ਗੁਰੂ ਗੋਬਿੰਦ ਸਿੰਘ ਜੀ – ਭਾਗ ਦੂਸਰਾ

ਬੰਦਾ ਬਹਾਦਰ ਦੀਆਂ ਜਿਤਾਂ ਤੇ ਜਿਤਾਂ ਦੇ ਮੂਲ ਕਾਰਣ
ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਤੇ ਆਸ਼ੀਰਵਾਦ ਜੋ ਆਪਣੇ ਆਪ ਵਿਚ ਇਕ ਬਹੁਤ ਵਡੀ ਤਾਕਤ ਸੀ।
ਬਾਈ ਸਾਲ ਵਖ ਵਖ ਪ੍ਰਾਂਤਾ ਦੇ ਭ੍ਰਮਣ ਦਾ ਤਜਰਬਾ
ਮਹਾਨ ਆਗੂ –ਬੰਦਾ ਬਹਾਦਰ, ਫੁਰਤੀਲਾ, ਅਣਖੀਲਾ ਤੇ ਦੂਰ ਅੰਦੇਸ਼ੀ ਯੋਧਾ ਸੀ। ਦੁਸ਼ਮਨ ਦੀਆਂ ਅਨਗਿਣਤ ਤੋਪਾਂ ਨੂੰ ਦੇਖ ਕੇ ਵੀ ਡੋਲਿਆ ਨਹੀਂ। ਇਤਨੀ ਵਡੀ ਫੌਜ਼ ਦੇਖ ਕੇ ਘਬਰਾਇਆ ਨਹੀਂ ਕਈ ਤਨਖਾਹਦਾਰ, ਲੁਟੇਰੇ ਤੇ ਸੁਚਾ ਨੰਦ ਦੇ ਭਤੀਜੇ ਜਿਸ ਕੋਲ 1000 ਸਿਪਾਹੀ ਸੀ ਮੈਦਾਨ ਛਡ ਕੇ ਦੌੜ ਗਏ ਪਰ ਬੰਦਾ ਬਹਾਦਰ ਨੇ ਦਿਲ ਨਹੀਂ ਛਡਿਆ ਤੇ ਐਸੀ ਦਲੇਰੀ ਨਾਲ ਖੁਦ ਮੈਦਾਨ-ਏ- ਜੰਗ ਵਿਚ ਦੁਸ਼ਮਨ ਦਾ ਟਾਕਰਾ ਕੀਤਾ ਕੀ ਇਤਿਹਾਸ ਦਾ ਰੁਖ ਬਦਲ ਕੇ ਰਖ ਦਿਤਾ।
ਬਨੂੜ ਦੀ ਧਰਤੀ ਤੇ ਜਦੋਂ ਸਾਰਾ ਪੰਥ ਇਕ ਝੰਡੇ ਥਲੇ ਇਕਠਾ ਹੋ ਗਿਆ ਤਾਂ ਆਪਣੇ ਆਪ ਨੂੰ ਉਨ੍ਹਾ ਦਾ ਜੇਥੇਦਾਰ ਨਹੀ ਕਿਹਾ ਬਲਿਕ ਖਾਲਸਾ ਪੰਥ ਨੂੰ ਆਪਣਾ ਆਪਣੀ ਮਰਜੀ ਨਾਲ ਜਥੇਦਾਰ ਚੁਣਨ ਵਾਸਤੇ ਕਿਹਾ। ਪੰਥ ਨੂੰ ਮਾਣ ਦਿਤਾ, ਉਨ੍ਹਾ ਦਾ ਭਰੋਸਾ ਜਿਤਿਆ। ਸਾਰੇ ਪੰਥ ਨੇ ਜੈਕਾਰੇ ਛਡੇ ਤੇ ਬੰਦਾ ਬਹਾਦਰ ਨੂੰ ਆਪਣਾ ਜਰਨੈਲ ਚੁਣਿਆ।
ਉਹ ਲੋਕਾ ਦੇ ਦੁਖ ਸੁਖ ਦਾ ਸਾਥੀ ਸੀ। ਆਮ ਲੋਕਾਂ ਦੀ ਜਾਨ-ਮਾਲ ਦੀ ਰਖਿਆ ਲਈ ਰਾਤਾਂ ਜਾਗ ਕੇ ਪਹਿਰਾ ਦੇਣਾ, ਜਿਮੇਵਾਰੀ ਲੈਣੀ ਤੇ ਬਦਲੇ ਵਿਚ ਆਪਣੇ ਵਾਸਤੇ ਕੁਝ ਨਹੀ ਮੰਗਿਆ। ਕੋਈ ਵੀ ਸਵਾਲੀ ਉਨ੍ਹਾ ਦੇ ਦਰ ਤੋਂ ਖਾਲੀ ਨਹੀਂ ਜੀ ਜਾਂਦਾ। ਸਰਬੱਤ ਦੇ ਭਲੇ ਵਾਸਤੇ ਅਰਦਾਸਾਂ ਕਰਦਾ ਤੇ ਆਪਣੇ ਮਕਸਦ ਜਿਸ ਲਈ ਗੁਰੂ ਸਾਹਿਬ ਨੇ ਉਸਨੂੰ ਪੰਜਾਬ ਤੋਰਿਆ, ਦੀ ਪੂਰਤੀ ਲਈ ਸੰਗਤ ਤੋ ਅਰਦਾਸਾਂ ਕਰਵਾਂਦਾ।
ਕੋਈ ਵੀ ਇਨਕਲਾਬੀ ਯੋਧਾ ਆਪਣੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕਦਾ ਅਗਰ ਉਸਦੇ, ਹਮਸਫਰ ਉਸਦੇ ਪ੍ਰਤੀ ਵਫ਼ਾਦਾਰ ਨਾ ਹੋਣ। ਜਦੋਂ ਵੀ ਕੋਈ ਸ਼ਾਹੀ ਖਜਾਨਾ ਲੁਟਿਆ, ਗਰੀਬਾਂ , ਲੋੜਵੰਦਾ ਤੇ ਆਪਣੇ ਫੌਜੀਆਂ ਵਿਚ ਵੰਡ ਦਿਤਾ, ਆਪਣੇ ਕੋਲ ਕੁਝ ਨਹੀ ਰਖਿਆ ਜਿਸਦਾ ਅਸਰ ਇਹ ਹੋਇਆ ਕੀ ਲੋਕ ਉਸਨੂੰ ਆਪਣੀ ਜਾਨ ਨਾਲੋ ਵੀ ਵਧ ਪਿਆਰ ਕਰਨ ਲੱਗੇ।
ਬੰਦਾ ਬਹਾਦਰ ਦੇ ਲੜਾਈ ਦੇ ਢੰਗ, ਵਕਤ ਤੇ ਜਗਹ ਤੇ ਉਸਦੀ ਸੂਝ ਬੂਝ ਜਿੱਤਾਂ ਦਾ ਇਕ ਵਡਾ ਕਾਰਣ ਸੀ।
ਉਸਦਾ ਗੁਰੀਲਾ ਹਮਲਾ ਇਸ ਕਦਰ ਖੌਫ੍ਸ਼ੁਦਾ ਹੁੰਦਾ ਸੀ ਕਿ ਜਿਤ ਇਕ ਕਸਬੇ ਵਿਚ ਹੁੰਦੀ ਤੇ ਕੰਬਦੇ ਕਈ ਕਸਬੇ ਸਨ। ਸਮਾਣਾ ਸ਼ਹਿਰ ਵਿਚ ਜਦੋਂ ਕਤਲੇਆਮ ਹੋਇਆ ਤਾਂ ਸਾਰੇ ਪੰਜਾਬ ਦੇ ਮੁਸਲਮਾਨ ਥੜ ਥੜ ਕੰਬਣ ਲਗੇ।
ਸਾਕਾ ਸਰਹੰਦ ਦੀ ਦਰਦਨਾਕ ਸ਼ਹਾਦਤ ਸੁਣਕੇ ਜੇ ਇਕ ਸਾਧੂ ਤਲਵਾਰ ਚੁਕ ਸਕਦਾ ਹੈ ਤਾਂ ਸੋਚੋ ਖਾਲਸਾ ਪੰਥ ਜਿਨਾ ਲਈ ਗੁਰੂ ਸਾਹਿਬ ਨੇ ਆਪਣਾ ਸਭ ਕੁਝ ਵਾਰ ਦਿਤਾ ਹੋਵੇ ਉਨ੍ਹਾ ਦੇ ਦਿਲ ਵਿਚ ਕਿਤਨੇ ਭਾਂਬੜ ਬਲਦੇ ਹੋਣਗੇ।
ਜ਼ੁਲਮੀ ਤੇ ਅਤਿਆਚਾਰੀ ਲੋਕਾਂ ਨੂੰ ਸਜਾ ਦਿਤੀ, ਲੁਟ ਖਸੁਟ ਬੰਦ ਕਰਵਾਈ, ਸ਼ਹਿਰ ਦੀਆਂ ਸਤਵੰਤੀਆਂ ਦੀ ਇਜ਼ਤ ਅਬਰੋ ਦੀ ਰਾਖੀ ਆਪਣੇ ਜ਼ਿਮੇ ਲਈ। ਇਲਾਕੇ ਦੀ ਵੰਡ ਕੀਤੀ ਜਮੀਨ ਵਾਹੁਣ ਵਾਲਿਆਂ ਨੂੰ ਜਮੀਨ ਦੀ ਮਲਕੀਅਤ ਦਿਤੀ। ਲੁਟੇਰੇ ਫੌਜ਼ ਦੀ ਛੁਟੀ ਕਰਕੇ ਨੀਤੀਵਾਨ ਤੇ ਇਮਾਨਦਾਰ ਜਰਨੈਲਾਂ ਨੂੰ ਅਹੁਦੇਦਾਰ ਬਣਾਇਆ। ਹਰ ਧਰਮ ਦਾ ਸਤਿਕਾਰ ਕੀਤਾ ਪਰ ਆਮ ਲੋਕਾਂ ਨਾਲ ਚਾਹੇ ਓਹ ਹਿੰਦੂ ਜਾ ਮੁਸਲਮਾਨ ਹੋਣ ਪੂਰੀ ਹਮਦਰਦੀ ਰਖੀ। ਕਿਸੇ ਮੁਸਲਮਾਨ ਤੇ ਧਾਰਮਿਕ ਰੋਕਾਂ ਨਹੀਂ ਲਗਾਈਆਂ। ਓਹ ਮੁਸਲਮਾਨਾ ਦੇ ਵਿਰੁਧ ਬਿਲਕੁਲ ਨਹੀਂ ਸੀ ਬਲਕਿ ਰਾਜਸੀ ਅਤਿਆਚਾਰਾਂ ਦੇ ਵਿਰੁੱਧ ਸੀ -ਇਤਫਾਕਨ ਮੁਸਲਮਾਨ ਉਸ ਵਕਤ ਰਾਜਸੀ ਬਲਬੂਤੇ ਤੇ ਰਾਜਸੀ ਅਤਿਆਚਾਰਾਂ ਦੇ ਸਾਧਨ ਬਣੇ ਹੋਏ ਸੀ। ਜਿਵੇ ਹੁਣ ਭਾਜਪਾ ਕਿਸਾਨਾ ਤੇ ਘੱਟ ਗਿਣਤੀਆ ਤੇ ਅਤਿਆਚਾਰ ਕਰ ਰਹੀ ਹੈ ।
ਧਾਰਮਿਕ ਨਿਰਪਖਤਾ – ਕਦੇ ਕਿਸੇ ਧਾਰਮਿਕ ਗ੍ਰੰਥ ਜਾ ਧਾਰਮਿਕ ਅਸਥਾਨ ਦੀ ਬੇਅਦਬੀ ਨਹੀਂ ਕੀਤੀ, ਨਾ ਹਮਲਾ ਕੀਤਾ ਤੇ ਨਾ ਨੁਕਸਾਨ ਪਹੁੰਚਾਇਆ। ਸ਼ੇਖ ਸਰਹੰਦੀ ਜੋ ਗੁਰੂ ਸਹਿਬਾਨਾ ਦਾ ਕਟਰ ਵਿਰੋਧੀ ਸੀ ਉਸਦੀ ਵੀ ਮਜ਼ਾਰ 300 ਸਾਲ ਬਾਦ ਜੀਓੰ ਦੀ ਤਿਓਂ ਖੜੀ ਹੈ। ਓਹ ਹਿੰਦੂ ਬ੍ਰਹਮਣਾ ਪੰਡਿਤਾ ਦੇ ਵੀ ਵਿਰੋਧੀ ਨਹੀਂ ਸੀ ਉਨ੍ਹਾ ਦੇ ਕਰਮ -ਕਾਂਡ ਵਹਿਮ- ਭਰਮ, ਕਟੜਵਾਦ, ਤੇ ਨਫਰਤਵਾਦ ਨਾਲ ਉਸਦਾ ਵਿਰੋਧ ਸੀ।
ਸਧਾਰਨ ਲੋਕਾਂ ਦੇ ਮਿੱਤਰ ਸਨ ਤੇ ਉਨ੍ਹਾਦੀਆਂ ਤਕਲੀਫਾਂ ਬੜੇ ਧਿਆਨ ਨਾਲ ਸੁਣਦੇ ਸੀ ਜਿਸਦਾ ਹਾਲ ਕਰਨ ਲਈ ਕਦੇ ਕਦੇ ਖੁਦ ਨੂੰ ਖਤਰੇ ਵਿਚ ਪਾ ਲੈਂਦੇ।
ਇਹ ਸਾਰੀਆਂ ਜਿੱਤਾਂ ਅਓਣ ਵਾਲੀ ਸਰਹੰਦ ਦੀ ਵਡੀ ਮੁਹਿਮ ਦਾ ਅਧਾਰ ਬਣੀਆਂ। ਜਿਤਾਂ ਦੇ ਇਸ ਲੰਬੇ ਸਿਲਸਿਲੇ ਨੂੰ ਸੁਣ ਕੇ ਸਰਹੰਦ ਦਾ ਸੂਬੇਦਾਰ ਵਜੀਰ ਖਾਨ ਨੂੰ ਵੀ ਇਕ ਵਾਰ ਕਾਂਬਾ ਛਿੜ ਗਿਆ ਹਾਲਾਂਕਿ ਓਹ ਖੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ, ਕੁਸ਼ਲ ਪ੍ਰਬੰਧਕ ਸੀ। ਉਸ ਕੋਲ 48 ਤੋਪਾਂ 200 ਹਾਥੀ ਤੇ 10000 ਘੋੜ ਸਵਾਰ, 5000 ਪਿਆਦਾ ਫੌਜ਼, ਅਨਗਿਣਤ ਬੰਦੂਕਾਂ, ਦਾਰੂ ਸਿਕਾ ਤੇ ਰਸਦ ਦੇ ਭੰਡਾਰ ਇਕਠੇ ਕੀਤੇ ਹੋਏ ਸੀ। ਰਾਜੇ ਰਜਵਾੜਿਆਂ ਨੂੰ ਵੀ ਬੁਲਾ ਲਿਆ, ਜੇਹਾਦ ਦਾ ਨਾਹਰਾ ਲਗਾਕੇ ਨਵਾਬਾਂ ਤੇ ਜਗੀਰਦਾਰਾਂ ਦੀਆਂ ਫੌਜਾ ਵੀ ਇਕਠੀਆਂ ਕਰ ਲਈਆਂ। ਸਰਹੰਦ ਨੂੰ ਬਚਾਣ ਲਈ ਹਿਸਾਰ ਤੋਂ ਲੈਕੇ ਗੁਜਰਾਤ ਤਕ ਦੇ 5000 ਗਾਜ਼ੀ ਵੀ ਪਹੁੰਚੇ ਹੋਏ ਸਨ। 20000 ਉਸਦੀ ਆਪਣੀ ਫੌਜ਼ ਸੀ। ਵਡੀ ਗਿਣਤੀ ਵਿਚ ਹਾਥੀ, ਘੋੜ-ਚੜੇ ਬੰਦੂਕਚੀ .ਨੇਜਾ ਬਰਦਾਰ ਤੇ ਤਲਵਾਰ -ਬਾਜ਼ ਸ਼ਾਮਿਲ ਸਨ । ਵਜ਼ੀਰ ਖਾਨ ਨੇ ਖਾਲ੍ਸਿਆਈ ਨਿਸ਼ਾਨ ਨੂੰ ਮੇਟਣ ਲਈ ਪੂਰੀ ਵਾਹ ਲਗਾ ਦਿਤੀ। ਜੰਗ ਦੀ ਤਿਆਰੀ ਲਈ ਸਾਰੇ ਸਾਧਨ ਜੁਟਾ ਲਏ ਗੋਲੀ ਸਿਕਾ ਬਾਰੂਦ ਨਾਲ ਕੋਠੇ ਭਰ ਲਏ। ਵਜੀਰ ਖਾਨ ਨੇ ਸਰਹੰਦ ਤੋ ਬੰਦਾ ਬਹਾਦਰ ਨੂੰ ਇਕ ਚਿਠੀ ਭੇਜੀ, ਲਿਖਿਆ, ” ਤੈਨੂੰ ਸਿਖਾਂ ਦੇ ਉਸ ਗੁਰੂ ਨੇ ਭੇਜਿਆ ਹੈ ਜਿਸਦੇ ਪੁਤਰਾਂ ਨੂੰ ਮੈਂ ਕੋਹ ਕੋਹ ਕੇ ਮਾਰਿਆ ਹੈ, ਗੁਰੂ ਨੂੰ ਚਮਕੌਰ ਦੀ ਗੜੀ ਵਿਚੋਂ ਭਜਾ ਦਿਤਾ। ਮੇਰੀ ਫੌਜ਼ ਦੇ ਫੋਲਾਦੀ ਦੰਦ ਹਨ ਤੈਨੂੰ ਤਾਂ ਕਚਾ ਚਬਾ ਜਾਣਗੇ। “ਬੰਦਾ ਬਹਾਦੁਰ ਨੇ ਚਿਠੀ ਦਾ ਜਵਾਬ ਦਿਤਾ ਕੀ ਫੌਲਾਦ ਦੇ ਦੰਦਾਂ ਨਾਲ ਲੋਹੇ ਦੇ ਚਨੇ ਨਹੀ ਚਬਾਏ ਜਾਂਦੇ।
ਕਿਤਨੀ ਹੈਰਾਨੀ ਦੀ ਗਲ ਹੈ ਕੀ ਸਰਹੰਦ ਦਾ ਸੂਬਾ ਫਕਰ ਨਾਲ ਕਹਿ ਰਿਹਾ ਹੈ ਕਿ ਉਸਨੇ 5-7 ਸਾਲ ਦੇ ਬਚਿਆਂ ਨੂੰ ਕੋਹ ਕੋਹ ਕੇ ਮਾਰਿਆ ਹੈ। ਉਸ ਨੂੰ ਆਪਣੇ ਕੀਤੇ ਗੁਨਾਹ ਦਾ ਕੋਈ ਅਫਸੋਸ ਜਾ ਪਛਤਾਵਾ ਨਹੀਂ ਸੀ। ਉਸਦੀ ਜਮੀਰ ਨੇ ਕਦੀ ਉਸ ਨੂੰ ਝਂਝੋਰਿਆ ਨਹੀ। ਇਸਤੋਂ ਪਤਾ ਚਲਦਾ ਹੈ ਮੁਗਲ ਹਕੂਮਤ ਵਹਿਸ਼ੀਆਨਾ ਤੇ ਦਰਿੰਦਗੀ ਨਾਲ ਜੁਲਮ ਕਰਦੇ ਕਰਦੇ ਹੁਣ ਤਕ ਇਤਨੀ ਆਦੀ ਤੇ ਪਰਪਕ ਹੋ ਚੁਕੀ ਸੀ ਕਿ ਜ਼ੁਲਮ ਕਰਨਾ ਉਨਾਂ ਦਾ ਪੈਸ਼ਾ, ਸਿਆਸੀ ਨੀਤੀ ਤੇ ਨਿਸ਼ਾਨਾ ਬਣ ਚੁਕਾ ਸੀ
ਸਰਹੰਦ ਕੂਚ ਕਰਨ ਤੋ ਪਹਿਲਾਂ ਬੰਦਾ ਬਹਾਦਰ ਦੀ ਖਾਲਸਾਈ ਫੌਜਾਂ ਨਾਲ ਇਕ ਹੋਰ ਸ਼ਕਤੀਸ਼ਾਲੀ ਸਿੰਘਾਂ ਦਾ ਜਥਾ ਬਨੂੜ ਦੇ ਨੇੜੇ ਆ ਰਲਿਆ ਜਿਸ ਨਾਲ ਖਾਲਸਾਈ ਫੌਜ਼ ਦੀ ਤਾਕਤ ਵਿਚ ਵਾਧਾ ਹੋਇਆ। ਬੰਦਾ ਬਹਾਦਰ ਕੋਲ ਸਿਰਫ 6 ਤੋਪਾਂ, 5000 ਧਾੜਵੀ 1000 ਘੋੜ ਸਵਾਰ ਤੇ ਕੁਝ ਮਰਜੀਵੜੇ ਸਿਖ ਜੋ ਜਾਨ ਤਲੀ ਤੇ ਰਖ ਕੇ ਲੜਨਾ ਮਰਨਾ ਜਾਣਦੇ ਸਨ। ਪਰ ਚੜਦੀ ਕਲਾ ਤੇ ਗੁਰੂ ਸਾਹਿਬ ਥਾਪੜਾ ਤੇ ਆਸ਼ੀਰਵਾਦ ਉਸ ਨਾਲ ਸੀ। ਚਪੜ- ਚਿੜੀ ਦੇ ਮੈਦਾਨ ਵਿਚ ਦੋਨਾ ਦੀਆਂ ਫੌਜਾਂ ਆ ਡਟੀਆਂ। ਬੰਦਾ ਬਹਾਦਰ ਨੇ ਆਪਣੀ ਫੌਜ਼ ਨੂੰ ਦੋ ਹਿਸਿਆਂ ਵਿਚ ਵੰਡ ਦਿਤਾ, ਇਕ ਜਥਾ, ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਤੇ ਦੂਸਰੇ ਜਥੇ ਦਾ ਆਗੂ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਸ਼ਾਮ ਸਿੰਘ।
12 ਮਈ 1710 ਵਿਚ ਚਪੜ ਚਿੜੀ ਦੇ ਮੈਦਾਨ ਵਿਚ ਜੋ ਪਹਿਲਾਂ ਛਪੜ ਚਿੜੀ ਦੇ ਨਾਂ ਨਾਲ ਮਸ਼ਹੂਰ ਸੀ, ਸਰਹੰਦ ਤੋ ਕੋਈ 10 ਕੋਹ ਦੀ ਦੂਰੀ ਤੇ ਭਾਰੀ ਯੁਧ ਹੋਇਆ। । ਲੜਾਈ ਸ਼ੁਰੂ ਹੋਣ ਤੋ ਪਹਿਲੋ ਵਜ਼ੀਰ ਖਾਨ ਇਕ ਚਾਲ ਚਲੀ ਬੰਦਾ ਸਿੰਘ ਬਹਾਦਰ ਦੀ ਫੌਜ਼ ਵਿਚ ਭਗਦੜ ਮਚਾਨ ਵਾਸਤੇ। ਸੁਚਾ ਨੰਦ ਦੇ ਭਤੀਜੇ ਗੰਡਾ ਮਲ ਨੂੰ 1000 ਫੌਜ਼ ਦੇਕੇ ਬੰਦਾ ਸਿੰਘ ਬਹਾਦੁਰ ਕੋਲ ਭੇਜਿਆ ਜਿਸਨੇ ਆਕੇ ਕਿਹਾ ਕਿ ਮੈਂ ਆਪਣੇ ਚਾਚਾ ਦੀ ਕਰਨੀ ਤੇ ਬੇਹਦ ਸ਼ਰਮਿੰਦਾ ਹਾਂ, ਮੈ ਤੁਹਾਡੀ ਫੌਜ਼ ਵਿਚ ਭਰਤੀ ਹੋਕੇ ਉਨਾ ਦੀ ਇਸ ਭੁਲ ਦਾ ਪ੍ਰਾਸ਼ਚਿਤ ਕਰਨਾ ਚਾਹੁੰਦਾ ਹਾਂ। ਬੰਦਾ ਬਹਾਦੁਰ ਨੇ ਉਸ ਨੂੰ ਫੌਜ਼ ਵਿਚ ਭਰਤੀ ਤਾਂ ਕਰ ਲਿਆ ਪਰ ਬਾਜ ਸਿੰਘ ਨੂੰ ਕਹਿ ਦਿਤਾ ਇਸਤੇ ਨਜਰ ਰਖੀ ਜਾਏ। ਲੜਾਈ ਸ਼ੁਰੂ ਹੋਣ ਤੇ ਉਸਨੇ ਬੰਦਾ ਸਿੰਘ ਦੇ ਫੌਜੀ ਮਰਵਾਣੇ ਸ਼ੁਰੂ ਕਰ ਦਿਤੇ। ਬਾਜ ਸਿੰਘ ਨੇ ਇਕੋ ਝਟਕੇ ਨਾਲ ਉਸਦੀ ਗਰਦਨ ਉਤਾਰ ਦਿਤੀ ਤੇ ਬਾਕੀ ਧਾੜਵੀ ਉਸਦੇ ਸਾਥੀ ਸਭ ਖਿਸਕ ਗਏ।
ਲੜਾਈ ਸ਼ੁਰੂ ਹੋਈ। ਸਿਖਾਂ ਕੋਲ ਤੋਪਾਂ ਸੀ ਨਹੀ। ਤੋਪਾਂ ਨਾਲ ਮੁਕਾਬਲਾ ਕਰਨਾ ਅਓਖਾ ਸੀ ਸੋ ਸਭ ਤੋ ਪਹਿਲਾਂ ਬਾਬਾ ਬੰਦਾ ਸਿੰਘ ਦੀ ਹਿਦਾਇਤ ਅਨੁਸਾਰ ਸਿਖ ਦੁਸ਼ਮਨ ਦੀਆਂ ਤੋਪਾਂ ਤੇ ਟੁਟ ਪਏ ਤੇ ਸਾਰੀਆਂ ਤੋਪਾਂ ਖੋਹ ਲਈਆਂ। ਹਥੋ -ਹਥ ਲੜਾਈ ਹੋਈ ਬੜਾ ਭਿਆਨਕ ਨਜ਼ਾਰਾ ਸੀ। ਖੰਡੇ ਨਾਲ ਖੰਡਾ ਖੜਕਿਆ। ਲੋਥਾਂ ਦੇ ਢੇਰ ਲਗ ਗਏ ਖੂਨ ਦੀਆਂ ਨਦੀਆਂ ਬਹਿ ਨਿਕਲੀਆਂ। ਵਜੀਰ ਖਾਨ ਨੇ ਸਿਖਾਂ ਤੇ ਕਾਬੂ ਪਾਣ ਲਈ ਆਪਣਾ ਹਾਥੀ ਅਗਲੀ ਪਾਲ ਵਿਚ ਲਿਆ ਕੇ ਗਾਜ਼ੀਆਂ ਨੂੰ ਹਲਾ ਸ਼ੇਰੀ ਦੇਣ ਲਗਾ। ਬਾਬਾ ਬੰਦਾ ਇਕ ਉਚੀ ਟਿਬੀ ਤੇ ਬੈਠ ਕੇ ਦੋਨੋ ਫੌਜਾਂ ਦਾ ਜਾਇਜਾ ਲੈ ਰਿਹਾ ਸੀ। ਇਕ ਦਮ ਉਠਿਆ ਤੇ ਮੁਹਰ੍ਲੀ ਕਤਾਰ ਵਿਚ ਆਕੇ ਵੈਰੀਆਂ ਤੇ ਬਿਜਲੀ ਵਾਂਗ ਟੁਟ ਪਿਆ। ਸਿਖਾਂ ਦੇ ਹੌਸਲੇ ਵਧ ਗਏ ਤੇ ਜੋਸ਼ ਚਰਮ ਸੀਮਾਂ ਤਕ ਪਹੁੰਚ ਗਏ। ਵਜ਼ੀਰ ਖਾਨ ਬਾਜ ਸਿੰਘ ਤੇ ਫਤਿਹ ਸਿੰਘ ਵਿਚ ਘਿਰ ਗਿਆ। ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਤੇ ਉਸਦੀ ਬਾਹ ਕਟ ਦਿਤੀ ਓਹ ਧਰਤੀ ਤੇ ਡਿਗ ਪਿਆ। ਵਜ਼ੀਰ ਖਾਨ ਨੂੰ ਜਿੰਦਾ ਹੀ ਦਬੋਚ ਲਿਆ ਸ਼ਾਹੀ ਫੌਜ਼ ਵਿਚ ਹਫੜਾ ਦਫੜੀ ਮਚ ਗਈ, ਜਿਧਰ ਮੂੰਹ ਆਇਆ ਸਭ ਨਸ ਗਏ ਸਭ ਕੁਝ ਧਨ, ਮਾਲ,ਤੋਪਾਂ ਘੋੜੇ, ਰਸਦ ਸਿਘਾਂ ਦੇ ਹਥ ਆ ਗਏ। ਸਰਹੰਦ ਫਤਹਿ ਹੋਣ ਦੇ ਜੈਕਾਰੇ ਛਡੇ ਗਏ। ਨਗਾਰਾ ਵਜਿਆ। । ਅਗਲੇ ਦਿਨ ਸਿੰਘਾ ਦੀ ਮਰਹਮ ਪਟੀ ਕੀਤੀ ਗਈ, ਸ਼ਹੀਦਾਂ ਦੇ ਸਸਕਾਰ ਕਰਕੇ ਸਰਹੰਦ ਸ਼ਹਿਰ ਨੂੰ ਘੇਰ ਲਿਆ।
14 ਮਈ 1710 ਸਿਖਾਂ ਨੇ ਸਰਹੰਦ ਵਿਚ ਪ੍ਰਵੇਸ਼ ਕੀਤਾ। ਵਜ਼ੀਰ ਖਾਨ ਦੀਆਂ ਲਤਾਂ ਨੂੰ ਰਸੇ ਨਾਲ ਬੰਨ ਦਿਤਾ ਮੂੰਹ ਕਾਲਾ ਕਰਕੇ ,ਘੋੜੇ ਪਿਛੇ ਬੰਨ ਕੇ ਸਾਰੇ ਸ਼ਹਿਰ ਵਿਚ ਘਸੀਟਿਆ ਗਿਆ। ਉਸਦੀ ਲਾਸ਼ ਚੀਲਾਂ ਤੇ ਕਾਵਾਂ ਵਾਸਤੇ ਦਰਖਤਾਂ ਤੇ ਲਟਕਾ ਦਿਤੀ। ਸੁੱਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿਤੀ। ਸੁਚਾ ਨੰਦ ਦੇ ਨਕ ਵਿਚ ਨਕੇਲ ਪਾਕੇ ਦਰ ਦਰ ਤੋਂ ਭੀਖ ਮੰਗਵਾਈ। ਓਹ ਲੋਕਾਂ ਤੋਂ ਸਿਰ ਵਿਚ ਜੁਤੀਆਂ ਖਾਂਦਾ ਖਾਂਦਾ ਮਰ ਗਿਆ। ਵਜ਼ੀਰ ਖਾਨ ਦਾ ਵਡਾ ਪੁਤਰ ਡਰ ਕੇ ਦਿਲੀ ਭਜ ਗਿਆ। ਸਿਖਾਂ ਅਤੇ ਗਰੀਬ ਜਨਤਾ ਤੇ ਜੁਲਮ ਢਾਹੁਣ ਵਾਲੇ ਕਟੜ ਮੁਤ੍ਸ੍ਬੀਆਂ, ਲੁਟ ਘ੍ਸੁਟ ਕਰਨ ਵਾਲੇ ਅਹਿਲਕਾਰਾਂ ਤੇ ਲਹੂ ਪੀਣ ਵਾਲੇ ਹਾਕਮਾਂ ਦਾ ਕਤਲੇਆਮ ਕਰ ਦਿਤਾ ਗਿਆ। ਇਹ ਗੋਰਵਸ਼ਾਲੀ ਜਿਤ ਤੇ ਸੁਨਹਰੀ ਯਾਦਗਾਰ ਜਿਸਨੇ ਖਾਲਸੇ ਪੰਥ ਦੇ ਮਨ-ਮਸਤਕ ਕਈ ਖਾਬ ਸਿਰਜੇ ਜੋ ਹਕੀਕਤ ਵਿਚ ਤਬਦੀਲ ਹੋਏ। ਮਹਾਰਾਜਾ ਰਣਜੀਤ ਸਿੰਘ ਦਾ ਹਰਮਨ ਪਿਆਰਾ ਖਾਲਸਾ ਰਾਜ, ਜਿਸਨੂੰ ਅਜ ਵੀ ਬੜੀ ਸ਼ਿਦਤ ਨਾਲ ਯਾਦ ਕੀਤਾ ਜਾਂਦਾ ਹੈ ਉਸ ਦੀ ਨੀਂਹ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖੀ ਸੀ ।
17 ਮਈ 1710 ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫੌਜ਼ ਤੇ ਇਲਾਕੇ ਦੀਆਂ ਸੰਗਤਾ ਨੇ ਇਕ ਵਡੇ ਇਕੱਠ ਵਿਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਤੇ ਸਰਬ ਸਾਂਝੇ ਸਿਖ ਰਾਜ ਦਾ ਐਲਾਨ ਕੀਤਾ ਤੇ ਸਿਖ ਰਾਜ ਦਾ ਝੰਡਾ ਉਥੇ ਲਹਿਰਾਇਆ ਜਿਥੇ ਗੁਰੂ ਸਾਹਿਬ ਦੇ ਦੋਨੋ ਬਚੇ ਸ਼ਹੀਦ ਕੀਤੇ ਗਏ ਸੀ। ਬੰਦਾ ਬਹਾਦਰ ਨੇ ਕੌਮੀ ਨੇਤਾ ਦੀ ਜਿਮੇਵਾਰੀ ਸੰਭਾਲੀ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਤੇ ਆਲੀ ਸਿੰਘ ਨੂੰ ਉਸਦਾ ਵਜ਼ੀਰ ਥਾਪਿਆ। 28 ਪਰਗਨੇ ਦੇ ਮੁਖੀ, ਕਾਬਿਲ ਸਿਖ ਤੇ ਹਿੰਦੂ ਲਗਾਏ ਗਏ।
ਜਿਤਾ ਦਾ ਸਿਲਸਲਾ ਚਲਦਾ ਰਿਹਾ ਜੁਲਾਈ 1710 ਵਿਚ ਬੰਦਾ ਬਹਾਦੁਰ ਨੇ ਗੰਗਾ ਤੇ ਜਮੁਨਾ ਦੇ ਮੈਦਾਨੀ ਇਲਾਕੇ ਫ਼ਤਿਹ ਕਰ ਲਏ। ਅਕਤੂਬਰ 1710 ਵਿਚ ਕਿਲਾ ਭਗਵੰਤ ਰਾਇ ਤੇ ਭਿਲੋਵਾਲ ਤੇ ਸਿਖਾਂ ਦਾ ਕਬਜਾ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨਾਲ ਨਾਲ ਆਪਣੇ ਜਿਤੇ ਇਲਾਕਿਆਂ ਦੀ ਵਿਵਸਥਾ ਕਰਦੇ ਚਲੇ ਆ ਰਹੇ ਸਨ। ਭਾਈ ਅਲੀ ਸਿੰਘ ਨੂੰ ਸਮਾਣਾ ਦਾ, ਭਾਈ ਰਾਮ ਸਿੰਘ ਨੂੰ ਥਾਨੇਸਰ ਦਾ ਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪ ਦਿਤਾ। ਸਰਹੰਦ ਤੋ ਬਾਅਦ ਰਾਮ ਰਈਆ, ਘੁੜਾਮ ਮਲੇਰਕੋਟਲਾ ਤੇ ਰਾਇਕੋਟ ਵਲ ਨੂੰ ਹੋ ਤੁਰੇ। ਇਕ ਦਿਨ ਬੁਲਾਕ ਸਿੰਘ ਇਕ ਰਾਗੀ ਨੇ ਬੰਦਾ ਬਹਾਦਰ ਅਗੇ ਸ਼ਕਾਇਤ ਕੀਤੀ ਕੀ ਇਥੋਂ ਦੇ ਮਸੰਦ ਤੇ ਰਾਮਰਈਏ ਗੁਰੂ ਗੋਬਿੰਦ ਸਿੰਘ ਜੀ ਦੀ ਹਤਕ ਕਰਦੇ ਹਨ। ਜਦ ਇਕ ਦਿਨ ਓਹ ਉਥੇ ਕੀਰਤਨ ਕਰਨ ਤੋ ਬਾਦ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਸਹਾਈ ਬੋਲੋ ਜੀ ਵਾਹਿਗੁਰੂ, ਵਹਿਗੁਰ, ਵਹਿਗੁਰ ਕਿਹਾ ਤਾਂ ਉਹ ਲੋਹੇ ਲਖੇ ਹੋ ਗਏ ਨੇ ਕਿਹਾ, ” ਪੁਤੁ ਮੁਏ ਆਪੈ ਮੁਯੋ ਅਬਿ ਮੁਓੰ ਨਾ ਵਾਹਿਗੁਰੂ ਬੋਲ ਗੁਸੇ ਨਾਲ ਬੁਲਾਕ ਸਿੰਘ ਦਾ ਦਾਤਾਰਾ ਭੰਨ ਦਿਤਾ ਉਸਨੂੰ ਮਾਰਿਆ, ਕੁਟਿਆ ਤੇ ਕਈ ਅਯੋਗ ਬੋਲ ਬੋਲੇ। ਘੁੜਾਮ ਪੁਜਕੇ ਰਾਮਰਈਏ ਤੇ ਮਸੰਦਾ ਨੂੰ ਸਜਾ ਦਿਤੀ। ਦੋਖੀਆਂ ਨੂੰ ਮਾਰ ਕੁਟ ਕੇ ਪਿੰਡ ਵਿਚੋਂ ਕਢ ਦਿਤਾ।
“ਮਲੇਰਕੋਟਲਾ ਦੇ ਨਵਾਬ ਨੇ ਇਕ ਸਿਖ ਬੀਬੀ ਅਨੂਪ ਕੋਰ ਨੂੰ ਪਕੜ ਕੇ ਉਸ ਨਾਲ ਨਿਕਾਹ ਕਰਨਾ ਚਾਹਿਆ ਪਰ ਬੀਬੀ ਨੇ ਆਪਣੇ ਆਪ ਨੂੰ ਖੰਜਰ ਮਾਰ ਕੇ ਜਾਨ ਦੇ ਦਿਤੀ ਪਰ ਮਲੇਰਕੋਟਲਾ ਦੇ ਨਵਾਬ ਦੀ ਆਧੀਨਗੀ ਕਬੂਲ ਨਹੀਂ ਕੀਤੀ। ਨਵਾਬ ਨੇ ਉਸ ਨੂੰ ਸਿਖ ਧਰਮ ਦੇ ਉਲਟ ਕਬਰ ਵਿਚ ਦਫਨਾ ਦਿਤਾ। ਬੰਦਾ ਸਿੰਘ ਨੇ ਉਸ ਨੂੰ ਕਬਰ ਤੋਂ ਕਢਵਾਕੇ ਸਿਖ ਮਰਿਆਦਾ ਅਨੁਸਾਰ ਸਸਕਾਰ ਕੀਤਾ। ਨਵਾਬ ਨੇ ਮਾਫ਼ੀ ਮੰਗੀ ਤੇ 10000 ਨਜ਼ਰਾਨੇ ਵਜੋਂ ਭੇਟ ਦਿਤੀ। ਕਈ ਇਤਿਹਾਸ ਕਾਰ ਬੰਦਾ ਸਿੰਘ ਨੂੰ ਬਦਨਾਮ ਕਰਨ ਲਈ ਇਸ ਹਾਦਸੇ ਨੂੰ ਗਲਤ ਮੋੜ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕੀ ਓਹ ਇਤਨਾ ਜਾਲਮ ਸੀ ਕਿ ਉਸਨੇ ਮੁਸਲਮਾਨਾ ਦੀਆਂ ਕਬਰਾਂ ਤਕ ਪੁਟੀਆਂ।
ਰਾਇਕੋਟ ਵਲ ਚਾਲੇ ਪਾ ਦਿਤੇ ਉਥੋਂ ਦੇ ਨਵਾਬ ਨੇ 5000 ਰੁਪਏ ਤੇ ਕੁਝ ਘੋੜੇ ਨਜ਼ਰਾਨੇ ਵਜੋਂ ਦੇਕੇ ਅਧੀਨਗੀ ਕਬੂਲ ਕਰ ਲਈ। ਥੋੜੇ ਹੀ ਦਿਨਾ ਵਿਚ ਸਢੋਰੇ ਤੋ ਰਾਇਕੋਟ, ਮਾਛੀਵਾੜਾ ਲੁਧਿਆਣਾ ਤੋ ਕਰਨਾਲ, ਸੋਨੀਪਤ ਤਕ ਦੇ ਸਾਰੇ ਇਲਾਕੇ ਬੰਦਾ ਬਹਾਦਰ ਦੇ ਅਧੀਨ ਹੋ ਗਏ। ਫਿਰ ਪੱਛਮ ਵਲ ਵਧੇ, ਜਲਾਲਾਬਾਦ- ਜਲੰਧਰ, ਰਿਆੜਕੀ ਆਦਿ ਸ਼ਹਿਰਾਂ ਨੂੰ ਫਤਹਿ ਕਰਦੇ ਹੋਏ ਲਾਹੌਰ ਤਕ ਜਾ ਪਹੁੰਚੇ। ਸਰਹੰਦ ਫਤਹਿ ਹੋਣ ਤੋਂ ਬਾਦ ਬੰਦਾ ਬਹਾਦਰ ਦੀ ਅਗਵਾਈ ਹੇਠ ਜਿਤਾਂ ਦਾ ਐਸਾ ਸਿਲਸਿਲਾ ਸ਼ੁਰੂ ਹੋਇਆ ਜੋ ਓਸ ਸਮੇ ਰੁਕਿਆ ਜਦੋਂ ਮੁਗਲ ਫੌਜ਼ ਨੇ ਭਾਰੀ ਗਿਣਤੀ ਵਿਚ ਬੰਦਾ ਬਹਾਦਰ ਤੇ ਸਿਖ ਫੌਜੀਆਂ ਨੂੰ ਗੁਰਦਾਸ ਨੰਗਲ ਦੀ ਗੜੀ ਵਿਚ ਘੇਰ ਲਿਆ। ਹੁਣ ਤਕ ਲਗਪਗ ਪੂਰੇ ਪੂਰਵੀ ਪੰਜਾਬ ਤੇ ਸਿਖ ਰਾਜ ਕਾਇਮ ਹੋ ਚੁਕਾ ਸੀ। ਇਕ ਛੋਟੀ ਜਹੀ ਕੌਮ ਪਹਿਲੀ ਵਾਰ ਭਾਰਤ ਦੇ ਨਕਸ਼ੇ ਤੇ ਇਕ ਰਾਜਸੀ ਤਾਕਤ ਵਜੋਂ ਓਭਰ ਕੇ ਆਈ।
ਸਰਹੰਦ ਸ਼ਾਹ-ਰਾਹ (GT Road) ਦੇ ਉਪਰ ਹੋਣ ਕਰਕੇ ਰਾਜਧਾਨੀ ਵਜੋਂ ਸੁਰਖਿਅਤ ਨਹੀਂ ਸੀ ਤੇ ਬਾਦਸ਼ਾਹੀ ਫੌਜਾਂ ਦੀ ਮਾਰ ਹੇਠ ਸੀ, ਇਸ ਲਈ ਇਥੋਂ 150 ਮੀਲ ਦੀ ਦੂਰੀ ਤੇ ਲੋਹਗੜ ਕਿਲੇ ਵਿਚ ਜਿਸਦਾ ਪਹਿਲੇ ਨਾਂ ਮੁਖਲਿਸ ਗੜ ਸੀ, ਆਪਣੀ ਰਾਜਧਾਨੀ ਬਣਾਈ। ਸਾਰਾ ਜੰਗੀ ਸਮਾਨ ਤੇ ਖਜਾਨਾ ਆਪਣਾ ਮਾਲ-ਅਸਬਾਬ ਤੇ ਜਿਤੇ ਹੋਏ ਇਲਾਕਿਆਂ ਤੋ ਉਗਰਾਹੇ ਮਾਮਲੇ ਇਸ ਜਗਹ ਤੇ ਇਕਠੇ ਕੀਤੇ। ਖਾਲਸਾ ਰਾਜ ਦੀ ਸਥਾਪਨਾ ਦੀ ਘੋਸ਼ਣਾ ਕੀਤੀ। ਇਥੇ ਰੋਜ਼ ਦਰਬਾਰ ਲਗਾਂਦੇ ਤੇ ਜਨਤਾ ਦੀਆਂ ਦੁਖਾਂ ਤਕਲੀਫਾਂ ਦਾ ਨਿਪਟਾਰਾ ਕਰਦੇ। ਇਨਸਾਫ਼ ਕਰਨ ਵੇਲੇ ਹਰ ਇਕ ਨੂੰ ਇਕੋ ਜਿਹਾ ਵਰਤਾਰਾ ਮਿਲਦਾ, ਚਾਹੇ ਓਹ ਕਿਸੇ ਜਾਤੀ ਮਜਹਬ ਜਾ ਪ੍ਰਾਂਤ ਦਾ ਹੋਵੇ। ਉਸਨੇ ਕਈ ਸੁਧਾਰ ਵੀ ਕੀਤੇ। ਪੰਜਾਬ ਵਿਚ ਬਹੁਤੇ ਲੋਕ ਖੇਤੀ ਬਾੜੀ ਦਾ ਕੰਮ ਕਰਦੇ ਸੀ। ਇਥੇ ਜਮੀਨ ਦਾਰੀ ਦੀ ਪ੍ਰਥਾ ਪ੍ਰਚਲਤ ਸੀ। ਜਗੀਰਦਾਰ ਲਗਾਨ ਇਕਠਾ ਕਰਨ ਦੇ ਬਹਾਨੇ ਲੋਕਾਂ ਨੂੰ ਤੰਗ ਕਰਦੇ। ਜਿਤੇ ਹੋਏ ਇਲਾਕਿਆਂ ਵਿਚ ਜਮੀਨ ਵਾਹੁਣ ਵਾਲਿਆਂ ਨੂੰ ਮਾਲਿਕ ਘੋਸ਼ਤ ਕਰ ਦਿਤਾ ਗਿਆ ਜਿਸ ਨਾਲ ਪੰਜਾਬ ਦੀ ਆਰਥਿਕ ਅਵਸਥਾ ਵਿਚ ਜਬਰਦਸਤ ਸੁਧਾਰ ਆਇਆ। ਬੰਦਾ ਸਿੰਘ ਬਹਾਦਰ ਨੇ ਆਪਣੀ ਕੋਈ ਨਿਸ਼ਾਨੀ, ਨਾ ਕੋਈ ਯਾਦਗਾਰ ਬਣਵਾਈ, ਸਿਰਫ ਕੌਮ ਧਰਮ ਪੰਥ ਤੇ ਦੇਸ਼ ਲਈ ਆਪਣੀ, ਆਪਣੇ ਪਰਿਵਾਰ ਤੇ ਆਪਣੇ ਪਿਆਰੇ ਸਿਖਾਂ ਦਾ ਖੂਨ ਡੋਲਿਆ। ਓਹ ਦੁਨਿਆ ਦਾ ਪਹਿਲਾ ਹੁਕਮਰਾਨ ਸੀ ਜੋ ਤਖਤ ਤੇ ਨਹੀ ਬੈਠਾ, ਕਲਗੀ ਨਹੀ ਲਗਾਈ, ਆਪਣੇ ਰਾਜ ਦਾ ਸਿਕਾ ਨਹੀਂ ਚਲਾਇਆ,। ਮੋਹਰਾਂ ਤੇ ਆਪਣਾ ਨਾਮ ਨਹੀ ਲਿਖਵਾਇਆ, ਦੇਗ ਤੇਗ ਫਤਹਿ ਮਤਲਬ ਜੋ ਵੀ ਹੈ ਗੁਰੂ ਦੀ ਕਿਰਪਾ ਸਦਕਾ। , ਜਿਤਾ ਤੇ ਆਪਣੀਆ ਕਾਮਯਾਬੀਆਂ ਦਾ ਮਾਣ ਆਪਣੇ ਆਪ ਨੂੰ ਨਾ ਦੇਕੇ ਉਸ ਅਕਾਲ ਪੁਰਖ,ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਿਤਾ। ਖਾਲਸਾ ਰਾਜ ਵਿਚ ਇਕ ਵਖਰਾ ਸਿੱਕਾ ਚਲਾਇਆ, ਜਿਸਦੀ ਕੀਮਤ ਮੁਗਲਾਂ ਦੇ ਸਿਕੇ ਤੋਂ ਵਧ ਰਖੀ। ਸਿਕੇ ਉਤੇ ਫ਼ਾਰਸੀ ਵਿਚ ਖੁਦਵਾਇਆ,
ਸਿਕਾ ਜਦ ਬਰ ਹਰ ਦੋ ਆਲਮ ,ਤੇਗੇ ਨਾਨਕ ਵਹਿਬ ਅਸਤ
ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਹਾਨ, ਵਜ਼ਲਿ ਸਚਾ ਸਾਹਿਬ ਅਸਤ
ਜਿਸਦਾ ਮਤਲਬ ਸੀ ਕੀ ਮੈਂ ਦੁਨਿਆ ਭਰ ਵਾਸਤੇ ਸਿਕਾ ਜਾਰੀ ਕੀਤਾ ਹੈ। ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ। ਮੈਨੂੰ ਸ਼ਾਹਾਂ ਤੇ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਿਤ ਬਖਸ਼ੀ ਹੈ। ਇਹ ਸਚੇ ਸਾਹਿਬ ਦੀ ਮੇਹਰ ਹੈ। ਸਿਕੇ ਦੇ ਦੂਜੇ ਪਾਸੇ ਲਿਖਵਾਇਆ।
ਜਰਬ -ਬ-ਅਮਾਨ-ਦਾਹਿਰ -ਮੁਸਵਰਤ –ਸਹਿਰ, ਜ਼ੀਨਤ-ਤਖਤ-ਮੁਬਾਰਕ-ਬਖਤ
ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਅਸਥਾਨ ਸ਼ਹਿਰਾਂ ਦੀ ਮੂਰਤ ਧੰਨਭਾਗੀ ਰਾਜਧਾਨੀ ਤੋਂ। ਮੋਹਰਾਂ ਤੇ ਲਿਖਵਾਇਆ
ਦੇਗ ਤੇਗ ਫਤਹਿ ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਸਰਹੰਦ ਫਤਹਿ ਹੋਣ ਤੋ ਬਾਦ ਬੰਦਾ ਸਿੰਘ ਨੇ ਇਕ ਨਵਾਂ ਸੰਮਤ ਆਰੰਭ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਥਾਪਤ ਇਹ ਪਹਿਲਾ ਸਿਖ ਰਾਜ ਪੂਰਨ ਧਰਮ ਨਿਰਪਖ ਰਾਜ ਸੀ। ਫ਼ਾਰਸੀ ਸਰਕਾਰੀ ਜ਼ੁਬਾਨ ਸੀ ਪਰ ਹੋਰ ਭਾਸ਼ਾਵਾਂ ਨੂੰ ਵੀ ਮਾਨਤਾ ਦਿਤੀ ਗਈ ਸੀ। ਰਾਜ ਦਾ ਉਦੇਸ਼ ਸ਼ਾਂਤੀ ਕਾਇਮ ਕਰਨਾ ਸੀ। ਰਾਜ ਵਲੋਂ ਜਾਰੀ ਹੋਣ ਵਾਲੀ ਹਰ ਸਨਦ ਅਤੇ ਦਸਤਾਵੇਜ਼ ਉਪਰ ਜਬਰ -ਬ -ਅਮਨ ਦਹਿਰ ਲਿਖਿਆ ਜਾਂਦਾ ਜਿਸਦਾ ਮਤਲਬ ਸੀ ਵਿਸ਼ਵ ਸ਼ਾਂਤੀ ਦਾ ਸਥਾਨ। ਹਰ ਤਰਹ ਦੇ ਨਸ਼ਿਆਂ, ਅਫੀਮ ਤਮਾਕੂ,ਚਰਸ ਗਾਂਜਾਂ ਤੇ ਪਾਬੰਦੀ ਲਗਾਈ। ਔਰਤਾਂ, ਬਜੁਰਗਾਂ ਦੀ ਇਜ਼ਤ ਹਿਫ਼ਾਜ਼ਤ ਲਈ ਸੁਰਖਿਆ ਮੁਹਇਆ ਕਰਵਾਈ। ਜਾਤ, ਪਾਤ ਉਚ ਨੀਚ ਦੇ ਭੇਦ ਭਾਵ ਮਿਟਾਕੇ ਕਾਬਲੀਅਤ ਰਖਣ ਵਾਲੇ ਲੋਕਾਂ ਨੂੰ ਉਚੇ ਅਹੁਦੇ ਦਿਤੇ ਤੇ ਸਮਾਜਿਕ ਬਰਾਬਰੀ ਲਈ ਅਨੇਕ ਪ੍ਰਬੰਧ ਕੀਤੇ ਸਭ ਦਾ ਇਕੇ ਜਿਹਾ ਸਤਕਾਰ ਹੁੰਦਾ।
10 ਦਸੰਬਰ 1710 ਵਿਚ ਬਹਾਦਰ ਸ਼ਾਹ ਨੇ ਇਕ ਹੁਕਮ ਜਾਰੀ ਕੀਤਾ ਸੀ ਕੀ ਜਿਥੇ ਵੀ ਕੋਈ ਸਿਖ ਮਿਲੇ ਉਸ ਨੂੰ ਕਤਲ ਕਰ ਦਿਤਾ ਜਾਏ। ਫਿਰ ਵੀ ਬੰਦਾ ਬਹਾਦਰ ਨੇ ਕਿਸੇ ਮੁਸਲਮਾਨ ਨੂੰ ਨਹੀਂ ਸਤਾਇਆ ਕੋਈ ਧਾਰਮਿਕ ਬੰਦਸ਼ਾ ਨਹੀਂ ਲਗਾਈਆਂ। ਬੰਦਾ ਬਹਾਦਰ ਦੀਆਂ ਜਿਤਾਂ ਤੇ ਉਸਦੀ ਆਪਣੀ ਸ਼ਖਸੀਅਤ ਦਾ ਪ੍ਰਭਵ ਇਤਨਾ ਪਿਆ ਕਿ ਬਹੁਤ ਸਾਰੇ ਮੁਸਲਮਾਨ ਸਿਖ ਬਣ ਗਏ ਤੇ ਉਸਦੀ ਫੌਜ਼ ਵਿਚ ਭਰਤੀ ਹੋ ਗਏ ਉਨ੍ਹਾ ਦੀ ਫੌਜ਼ ਵਿਚ 5000 ਤੋਂ ਵਧ ਮੁਸਲਮਾਨ ਸਨ ਜੋ ਮੁਗਲ ਹਕੂਮਤ ਦੇ ਵਿਰੁਧ ਜੰਗ ਵਿਚ ਉਸਦੇ ਹਿਸੇਦਾਰ ਬਣ ਗਏ।
28 ਅਪ੍ਰੈਲ 1711 ਵਿਚ ਲਿਖਿਆ ਹੈ ਕੀ ਬੰਦੇ ਨੇ ਕਲਾਨੋਰ ਤੇ ਬਟਾਲੇ ਦੇ 5000 ਮੁਸਲ੍ਮਾਨਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ” ਓਹ ਮੁਸਲਮਾਨਾ ਨੂੰ ਦਬਾਣਾ ਨਹੀ ਚਾਹੁੰਦਾ। ਓਨ੍ਹਾ ਨੂੰ ਕੁਤਬਾ ਤੇ ਨਮਾਜ਼ ਪੜਨ ਦੀ ਪੂਰੀ ਆਜ਼ਾਦੀ ਹੈ “। ਬੰਦਾ ਬਹਾਦਰ ਦੀ ਫੌਜ਼ ਵਿਚ ਮੁਸਲਮਾਨਾ ਨੂੰ ਨਮਾਜ਼ੀ ਕਿਹਾ ਜਾਂਦਾ ਸੀ ਕਿਓਂਕਿ ਉਨ੍ਹਾ ਨੂੰ 5 ਵਕਤ ਨਮਾਜ ਪੜਨ ਲਈ ਵਕਤ ਦਿਤਾ ਜਾਂਦਾ ਸੀ ਕਈ ਮੁਸਲਮਾਨਾ ਲਈ ਰੋਜਾਨਾ ਭਤਾ ਤੇ ਹੋਰ ਇਮਦਾਦਾਂ ਵੀ ਮੁਕਰਰ ਕੀਤੀਆਂ ਜਾਂਦੀਆਂ । ਅਖਬਾਰ ਤੇ ਕਈ ਹੋਰ ਹਵਾਲੇ ਦਸਦੇ ਹਨ ਕੀ ਬੰਦਾ ਸਿੰਘ ਬਹਾਦਰ ਦੀ ਲੜਾਈ ਸਿਰਫ ਉਨਾਂ ਅਧਿਕਾਰੀਆਂ ਨਾਲ ਸੀ ਜੋ ਪਰਜਾ ਤੇ ਆਮ ਜਨਤਾ ਤੇ ਜ਼ੁਲਮ ਕਰਨ ਦੀ ਹਦ ਟਪ ਚੁਕੇ ਸਨ, ਚਾਹੇ ਓਹ ਕਿਸੇ ਮਜਹਬ ਦੇ ਹੋਣ। ਉਸਦਾ ਵਿਸ਼ਵਾਸ ਸੀ ਕੀ ਅਗਰ ਨਿਆਂ ਵਕਤ ਸਿਰ ਨਾ ਦਿਤਾ ਜਾਏ ਤਾਂ ਓਹ ਅਨਿਆ ਦੇ ਬਰਾਬਰ ਹੁੰਦਾ ਹੈ। ਮਾਮਲੇ ਨੂੰ ਤੁਰੰਤ ਨਜਿਠਣ ਵਿਚ ਵਿਸ਼ਵਾਸ ਕਰਦਾ ਸੀ। ਉਸਦੀਆਂ ਨਜਰਾਂ ਵਿਚ ਦੋਸ਼ੀ ਦਾ ਉਚਾ ਰੁਤਬਾ ਕੋਈ ਮਾਇਨੇ ਨਹੀਂ ਸੀ ਰਖਦਾ। ਜੁਰਮ ਸਾਬਤ ਹੋਣ ਤੇ ਵਡੇ ਤੋ ਵਡੇ ਸਰਦਾਰ ਨੂੰ ਗੋਲੀ ਨਾਲ ਉੜਾ ਦਿਤਾ ਜਾਂਦਾ ਸੀ।
ਬੰਦਾ ਬਹਾਦਰ ਹਰ ਕੰਮ ਗੁਰੂ ਦਾ ਆਸਰਾ ਲੈਕੇ ਕਰਦਾ ਸੀ। ਓਹ ਕਦੀ ਗੁਰਮਤ ਦੇ ਮੁਢਲੇ ਅਸੂਲਾਂ ਤੋ ਬੇਮੁਖ ਨਹੀਂ ਹੋਇਆ। ਸਰਹੰਦ ਦੀ ਜਿਤ ਮਗਰੋਂ ਜਦੋਂ ਉਸਨੇ ” ਫਤਹਿ ਦਰਸ਼ਨ ” ਦਾ ਨਾਹਰਾ ਲਗਾਇਆ ਤਾਂ ਸਿਖਾਂ ਨੇ ਇਤਰਾਜ ਕੀਤਾ ਉਨ੍ਹਾ ਨੂੰ ਲਗਾ ਕਿ ਇਹ ਨਾਹਰਾ ” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ” ਦੀ ਜਗਾ ਤੇ ਹੈ ਹਾਲਾਕਿ ਬੰਦਾ ਸਿੰਘ ਬਹਾਦਰ ਦੀ ਇਹ ਮਨਸਾ ਹਰਗਿਜ਼ ਨਹੀਂ ਸੀ, ਫਿਰ ਵੀ ਜਿਦ ਨਹੀਂ ਕੀਤੀ ਤੇ ਸਿਖਾਂ ਦਾ ਹੁਕਮ ਪ੍ਰਵਾਨ ਕਰ ਲਿਆ। ਕਈ ਇਤਿਹਾਸ ਕਾਰ ਉਨ੍ਹਾ ਤੇ ਦਰਬਾਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਜਗਹ ਤੇ ਗਦੇਲਾ ਰਖ ਕੇ ਬੈਠਣ ਦਾ ਇਲਜ਼ਾਮ ਲਗਾਂਦੇ ਹਨ ਜਦ ਕੀ ਓਹ ਅੰਮ੍ਰਿਤਸਰ ਕਦੇ ਜਾ ਹੀ ਨਹੀਂ ਸਕੇ।
ਬੰਦਾ ਬਹਾਦਰ ਦੀ ਇਸ ਕਦਰ ਵਧਦੀ ਤਾਕਤ ਨੂੰ ਦੇਖ ਕੇ ਸਮਸ ਖਾਨ ਨੇ ਘਬਰਾ ਕੇ ਬਹਾਦੁਰ ਸ਼ਾਹ ਨੂੰ ਚਿਠੀ ਲਿਖੀ ਕੀ ਅਗਰ ਸਿਖਾਂ ਨੂੰ ਵਕਤ ਸਿਰ ਨਾ ਕੁਚਲਿਆ ਗਿਆ ਤਾਂ ਉਨ੍ਹਾ ਨੂੰ ਦਬਾਣਾ ਓਖਾ ਹੋ ਜਾਏਗਾ। ਇਸ ਵਕਤ ਸਿਖ ਅਮਲੀ ਤੌਰ ਤੇ ਦੋਆਬਾ, ਮਾਝਾ ਤੇ ਸਰਹੰਦ ਤੇ ਕਾਬਜ਼ ਸਨ। ਗੰਗਾ-ਜਮੁਨਾ ਦੇ ਮੈਦਾਨੀ ਇਲਾਕੇ ਵਿਚ ਉਨ੍ਹਾ ਦਾ ਦਬਦਬਾ ਸੀ। ਬਹਾਦੁਰ ਸ਼ਾਹ ਨੇ ਵਕਤ ਦੀ ਨਜ਼ਾਕਤ ਨੂੰ ਸਮਝ ਕੇ ਆਪਣਾ ਰੁਖ ਰਾਜਪੂਤਾ ਤੋ ਹਟਾ ਕੇ ਪੰਜਾਬ ਨੂੰ ਕਰ ਲਿਆ। ਸਰ ਜੋਹਨ ਮੇਲ੍ਕੋਮ ਲਿਖਦੇ ਹਨ ਕੀ ਜੇਕਰ ਇਸ ਵਕਤ ਬਹਾਦਰ ਸ਼ਾਹ ਦਖਣ ਛਡ ਕੇ ਪੰਜਾਬ ਵਲ ਮੂੰਹ ਨਾ ਕਰਦਾ ਤਾਂ ਸਾਰਾ ਹਿੰਦੁਸਤਾਨ ਸਿਖਾਂ ਦੇ ਕਬਜ਼ੇ ਹੇਠ ਹੁੰਦਾ “।
ਬਹਾਦਰ ਸ਼ਾਹ ਜਦ ਦੱਖਣ ਤੋ ਵਾਪਿਸ ਆਇਆ ਤਾਂ ਦਿੱਲੀ ਦੇ ਗਵਰਨਰ ਨਾਲ ਫੌਜਾ ਚੜਾ ਕੇ ਤ੍ਰਾਵੜੀ, ਥਨੇਸਰ ਸ਼ਾਹਬਾਦ ਤੇ ਸਰਹੰਦ ਵਾਪਿਸ ਲੈ ਲਏ। ਬੰਦਾ ਸਿੰਘ ਬਹਾਦੁਰ ਨੇ ਉਸ ਨੂੰ ਅਗੋਂ ਜਾ ਲਿਆ। ਸ਼ਾਹਬਾਦ ਵਿਚ ਸ਼ਾਹੀ ਫੌਜਾ ਨਾਲ ਖੂਨ ਡੋਲਵੀ ਲੜਾਈ ਹੋਈ। ਸ਼ਾਹੀ ਫੌਜ਼ ਮੂੰਹ ਦੀ ਖਾਕੇ ਨਸ ਗਈ। ਇਹ ਸਾਰੇ ਇਲਾਕੇ ਮੁੜ ਬੰਦਾ ਬਹਾਦਰ ਕੋਲ ਆ ਗਏ। ਸ਼ਾਹਬਾਦ ਦੇ ਕਿਲੇ ਦਾ ਨਾ ਮਸਤਗੜ ਰਖਿਆ ਗਿਆ ਜਿਥੇ ਗੁਰੂ ਗਰੰਥ ਸਾਹਿਬ ਦਾ ਪਾਠ ਰਖਵਾਇਆ। ਓਹ ਅਜ ਵੀ ਗੁਰੂਦਵਾਰਾ ਮਸਤਗੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਬਹਾਦਰ ਸ਼ਾਹ ਨੇ ਦਿਲੀ ਤੇ ਅਵਧ ਦੇ ਗਵਰਨਰਾਂ, ਮੁਰਾਦਾਬਾਦ ਤੇ ਅਲਾਹਾਬਾਦ ਦੇ ਫੌਜਦਾਰਾਂ ਨੂੰ ਹੁਕਮ ਦਿਤਾ ਕੀ ਓਹ ਆਪਣੀਆਂ ਫੌਜਾਂ ਨਾਲ ਲੇਕੇ ਅਓਣ। ਮੁਲਤਾਨ ਕੁਲੀ ਖਾਨ ਤੇ ਸਾਦਰ ਖਾਨ ਤੇ ਹੋਰ ਕਈ ਸਰਦਾਰ ਆਪਣੇ ਨਾਲ ਰਲਾ ਲਏ। ਮਗਰੋਂ ਮੁਹੰਮਦ ਅਮੀਨ ਖਾਨ ਤੇ ਕਮਰੂਦੀਨ ਵੀ ਆ ਰਲੇ। 22 ਅਗਸਤ 1710 ਸਯੀਦ ਵ੍ਜ਼ੀਰੂਦੀਨ ਹੋਰ ਸੈਨਾ ਦੇ ਨਾਲ ਨਾਲ ਸ਼ਾਹੀ ਫੌਜ਼ ਵੀ ਆ ਗਈ। ਹਜ਼ਾਰਾਂ ਦੀ ਗਿਣਤੀ ਵਿਚ ਫੌਜ਼ ਇਕਠੀ ਕਰ ਲਈ। ਹਿੰਦੂ ਅਫਸਰਾਂ ਨੂੰ ਆਦੇਸ਼ ਦਿਤਾ ਕੀ ਓਹ ਆਪਣੀਆ ਦਾੜੀਆਂ ਮੁਨਾ ਦੇਣ ਤਾਕਿ ਉਨਾ ਦੇ ਸਿਖ ਹੋਣ ਦਾ ਭੁਲੇਖਾ ਨਾ ਪਵੇ। ਤਰਾਵੜੀ ਦੇ ਨੇੜੇ ਅਮੀਨ ਗੜ ਦੇ ਜੰਗ-ਏ- ਮੈਦਾਨ ਵਿਚ ਖੂਨ ਡੋਲਵੀ ਲੜਾਈ ਹੋਈ। ਸਿਖ ਸੈਨਾ ਖਿੰਡੀ -ਪੁੰਡੀ ਹੋਈ ਸੀ ਤੇ ਵਕਤ ਸਿਰ ਇਕੱਠੀ ਨਾ ਹੋ ਸਕੀ ਤੇ ਹਾਰ ਗਈ। ਤਿੰਨ ਸੋ ਸਿਖਾਂ ਦੇ ਸਿਰ ਵਢ ਕੇ ਬਹਾਦਰ ਸ਼ਾਹ ਅਗੇ ਪੇਸ਼ ਕੀਤੇ ਗਏ।
ਇਸਤੋਂ ਬਾਦ ਬੰਦਾ ਸਿੰਘ ਲੋਹਗੜ ਗਿਆ ਜਿਥੇ ਉਸ ਨੂੰ ਬਾਦਸ਼ਾਹ ਦੀ ਸਿਧੀ ਕਮਾਨ ਹੇਠਾਂ ਤਿੰਨ ਪਾਸਿਆਂ ਤੋਂ ਘੇਰ ਲਿਆ ਗਿਆ। ਵਿਓਂਤ ਬਣੀ ਕੀ ਸਵੇਰੇ ਬੰਦਾ ਬਹਾਦੁਰ ਨੂੰ ਉਸਦੇ ਸਾਥਿਆ ਸਮੇਤ ਪਕੜ ਲਿਆ ਜਾਵੇ। ਦਸੰਬਰ 11 ਨੂੰ ਹਮਲਾ ਕੀਤਾ ਜਾਣਾ ਸੀ। ਰਾਤ ਨੂੰ ਗੁਲਾਬ ਸਿੰਘ ਜੋ ਉਸਦੀ ਮਿਲਦੀ ਜੁਲਦੀ ਸ਼ਕਲ ਦਾ ਸੀ ਬਲਿਦਾਨ ਦੇਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਸਾਧਨਾ ਦੇ ਅਭਾਵ ਕਾਰਨ ਬੰਦਾ ਬਹਾਦਰ ਆਪਣੇ ਸਾਥੀਆਂ ਸਮੇਤ ਕਿਲੇ ਵਿਚੋਂ ਨਿਕਲ ਕੇ ਪਹਾੜਾ ਵਾਲੇ ਪਾਸੇ ਜਾ ਤੁਰਿਆ। ਪਰ ਗੁਲਾਬ ਸਿੰਘ ਜੋ ਬੰਦਾ ਬਹਾਦਰ ਵਾਂਗ ਹੀ ਕਪੜਿਆਂ ਵਿਚ ਸੀ ਸ਼ਾਹੀ ਫੌਜ਼ ਦੇ ਕਾਬੂ ਆ ਗਿਆ। ਬਹਾਦੁਰ ਸ਼ਾਹ ਨੇ ਸੋਚਿਆ ਕੀ ਉਨ੍ਹਾ ਨੇ ਬੰਦਾ ਬਹਾਦਰ ਨੂੰ ਫੜ ਲਿਆ ਹੈ, ਪਰ ਜਦ ਬਹਾਦੁਰ ਸ਼ਾਹ ਲਾਹੌਰ ਪਹੁੰਚਿਆ ਤਾ ਕਾਜ਼ੀ ਨੇ ਬਹਾਦੁਰ ਸ਼ਾਹ ਨੂੰ ਕਿਹਾ ਕੀ ਤੁਸੀਂ ਬਾਜ ਨੂੰ ਛਡ ਆਏ ਹੋ ਤੇ ਕਬੂਤਰ ਨੂੰ ਪਕੜ ਕੇ ਲੈ ਆਏ ਹੋ।
ਜਦ ਬਹਾਦਰ ਸ਼ਾਹ ਨੂੰ ਪਤਾ ਲਗਾ ਕੀ ਬੰਦਾ ਬਹਾਦਰ ਜਿੰਦਾ ਹੈ ਤਾਂ ਓਹ ਇਤਨਾ ਡਰ ਗਿਆ ਕੀ ਉਸਦਾ ਦਿਮਾਗ ਹਿਲ ਗਿਆ। ਇਹ ਉਸਦੇ ਲਾਹੌਰ ਵਿਚ ਜਾਰੀ ਕੀਤੇ ਹੁਕਮਨਾਮਿਆਂ ਤੋ ਪਤਾ ਚਲਦਾ ਹੈ। ਲਾਹੌਰ ਓਹ ਨਾਨਕ ਪ੍ਰਸਤਾਂ ਨੂੰ ਖਤਮ ਕਰਨੇ ਦੇ ਇਰਾਦੇ ਤੋਂ ਗਿਆ ਸੀ। ਉਸਦਾ ਇਕ ਹੁਕਮਨਾਮਾ ਸੀ ਕੀ ਸ਼ਹਿਰ ਦੇ ਸਾਰੇ ਫਕੀਰ, ਖੋਤੇ ਤੇ ਕੁਤੇ ਮਰਵਾ ਦਿਤੇ ਜਾਣ। ਗੁੜ ਨੂੰ ਗੁੜ ਕਹਿਣਾ ਤੇ ਗਰੰਥ ਨੂੰ ਗਰੰਥ ਕਹਿਣਾ ਮਨਾ ਹੋ ਗਿਆ। ਸ਼ਾਇਦ ਗੁੜ ਤੇ ਗਰੰਥ ਸਾਹਿਬ ਉਸ ਨੂੰ ਗੁਰੂਆਂ ਤੇ ਗੁਰੂ ਗਰੰਥ ਸਾਹਿਬ ਦੀ ਯਾਦ ਦਿਲਾਂਦੇ ਹੋਣ। ਗੁਰੂਆਂ ਨਾਲ ਹਕੂਮਤ ਦਾ ਸਲੂਕ ਤੇ ਧੋਖਾ ਉਸਦੇ ਸਾਮਣੇ ਆਓਂਦਾ ਹੋਵੇ, ਉਸਨੇ ਕਿਹਾ ਕੀ ਜਦ ਖੋਤੇ ਸੜਕਾਂ ਤੇ ਦੋੜਦੇ ਹਨ ਤਾ ਮੈਨੂੰ ਸਿਖ ਦੀ ਫੌਜ਼ ਦੇ ਆਣ ਦਾ ਭੁਲੇਖਾ ਪੈਂਦਾ ਹੈ ਤੇ ਜਦੋਂ ਕੁਤੇ ਰਾਤ ਨੂੰ ਭੋਕਦੇ ਹਨ ਤਾ ਮੈਂਨੂੰ ਲਗਦਾ ਹੈ ਸਿਖ ਫੌਜ਼ ਲਾਹੌਰ ਤੇ ਹਮਲਾ ਕਰਨ ਆ ਗਈ ਹੈ, ਸਿਖਾਂ ਦੇ ਨਾਹਰਿਆਂ ਤੇ ਜੈਕਾਰਿਆਂ ਦੀ ਗੂੰਜ ਸੁਣਾਈ ਦਿੰਦੀ ਹੈ। ਓਹ ਇਤਨਾ ਡਰ ਤੇ ਸਹਿਮ ਚੁਕਿਆ ਸੀ ਕਿ ਆਪਣੇ ਆਖਿਰੀ ਦਿਨਾ ਵਿਚ ਪਾਗਲ ਹੋ ਗਿਆ ਤੇ 16 ਫਰਵਰੀ 1712 ਵਿਚ ਉਸਦੀ ਮੌਤ ਹੋ ਗਈ।
10 ਦਸੰਬਰ 1710 ਬੰਦਾ ਬਹਾਦਰ ਨਾਹਨ ਦੀਆਂ ਪਹਾੜੀਆਂ ਵਲ ਚਲੇ ਗਏ ਜਿਥੇ ਫੌਜਾ ਇਕਠੀਆਂ ਕਰਕੇ ਪਹਾੜੀ ਰਾਜਿਆਂ ਨੂੰ ਸੋਧਿਆ, ਜੋ ਗੁਰੂ ਗੋਬਿੰਦ ਸਿੰਘ ਤੇ ਹਮਲੇ ਕਰਦੇ ਰਹੇ। ਜਦੋਂ ਬੰਦਾ ਬਹਾਦਰ ਦੇ ਸਾਥੀਆਂ ਨੇ ਕਹਿਲੂਰ ਨੂੰ ਘੇਰਾ ਪਾ ਲਿਆ, ਭੀਮ ਚੰਦ ਵਰਗਿਆਂ ਦੀ ਹੋਸ਼ ਠਿਕਾਣੇ ਆ ਗਏ। ਪਹਾੜੀ ਰਾਜਿਆਂ ਨੇ ਮਾਫੀਆਂ ਮੰਗੀਆਂ, ਸਮਝੋਤੇ ਕੀਤੇ ਤੇ ਬਹੁਤ ਸਾਰੇ ਨਜ਼ਰਾਨੇ ਵੀ ਭੇਟ ਕੀਤੇ।
( ਚਲਦਾ )


Share On Whatsapp

Leave a Reply




top