ਪੜ੍ਹੋ…ਪਿਓ ਪੜ੍ਹਦਾ ਉਹ ਫੇਰ ਸੁਣਦੀ ਨਾ ਪਿਓ ਅੱਕਦਾ ਨਾ ਕੁੜੀ ਥੱਕਦੀ…ਕਾਫੀ ਦੇਰ ਤੋਂ ਇਹ ਖੇਡ ਵਰਤ ਰਹੀ ਸੀ…ਦੀਵੇ ਚੋਂ ਤੇਲ ਮੁੱਕ ਗਿਆ…ਹਨੇਰ ਪਸਰ ਗਿਆ ਪਿਓ ਫੇਰ ਪੜ੍ਹਦਾ ਧੀ ਫੇਰ ਚੁੰਮਦੀ…ਹੌਲਦਾਰ ਹੈਰਾਨ ਸੀ ਕਿ ਇਹ ਹਨੇਰੇ ਚ ਕਿਵੇਂ ਪੜ੍ਹ ਰਹੇ ਹਨ…?
ਅਖੀਰ ਕੁੜੀ ਨੇ ਪੁੱਛਿਆ ਅੱਬਾ ਜਾਨ ਤੁਸੀ ਇਸ ਕਾਗਜ ਦੇ ਟੁੱਕੜੇ ਦਾ ਕੀ ਕਰੋਗੇ….?
ਬਾਪ ਨੇ ਕਿਹਾ ਬੇਟਾ ਇਹ ਬੜੀ ਮੁਤਬੱਰਕ ਚੀਜ ਹੈ..ਇਹ ਹੁਕਮਨਾਮਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਵਿੱਚ ਬੜੀਆਂ ਬਖਸ਼ਿਸ਼ਾਂ ਹਨ…ਮੈ ਏਸ ਨੂੰ ਜਬਾਨੀ ਯਾਦ ਕੀਤਾ ਹੈ…ਇਹ ਮੇਰੇ ਹਾਫਜੇ ਵਿਚ ਬੈਠ ਗਿਆ ਹੈ…ਇਹ ਮਰਕੇ ਵੀ ਮੇਰੇ ਨਾਲ ਰਹੇਗਾ…ਅੱਗੇ ਵੀ ਮੇਰੇ ਨਾਲ ਰਹੇਗਾ…”ਤੈਨੂੰ ਪਤਾ ਏਸ ਨਾਲ ਹੁਣ ਮੇਰਾ ਰੁਤਬਾ ਕੀ ਹੋ ਗਿਆ ਹੈ…?
ਮੈ ਹੁਣ ਗਨੀ ਖਾਨ ਨਹੀਂ ਰਿਹਾ…ਜਦ ਪਾਤਸ਼ਾਹ ਦੇ ਮੰਜੇ ਨੂੰ ਹੱਥ ਪਾਇਆ ਤਾਂ… ਨੀਲ ਵਸਤਰ ਧਾਰੀ ਦਾਤੇ ਨੇ ਕਿਹਾ…ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸ ॥
ਉਸ ਵਕਤ ਉੱਚ ਦੇ ਪੀਰ ਸਨ…ਪਰ ਸਾਨੂੰ ਉੱਚੇ ਤੋਂ ਵੀ ਉੱਚੇ ਲੱਗੇ…ਜਦ ਮੰਜਾ ਚੁੱਕਿਆ ਤਾਂ ਖਰਾ ਭਾਰਾ ਸੀ…ਸਾਨੂੰ ਜੰਗਲਾਂ ਚ ਰਾਤ ਹਨੇਰੇ ਚ ਦਿੱਸਣ ਲੱਗ ਪੈਂਦਾ ਜਿਵੇਂ ਆਕਾਸ਼ ਚੋਂ ਬਿਜਲੀ ਲਿਸ਼ਕਦੀ ਪਰ ਉਹ ਲਿਸ਼ਕ ਸਾਹਿਬ ਦੇ ਨੀਲੇ ਚੋਲੇ ਚੋਂ ਪੈਂਦੀ ਮਾਛੀਵਾੜੇ ਤੋਂ ਹੇਹਰ ਪਿੰਡ ਤੱਕ ਏਹੀ ਖੇਡ ਵਰਤੀ ਗਈ…ਅੱਗੇ ਮਹਾਰਾਜ ਜੀ ਨੂੰ ਘੋੜੇ ਦੀ ਸੁਆਰੀ ਮਿਲ ਗਈ…ਬੱਚੀਏ ਉਸ ਮਾਲਕ ਦਾ ਪਲੰਘ ਸਿਰ ਤੇ ਚੁੱਕਣ ਨਾਲ ਅਜੀਬ ਤਮਾਸ਼ਾ ਡਿੱਠਾ ਮਾਨੋ ਜਿਵੇ ਅਕਾਸ਼ ਸਿਰ ਤੇ ਚੁੱਕ ਲਿਆ ਹੋਵੇ…ਉਹ ਨੀਲਾ/ਨੀਲਾ ਆਕਾਸ਼ ਜਿਸ ਦੀ ਗਰਦਿਸ਼ ਨਾਲ ਬਾਦਸ਼ਾਹੀਆਂ ਤਬਾਹ ਹੋ ਜਾਂਦੀਆਂ ਹਨ…ਜਿਸ ਵੇਲੇ ਮਹਾਰਾਜ ਜੀ ਨੇ ਵਿਦਾ ਕੀਤਾ ਤਾਂ ਕਹਿਣ ਲੱਗੇ ਗਨੀ ਖਾਂ ਨਬੀ ਖਾਂ ਤੁਹਾਡੀ ਖਿਦਮਤ ਬਦਲੇ ਕੀ ਦੇਈਏ…! ਤਾਂ ਅਸੀਂ ਦੋਵਾਂ ਹੱਥ ਜੋੜੇ ਕਿਹਾ ਮਹਾਰਾਜ ਤੁਹਾਡਾ ਦਿਤਾ ਸਭ ਕੁਝ ਹੈ…ਮਹਾਰਾਜ ਸਾਨੂੰ ਹੁਣ ਇਸ਼ਕ ਹਕੀਕੀ ਬਖਸ਼ੋ..ਅਸੀਂ ਮਹਿਬੂਬ ਦੀ ਚਾਹ ਚ ਹਮੇਸ਼ਾਂ ਮਰਦੇ ਰਹੀਏ..ਤੇਰੀ ਉਲਫਤ/ਤੇਰੀ ਮੁਹੱਬਤ/ਤੇਰੀ ਨੀਲੀ ਅਦਾ ਤੋਂ ਬਲਿਹਾਰ ਜਾਈਏ…ਅਸੀਂ ਸ਼ਹੀਦੇ ਨਾਜ ਦੇ ਫਖ਼ਰ ਚ ਹੀ ਬਾਕੀ ਜ਼ਿੰਦਗੀ ਬਤੀਤ ਕਰੀਏ…
ਫੇਰ ਉਹਨਾਂ ਅੱਖਾਂ ਮੀਟ ਲਈਆਂ..ਫੇਰ ਖੋਲ੍ਹੀਆਂ ਏਨੀਆਂ ਚਮਕ ਰਹੀਆਂ ਸਨ ਅਸੀਂ ਚਕਰਾ ਗਏ…ਅਸਾਂ ਅਰਜ ਕੀਤੀ ਹੇ ਕੁਰਸ ਦੇ ਸ਼ਾਹ..ਹੇ ਤਬਕਾਂ ਦੇ ਮਾਲਕ…ਕ੍ਰਿਪਾ ਕਰੋ…ਤੇ ਸਾਹਿਬ ਕਹਿਣ ਲੱਗੇ ਅੱਜ ਤੋਂ ਤੁਸੀ ਮੇਰੇ ਨਾਦੀ ਪੁੱਤਰ ਹੋ…ਅਤੇ ਪਾਵਨ ਹੁਕਮਨਾਮਾ ਲਿਖ ਦਿੱਤਾ “ਨਬੀ ਖਾਂ ਗਨੀ ਖਾਂ ਸਾਨੂੰ ਪੁੱਤਰਾਂ ਤੋਂ ਵਧੀਕ ਪਿਆਰੇ ਹਨ” ਬੱਚੀ ਬੜਾ ਖੁਸ਼ ਹੋਈ ਕਹਿਣ ਲੱਗੀ ਅੱਬਾ/ਅੱਬਾ ਜਾਨ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹੋ ਤਾਂ ਮੈ ਫਿਰ ਪੋਤੀ ਹੋਈ..? ਫੇਰ ਬੱਚੀ ਬਹੁਤ ਝੂਮ ਝੂਮ ਗਾਉਂਦੀ ਹੈ..ਬਾਹਰ ਖੜਾ ਹੌਲਦਾਰ ਤੱਕ ਰਿਹਾ ਹੈ…ਬੱਚੀ ਝੂਮ ਝੂਮ ਗਾ ਰਸੀ ਹੈ..
ਮੈ ਪੋਤੀ ਮੈ ਪੋਤੀ
ਮੈ ਆਬਦਾਰ ਮੋਤੀ
ਮੈ ਜੋਤਿ ਸੰਗ ਜੋਤੀ
ਮੈ ਪੋਤੀ ਮੈ ਪੋਤੀ
ਮੈ ਜਾਗਤੀ ਮੈ ਸੋਤੀ
ਮੈ ਬੈਠੀ ਓ ਖਲੋਤੀ
ਮੈ ਪ੍ਰੀਤ ਤਾਰ ਪ੍ਰੋਤੀ
ਮੈ ਆਬਦਾਰ ਮੋਤੀ
ਮੈ ਪੋਤੀ ਮੈ ਪੋਤੀ
ਮੈ ਪੋਤੀ ਮੈ ਪੋਤੀ।


Share On Whatsapp

Leave a Reply




top