ਅਮ੍ਰਿਤ ਵੇਲੇ ਦਾ ਹੁਕਮਨਾਮਾ – 15 ਅਗਸਤ 2023

ਅੰਗ : 623

ਸੋਰਠਿ ਮਹਲਾ ੫ ॥ ਵਿਚਿ ਕਰਤਾ ਪੁਰਖੁ ਖਲੋਆ ॥ ਵਾਲੁ ਨ ਵਿੰਗਾ ਹੋਆ ॥ ਮਜਨੁ ਗੁਰ ਆਂਦਾ ਰਾਸੇ ॥ ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥ ਸੰਤਹੁ ਰਾਮਦਾਸ ਸਰੋਵਰੁ ਨੀਕਾ ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥ ਜੈ ਜੈ ਕਾਰੁ ਜਗੁ ਗਾਵੈ ॥ ਮਨ ਚਿੰਦਿਅੜੇ ਫਲ ਪਾਵੈ ॥ ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥੨॥ ਸੰਤ ਸਰੋਵਰ ਨਾਵੈ ॥ ਸੋ ਜਨੁ ਪਰਮ ਗਤਿ ਪਾਵੈ ॥ ਮਰੈ ਨ ਆਵੈ ਜਾਈ ॥ ਹਰਿ ਹਰਿ ਨਾਮੁ ਧਿਆਈ ॥੩॥ ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥ ਜਿਸੁ ਦਇਆਲੁ ਹੋਇ ਭਗਵਾਨੈ ॥ ਬਾਬਾ ਨਾਨਕ ਪ੍ਰਭ ਸਰਣਾਈ ॥ ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥

ਅਰਥ: (ਹੇ ਭਾਈ! ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ, ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ। ਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ, (ਉਸ ਦੀ ਆਤਮਕ ਰਾਸਿ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।੧। ਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ। ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ) , ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧।ਰਹਾਉ। ਹੇ ਭਾਈ! ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ, (ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ। ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ, ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।੨। ਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ, ਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।੩। ਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ, ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਹੇ ਨਾਨਕ! (ਆਖ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ, ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ।੪।੭।੫੭।

Share On Whatsapp
Leave a Reply




"1" Comment
Leave Comment
  1. Waheguru Ji🙏🌹