ਅਮ੍ਰਿਤ ਵੇਲੇ ਦਾ ਹੁਕਮਨਾਮਾ – 10 ਫਰਵਰੀ 2023

ਅੰਗ : 479

ਆਸਾ ॥
ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ ਅਹਿਰਖ ਵਾਦੁ ਨ ਕੀਜੈ ਰੇ ਮਨ ॥ ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥ ਕੁਮਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥ ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥੩॥ ਹਰਿ ਜਨੁ ਊਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥ ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ॥੪॥ ਕਹੈ ਕਬੀਰੁ ਸੁਨਹੁ ਰੇ ਸੰਤਹੁ ਮੇਰੀ ਮੇਰੀ ਝੂਠੀ ॥ ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥੫॥੩॥੧੬॥

ਅਰਥ : (ਪਰਮਾਤਮਾ ਨੇ) ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ (ਪਾਣ ਨੂੰ) ਦਿੱਤੇ ਹਨ ਤੇ ਨਿਵਾਰੀ ਪਲੰਘ (ਸੌਣ ਨੂੰ); ਪਰ ਕਈ (ਵਿਚਾਰਿਆਂ) ਨੂੰ ਗਲੀ ਹੋਈ ਜੁੱਲੀ ਭੀ ਨਹੀਂ ਮਿਲਦੀ, ਤੇ ਕਈ ਘਰਾਂ ਵਿਚ (ਬਿਸਤਰੇ ਦੇ ਥਾਂ) ਪਰਾਲੀ ਹੀ ਹੈ ।੧। (ਪਰ) ਹੇ ਮਨ! ਈਰਖਾ ਤੇ ਝਗੜਾ ਕਿਉਂ ਕਰਦਾ ਹੈਂ? ਨੇਕ ਕਮਾਈ ਕਰੀ ਜਾਹ ਤੇ ਤੂੰ ਭੀ (ਇਹ ਸੁਖ) ਹਾਸਲ ਕਰ ਲੈ ।੧।ਰਹਾਉ। ਘੁਮਿਆਰ ਨੇ ਇਕੋ ਹੀ ਮਿੱਟੀ ਗੁੰਨ੍ਹੀ ਤੇ ਉਸ ਨੂੰ ਕਈ ਕਿਸਮ ਦੇ ਰੰਗ ਲਾ ਦਿੱਤੇ (ਭਾਵ, ਕਈ ਵੰਨਗੀਆਂ ਦੇ ਭਾਂਡੇ ਬਣਾ ਦਿੱਤੇ) । ਕਿਸੇ ਭਾਂਡੇ ਵਿਚ ਮੋਤੀ ਤੇ ਮੋਤੀਆਂ ਦੀਆਂ ਮਾਲਾਂ (ਮਨੁੱਖ ਨੇ) ਪਾ ਦਿੱਤੀਆਂ ਤੇ ਕਿਸੇ ਵਿਚ (ਸ਼ਰਾਬ ਆਦਿਕ) ਰੋਗ ਲਾਣ ਵਾਲੀਆਂ ਚੀਜ਼ਾਂ ।੨। ਸ਼ੂਮ ਨੂੰ ਧਨ ਜੋੜ ਕੇ ਰੱਖਣ ਲਈ ਜੁੜਿਆ ਹੈ, (ਅਤੇ) ਮੂਰਖ (ਸ਼ੂਮ) ਆਖਦਾ ਹੈ—ਇਹ ਧਨ ਮੇਰਾ ਹੈ । (ਪਰ ਜਿਸ ਵੇਲੇ) ਜਮ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਇਕ ਪਲਕ ਵਿਚ ਫ਼ੈਸਲਾ ਕਰ ਦੇਂਦਾ ਹੈ (ਕਿ ਅਸਲ ਵਿਚ ਇਹ ਧਨ ਕਿਸੇ ਦਾ ਭੀ ਨਹੀਂ) ।੩। ਜੋ ਮਨੁੱਖ ਪਰਮਾਤਮਾ ਦਾ ਸੇਵਕ (ਬਣ ਕੇ ਰਹਿੰਦਾ) ਹੈ, ਉਹ ਪਰਮਾਤਮਾ ਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਜਗਤ ਵਿਚ ਨੇਕ ਭਗਤ ਸਦਾਂਦਾ ਹੈ (ਭਾਵ, ਸੋਭਾ ਪਾਂਦਾ ਹੈ), ਪ੍ਰਭੂ ਦੀ ਰਜ਼ਾ ਮਨ ਵਿਚ ਵਸਾਂਦਾ ਹੈ, ਜੋ ਪ੍ਰਭੂ ਨੂੰ ਭਾਂਦਾ ਹੈ ਉਸੇ ਨੂੰ ਹੀ ਠੀਕ ਸਮਝਦਾ ਹੈ ।੪। ਕਬੀਰ ਕਹਿੰਦਾ ਹੈ—ਹੇ ਸੰਤ ਜਨੋ! ਸੁਣੋ, “ਇਹ ਧਨ ਪਦਾਰਥ ਆਦਿਕ ਮੇਰਾ ਹੈ”—ਇਹ ਖ਼ਿਆਲ ਕੂੜਾ ਹੈ (ਭਾਵ, ਦੁਨੀਆ ਦੇ ਪਦਾਰਥਾਂ ਵਾਲੀ ਅਪਣੱਤ ਸਦਾ ਨਹੀਂ ਰਹਿ ਸਕਦੀ); (ਜਿਵੇਂ, ਜੇ) ਪਿੰਜਰੇ ਨੂੰ ਪਾੜ ਕੇ (ਕੋਈ ਬਿੱਲਾ) ਚਿੜੇ ਨੂੰ ਫੜ ਕੇ ਲੈ ਜਾਏ ਤਾਂ (ਉਸ ਪਿੰਜਰੇ-ਪਏ ਪੰਛੀ ਦੀ) ਕੁੱਜੀ ਤੇ ਠੂਠੀ ਧਰੀ ਹੀ ਰਹਿ ਜਾਂਦੀ ਹੈ (ਤਿਵੇਂ, ਮੌਤ ਆਇਆਂ ਬੰਦੇ ਦੇ ਖਾਣ-ਪੀਣ ਵਾਲੇ ਪਦਾਰਥ ਇਥੇ ਹੀ ਧਰੇ ਰਹਿ ਜਾਂਦੇ ਹਨ) ।੫।੩।੧੬।

Share On Whatsapp
Leave a Reply to SIMRANJOT SINGH

Click here to cancel reply.




"1" Comment
Leave Comment
  1. 🌹🙏Waheguru Ji🙏 🌹