ਸੰਧਿਆ ਵੇਲੇ ਦਾ ਹੁਕਮਨਾਮਾ – 19 ਅਕਤੂਬਰ 2024

ਅੰਗ : 673

ਧਨਾਸਰੀ ਮਹਲਾ ੫ ॥ ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥ ਪ੍ਰਭ ਕੀ ਓਟ ਗਹੀ ਤਉ ਛੂਟੋ ॥ ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥ ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥ ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥ ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥ ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥ ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥ ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥ ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥

ਅਰਥ: ਹੇ ਭਾਈ! ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ, ਤਦੋਂ ਉਹ (ਮਾਇਆ ਦੇ ਪੰਜੇ ਵਿਚੋਂ) ਬਚ ਗਿਆ। ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ, ਤਦੋਂ ਵਿਕਾਰਾਂ ਦਾ ਰੋਗ (ਉਸ ਦੇ ਅੰਦਰੋਂ) ਮੁੱਕ ਗਿਆ।1। ਰਹਾਉ। ਹੇ ਭਾਈ! ਜਿਸ (ਮਾਇਆ) ਨੇ ਸਾਰੇ ਤ੍ਰੈ-ਗੁਣੀ ਸੰਸਾਰ ਨੂੰ ਸਾਰੇ ਚਾਰ-ਕੂਟ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਜਿਸ ਨੇ ਜੱਗ ਕਰਨ ਵਾਲੇ, ਇਸ਼ਨਾਨ ਕਰਨ ਵਾਲੇ, ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ, ਇਸ ਜੀਵ ਵਿਚਾਰੇ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਟਾਕਰਾ ਕਰ ਸਕੇ)?।1। ਹੇ ਭਾਈ! ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਭਰਮਾਂਦੀ ਹੈ, ਤਦੋਂ ਨਾਹ ਉਸ ਦੀ ਆਵਾਜ਼ ਸੁਣੀਦੀ ਹੈ, ਨਾਹ ਉਹ ਮੂੰਹੋਂ ਬੋਲਦੀ ਹੈ, ਨਾਹ ਉਹ ਅੱਖੀਂ ਦਿੱਸਦੀ ਹੈ। ਕੋਈ ਅਜੇਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਕੁਰਾਹੇ ਪਾ ਦੇਂਦੀ ਹੈ ਕਿ ਸਭਨਾਂ ਦੇ ਮਨ ਵਿਚ ਉਹ ਪਿਆਰੀ ਪਈ ਲੱਗਦੀ ਹੈ।2। ਹੇ ਭਾਈ! ਮਾਂ, ਪਿਉ, ਪੁੱਤਰ, ਮਿੱਤਰ, ਭਰਾ—ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿਚ ਵਿਤਕਰਾ ਪਾ ਰੱਖਿਆ ਹੈ। ਕਿਸੇ ਪਾਸ (ਮਾਇਆ) ਬਹੁਤੀ ਹੈ, ਕਿਸੇ ਪਾਸ ਥੋੜੀ ਹੈ (ਬੱਸ, ਇਸੇ ਗੱਲੇ) ਸਾਰੇ (ਆਪੋ ਵਿਚ) ਲੜ ਲੜ ਕੇ ਪਏ ਖਪਦੇ ਹਨ।3। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ (ਮਾਇਆ ਦਾ) ਇਹ ਤਮਾਸ਼ਾ (ਅੱਖੀਂ) ਵਿਖਾ ਦਿੱਤਾ ਹੈ। (ਮੈਂ ਵੇਖ ਲਿਆ ਹੈ ਕਿ ਮਾਇਆ ਦੀ ਇਸ) ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜ ਰਿਹਾ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉੱਤੇ ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ।4। ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਨੇ) ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਤੇ ਇਹ ਧਨ ਖੱਟ-ਕਮਾ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ, ਉਹ ਬੜਾ ਆਤਮਕ ਆਨੰਦ ਮਾਣਦਾ ਹੈ; ਉਸ ਦੇ (ਮਾਇਆ ਵਾਲੇ) ਸਾਰੇ ਬੰਧਨ ਕੱਟੇ ਜਾਂਦੇ ਹਨ।5।11।

Share On Whatsapp
Leave a Reply to Dalbara Singh

Click here to cancel reply.




"1" Comment
Leave Comment
  1. waheguru ji 🙏