ਦੌਲਤਾਂ ਦਾਈ ਜੀ ਦਾ ਜੀਵਨ

ਆਓ ਗੁਰਮੁੱਖ ਪਿਆਰਿਓ ਅੱਜ ਸਿੱਖ ਇਤਿਹਾਸ ਦੇ ਸੁਨਹਿਰੀ ਇਤਿਹਾਸ ਵਿੱਚ ਦਰਜ ਇੱਕ ਹੋਰ ਸਿੱਖ ਬੀਬੀ ਦਾਈ ਦੌਲਤਾਂ ਦੇ ਜੀਵਨ ਤੇ ਪ੍ਰਾਪਤੀਆਂ ਦੇ ਪੰਨੇ ਫਰੋਲੀਏ। ਇਹਨਾਂ ਬੀਬੀਆਂ ਦੇ ਜੀਵਨ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ।
ਦਾਈ ਦੌਲਤਾਂ ਦੇ ਪਿਤਾ ਜੀ ਦਾ ਨਾਮ ਇਕਬਾਲ ਖਾਨ ਸੀ , ਦੌਲਤਾਂ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਅਣਗਿਣਤ ਬੱਚਿਆਂ ਨੂੰ ਜਨਮ ਦਿਵਾਇਆ ਹੋਵੇਗਾ। ਅਤੇ ਅੱਜ ਤੱਕ ਅਣਗਿਣਤ ਦਾਈਆਂ ਆਪਣੇ ਇਸ ਕਾਰਜ ਨੂੰ ਕਰਦਿਆਂ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਈਆਂ ਹੋਣਗੀਆਂ। ਪ੍ਰੰਤੂ ਸਿੱਖ ਇਤਿਹਾਸ ਦੇ ਬੇਸ਼ਕੀਮਤੀ ਪੰਨਿਆਂ ਤੇ ਕੇਵਲ ਦਾਈ ਦੌਲਤਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਰਹਿੰਦੀ ਦੁਨੀਆਂ ਤੱਕ ਪੁੰਨਿਆ ਦੇ ਚੰਨ ਦੀ ਨਿਆਈਂ ਚਮਕਦਾ ਰਹੇਗਾ।
ਦਾਈ ਦੌਲਤਾਂ ਦੇ ਮੁਕੱਦਰ ਦੇ ਸਿਤਾਰੇ ਉਦੋਂ ਜਾਗੇ, ਜਿਸ ਦਿਨ ਆਪ ਕਰਤਾਰ ਨੇ ਪਿਤਾ ਕਾਲੂ ਜੀਆਂ ਅਤੇ ਮਾਤਾ ਤ੍ਰਿਪਤਾ ਜੀਆਂ ਦੇ ਗ੍ਰਹਿ ਵਿੱਚ ਪੁੱਤਰ ਰੂਪ ਵਿੱਚ ਆਉਣਾ ਕੀਤਾ। ਕਤੱਕ ਦੀ ਪੂਰਨਮਾਸ਼ੀ ਵਾਲੀ ਸੋਹਣੀ ਰਾਤ ਨੂੰ ਕੁਝ ਇਤਿਹਾਸਕਾਰ ਵੈਸਾਖ ਵਿੱਚ ਦਸਦੇ ਹਨ ਜਦ ਆਪ ਨਿਰੰਕਾਰ ਨੇ ਸੰਸਾਰ ਨੂੰ ਤਾਰਨ ਹਿਤ ਮਾਤਾ ਤ੍ਰਿਪਤਾ ਜੀਆਂ ਦੀ ਪਾਵਨ ਕੁੱਖ ਤੋਂ ਜਨਮ ਲਿਆ ਤਾਂ ਸਾਰੇ ਜਗਤ ਨੂੰ ਰੁਸ਼ਨਾਉਣ ਵਾਲੀ ਕਰਤਾਰ ਦੇ ਪਰਗਟ ਹੋਣ ਦੀ ਗਵਾਹੀ ਭਰਦੀ ਜਗਤ ਨੂੰ ਰੁਸ਼ਨਾਉਣ ਵਾਲੀ ਪਹਿਲੀ ਕਿਰਨ ਦਾਈ ਦੌਲਤਾਂ ਨੂੰ ਨਸੀਬ ਹੋਈ। ਉਹ ਭਾਗਾਂ ਭਰੇ ਹੱਥ ਵੀ ਦਈ ਦੌਲਤਾਂ ਦੇ ਹੀ ਸਨ ਜਿਹਨਾਂ ਨੇ ਨਿਰੰਕਾਰ ਪਹਿਲੀ ਵਾਰ ਛੂਹਿਆ। ਜਿਹਨਾਂ ਦੀ ਪਹਿਲੀ ਛੋਹ ਅਤੇ ਪਹਿਲੇ ਦੀਦਾਰ ਪਾਕੇ ਦਈ ਦੌਲਤਾਂ ਸੰਸਾਰ ਦੀ ਸੱਚੀ ਸੁੱਚੀ ਦੌਲਤ ਨਾਲ ਸਦਾ ਚਿਰ ਲਈ ਤ੍ਰਿਪਤ ਹੋ ਗਈ।
ਮਾਈ ਦੌਲਤਾਂ ਜੀ ਜਿੰਨਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਸਨ । ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਮੁਖੜੇ ‘ ਤੇ ਇਲਾਹੀ ਜਲੌਅ ਵੇਖਣ ਅਤੇ ਆਪ ਨੂੰ ਆਪਣੀ ਗੋਦ ਵਿਚ ਲੈਣ ਦਾ ਮਾਣ ਮੁਸਲਮਾਨ ਦਾਈ ਮਾਈ ਦੌਲਤਾਂ ਨੂੰ ਪ੍ਰਾਪਤ ਹੋਇਆ । ਰਾਇ ਭੋਏ ਦੀ ਤਲਵੰਡੀ ‘ ਤੇ ਜਦ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਵੇਲੇ ਭਲੇ ਨਸੀਬਾਂ ਵਾਲੀ ਦਾਈ ਮਾਈ ਦੌਲਤਾਂ ਦੇ ਅਨੁਭਵੀ ਗਿਆਨ ਚੋਂ ਨਿਕਲੀ ਗੱਲ ਸੱਚੀ ਹੋਈ ਇਹ ਬਾਲਕ ( ਨਾਨਕ ) ਆਮ ਨਹੀਂ ਹੈ , ਕੋਈ ਰੱਬੀ ਨੂਰ ਹੈ । ਕਿਉਂਕਿ ਦਾਈ ਦੌਲਤਾਂ ਨੇ ਆਪਣੀ ਜਿੰਦਗੀ ਵਿੱਚ ਬਹੁਤ ਬੱਚਿਆਂ ਨੂੰ ਜਨਮ ਦਵਾਇਆ ਪਰ ਇਹ ਇਲਾਹੀ ਨੂਰ ਪਹਿਲੀ ਵਾਰ ਦੇਖਿਆ ਸੀ । ਮਾਈ ਦੌਲਤਾਂ ਰਿਸ਼ਤੇ ਚੋਂ ਭਾਈ ਮਰਦਾਨੇ ਦੇ ਤਾਏ ਦੀ ਧੀ ਲਗਦੀ ਸੀ ।ਮਾਈਂ ਦੌਲਤਾਂ ਕਿਸ ਨਾਲ ਵਿਆਹੇ ਸੀ ਤੇ ਉਹਨਾਂ ਦੇ ਕਿਨੇ ਬੱਚੇ ਸਨ ਜਾ ਹੋਰ ਅਜੇ ਖੌਜ ਨਹੀਂ ਕੀਤੀ ਗਈ । ਮਰਦਾਨਾਂ ਜੀ ਦੇ ਪਿਤਾ ਜੀ ਮੀਰ ਬਾਦਰੇ ਉਰਫ ਬਦਰੂ ਜੀ ਸਨ ਮਰਦਾਨੇ ਦੀ ਮਾਤਾ ਬੀਬੀ ਲੱਖੋ ਜੀ ਸਨ । ਦਾਈ ਦੌਲਤਾਂ ਦੇ ਪਿਤਾ ਜੀ ਇਕਬਾਲ ਖਾਂਨ ਤੇ ਭਾਈ ਮਰਦਾਨਾ ਜੀ ਦੇ ਪਿਤਾ ਜੀ ਮੀਰ ਬਾਦਰੇ ਉਰਫ ਬਦਰੂ ਜੀ ਦੋਵੇ ਭਰਾ ਸਨ। ਇਕਬਾਲ ਖਾਨ , ਬਦਰੂ ਜੀ ਤੋ ਉਮਰ ਵਿੱਚ ਵੱਡੇ ਸਨ । ਮਾਈ ਦੌਲਤਾਂ ਬਾਲਕ ਨਾਨਕ ਨੂੰ ਖਿਡਾਉਣ ਨਹਾਉਣ – ਧੁਆਉਣ ਅਥਵਾ ਮਾਲਸ਼ ਵਗੈਰਾ ਕਰਨ ਦਾ ਕਾਰਜ ਵੀ ਕਰਦੀ ਰਹੀ ਸੀ । ਸਿੱਖ ਇਤਿਹਾਸ ਵਿੱਚ ਦੌਲਤਾਂ ਦਾਈ ਦਾ ਨਾਂ ਹਮੇਸ਼ਾਂ ਅਮਰ ਰਹੇਗਾ ਕਿਉਂਕਿ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨਮ ਦਿਵਾਇਆ , ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਮੁਖੜੇ ‘ ਤੇ ਇਲਾਹੀ ਜਲੌਅ ਵੇਖਣ ਅਤੇ ਆਪ ਨੂੰ ਆਪਣੀ ਗੋਦ ਵਿਚ ਲੈਣ ਦਾ ਮਾਣ ਪ੍ਰਾਪਤ ਹੋਇਆ ।
ਇਕ ਵਾਰ ਗੁਰੂ ਸਾਹਿਬ ਜੀ ਈਦ ਵਾਲੇ ਦਿਨ ਮਾਈ ਦੌਲਤਾਂ ਕੋਲ਼ ਜਾ ਪਹੁੰਚੇ ਅਤੇ ਮਿੱਠੀਆਂ ਸੇਵੀਆਂ ਖਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਮਾਈ ਕਹਿਣ ਲੱਗੀ, ” ਤੁਸੀਂ ਉੱਚ ਜਾਤੀ ਦੇ ਹੋ ਤੇ, ਮੈਂ ਗਰੀਬ ਮੀਰ ਆਲਮ, ਇਸ ਲਈ ਇਹ ਖਾਣਾ ਤੁਹਾਡੇ ਲਈ ਨਹੀਂ ਹੈ…।” ਗੁਰੂ ਜੀ ਨੇ ਇਕ ਨਾ ਮੰਨੀ। ਕਿਹਾ ਸਾਰੇ ਜੀਵ ਉਸ ਅਕਾਲ ਪੁਰਖ ਦੇ ਬਣਾਏ ਹੋਏ ਹਨ ਸਭ ਬਰਾਬਰ ਹਨ। ਮਾਈ ਦੌਲਤਾਂ ਦੇ ਸਵਾਲਾਂ ਨੂੰ ਤਰਕਵਾਦੀ ਜਵਾਬਾਂ ਨਾਲ ਮਨਾ ਲਿਆ ਤੇ ਮਾਈ ਦੌਲਤਾਂ ਤੋਂ ਸੇਵੀਆਂ ਲੈ ਕੇ ਖਾਣ ਲੱਗੇ। ਉਦੋਂ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 6 ਸਾਲ ਦੱਸੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੱਬ ਰੁਤਬਾ ਦੇਣ ਵਾਲ਼ੀਆਂ ਤਿੰਨ ਸਖ਼ਸ਼ੀਅਤਾਂ ਵਿਚੋਂ ਇਕ ਸਖ਼ਸ਼ੀਅਤ ਮਾਈ ਦੌਲਤਾਂ ਸੀ, ਦੂਸਰੀ ਬੇਬੇ ਨਾਨਕੀ ਜੀ, ਤੀਸਰੇ ਰਾਏ ਬੁਲਾਰ ਜੀ ਜਿਹਨਾ ਨੂੰ ਸਿੱਖ ਜਗਤ ਵਿਚ ਬੜੇ ਅਦਬ ਸਤਿਕਾਰ ਨਾਲ਼ ਯਾਦ ਕੀਤਾ ਜਾਂਦਾ ਹੈ। ਮਾਈਂ ਦੌਲਤਾਂ ਸਾਰੀ ਉਮਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਧਿਆਨ ਵਿੱਚ ਟਿਕਾਇਆ ਤੇ ਗੁਰੂ ਨਾਨਕ , ਗੁਰੂ ਨਾਨਕ ਕਰਦੀ ਅਖੀਰ ਗੁਰੂ ਨਾਨਕ ਜੀ ਵਿੱਚ ਹੀ ਅਭੇਦ ਹੋ ਗਈ ।
ਦਾਸ ਜੋਰਾਵਰ ਸਿੰਘ ਤਰਸਿੱਕਾ।


Share On Whatsapp

Leave a Reply to Dalbir Singh

Click here to cancel reply.




"3" Comments
Leave Comment
  1. Chandpreet Singh

    ਵਾਹਿਗੁਰੂ ਜੀ🙏

  2. 🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  3. 🙏🙏ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏

top