ਅੰਗ : 694
ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥ ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥ ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥ ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥ ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥ ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥
ਅਰਥ: ਹੇ ਮਾਧੋ! ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ। (ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ।੧। (ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ) ; ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ।੧।ਰਹਾਉ। ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ। ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ।੨।੫।