ਅਮ੍ਰਿਤ ਵੇਲੇ ਦਾ ਹੁਕਮਨਾਮਾ – 06 ਫ਼ਰਵਰੀ 2026

ਅੰਗ : 481
ਬਾਈਸ ਚਉਪਦੇ ਤਥਾ ਪੰਚਪਦੇ ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ੴ ਸਤਿਗੁਰ ਪ੍ਰਸਾਦਿ

ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥ ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥ ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥ ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥ ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥ ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥ ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥ ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥
ਅਰਥ: ਜਿਸ ਪ੍ਰਭੂ ਨੇ (ਪਿਤਾ ਦੀ) ਇਕ ਬੂੰਦ ਤੋਂ (ਤੇਰਾ) ਸਰੀਰ ਬਣਾ ਦਿੱਤਾ, ਤੇ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ, ਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, (ਉਸ ਨੂੰ ਵਿਸਾਰਨ ਕਰ ਕੇ) ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ।1। ਹੇ ਬੰਦੇ! ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ? ਪਿਛਲੇ ਜਨਮ ਵਿਚ (ਕੀਤੇ) ਕਰਮਾਂ-ਅਨੁਸਾਰ (ਮਿਲੇ ਇਸ ਮਨੁੱਖਾ-) ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ?।1। ਰਹਾਉ। ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ। ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ?।2। (ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ। ਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, (ਇਸ ਖੇਡ ਵਿਚ ਜਿੱਤਣ ਲਈ) ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ)।3।1। 23।

Share On Whatsapp
Leave a Reply to ਜਸਕਰਨ ਸਿੰਘ

Click here to cancel reply.




"3" Comments
Leave Comment
  1. Waheguru Ji Kirpa Karo Ji🙏

  2. SinderPal Singh janagal

    wahe guru mehar kre ji Sat shari akal ji

  3. ਜਸਕਰਨ ਸਿੰਘ

    ਵਾਹਿਗੁਰੂ ਜੀ