ਸਾਖੀ ਗੁਰੂ ਬਖਸ਼ਿਸ਼

ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੇਠ ਸਿੱਖ ਜਿਹੜਾ ਕਿ ਬਹੁਤ ਅਮੀਰ ਸੀ। ਗੁਰੂ ਸਾਹਿਬ ਦੀ ਕਿਰਪਾ ਨਾਲ ਕਾਫ਼ੀ ਧਨ ਦੌਲਤ ਇਸ ਨੇ ਜੋੜ ਰੱਖਿਆ ਸੀ। ਆਪਣੀ ਸਾਰੀ ਕਮਾਈ ਦਾ ਦਸਵੰਧ ਇਹ ਗੁਰੂ ਸਾਹਿਬ ਨੂੰ ਆਪ ਅਨੰਦਪੁਰ ਆਕੇ ਭੇਟ ਕਰਿਆ ਕਰਦਾ ਸੀ।
ਇਕ ਸਮਾਂ ਐਸਾ ਬਣਿਆ ਕਿ ਇਸ ਤੋਂ ਆਪ ਦਸਵੰਧ ਦੇਣ ਨਾ ਆਇਆ ਗਿਆ। ਇਸ ਨੇ ਆਪਣੇ ਪੁੱਤਰ ਨੂੰ ਇਹ ਸੋਚਕੇ ਕਿ ਇਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਲਵੇਗਾ ਤੇ ਇਸ ਨੂੰ ਵੀ ਕੁਝ ਸੌਝੀ ਧਰਮ ਕਰਮ ਦੀ ਪਵੇਗੀ ਗੁਰੂ ਸਾਹਿਬ ਕੋਲ ਦਸਵੰਧ ਦੇਕੇ ਭੇਜ ਦਿੱਤਾ। ਕਈ ਪ੍ਰਕਾਰ ਦੇ ਮਹਿੰਗੇ ਬਸਤਰ ਉਪਕਾਰੀ ਵਸਤੂਆਂ ਤੇ ਧਨ ਰਾਸ਼ੀ ਲੈਕੇ ਇਸ ਦਾ ਪੁੱਤਰ ਅਨੰਦਪੁਰ ਸਾਹਿਬ ਆ ਪੁੱਜਾ।
ਪਿਤਾ ਦੇ ਕਹਿਣ ਤੇ ਆ ਗਿਆ ਪਰ ਸੀ ਇਹ ਧਰਮ ਵਾਲੇ ਪਾਸਿਓਂ ਉਕਾ ਹੀ ਕੋਰਾ ਥੋੜ੍ਹਾ ਨਾਸਤਿਕ ਬਿਰਤੀ ਦਾ ਸੀ ਧਰਮ ਪ੍ਰਤੀ ਸ਼ਰਧਾ ਵਿਸ਼ਵਾਸ਼ ਵਾਲਾ ਬੀਜ ਇਸ ਦੇ ਮਨ ਵਿੱਚ ਨਹੀਂ ਸੀ ਪੁੰਗਰਿਆ। ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠਾ ਗੁਰੂ ਸਾਹਿਬ ਦੇ ਬਚਨ ਸੁਣੇ ਪਰ ਅਸਰ ਕੁਝ ਨਾ ਹੋਇਆ। ਗੁਰੂ ਸਾਹਿਬ ਦੇ ਅਮੋਲਕ ਬਚਨ ਇਸ ਨੇ ਇਉਂ ਵਿਸਾਰ ਦਿੱਤੇ ਜਿਵੇਂ ਰੇਤ ਉਤੇ ਡੁਲਿਆ ਪਾਣੀ ਹੁੰਦਾ।
ਗੁਰੂ ਵੀ ਉਸ ਨੂੰ ਸੁਧਾਰ ਸਕਦਾ ਹੈ ਜੋ ਆਪ ਸੁਧਰਨਾ ਚਾਹੁੰਦਾ ਹੈ। ਇਸ ਲਈ ਗੁਰਬਾਣੀ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ।
ਕਬੀਰ ਸਾਚਾ ਸਤਿਗੁਰ ਕਿਆ ਕਰੈ ਜਾ ਸਿਖਾ ਮਹਿ ਚੂਕ।।
ਅੰਧੇ ਏਕ ਨਾ ਲਗਈ ਜਿਉਂ ਬਾਂਸ ਬਜਾਈਐ ਫੂਕ।।
ਭਾਵ ਕਿ ਸੱਚਾ ਸਤਿਗੁਰੂ ਕੀ ਕਰੇ ਜੇ ਸਿੱਖ ਵਿੱਚ ਹੀ ਊਣਤਾਈ ਹੈ। ਗੁਰੂ ਸਾਹਿਬ ਦੇ ਕੀਤੇ ਬਚਨਾਂ ਨੂੰ ਉਹ ਇਉਂ ਟਾਲ ਦਿੰਦਾ ਹੈ। ਜਿਉਂ ਬਾਂਸ ਵਿੱਚ ਫੂਕ ਮਾਰੇ ਤੋਂ ਦੂਜੇ ਪਾਸੇ ਨਿਕਲ ਜਾਂਦੀ ਹੈ। ਭਾਵ ਬਚਨ ਸੁਣਕੇ ਉਸ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਤੇ ਇਕ ਕੰਨ ਸੁਣਕੇ ਦੂਸਰੇ ਕੰਨ ਕੱਢ ਦਿੰਦਾ ਹੈ। ਅਜਿਹੇ ਸਿੱਖ ਦਾ ਗੁਰੂ ਕਦੇ ਵੀ ਭਲਾ ਨਹੀਂ ਕਰ ਸਕਦਾ ਭਲਾ ਉਸ ਦਾ ਹੀ ਹੋਊ ਜੋ ਗੁਰੂ ਸਾਹਿਬ ਦੇ ਬਚਨਾ ਨੂੰ ਮੰਨਦਾ ਹੈ ਅਤੇ ਉਸ ਅਨੁਸਾਰ ਜੀਵਣ ਢਾਲਦਾ ਹੈ।
ਇਸ ਨੇ ਆਪਣੇ ਪਿਤਾ ਵਲੋਂ ਦਿੱਤੀਆਂ ਸੌਗਾਤਾਂ ਗੁਰੂ ਸਾਹਿਬ ਨੂੰ ਭੇਂਟ ਕੀਤੀਆਂ।ਗੁਰੂ ਸਾਹਿਬ ਨੇ ਇਸ ਨੂੰ ਪ੍ਰਸ਼ਾਦ ਅਤੇ ਇਕ ਕੜ੍ਹਾ ਦਿੱਤਾ ਅਤੇ ਕਿਹਾ ਕਿ ਤੁਹਾਡੇ ਤੇ ਗੁਰੂ ਸਾਹਿਬ ਦੀਆਂ ਬੇਅੰਤ ਬਖਸ਼ਿਸ਼ਾਂ ਹਨ। ਗੁਰੂ ਸਾਹਿਬ ਵੱਲੋਂ ਦਿੱਤਾ ਪ੍ਰਸ਼ਾਦ ਅਤੇ ਕੜ੍ਹਾ ਦੇਖ ਇਹ ਬਹੁਤ ਹੈਰਾਨ ਹੋਇਆ ਤੇ ਸੋਚਣ ਲੱਗਾ ਐਨੀਆਂ ਵਸਤੂਆਂ ਦਿੱਤੀਆਂ ਪਰ ਇਸ ਗੁਰੂ ਨੇ ਅੱਗੋਂ ਲੋਹਾ ਦਾ ਇਕ ਕੜ੍ਹਾ ਹੀ ਦਿੱਤਾ। ਸੋਚਣ ਲੱਗਾ ਮੇਰਾ ਪਿਓ ਵੀ ਕਿੱਡਾ ਮੂਰਖ ਹੈ ਜੋ ਇਸ ਗੁਰੂ ਪਿੱਛੇ ਲੱਗਾ ਹੈ।
ਇਹ ਸੋਚਦਾ ਘਰ ਨੂੰ ਪਰਤ ਰਿਹਾ ਸੀ ਤਾਂ ਰਾਤ ਇਕ ਸਿੱਖ ਦੇ ਘਰ ਮੁਕਾਮ ਕੀਤਾ। ਬੜਾ ਸੋਚਾਂ ਵਿਚ ਪਿਆ ਉਦਾਸ ਸੀ। ਸਿੱਖ ਨੇ ਇਸ ਦੇ ਮੂੰਹ ਤੇ ਉਦਾਸੀ ਦੇਖਕੇ ਪੁੱਛਿਆ ਕੀ ਗੱਲ ਭਾਈ ਜੀ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਆਏ ਜੇ ਤਦ ਵੀ ਇਤਨੇ ਉਦਾਸ ਜੇ ਕੀ ਗੱਲ ਹੈ ਤਾਂ ਅੱਗੋਂ ਉਸ ਵਪਾਰੀ ਦੇ ਪੁੱਤਰ ਨੇ ਜਵਾਬ ਦਿੱਤਾ ਕਾਹਦਾ ਗੁਰੂ ਮੈਂ ਇਤਨੀਆਂ ਚੀਜ਼ਾਂ ਭੇਟ ਕੀਤੀਆਂ ਪਰ ਉਸ ਗੁਰੂ ਨੇ ਅੱਗੋਂ ਮੈਨੂੰ ਇਕ ਲੋਹੇ ਦਾ ਕੜਾ ਦਿੱਤਾ ਤੇ ਨਾਲੇ ਕਹਿ ਦਿੱਤਾ ਤੁਹਾਡੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਹਨ।
ਮੈਂਨੂੰ ਤਾਂ ਆਪਣੇ ਬਾਪ ਤੇ ਗੁੱਸਾ ਆ ਰਿਹਾ ਹੈ ਜੇ ਇਤਨਾ ਪੈਸਾ ਵਪਾਰ ਵਿੱਚ ਲਾਇਆ ਹੁੰਦਾ ਤਾਂ ਕਿਤਨਾ ਕੰਮ ਹੋਰ ਵੱਧ ਜਾਣਾ ਸੀ। ਪਰ ਸਾਰੇ ਪੈਸੇ ਬਰਬਾਦ ਕਰ ਦਿੱਤੇ। ਉਸ ਦੀਆਂ ਅਜਿਹੀਆਂ ਗੱਲਾਂ ਸੁਣਕੇ ਸਿੱਖ ਸਮਝ ਗਿਆ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਨਹੀਂ ਸਮਝਦਾ ਉਸ ਸਿੱਖ ਨੇ ਕਿਹਾ ਚਲ ਇਹ ਦੱਸ ਤੂੰ ਮੈਨੂੰ ਇਹ ਕੜਾ ਤੇ ਪ੍ਰਸ਼ਾਦ ਦੇਣ ਦੀ ਕਿੰਨੀ ਕੀਮਤ ਲੈਣੀ ਹੈ। ਤਾਂ ਵਪਾਰੀ ਦੇ ਪੁੱਤਰ ਨੇ ਝੱਟ ਕਿਹਾ ਪੰਜ ਸੌ ਰੁਪਏ ਮਿਲ ਜਾਣ ਤਾਂ ਵਧੀਆ ਹੈ। ਇਹ ਸੁਣ ਸਿੱਖ ਖੁਸ਼ ਹੋਗਿਆ ਉਸਨੇ ਘਰ ਦਾ ਕੁਝ ਸਮਾਨ ਸਸਤੇ ਭਾਅ ਵੇਚਿਆ ਕੁਝ ਪੈਸਾ ਉਧਾਰ ਫੜਿਆ ਤੇ ਕਿਤੋਂ ਵੀ ਪੰਜ ਸੌ ਰੁਪਈਆ ਕਰਕੇ ਉਸ ਵਪਾਰ ਦੇ ਪੁੱਤਰ ਨੂੰ ਦੇ ਦਿੱਤਾ।
ਵਪਾਰੀ ਦੇ ਪੁੱਤਰ ਨੇ ਸੋਚਿਆ ਮੈਂ ਤਾਂ ਸੋਚਦਾ ਸੀ ਮੇਰਾ ਪਿਉ ਹੀ ਮੂਰਖ ਹੈ ਪਰ ਇਹ ਤਾਂ ਉਸਤੋਂ ਵੀ ਉੱਪਰ ਹੈ। ਸਿੱਖ ਨੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੇਰੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਉਸ ਤਰ੍ਹਾਂ ਹੀ ਉਹ ਬਖਸ਼ਿਸ਼ ਤੂੰ ਮੈਨੂੰ ਦੇ ਦੇ। ਵਪਾਰੀ ਦੇ ਪੁੱਤਰ ਨੇ ਝੱਟ ਹੀ ਕਿਹਾ ਕਿ ਜੋ ਗੁਰੂ ਸਾਹਿਬ ਨੇ ਮੈਨੂੰ ਬਖਸ਼ਿਸ਼ ਕੀਤੀ ਹੈ। ਉਹ ਮੈਂ ਤੈਨੂੰ ਦਿੰਦਾ ਹਾਂ। ਸਰਬ ਲੋਹ ਦਾ ਕੜਾ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਕੇ ਇਹ ਸਿੱਖ ਬਹੁਤ ਖੁਸ਼ ਹੋਇਆ। ਇਹ ਇਕ ਸ਼ਰਧਾਵਾਨ ਸਿੱਖ ਸੀ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਸਮਝਦਾ ਸੀ। ਜਿਸ ਤਰ੍ਹਾਂ ਹੀਰੇ ਦੀ ਪਰਖ ਜੌਹਰੀ ਨੂੰ ਹੀ ਹੁੰਦੀ ਹੈ। ਕਰਿਆਨੇ ਦੀਆਂ ਹੱਟੀਆਂ ਤੇ ਹੀਰੇ ਦਾ ਮੁੱਲ ਨਹੀਂ ਪੈਂਦਾ।
ਉਸੇ ਤਰ੍ਹਾਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸ਼ਰਧਾ ਤੇ ਭਾਵਨਾ ਵਾਲੇ ਹੀ ਲੈਂਦੇ ਹਨ। ਦੂਸਰਿਆਂ ਤਾਂ ਸਿਰਫ਼ ਤਰਕਾਂ ਕੁਤਰਕਾਂ ਵਿੱਚ ਹੀ ਪਏ ਰਹਿੰਦੇ ਹਨ।
ਵਪਾਰੀ ਦਾ ਪੁੱਤਰ ਬਹੁਤ ਖੁਸ਼ ਹੋਇਆ ਕਿ ਉਸਨੇ ਸਿੱਖ ਨੂੰ ਮੂਰਖ ਬਣਾਕੇ ਪੰਜ ਸੌ ਰੁਪਇਆ ਕਮਾ ਲਿਆ ਹੈ ਰਸਤੇ ਵਿੱਚ ਉਸਨੇ ਉਨ੍ਹਾਂ ਪੰਜ ਸੌ ਰੁਪਇਆ ਨਾਲ ਹੀਰੇ ਖਰੀਦੇ ਤੇ ਅੱਗੇ ਮਹਿੰਗੇ ਕਰਕੇ ਵੇਚ ਦਿੱਤੇ। ਉਸ ਤੋਂ ਹੋਰ ਵਸਤੂ ਖਰੀਦੀ ਤੇ ਮਹਿੰਗੀ ਵੇਚ ਦਿੱਤੀ। ਇਸ ਤਰ੍ਹਾਂ ਪੰਜ ਸੋ ਦਾ ਇਸਨੇ ਪੰਦਰਾਂ ਸੌ ਬਣਾ ਲਿਆ। ਇਹ ਸੌਦਾ ਕਰਕੇ ਬਹੁਤ ਖੁਸ਼ ਹੋਇਆ ਤੇ ਆਪਣੇ ਪਿਤਾ ਨੂੰ ਦੱਸਣ ਲੱਗਾ ਕਿ ਦੇਖ ਮੈਂ ਕਿਤਨਾ ਵਧੀਆਂ ਵਪਾਰ ਕੀਤਾ ਹੈ। ਗੁਰੂ ਦੇ ਦਿੱਤੇ ਲੋਹੇ ਦੇ ਕੜੇ ਨੂੰ ਮੈਂ ਪੰਜ ਸੌ ਦਾ ਵੇਚਕੇ ਪੰਦਰਾਂ ਸੌ ਬਣਾ ਲਿਆ ਹੈ। ਪਿਤਾ ਨੇ ਸਾਰੀ ਗੱਲ ਸੁਣੀ ਤੇ ਮੱਥੇ ਉੱਤੇ ਹੱਥ ਮਾਰਕੇ ਬਹੁਤ ਪਛਤਾਇਆ।
ਆਖਣ ਲੱਗਾ ਇਹ ਤੂੰ ਕੀ ਕਰ ਆਇਆਂ ਹੈਂ ਉਹ ਸਿੱਖ ਮੂਰਖ ਨਹੀਂ ਸੀ ਉਹ ਜਾਣਦਾ ਸੀ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਤੂੰ ਇਹ ਕਰਕੇ ਬਹੁਤ ਘਾਟਾ ਖਾਧਾ ਹੈ। ਗੱਲ ਕੀ ਥੋੜ੍ਹੀ ਹੀ ਸਮਾਂ ਪਿਆ ਜਿਸ ਗਰੀਬ ਸਿੱਖ ਨੇ ਉਹ ਕੜਾ ਤੇ ਬਖਸ਼ਿਸ਼ਾਂ ਖਰੀਦੀਆਂ ਸਨ ਉਹ ਕੁਝ ਸਮੇਂ ਵਿੱਚ ਹੀ ਅਮੀਰ ਹੋ ਗਿਆ ਤੇ ਇਧਰ ਵਪਾਰੀ ਤੇ ਉਸ ਦਾ ਪੁੱਤਰ ਦਿਨੋਂ ਦਿਨ ਘਾਟੇ ਖਾਂਦੇ ਰੋਟੀ ਤੋਂ ਵੀ ਮੁਥਾਜ ਹੋ ਗਏ।
ਵਪਾਰੀ ਨੇ ਆਪਣੇ ਪੁੱਤਰ ਨੂੰ ਨਾਲ ਲਿਆ ਤੇ ਜਿਸ ਸਿੱਖ ਨੂੰ ਕੜਾ ਵੇਚਿਆ ਸੀ ਉਸ ਪਾਸ ਗਏ ਉਸ ਨੂੰ ਨਾਲ ਲੈਕੇ ਅਨੰਦਪੁਰ ਗਏ ਤੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਈ।
ਪਹਿਲੇ ਸਮੇਂ ਵਿੱਚ ਬਜ਼ੁਰਗ ਗੁਰਦੁਆਰਾ ਸਾਹਿਬ ਤੋਂ ਮਿਲਿਆ ਪ੍ਰਸ਼ਾਦ ਉਥੇ ਹੀ ਖਾ ਆਉਂਦੇ ਸਨ। ਘਰ ਨਹੀਂ ਸੀ ਲਿਆਉਂਦੇ ਅਤੇ ਨਾ ਹੀ ਕਿਸੇ ਨੂੰ ਦਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸਾਨੂੰ ਹੀ ਮਿਲੀ ਹੈ। ਜੇ ਘਰ ਲਿਜਾਣਾ ਵੀ ਹੁੰਦਾ ਤਾਂ ਆਪਣਾ ਗੱਫਾ ਛੱਕ ਕੇ ਹੋਰ ਲੈ ਲੈਂਦੇ ਸਨ। ਘਰ ਲਿਜਾਣ ਲਈ ਪਰ ਅੱਜ ਦੇਖਿਆ ਜਾਂਦਾ ਹੈ ਕਿ ਕਈ ਸੱਜਣ ਪ੍ਰਸ਼ਾਦ ਲੈਕੇ ਨਾਲ ਵਾਲਿਆਂ ਨੂੰ ਥੋੜ੍ਹਾ ਥੋੜ੍ਹਾ ਦੇ ਦਿੰਦੇ ਹਨ ਤੇ ਕਹਿੰਦੇ ਹਨ ਕਿ ਮੈਨੂੰ ਸ਼ੂਗਰ ਹੈ ਮੈਂ ਜ਼ਿਆਦਾ ਨਹੀਂ ਖਾਣਾ ਆਦਿ।
ਜਦਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੁੰਦੀ ਹੈ ਜੋ ਸਾਨੂੰ ਗੁਰੂ ਘਰ ਵੱਲੋਂ ਮਿਲਦੀ ਹੈ ਭਾਵੇਂ ਸਿਰਪਾਓ ਹੋਵੇ ਚਾਹੇ ਕੋਈ ਹੋਰ ਵਸਤੂ ਉਸ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝਕੇ ਸਤਿਕਾਰਣਾ ਚਾਹੀਦਾ ਹੈ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏
Harmanpreet Singh


Share On Whatsapp

Leave a Reply




top