ਇਤਿਹਾਸ – ਭਾਈ ਜੋਧ ਸਿੰਘ ਰਾਮਗੜੀਆ

ਅੱਜ ਮੈ ਉਸ ਇਤਿਹਾਸਕ ਅਸਥਾਨ ਦੀ ਜਾਣਕਾਰੀ ਦੇਣ ਲੱਗਾ ਜੋ ਸਾਡੇ ਵਿੱਚੋ ਬਹੁਤਿਆਂ ਨੂੰ ਸਾਇਦ ਹੀ ਪਤਾ ਹੋਵੇ । ਉਹ ਅਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਵਾਰਾ ਸ਼ਹੀਦਾਂ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਰਮਾਂ ਵਿੱਚ ਭਾਈ ਜੋਧ ਸਿੰਘ ਰਾਮਗੜੀਆ ਦਾ ਅਸਥਾਨ । ਕੌਣ ਸਨ ਭਾਈ ਜੋਧ ਸਿੰਘ ਰਾਮਗੜੀਆ ਆਉ ਸੰਖੇਪ ਝਾਤ ਮਾਰੀਏ ਭਾਈ ਜੋਧ ਸਿੰਘ ਰਾਮਗੜੀਆ ਦੇ ਜੀਵਨ ਕਾਲ ਤੇ ਜੀ ।
ਭਾਈ ਜੋਧ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਵੱਡਾ ਪੁੱਤਰ ਸੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਸਾਰਾ ਪਰਿਵਾਰ ਗੁਰੂਘਰ ਨੂੰ ਸਮਰਪਿਤ ਸੀ। ਜੱਸਾ ਸਿੰਘ ਰਾਮਗੜੀਏ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਸੀ। ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਲਈ ਲੜਦਾ ਰਿਹਾ ਅਤੇ ਫਿਰ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਜਾ ਮਿਲਿਆ ਅਤੇ ਅੰਤ ’ਚ ਬੰਦਾ ਸਿੰਘ ਬਹਾਦਰ ਦੀ ਬਜਵਾੜੇ ਦੀ ਲੜਾਈ ਵਿਚ ਸ਼ਹੀਦੀ ਪ੍ਰਾਪਤ ਕੀਤੀ। ਹਰਦਾਸ ਸਿੰਘ ਦਾ ਆਪਣੇ ਪੁੱਤਰ ਗਿਆਨੀ ਭਗਵਾਨ ਸਿੰਘ ਉੱਪਰ ਡੂੰਘਾ ਪ੍ਰਭਾਵ ਸੀ। ਉਹ ਆਪਣੇ ਸਮਿਆਂ ਵਿਚ ਮੰਨਿਆ ਹੋਇਆ ਧਾਰਮਿਕ ਪ੍ਰਚਾਰਕ ਸੀ। ਅਬਦੁਸ ਸਮਦ ਦੀ 1727 ਵਿਚ ਮੌਤ ਤੋਂ ਬਾਅਦ ਉਸ ਦਾ ਪੁੱਤਰ ਜ਼ਕਰੀਆ ਖ਼ਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਉ ਤੋਂ ਕਿਤੇ ਵੱਧ ਜ਼ਾਲਮ ਸੀ। ਉਸ ਸਮੇਂ ਗਿਆਨੀ ਭਗਵਾਨ ਸਿੰਘ ਵਰਗਿਆਂ ਦਾ ਜਿਊਣਾ ਬਹੁਤ ਮੁਸ਼ਕਲ ਸੀ।
ਗਿਆਨੀ ਭਗਵਾਨ ਸਿੰਘ ਦੇ ਘਰ ਪੰਜ ਪੁੱਤਰ ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਪੈਦਾ ਹੋਏ। ਇਨ੍ਹਾਂ ਵਿੱਚੋਂ ਜੱਸਾ ਸਿੰਘ ਸਭ ਤੋਂ ਵੱਡਾ ਸੀ। ਘਰ ਵਿਚ ਹੀ ਉਨ੍ਹਾਂ ਨੇ ਆਪਣੇ ਪਿਤਾ ਪਾਸੋਂ ਗੁਰਮੁਖੀ ਸਿੱਖੀ ਜਿਸ ਕਰ ਕੇ ਉਹ ਛੇਤੀ ਹੀ ਨਿੱਤਨੇਮ ਦਾ ਪਾਠ ਕਰਨਾ ਸਿੱਖ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਯੋਗ ਹੋ ਗਿਆ। ਜੱਸਾ ਸਿੰਘ ਦੀ ਸ਼ਾਦੀ ਗੁਰਦਿਆਲ ਕੌਰ ਨਾਲ ਹੋਈ ਅਤੇ ਉਨ੍ਹਾਂ ਦੇ ਘਰ ਦੋ ਪੁੱਤਰਾਂ ਜੋਧ ਸਿੰਘ ਤੇ ਵੀਰ ਸਿੰਘ ਨੇ ਜਨਮ ਲਿਆ।
ਉਨਾਂਹ ਦੇ ਸਪੁੱਤਰ ਮਹਾਨ ਜਰਨੈਲ ਸ੍ਰ: ਜੋਧ ਸਿੰਘ ਰਾਮਗੜ੍ਹੀਆ , ਜਿਸਨੇ ਬਾਬਾ ਅਟੱਲ ਜੀ ਦੀ ਯਾਦਗਾਰ ਤਿਆਰ ਕਰਵਾਈ ਤੇ ਪਹਿਲੀਆਂ ਦੋ ਮੰਜਲਾਂ ਤਿਆਰ ਕਰਵਾਈਆ , ਦਰਬਾਰ ਸਾਹਿਬ ਸਰੋਵਰ ਦੇ ਕੰਡੇ ਰਾਮਗੜੀਆ ਬੁੰਗੇ ਦੀਆਂ ਮਿਨਾਰਾਂ ਦੀ ਉਸਾਰੀ ਪੂਰਨ ਕਰਵਾਈ। ਦਰਬਾਰ ਸਾਹਿਬ ਦਰਸ਼ਨੀ ਡਿਉਢੀ ਤੋਂ ਹਰਿਮੰਦਰ ਸਾਹਿਬ ਤੱਕ ਪੁਲ ਉੱਪਰ ਸੰਗ ਮਰ ਮਰ ਦੀ ਸੇਵਾ ਕਰਵਾਈ।ਭਾਈ ਜੋਧ ਸਿੰਘ ਰਾਮਗੜੀਆ ਏਨਾ ਬਹਾਦਰ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੀ ਆਪ ਨਾਲ ਜੰਗ ਕਰਨ ਤੋ ਝਿਝਕਦਾ ਸੀ ਇਸ ਲਈ ਮਹਾਰਾਜਾ ਰਣਜੀਤ ਸਿੰਘ ਤੇ ਭਾਈ ਜੋਧ ਸਿੰਘ ਨੂੰ ਹੋਰ ਜਗੀਰਾਂ ਤੇ ਤੋਹਫੇ ਦੇ ਕੇ ਹਮੇਸ਼ਾ ਦੋਸਤੀ ਬਣਾ ਕੇ ਰਖੀ ਸੀ । ਆਪਦੀ ਸਹਾਇਤਾ ਦਾ ਸੱਦਕਾ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਫਤਹਿ ਕੀਤਾ, ਮੁਲਤਾਨ ਤੇ ਕਸੂਰ ਫਤਹਿ ਕੀਤੇ। ਪਿਸ਼ਾਵਰ ਦੇ ਇਲਾਕੇ ਵਿਚ ਕਿਲਿਆਂ ਦੇ ਨਿਰਮਾਣ ਵਿਚ ਮਹਾਰਾਜਾ ਰਣਜੀਤ ਸਿੰਘ ਆਪ ਦੀ ਸਲਾਹ ਨੂੰ ਤਰਜੀਹ ਦਿੰਦਾ ਸੀ। ਭੰਗੀਆ ਦੀ ਤੋਪ ਜ਼ਮਜ਼ਮ ਵੀ ਗੁਲਾਬ ਸਿੰਘ ਭੰਗੀ ਦੀ ਵਿਧਵਾ ਪਾਸੋ ਭਾਈ ਜੋਧ ਸਿੰਘ ਰਾਮਗੜੀਆ ਜੀ ਨੇ ਹੀ ਵਿੱਚ ਪੈ ਕੇ ਰਣਜੀਤ ਸਿੰਘ ਨੂੰ ਦਵਾਈ ਸੀ । ਮਹਾਰਾਜਾ ਇਤਨੀ ਇੱਜਤ ਦਿੰਦਾ ਸੀ ਕਿ ਆਪ ਨੂੰ ਬਾਬਾ ਜੀ ਕਹਿ ਕੇ ਬੁਲਾਂਦਾ ਸੀ। ਦਰਬਾਰ ਵਿਚ ਬਾਬਾ ਜੋਧ ਸਿੰਘ ਦਾ ਖਾਸ ਅਸਥਾਨ ਹੁੰਦਾ ਸੀ। ਈ: 1815 ਆਪਦਾ ਅਕਾਲ ਚਲਾਂਣਾ ਅੰਮ੍ਰਿਤਸਰ ਸਾਹਿਬ ਵਿਚ ਹੋਇਆ ਬਾਅਦ ਵਿੱਚ ਆਪਦੀ ਸਮਾਧ ਬਾਬਾ ਦੀਪ ਸਿੰਘ ਜੀ ਦੀ ਸਮਾਧ ਦੇ ਨਾਲ ਬਣਾਈ ਗਈ। ਸਮੇ ਦੇ ਨਾਲ ਨਾਲ ਹਾਲਾਤ ਵੀ ਬਦਲਦੇ ਗਏ। ਭਾਈ ਜੋਧ ਸਿੰਘ ਰਾਮਗੜੀਆ ਦੀ ਸਮਾਧ ਦੇ ਨਾਲ ਹੋਰ ਵੀ ਰਾਮਗੜੀਆ ਯੋਧਿਆ ਦੀਆ ਸਮਾਧਾ ਸਨ ਪਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਵਾਰਾ ਸ਼ਹੀਦਾਂ ਨੂੰ ਜਦੋ ਖੁੱਲਾ ਕੀਤਾ ਗਿਆ ਤਾ ਇਹ ਸਮਾਧਾ ਢਾਹ ਦਿੱਤੀਆ ਗਈਆ ।
ਵੇਰਵਾ ਰਾਮਗੜੀਆ ਸਮਾਧਾਂ ਦਾ – 1, ਬਾਬਾ ਜੋਧ ਸਿੰਘ ਰਾਮਗੜੀ੍ਆ, 2 ਸ੍ਰ: ਮੰਗਲ ਸਿੰਘ ਰਾਮਗੜੀ੍ਆ, 3 ਸ੍ਰ: ਸੁੰਦਰ ਸਿੰਘ ਜੀ 4 ਸ੍ਰ: ਗੁਰਦਿੱਤ ਸਿੰਘ , 5 ਸ੍ਰ: ਸ਼ੇਰ ਸਿੰਘ , 6 ਸ੍ਰ: ਸੰਤ ਸਿੰਘ , 7 ਸ੍ਰਦਾਰ ਗੁਰਦਿੱਤ ਸਿੰਘ ਰਾਮਗੜੀ੍ਆ, 8 ਸ੍ਰ: ਰਿਪੂਦਮਨ ਸਿੰਘ , 9 ਸ੍ਰ: ਸੁਚੇਤ ਸਿੰਘ , 10 ਸ੍ਰ: ਸੁੰਦਰ ਸਿੰਘ ਰਾਮਗੜੀ੍ਆ , 11 ਸ੍ਰ: ਬਿਸ਼ਨ ਸਿੰਘ ਰਾਮਗੜੀ੍ਆ , 12 ਸਰਦਾਰਨੀ ਬਿਲਾਸ ਕੌਰ ਸੁਪੱਤਨੀ ਸ: ਬਿਸ਼ਨ ਸਿੰਘ, । ਇਹ ਸਭ ਮਲੀਆ ਮੇਟ ਕਰ ਦਿੱਤੀਆਂ ਗਈਆਂ।
ਜੋਰਾਵਰ ਸਿੰਘ ਤਰਸਿੱਕਾ


Share On Whatsapp

Leave a Reply




"1" Comment
Leave Comment
  1. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
    ਆਪ ਜੀ ਦੀ ਮੇਹਨਤ ਸਦਕਾ ਹੀ ਸਾਨੂੰ ਗੁਰੂ ਘਰਾਂ ਦੀ ਜਾਣਕਾਰੀ ਮਿਲ ਰਹੀ ਹੈ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।
    ਮਿਲ ਰਹੀ

top