ਅਮ੍ਰਿਤ ਵੇਲੇ ਦਾ ਹੁਕਮਨਾਮਾ – 28 ਜੁਲਾਈ 2023

ਅੰਗ : 557

ਵਡਹੰਸੁ ਮਹਲਾ ੧ ਘਰੁ ੨ ॥ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ॥ ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥ ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥ ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥ ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥ ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥ ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥ ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥

ਅਰਥ: ਹੇ ਭੈਣ! ਸਾਵਨ (ਦਾ ਮਹੀਨਾ) ਆ ਗਿਆ ਹੈ (ਸਾਵਨ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ) ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ (ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ)। (ਹੇ ਪ੍ਰਭੂ!) ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ-ਇਸਤ੍ਰੀ ਵਾਸਤੇ, ਮਾਨੋ, ਕਟਾਰ ਹੈ (ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ) ਫਾਹੀ ਹੈ, ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ (ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ ਹੈ)। (ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ (ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ) ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ। (ਹੇ ਪ੍ਰਭੂ!) ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ) ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ (ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)। ਜੇ ਕੁਦਰਤਿ ਵਿਚ ਤੂੰ ਨ ਦਿੱਸੇਂ ਤਾਂ ਇਹ ਆਖਣ ਵਿਚ ਕੀਹ ਸਵਾਦ ਰਹਿ ਜਾਏ ਕਿ ਕੁਦਰਤਿ ਸੋਹਣੀ ਹੈ? ਹੇ ਭੋਲੀ ਇਸਤ੍ਰੀਏ! ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿਚ ਚੂੜਾ ਪਾਇਆ, ਤੇ ਹੋਰ ਭੀ ਕਈ ਸਿੰਗਾਰ ਕੀਤੇ, ਪਰ) ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?, ਫਿਰ) ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ। ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ। (ਭਾਵ, ਜੇ ਜੀਵ-ਇਸਤ੍ਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿਚ ਹੀ ਗੁਜ਼ਾਰ ਦੇਵੇ, ਇਸ ਨੂੰ ਧਰਮ-ਉਪਦੇਸ਼ ਦੇਣ ਵਾਲਾ ਭੀ ਜੇ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ, ਤਾਂ ਇਹ ਸਾਰੇ ਉੱਦਮ ਵਿਅਰਥ ਚਲੇ ਗਏ, ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਉਸ ਦੇ ਨਾਲ ਤਾਂ ਸਿਰਫ਼ ਆਤਮਕ ਮਿਲਾਪ ਹੀ ਹੋ ਸਕਦਾ ਹੈ) । (ਪ੍ਰਭੂ-ਚਰਨਾਂ ਵਿਚ ਜੁੜਨ ਵਾਲੀਆਂ) ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ (ਪਰ ਮੈਂ ਜੇਹੜੀ ਨਿਰੇ ਵਿਖਾਵੇ ਦੇ ਹੀ ਧਰਮ-ਭੇਖ ਕਰਦੀ ਰਹੀ) ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ? ਹੇ ਸਖੀ! ਮੈਂ (ਇਹਨਾਂ ਧਰਮ-ਭੇਖਾਂ ਤੇ ਹੀ ਟੇਕ ਰੱਖ ਕੇ) ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ, ਪ੍ਰਭੂ ਪਤੀ! ਕਿਸੇ ਇੱਕ ਭੀ ਗੁਣ ਕਰ ਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ। ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ। (ਪ੍ਰਭੂ-ਪਤੀ ਤੋਂ ਵਿਛੁੜ ਕੇ) ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ (ਮੇਰੀ ਦੁਖੀ ਹਾਲਤ ਤੇ) ਤਰਸ ਕਰ ਰਹੇ ਹਨ। ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ (ਜੋ ਮੇਰੀ ਖ਼ਲਾਸੀ ਨਹੀਂ ਕਰਦਾ) , ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ। (ਹੇ ਪਤੀ!) ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ। ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ। ਨੀਂਦ ਅੱਗੇ ਹੀ ਤਰਲੇ ਕਰਦੀ ਹਾਂ-) ਹੇ ਭਾਗਾਂ ਵਾਲੀ ਸੋਹਣੀ ਨੀਂਦ! ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ। ਹੇ ਨਾਨਕ! ਪ੍ਰਭੂ-ਦਰ ਤੇ) ਆਖ-ਹੇ ਮੇਰੇ ਮਾਲਕ! ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ! ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ। ਜਦੋਂ ਸਾਡਾ ਪ੍ਰਭੂ-ਪਤੀ (ਸਾਡੀ ਮੂਰਖਤਾ ਦੇ ਕਾਰਨ) ਸਾਥੋਂ ਓਪਰਾ ਹੋ ਜਾਏ (ਤਾਂ ਉਸ ਨੂੰ ਮੁੜ ਆਪਣਾ ਬਨਾਣ ਲਈ ਇਹੀ ਇਕ ਤਰੀਕਾ ਹੈ ਕਿ) ਅਸੀ ਆਪਾ-ਭਾਵ ਮਾਰ ਦੇਈਏ, ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ।੧।੩।

Share On Whatsapp
Leave a Reply to SIMRANJOT SINGH

Click here to cancel reply.




"1" Comment
Leave Comment
  1. SIMRANJOT SINGH

    Waheguru Ji🙏🌹