ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਦ 22 ਮੰਜੀਆਂ ਥਾਪੀਆਂ ਤਾਂ 3-3, 4-4 ਪਿੰਡਾਂ ਦਾ ਇੱਕ ਸਾਂਝਾ ਕਿਰਤੀ ਪਰਿਵਾਰ ਨਿਯੁਕਤ ਕੀਤਾ ਜਾਂਦਾ ਜੋ “ਬਾਬੇ ਕੇ” ਕਰਕੇ ਜਾਣੇ ਜਾਂਦੇ ।
ਇਹ ਪਰਿਵਾਰ ਸਾਰੇ ਇਲਾਕੇ ਵਿਚੋਂ ਅਤੇ ਨਿਜੀ ਕਮਾਈ ਵਿਚੋਂ ਦਸਵੰਧ ਤੇ ਰਸਦ ਇਕੱਠੀ ਕਰਦੇ ਜੋ ਸਾਲ ਬਾਅਦ ਮੰਜੀ ਸਾਹਿਬ ਵਾਲੇ ( ਗੁਰੂ ਕੇ ) ਲੈਣ ਆਉਂਦੇ ਅਤੇ ਗੁਰੂ ਸਾਹਿਬਾਨ ਕੋਲ ਲੰਗਰਾਂ ਤੱਕ ਪੁਜਦੀ ਕੀਤੀ ਜਾਂਦੀ ।
ਦਾਸੂਵਾਲ ਇਲਾਕੇ ਦੇ ਗੁਰੂ -ਕਾਲ ਤੋਂ “ਬਾਬੇ ਕੇ” ਕਰਕੇ ਜਾਣੇ ਜਾਂਦੇ ਪਰਿਵਾਰ ਵਿੱਚ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ ਜਨਮ ਹੋਇਆ । ਗੁਰੂ ਘਰ ਦੀ ਸੇਵਾ ਜਨਮ ਤੋਂ ਗੁੜਤੀ ਵਿੱਚ ਹੀ ਮਿਲੀ ।
ਚੜਦੀ ਉਮਰੇ ਦੋ ਸਾਲ ਲਗਾਤਾਰ ਹਰ ਐਤਵਾਰ ਪਿੰਡ ਤੋਂ 45 km ਦੂਰ ਤਰਨਤਾਰਨ ਸਾਹਿਬ ਜਾਂਦੇ ਅਤੇ ਸਰੋਵਰ ਵਿਚੋਂ ਗਾਰ ਕੱਢਣ ਦੀ ਸੇਵਾ ਕਰਦੇ । ਸਤਿਗੁਰਾਂ ਦੀ ਐਸੀ ਰਹਿਮਤ ਹੋਈ ਕਿ ਸਮੁੱਚਾ ਜੀਵਨ ਹੀ ਸੇਵਾ ਰੂਪ ਹੋ ਗਿਆ । ਇਸ ਸੇਵਾ ਉਪਰੰਤ ਜਦ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਤਾਂ ਸਤਿਗੁਰਾਂ ਅੱਗੇ ਤਨੋ ਮਨੋ ਐਸੀ ਭਾਵਨੀ ਨਾਲ ਸੀਸ ਭੇਟ ਕੀਤਾ ਜੋ ਸਤਿਗੁਰਾਂ ਨੂੰ ਭਾਅ ਗਿਆ ।
“ ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ “
1978 ਅੰਮ੍ਰਿਤਸਰ ਦੇ ਵਿਸਾਖੀ ਸਾਕੇ ਚ’ ਨਕਲੀ ਨਿਰੰਕਾਰੀਆਂ ਵਲੋਂ ਗੁਰੂ ਸਾਹਿਬ ਦੀ ਕੀਤੀ ਬੇਅਦਬੀ ਅਤੇ ਭਾਈ ਫੌਜਾ ਸਿੰਘ ਜੀ ਸਹਿਤ 13 ਸਿੰਘਾਂ ਦੀ ਸ਼ਹੀਦੀ ਨੇ ਐਸਾ ਝੰਜੋੜਿਆ ਕਿ “ਅਬ ਜੂਝਨ ਕੋ ਦਾਉ” ਜਾਣ ਰਣ ਤੱਤੇ �ਵਿੱਚ ਆਣ ਨਿੱਤਰੇ । ਸਾਥੀ ਸਿੰਘਾਂ ਨਾਲ ਮਿਲਕੇ ਨਿਰੰਕਾਰੀਆਂ ਦੇ ਐਸੇ ਆਹੂ ਲਾਹੇ ਕਿ ਦਿੱਲੀ ਤੱਕ ਸਰਕਾਰੀ ਤੰਤਰ ਕੰਬਣ ਲੱਗਾ ।
ਮੌਜੂਦਾ ਹਥਿਆਰਬੰਦ ਸੰਘਰਸ਼ ਦਾ ਮੁੱਢ ਬੰਨਿਆ ਗਿਆ । ਘਰ-ਘਰ ਬੱਬਰਾਂ ਦੀ ਦਲੇਰੀ ਦੀਆਂ ਗੱਲਾਂ ਹੋਣ ਲੱਗੀਆਂ । ਬੱਬਰ ਖਾਲਸਾ ਜਥੇਬੰਦੀ ਹੋਂਦ ਵਿੱਚ ਆਈ ਅਤੇ ਭਾਈ ਸੁਖਦੇਵ ਸਿੰਘ ਬੱਬਰ ਪਹਿਲੇ ਜਥੇਦਾਰ ਥਾਪੇ ਗਏ ਉਹਨਾਂ ਦੇ ਵੱਡੇ ਭਰਾ ਭਾਈ ਮਹਿਲ ਸਿੰਘ ਜੀ ਨੇ ਵੀ ਹਾਈ-ਕਮਾਂਡ ਵਿੱਚ ਅਹਿਮ ਸੇਵਾਵਾਂ ਨਿਭਾਈਆਂ । ਤੀਜੇ ਭਰਾਤਾ ਭਾਈ ਰਸਾਲ ਸਿੰਘ ਜਥੇਬੰਦੀ ਦੇ ਐਕਸ਼ਨਾਂ ਲਈ ਕਈ ਭੇਤ ਇਕੱਤਰ ਕਰਕੇ ਲਿਆਉਂਦੇ ਰਹੇ ।
ਬੱਬਰ ਭਰਾਵਾਂ ਦੀ ਦਲੇਰੀ ਦੀਆਂ ਗੱਲਾਂ ਸੱਥਾਂ ਵਿੱਚ ਵੀ ਹੋਣ ਲੱਗੀਆਂ ਇਉਂ “ਬਾਬੇ ਕੇ” ਕਰਕੇ ਜਾਣਿਆ ਜਾਂਦਾ ਪਰਿਵਾਰ “ਬੱਬਰਾਂ ਦੀਆਂ ਬਹਿਕਾਂ” ਕਰਕੇ ਜਾਣਿਆ ਜਾਣ ਲੱਗਾ ਅਤੇ ਇਲਾਕੇ ਵਿੱਚ “ਬਾਬੇ ਕੇ ਬੱਬਰ” ਵੀ ਆਖੇ ਜਾਣ ਲੱਗੇ ।
ਜਲਾਵਤਨੀ ਦਾ ਲੰਮਾਂ ਜੀਵਨ ਬਤੀਤ ਕਰਦਿਆਂ,
ਭਾਈ ਮਹਿਲ ਸਿੰਘ ਜੀ ਬੱਬਰ” ਦਾਸੂਵਾਲ ਨੇ ਮੋਜੂਦਾ ਸਿੱਖ ਸੰਘਰਸ਼ ਤੋਂ ਇਲਾਵਾ ਪਰਿਵਾਰ ਚ’ ਗੁਰੂ ਕਾਲ ਤੋਂ ਚੱਲੀ ਆ ਰਹੀ “ ਬਾਬੇ ਕਿਆਂ ਦੀ’ ਪੁਰਾਤਨ ਪਰੰਪਰਾ’ ਦੇ ਅਨੁਸਾਰ ਪਾਕਿਸਤਾਨ ਸਥਿਤ ਪੰਥ ਤੋਂ ਵਿੱਛੜੇ ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ ਉਸਾਰੀ ਵਿੱਚ ਵੀ ਅਹਿਮ ਯੋਗਦਾਨ ਪਾਇਆ ਤੇ ਗੁਰੂ ਕੀਆਂ ਖੁਸ਼ੀਆਂ ਹਾਸਲ ਕੀਤੀਆਂ ਤੇ ਗੁਰੂ ਗੁਰੂ ਜਪਦਿਆਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਚ’ ਜਾ ਬਿਰਾਜੇ !
ਸੇਵਕ ਕੀ ਓੜਕਿ ਨਿਬਹੀ ਪ੍ਰੀਤ ॥
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤ ॥੧ ॥