ਅਮ੍ਰਿਤ ਵੇਲੇ ਦਾ ਹੁਕਮਨਾਮਾ – 30 ਜੂਨ 2023

ਅੰਗ : 569

ਵਡਹੰਸੁ ਮਹਲਾ ੩ ॥ ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥ ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥ ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥ ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥

ਅਰਥ: ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, (ਇਸ ਦੀ ਬਰਕਤਿ ਨਾਲ) ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ, ਗੁਰੂ ਦੇ ਸ਼ਬਦ ਵਿਚ, ਸੁਰਤਿ ਜੋੜੀ ਰੱਖਦਾ ਹੈ, ਮੌਤ (ਆਤਮਕ ਮੌਤ) ਉਸ ਵਲ ਤੱਕ ਭੀ ਨਹੀਂ ਸਕਦੀ, ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿਚ ਮਾਇਆ ਦੀ ਭਟਕਣਾ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ। (ਇਸ ਵਾਸਤੇ) ਨਾਨਕ ਆਖਦਾ ਹੈ-ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ।੧।

Share On Whatsapp
Leave a Reply




"1" Comment
Leave Comment
  1. SIMRANJOT SINGH

    Waheguru Ji🙏