ਅਮ੍ਰਿਤ ਵੇਲੇ ਦਾ ਹੁਕਮਨਾਮਾ – 15 ਫਰਵਰੀ 2023

ਅੰਗ : 862

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ਮਾਟੀ ਮਹਿ ਜੋਤਿ ਰਖੀ ਨਿਵਾਜਿ ॥ ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ॥ ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥ ਪਾਰਬ੍ਰਹਮ ਕੀ ਲਾਗਉ ਸੇਵ ॥ ਗੁਰ ਤੇ ਸੁਝੈ ਨਿਰੰਜਨ ਦੇਵ॥੧॥ ਰਹਾਉ ॥ ਜਿਨਿ ਕੀਏ ਰੰਗ ਅਨਿਕ ਪਰਕਾਰ ॥ ਓਪਤਿ ਪਰਲਉ ਨਿਮਖ ਮਝਾਰ ॥ ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥ ਆਇ ਨ ਜਾਵੈ ਨਿਹਚਲੁ ਧਨੀ ॥ ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥ ਲਾਲ ਨਾਮ ਜਾ ਕੈ ਭਰੇ ਭੰਡਾਰ ॥ ਸਗਲ ਘਟਾ ਦੇਵੈ ਆਧਾਰ ॥੩॥ ਸਤਿ ਪੁਰਖੁ ਜਾ ਕੋ ਹੈ ਨਾਉ ॥ ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥ ਬਾਲ ਸਖਾਈ ਭਗਤਨ ਕੋ ਮੀਤ ॥ ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥

ਅਰਥ : ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ, ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ, ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ, ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ।੧। ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ । ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ।੧।ਰਹਾਉ।ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ, ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ, ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ, ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ ।੨।ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ । ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ । ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ । ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ।੩।ਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ, ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕਰੋੜਾਂ ਪਾਪ ਮਿਟ ਜਾਂਦੇ ਹਨ । ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ, ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ ।੪।੧।੩।

Share On Whatsapp
Leave a Reply to SIMRANJOT SINGH

Click here to cancel reply.




"1" Comment
Leave Comment
  1. Waheguru Ji🙏