ਜੈਤੋ ਵੱਲ ਪਹਿਲਾ ਜੱਥਾ ਰਵਾਨਾ

9 ਫਰਵਰੀ 1924 ਈਸਵੀ
ਜੈਤੋ ਵੱਲ ਪਹਿਲਾ ਸ਼ਹੀਦੀ ਜੱਥਾ ਅਕਾਲ ਤਖ਼ਤ ਤੋਂ ਰਵਾਨਾ
ਸ਼੍ਰੋਮਣੀ ਕਮੇਟੀ ਨੇ ਜੈਤੋ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਖੰਡਤ ਹੋਏ ਅਖੰਡ ਪਾਠ ਤੇ ਮਹਾਰਾਜਾ ਨਾਭਾ ਨੂੰ ਮੁੜ ਗੱਦੀ ਤੇ ਬਿਠਾਉਣ ਲਈ , ਅਕਾਲ ਤਖ਼ਤ ਸਾਹਿਬ ਤੋਂ ਲੱਗੇ ਹੋਏ ਮੋਰਚੇ ਵਿਚ ਦੋ ਜੱਥਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ; 9 ਫਰਵਰੀ 1924 ਈਸਵੀ ਨੂੰ 500 ਸਿੰਘਾਂ ਦਾ ਜੱਥਾ ਜੈਤੋ ਭੇਜਣ ਦਾ ਐਲਾਨ ਕੀਤਾ। ਥੋੜੇ ਦਿਨਾਂ ਵਿਚ ਵੱਡੀ ਤਦਾਦ ਵਿਚ ਨਾਮ ਤੇ ਜੱਥੇ ਪੁਜ ਗਏ। ਇਸ ਪੰਜ ਸੌ ਸਿੰਘਾਂ ਦੇ ਜੱਥੇ ਵਿਚ 130 ਸਿੰਘ ਅੰਮ੍ਰਿਤਸਰ ਸਾਹਿਬ ਤੋਂ , ਸੌ ਕੁ ਲਾਇਲਪੁਰ , ਸ਼ੇਖੂਪੁਰਾ ਤੇ ਲਾਹੌਰ ਤੋਂ , ਫ਼ੀਰੋਜ਼ਪੁਰ ਤੇ ਗੁਰਦਾਸਪੁਰ ਤੋਂ ਵੀ ਕਾਫ਼ੀ ਸਿੰਘ ਪੁੱਜੇ, ਜਲੰਧਰ ਤੋਂ 17, ਹੁਸ਼ਿਆਰਪੁਰ ਤੋਂ 20 ਤੇ ਕਪੂਰਥਲੇ ਤੋਂ 7 ਸਿੰਘ ਸ਼ਾਮਲ ਹੋਏ । ਇਸ ਜੱਥੇ ਦੀ ਅਗਵਾਈ ਜੱਥੇਦਾਰ ਊਧਮ ਸਿੰਘ ਨਾਗੋਕੇ ਜੋ ਅਕਾਲ ਤਖ਼ਤ ਦੇ ਜੱਥੇਦਾਰ ਸਨ ਨੇ ਕਰਨੀ ਸੀ । ਜੱਥੇ ਵਿਚਲੇ ਸਿੰਘਾਂ ਤੇ ਸੰਗਤ ਵਿਚ ਪੂਰਾ ਉਤਸ਼ਾਹ ਸੀ । ਸੰਗਤਾਂ ਹੁਮ ਹੁਮਾ ਕੇ ਅੰਮ੍ਰਿਤਸਰ ਸਾਹਿਬ ਵੱਲੇ ਆ ਰਹੀਆਂ ਸਨ। ਪੁਲਿਸ ਨੇ ਇਕ ਦਿਨ ਪਹਿਲਾ 8 ਫਰਵਰੀ1924 ਨੂੰ ਇਸ ਸ਼ਹੀਦੀ ਜੱਥੇ ਦੇ ਜੱਥੇਦਾਰ ਭਾਈ ਊਧਮ ਸਿੰਘ ਨਾਗੋਕੇ ਨੂੰ ਜ਼ੇਰ-ਇ ਦਫ਼ਾ 11 ਬੀ ਅਧੀਨ ਗ੍ਰਿਫ਼ਤਾਰ ਕਰ ਲਿਆ । ਜ਼ੁਰਮ ਇਹ ਲਾਇਆ ਕਿ ਉਹ ਸਰਕਾਰ ਵਿਰੁਧ ਜੈਤੋ ਵੱਲ ਪਾਠ ਕਰਨ ਲਈ ਜੱਥੇ ਅਕਾਲ ਤਖ਼ਤ ਸਾਹਿਬ ਤੋਂ ਭੇਜਦੇ ਹਨ।
9 ਫਰਵਰੀ ਨੂੰ ਹੁਣ ਜੱਥੇਦਾਰ ਨਾਗੋਕੇ ਦੀ ਜਗ੍ਹਾ ਤੇ ਭਾਈ ਊਧਮ ਸਿੰਘ ਵਰਪਾਲ ਨੂੰ ਪ੍ਰਮੁੱਖ ਜੱਥੇਦਾਰ ਬਣਾਇਆ ਗਿਆ।ਜੱਥੇਦਾਰ ਭਾਈ ਸੁਲਤਾਨ ਸਿੰਘ ਜਿਲ੍ਹਾ ਸਿਆਲਕੋਟ ਨੂੰ ਤੇ ਮੀਤ ਜੱਥੇਦਾਰ ਭਾਈ ਜਗਤ ਸਿੰਘ ਤੁੜ ਨੂੰ ਬਣਾਇਆ ਗਿਆ। ਇਹ ਜੱਥਾ ਕੇਸਰੀ ਬਾਣਾ ਪਾ ਕੇ , ਨਿਸ਼ਾਨ ਸਾਹਿਬ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅਤੇ ਬੈਂਡ ਸਮੇਤ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋਇਆ। ਤਖ਼ਤ ਸਾਹਿਬ ਦੇ ਸਨਮੁੱਖ ਭਾਰੀ ਦੀਵਾਨ ਸਜਿਆ।
ਉਸ ਵਕਤ ਅਕਾਲ ਤਖ਼ਤ ਸਾਹਿਬ ਵੱਲੋਂ ਜੱਥੇ ਨੂੰ ਹੁਕਮ ਹੋਇਆ:-
“ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ।
ਖੇਲਤ ਖੇਲਤ ਹਾਲਿ ਕਰਿ ਜੋ ਕਿਛੁ ਹੋਇ ਤ ਹੋਇ।
ਆਪ ਦੇ ਧਰਮ ਦੀ ਆਤਮਾ ਗੁਰਬਾਣੀ ਹੈ। ਬਾਣੀ ਦਾ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।ਸੱਚੇ ਸ਼ਰਧਾਲੂ ਸਿਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਦੀ ਜੋਤ ਤੇ ਸੰਪੂਰਨ ਗਿਆਨ ਦਾ ਸੂਰਜ ਹਨ।ਸਿਖੀ ਦੀ ਰੂਹ , ਸਿੱਖਾਂ ਦਾ ਮਜ਼੍ਹਬ , ਸਿੱਖਾਂ ਦੀ ਬਹਾਦਰੀ , ਸਿੱਖਾਂ ਦੀ ਇੱਜ਼ਤ ਤੇ ਸਿੱਖਾਂ ਲਈ ਅੰਮ੍ਰਿਤ ਦਾ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜੈਤੋ ਵਿਚ ਅਖੰਡ ਪਾਠ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਤੇ ਹਮਲਾ ਕਰਕੇ , ਗੁਰਦੁਆਰਾ ਗੰਗਸਰ ਦੀ ਯਾਤਰਾ ਬੰਦ ਕਰਕੇ ਸਿੱਖਾਂ ਦੇ ਸੀਨਿਆਂ ਵਿਚ ਖੰਜਰ ਘੋਪ ਦਿਤਾ ਗਿਆ।ਇਕ ਸਿੱਖ ਦੇ ਸੀਨੇ ਵਿਚ ਜਦ ਤੀਕ ਦਿਲ ਮੌਜੂਦ ਹੈ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੌਹੀਨ ਕਰਨੀ ਸਾਡੇ ਬਜ਼ੁਰਗਾਂ ਦੇ ਸ਼ਹੀਦੀ ਖ਼ੂਨ ਨੂੰ ਮਿਟੀ ਵਿਚ ਮਿਲਾਣਾ ਹੈ। ਪੰਜ ਮਹੀਨਿਆਂ ਦਾ ਸਮਾਂ ਹੋ ਚਲਿਆ ਹੈ ਕਿ ਸਿੱਖ ਪੰਥ ਇਸ ਲਈ ਤੜਪ ਰਿਹਾ ਹੈ ।ਹਜ਼ਾਰਾਂ ਸਿੰਘ ਸਤਿਗੁਰੂ ਦੇ ਪਰਵਾਨੇ ਆਪਣੀ ਜਾਨ ਵਾਰਨ ਲਈ ਗਏ।ਉਨ੍ਹਾਂ ਦਾ ਮੰਤਵ ਗੁਰਦੁਆਰੇ ਦੀ ਯਾਤਰਾ ਸੀ।ਪਰ ਹੁਣ ਤੀਕ ਇਸ ਮੰਤਵ ਵਿਚ ਸਫ਼ਲਤਾ ਪ੍ਰਾਪਤ ਨਹੀਂ ਹੋਈ।ਇਸ ਲਈ ਸਿਖ ਪੰਥ ਦੇ ਸੀਨੇ ਵਿਚ ਦਿਨੋ ਦਿਨ ਦਰਦ ਵਧ ਰਿਹਾ ਹੈ ।ਹੁਣ ਮੌਕਾ ਆ ਗਿਆ ਹੈ ਕਿ ਪੂਰਨ ਸ਼ਾਂਤਮਈ ਰਹਿੰਦੇ ਹੋਏ ਸਤਿਗੁਰੂ ਦੀ ਇਜ਼ੱਤ ਤੇ ਯਾਤਰਾ ਦੀ ਆਜ਼ਾਦੀ ਲਈ ਸੱਚੇ ਦਿਲ ਨਾਲ ਆਪਣੇ ਤਨ ਮਨ ਧਨ ਨੂੰ ਕੁਰਬਾਨ ਕਰ ਦਿੱਤਾ ਜਾਵੇ।
ਆਪ ਨੂੰ ਸਤਿਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ , ਭਾਈ ਮਤੀ ਦਾਸ , ਭਾਈ ਮਨੀ ਸਿੰਘ ਜੀ ਨੇ ਸ਼ਾਂਤਮਈ ਸ਼ਹੀਦੀਆਂ ਦੀ ਯਾਦ ਦਿਵਾ ਕੇ ਜੈਤੋ ਨੂੰ ਭੇਜਿਆ ਹੈ।ਆਪ ਪੰਜ ਸੌ ਸੂਰਬੀਰਾਂ ਦੇ ਸਿਰ ਪਰ ਕਲਗੀਧਰ ਪਿਤਾ ਤੇ ਮਾਤਾ ਸਾਹਿਬ ਦੇਵਾਂ ਦਾ ਹੱਥ ਹੈ।ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਕਹਿਕੇ ਭੇਜਿਆ ਜਾਂਦਾ ਹੈ:-
ਦਾਗੇ ਹੋਇ ਸੁ ਰਨ ਮਹਿ ਜੂਝਹਿ ਬਿਨੁ ਦਾਗੈ ਭਗਿ ਜਾਈ।
ਆਪ ਸ਼ਾਂਤਮਈ ਕੁਰਬਾਨੀ ਦਾ ਬੀੜਾ ਉਠਾ ਕੇ ਰਵਾਨਾ ਹੁੰਦੇ ਹੋ।ਅਖੰਡ ਪਾਠ ਨੂੰ ਨਵੇਂ ਸਿਰਿਓਂ ਜਾਰੀ ਕਰਕੇ ਪੰਥ ਦੇ ਸੀਨੇ ਵਿਚੋਂ ਜ਼ਹਿਰੀਲਾ ਖੰਜ਼ਰ ਕੱਢ ਦਿਓ ।ਗੁਰੂ ਸਾਹਿਬ ਦੀ ਨਿਰਾਦਰੀ ਨੂੰ ਦੂਰ ਕਰਕੇ ਸਿੱਖਾਂ ਦੇ ਘਾਇਲ ਸੀਨਿਆਂ ਤੇ ਮਰ੍ਹਮ ਲਾਓ ।ਜਾਂ ਇਹ ਕਹਿੰਦੇ ਹੋਏ ਆਪਣੇ ਸੀਸ ਭੇਟ ਕਰ ਦਿਓ ਕਿ ‘ਐ ਕਲਗੀਧਰ ਸਤਿਗੁਰੂ!ਅਸੀਂ ਤੇਰੇ ਪਵਿਤ੍ਰ ਨਾਮ ਤੇ ਆਪਣਾ ਸਿਰ ਭੇਟਾ ਕਰਦੇ ਹਾਂ।ਹੁਣ ਪੰਥ ਦੀ ਇੱਜ਼ਤ ਆਪ ਦੇ ਹਥ ਵਿਚ ਹੈ।’
ਪਿਆਰੇ ਖਾਲਸਾ ਜੀ !
ਆਪ ਤੇ ਡੰਡੇ ਵਰ੍ਹਨ, ਗੋਲੀ ਚੱਲੇ , ਜੇਲ੍ਹ ਹੋਵੇ ਜਾਂ ਫਾਂਸੀ ਮਿਲੇ , ਹਰ ਤਰ੍ਹਾਂ ਦੇ ਜ਼ੁਲਮ ਜਾਂ ਜਬਰ ਨਾਲ ਜਿਵੇਂ ਆਪ ਦੀ ਪ੍ਰੀਖਿਆ ਹੋਵੇ, ਆਪ ਨੂੰ ਹਰ ਹਾਲਤ ਵਿਚ ਸ਼ਾਤਮਈ ਰਹਿਣਾ ਹੋਵੇਗਾ।ਜਿਸ ਤਰ੍ਹਾਂ ਐਲਾਨ ਵਿਚ ਪਹਿਲੇ ਦਸ ਦਿਤਾ ਗਿਆ ਹੈ ਕਿ ਆਪ ਦਾ ਮਕਸਦ ਕੇਵਲ ਗੁਰਦੁਆਰਾ ਗੰਗਸਰ ਦੀ ਯਾਤਰਾ ਤੇ ਅਖੰਡ ਪਾਠ ਨੂੰ ਨਵੇਂ ਸਿਰਿਓਂ ਜਾਰੀ ਕਰਨਾ ਹੈ।ਸ੍ਰੀ ਅਕਾਲ ਤਖ਼ਤ ਤੋਂ ਚਲ ਕੇ ਆਪਣੀ ਆਖ਼ਰੀ ਮੰਜ਼ਲ ਤਕ ਪਵਿਤ੍ਰ ਗੁਰਬਾਣੀ ਦਾ ਅੰਮ੍ਰਿਤ ਪਾਨ ਕਰਨਾ।ਆਪਣੇ ਮਨ ਜਾਂ ਵਚਨ ਦਵਾਰਾ ਕਿਸੇ ਦੀ ਬੁਰਿਆਈ ਆਪ ਦੇ ਦਿਲ ਵਿਚ ਨਾ ਆਵੇ।”
ਇਸ ਵਕਤ ਪੰਥ ਦੇ ਨਾਮ ਜੱਥੇ ਨੇ ਅੰਤਮ ਸੰਦੇਸ਼ ਦੇ ਰੂਪ ਵਿੱਚ ਇਕ ਕਵਿਤਾ ਪੜ੍ਹੀ;
ਸੁਣੋ ਖਾਲਸਾ ਜੀ! ਸਾਡੇ ਕੂਚ ਡੇਰੇ,
ਅਸੀਂ ਆਖ਼ਰੀ ਫ਼ਤਹ ਬੁਲਾ ਚੱਲੇ।
ਪਾਉ ਬੀ ਤੇ ਸਾਂਭ ਕੇ ਫ਼ਸਲ ਵੱਢੋ,
ਅਸੀਂ ਡੋਲ ਕੇ ਰੱਤ ਪਿਆ ਚੱਲੇ।
ਚੋਬਦਾਰ ਦੇ ਵਾਂਗ ਅਵਾਜ਼ ਦੇ ਕੇ,
ਧੌਂਸੇ ਕੂਚ ਦੇ ਅਸੀਂ ਵਜਾ ਚੱਲੇ।
ਤੁਸੀਂ ਆਪਣੀ ਅਕਲ ਦਾ ਕੰਮ ਕਰਨਾ,
ਅਸੀਂ ਆਪਣੀ ਤੋੜ ਨਿਭਾ ਚੱਲੇ।
ਬੇੜਾ ਜ਼ੁਲਮ ਦਾ ਅੰਤ ਗ਼ਰਕ ਹੋਸੀ,
ਹੰਝੂ ਖ਼ੂਨ ਦੇ ਅਸੀਂ ਵਹਾ ਚੱਲੇ।
ਪੰਥ ਗੁਰੂ ਦਾ ਆਪ ਦਸ਼ਮੇਸ਼ ਰਾਖਾ,
ਕੰਡੇ ਹੂੰਝ ਕੇ ਕਰ ਸਫਾ ਚੱਲੇ।
ਅੰਗ ਸਾਕ ਕਬੀਲੜਾ ਬਾਲ ਬੱਚਾ,
ਬਾਂਹ ਤੁਸਾਂ ਦੇ ਹਥ ਫੜਾ ਚੱਲੇ।
ਨਦੀ ਨਾਵ ਸੰਜੋਗ ਦੇ ਹੋਣ ਮੇਲੇ,
ਸਤਿ ਸ੍ਰੀ ਅਕਾਲ ਗਜਾ ਚੱਲੇ।
ਇਹ ਸੰਦੇਸ਼ ਸੁਣ ਕੇ ਸਾਰੀ ਸੰਗਤ ਦੇ ਨੇਤਰ ਸੇਜਲ ਹੋ ਗਏ।ਵੈਰਾਗ ਤੇ ਕੁਰਬਾਨੀ ਦਾ ਹੜ੍ਹ ਠਾਠਾਂ ਮਾਰ ਰਿਹਾ ਸੀ।ਅਰਦਾਸਾ ਸੋਧ ਕੇ ਜੱਥੇ ਨੇ ਜੈਤੋ ਵਲ ਤੁਰਨ ਲਈ ਕਮਰਕੱਸੇ ਕੀਤੇ।ਜੱਥੇ ਦੇ ਅੱਗੇ ਬੈਂਡ ਸੀ।ਉਸਦੇ ਪਿਛੇ ਪੰਜ ਪਿਆਰੇ ਨਿਸ਼ਾਨ ਸਾਹਿਬ ਲੈ ਕੇ ਚਲ ਰਹੇ ਸਨ।ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ , ਉਸਦੇ ਪਿਛੇ ਪਿਛੇ ਸ਼ਹੀਦੀ ਜਥਾ ਤੇ ਸੰਗਤਾਂ ਸਨ।ਜਥੇ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਪ੍ਰਕਰਮਾ ਕੀਤੀ।ਉਪ੍ਰੰਤ ਸ਼ਹਿਰ ਦੇ ਵੱਡੇ ਵੱਡੇ ਬਜ਼ਾਰਾਂ ਵਿਚੋਂ ਲੰਘ ਕੇ ਮੰਜ਼ਲ ਵਲ ਟੁਰਿਆ।ਅੰਮ੍ਰਿਤਸਰ ਤੋਂ ਟੁਰ ਕੇ ਜੱਥੇ ਨੇ ਪਹਿਲਾ ਪੜ੍ਹਾਅ ਚੱਬੇ ਕੀਤਾ।ਹਾਕਮਾਂ ਨੇ ਲੰਬੜਦਾਰਾਂ , ਜ਼ੈਲਦਾਰਾਂ ਤੇ ਪੁਲਸ ਜ਼ਰੀਏ ਲੋਕਾਂ ਨੂੰ ਜੱਥੇ ਦੀ ਸੇਵਾ ਕਰਨ ਤੋਂ ਰੋਕਣ ਲਈ ਬੜਾ ਦਬਾਅ ਪਾਇਆ; ਪਰ ਪਿੰਡਾਂ ਦੀਆਂ ਸੰਗਤਾਂ ਨੇ ਦੂਧ , ਮਠਿਆਈ ਤੇ ਫਲਾਂ ਨਾਲ ਜਥੇ ਦੀ ਸੇਵਾ ਕੀਤੀ।ਰਾਤ ਜੱਥੇ ਨੇ ਚੱਬੇ ਬਤੀਤ ਕੀਤੀ।
ਬਲਦੀਪ ਸਿੰਘ ਰਾਮੂੰਵਾਲੀਆ


Share On Whatsapp

Leave a Reply




top