ਅਮ੍ਰਿਤ ਵੇਲੇ ਦਾ ਹੁਕਮਨਾਮਾ – 29 ਅਗਸਤ 2024

ਅੰਗ : 877

ਰਾਮਕਲੀ ਮਹਲਾ ੧ ॥ ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥

ਅਰਥ: ਹੇ ਜੋਗੀ! ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ। (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ।੧।ਰਹਾਉ। (ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ। (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ।੧।(ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ, ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ।੨।ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ।੩।ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ, ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ।੪।੪।

Share On Whatsapp
Leave a Reply




"1" Comment
Leave Comment
  1. 🙏🙏ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏