ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਕ ਥਾਂ ਤੋਂ ਦੂਸਰੀ ਜਗ੍ਹਾ ਲਿਜਾਣ ਦੀ ਵਿਧੀ

ਆਮ ਦੇਖਣ ਵਿੱਚ ਆਇਆ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਜਦ ਕਿਸੇ ਨੇ ਘਰ ਵਿੱਚ ਪਾਠ ਕਰਵਾਉਣਾ ਹੁੰਦਾ ਹੈ, ਤਾਂ ਗੁਰੂ ਸਾਹਿਬ ਦੀ ਸਵਾਰੀ ਲਿਜਾਣ ਸਬੰਧੀ ਗੁਰੂ ਸਾਹਿਬ ਵੱਲੋਂ ਤਹਿ ਕੀਤੀ ਮਰਿਯਾਦਾ ਦੀ ਪਾਲਣਾ ਕਰਨਾ ਤਾਂ ਦੂਰ ਕਿਸੇ ਨੂੰ ਇਸ ਬਾਰੇ ਪਤਾ ਤੱਕ ਨਹੀਂ ਹੁੰਦਾ। ਗੁਰੂ ਸਾਹਿਬ ਦੇ ਸਰੂਪ ਨੂੰ ਘਰ ਲਿਜਾਣ ਸਬੰਧੀ ਮੁੱਢਲੀ ਮਰਿਯਾਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਹੁੰਦੀ ਹੈ । ਪ੍ਰੰਤੂ ਕੁਝ ਕੁ ਨੂੰ ਛੱਡਕੇ ਬਾਕੀ ਸਾਰੇ
ਰੋਟੀਆ ਕਾਰਣਿ ਪੂਰਹਿ ਤਾਲ ।।
ਦੇ ਧਾਰਨੀ ਬਣੇ ਹੋਏ ਹਨ। ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸਿਰਫ ਇਕ ਰੋਜ਼ਗਾਰ ਦਾ ਸਾਧਨ ਬਣਾ ਛੱਡਿਆ ਹੈ ਤੇ ਇਸਦੀ ਮਰਿਯਾਦਾ ਨਾਲ ਕੋਈ ਮਤਲਬ ਨਹੀਂ । ਜਦਕਿ ਗ੍ਰੰਥੀ ਸਿੰਘ ਦਾ ਇਹ ਮੁੱਢਲਾ ਫਰਜ਼ ਸੀ ਕਿ ਇਕ ਤਾਂ ਉਹ ਆਪ ਗੁਰੂ ਸਾਹਿਬ ਦਾ ਸਤਿਕਰ ਕਰੇ ਤੇ ਦੂਜਿਆਂ ਨੂੰ ਸਤਿਕਾਰ ਕਰਨਾ ਸਿਖਾਵੇ।
ਜੋ ਮਰਿਯਾਦਾ ਗੁਰੂ ਸਾਹਿਬ ਨੇ ਕਾਇਮ ਕੀਤੀ ਹੈ ਉਸ ਅਨੁਸਾਰ ਗੁਰੂ ਸਾਹਿਬ ਦਾ ਸਰੂਪ ਲਿਜਾਣ ਲਈ ਪੰਜ ਸਿੰਘ ਹੋਣੇ ਜ਼ਰੂਰੀ ਹਨ। ਪਹਿਲੀ ਸ਼ਰਤ ਪੰਜਾਂ ਸਿੰਘਾਂ ਦੇ ਅੰਮ੍ਰਿਤਧਾਰੀ ਹੋਣ ਦੀ ਹੈ। ਅੰਮ੍ਰਤਧਾਰੀ ਨਾ ਵੀ ਹੋਣ ਤਾਂ ਸਹਿਜਧਾਰੀ ਹੋਣ। ਪਰ ਘੋਨ ਮੋਨ ਸਿਰੋ ਮੁੰਨੇ ਨੂੰ ਇਹ ਹੱਕ ਨਹੀਂ ਕਿ ਉਹ ਗੁਰੂ ਸਾਹਿਬ ਦਾ ਸਰੂਪ ਸਿਰ ਤੇ ਚੁੱਕਕੇ ਸਵਾਰੀ ਕਰ ਸਕੇ। ਇਹੀ ਮਰਿਯਾਦਾ ਗੁਰੂ ਸਾਹਿਬ ਦੇ ਚੌਰ ਬਰਦਾਰ ਦੀ ਹੈ, ਭਾਵ ਜਿਸਨੇ ਪਿੱਛੇ ਚੌਰ ਕਰਨਾ ਹੈ। ਇਕ ਸਿੰਘ ਪਾਸ ਜਲ ਅਤੇ ਇਕ ਪਾਸ ਘੰਡਿਆਲ ਜਾਂ ਸੰਖ ਹੋਣਾ ਚਾਹੀਦਾ ਹੈ। ਜਿਨ੍ਹਾਂ ਵਿੱਚੋਂ ਜਲ ਵਾਲਾ ਸਿੰਘ ਗੁਰੂ ਸਾਹਿਬ ਦੇ ਸਰੂਪ ਦੇ ਬਿਲਕੁਲ ਅੱਗੇ-ਅੱਗੇ ਜਲ ਛਿੜਕਦਾ ਜਾਂਦਾ ਹੈ ਤੇ ਸੰਖ ਜਾਂ ਘੰਡਿਆਲ ਵਾਲਾ ਸਿੰਘ ਸਭ ਤੋਂ ਅੱਗੇ ਹੁੰਦਾ ਹੈ ਤੇ ਘੰਡਿਆਲ ਵਜਾਉਂਦਾ ਹੈ ਤਾਂ ਕਿ ਆਮ ਲੋਕਾਂ ਨੂੰ ਗੁਰੂ ਸਾਹਿਬ ਦੀ ਸਵਾਰੀ ਆਉਣ ਬਾਰੇ ਅਗਾਹੂੰ ਸੁਚੇਤ ਕੀਤਾ ਜਾਵੇ ਅਤੇ ਸਭ ਆਪਣੀ ਕਿਰਿਆ ਸੰਕੋਚਦੇ ਹੋਏ ਗੁਰੂ ਸਾਹਿਬ ਦੇ ਅਦਬ ਲਈ ਖੜ੍ਹੇ ਹੋਣ। ਕ੍ਰਮਵਾਰ ਸਭ ਤੋਂ ਅੱਗੇ ਸੰਖ ਜਾਂ ਘੰਡਿਆਲ ਵਾਲਾ ਸਿੱਖ ਉਸਤੋਂ ਪਿੱਛੇ ਜਲ ਵਾਲਾ ਉਸਤੋਂ ਪਿੱਛੇ ਗੁਰੂ ਸਾਹਿਬ ਦੀ ਸਵਾਰੀ ਤੇ ਉਸਤੋਂ ਪਿੱਛੋਂ ਚੌਰ ਸਾਹਿਬ ਵਾਲਾ ਸਿੰਘ ਤੇ ਨਾਲ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਨ ਵਾਲਾ ਇਕ ਸਿੰਘ। ਗਿਣਤੀ ਪੰਜਾਂ ਤੋਂ ਘਟਣੀ ਨਹੀਂ ਚਾਹੀਦੀ ਵੱਧ ਚਾਹੇ ਜਿੰਨੇ ਮਰਜ਼ੀ ਹੋਣ।
ਪ੍ਰੰਤੂ ਹੁੰਦਾ ਇਹ ਹੈ ਕਿ ਘੰਡਿਆਲ ਵਾਲਾ ਸਿੰਘ ਜਾਂ ਤਾਂ ਸਭ ਤੋਂ ਪਿੱਛੇ ਫਿਰਦਾ ਹੁੰਦਾ ਜਾਂ ਗੁਰੂ ਸਾਹਿਬ ਦੇ ਸਰੂਪ ਅੱਗੇ ਤੇ ਜਲ ਵਾਲਾ ਸਭ ਤੋਂ ਅੱਗੇ ਤੁਰਿਆ ਜਾਂਦਾ ਹੁੰਦਾ। ਨਾ ਕੋਈ ਸਮਝਣ ਵਾਲਾ ਤੇ ਨਾ ਸਮਝਾਉਣ ਵਾਲਾ। ਜਿਸ ਗ੍ਰੰਥੀ ਦੀ ਇਸ ਮਰਿਯਾਦਾ ਨੂੰ ਸਮਝਾਉਣ ਦੀ ਡਿਊਟੀ ਸੀ ਉਸਦਾ ਪੂਰਾ ਜ਼ੋਰ ਵਾਹਿਗੁਰੂ ਕਰਨ ਤੇ ਲੱਗਾ ਹੁੰਦਾ ਤੇ ਦੂਸਰੇ ਉਸਦੇ ਪਿੱਛੇ ਉਸਦਾ ਸਾਥ ਦੇਣ ਦੀ ਬਜਾਏ ਮੂੰਹ ਚ ਹੀ ਘੁਣ ਘੁਣ ਕਰੀ ਜਾਂਦੇ ਕਿ ਅਸੀਂ ਮੂੰਹ ਚ ਹੀ ਜਾਪ ਕਰ ਲਿਆ। ਚਾਰ ਸਦੀਆਂ ਬੀਤ ਜਾਣ ਉਪਰੰਤ ਵੀ ਸਾਨੂੰ ਹਲੇ ਇਸ ਛੋਟੀ ਜਿਹੀ ਮਰਿਯਾਦਾ ਦੀ ਸਮਝ ਨਹੀਂ ਆ ਰਹੀ
ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਰੂਪ ਅੱਗੇ ਸੰਖ ਵਜਾਇਆ ਜਾਂਦਾ ਸੀ। ਜਿਸਤੋਂ ਬਾਅਦ ਸੰਖ ਦੀ ਜਗ੍ਹਾ ਘੰਡਿਆਲ ਨੇ ਲੈ ਲਈ ਤੇ ਹੁਣ ਸਾਡੇ ਪਿੰਡਾਂ ਵਾਲਿਆਂ ਨੇ ਨਵੀਂ ਖੋਜ ਡੱਗੇ ਦੀ ਕਰ ਲਈ । ਇਕ ਬੈਂਡ ਜਿਹਾ ਲੈ ਕੇ ਡੱਗ ਡੱਗ ਕਰਦੇ ਜਾਂਦੇ ਹਨ ਜਿਸਤੋਂ ਇਹ ਅੰਦਾਜ਼ਾ ਲਗਾਉਣਾ ਹੀ ਔਖਾ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਸਰੂਪ ਆ ਰਿਹਾ ਹੈ ਜਾਂ ਕਿਸੇ ਵਿਆਹ ਤੇ ਫੌਜੀ ਬੈਂਡ ਵੱਜ ਰਿਹਾ ਹੈ।
ਗੁਰੂ ਸਾਹਿਬ ਦੀ ਮਰਿਯਾਦਾ ਨੂੰ ਕਾਇਮ ਰੱਖਣ ਦਾ ਫਰਜ਼ ਹਰ ਇਕ ਸਿੱਖ ਦਾ ਹੈ ਨਾ ਕਿ ਇਕੱਲੇ ਕਿਸੇ ਜਥੇਦਾਰ ਜਾਂ ਕਿਸੇ ਰਾਗੀ ਪਾਠੀ ਸਿੰਘ ਦਾ, ਸੋ ਜੇਕਰ ਤੁਸੀਂ ਗੁਰੂ ਸਾਹਿਬ ਦਾ ਸਰੂਪ ਘਰ ਲਿਜਾ ਰਹੇ ਹੋ ਤਾਂ ਪੂਰਨ ਮਰਿਯਾਦਾ ਅਨੁਸਾਰ ਲਿਜਾਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਾ ਕਿ ਮਰਿਯਾਦਾ ਦੀ ਉਲੰਘਣਾ ਕਰਕੇ ਪਾਪਾਂ ਦੇ ਭਾਗੀ ਬਣੋ।


Share On Whatsapp

Leave a Reply




top