ਹਜ਼ਾਰਾਂ ਸਾਲਾਂ ਤੋਂ ਪੱਗ ਜਾਂ ਪਗੜੀ ਦਾ ਸੱਭਿਆਚਾਰ ਵਿੱਚ ਮਹੱਤਵਪੂਰਣ ਸਥਾਨ ਰਿਹਾ ਹੈ। ਸਿੱਖ ਸ਼ਬਦਾਵਲੀ ਵਿੱਚ ਪਗੜੀ ਨੂੰ ਸਤਿਕਾਰ ਨਾਲ ਦਸਤਾਰ ਦਾ ਨਾਮ ਦਿੱਤਾ ਗਿਆ ਹੈ। ਦਸਤਾਰ ਫ਼ਾਰਸੀ ਦਾ ਲਫਜ਼ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਸਵਾਰ ਕੇ ਬੰਨ੍ਹਿਆ ਹੋਇਆ ਬਸਤਰ। ਖਾਲਸੇ ਦੀ ਬੋਲੀ ਵਿੱਚ ਨਿਹੰਗ ਸਿੰਘ ਦਸਤਾਰ ਨੂੰ ਦਸਤਾਰਾ ਆਖਦੇ ਹਨ। ਦਸਤਾਰ ਸਿੱਖ ਸਭਿਆਚਾਰ ਦਾ ਕੇਂਦਰੀ ਬਹਾਦਰੀ ਚਿੰਨ੍ਹ ਹੈ। ਦਸਤਾਰ ਲਈ ਬਹੁਤ ਸਾਰੇ ਨਾਂ ਵੱਖ ਵੱਖ ਜ਼ੁਬਾਨਾਂ ਅਤੇ ਧਰਮਾਂ ਵੱਲੋਂ ਰੱਖੇ ਮਿਲਦੇ ਹਨ, ਜਿਵੇਂ ਇਮਾਮਾ, ਪੱਗ, ਸਾਫ਼ਾ, ਚੀਰਾ, ਦੁਲਬੰਦ, ਉਸ਼ਵੀਕ, ਟਰਬਨ, ਤੁਰਬਾਂਤੇ ਆਦਿ। ਦਸਤਾਰ ਕਦੋਂ ਤੇ ਕਿਵੇਂ ਸੰਸਾਰ ਵਿੱਚ ਸ਼ੁਰੂ ਹੋਈ, ਇਸ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ? ਅਰਬ ਅਤੇ ਈਰਾਨ ਦੇਸ਼ਾਂ ਵਿੱਚ ਦਸਤਾਰ ਨੂੰ ਖ਼ਾਸ ਮੁਕਾਮ ਹਾਸਲ ਰਿਹਾ ਹੈ। ਜਾਪਦਾ ਹੈ ਦਸਤਾਰ ਸੰਸਾਰ ਦਾ ਪੁਰਾਤਨ ਇੱਜ਼ਤ ਆਬਰੂ ਦਾ ਪਹਿਰਾਵਾ ਹੁੰਦਾ ਹੋਵੇਗਾ, ਜੋ ਮਨੁੱਖ ਦੇ ਜਾਹੋ-ਜਲਾਲ ਦੇ ਚਿੰਨ੍ਹ ਵਜੋਂ ਪੀੜ੍ਹੀ-ਦਰ-ਪੀੜ੍ਹੀ ਸਾਡੇ ਤੱਕ ਪੁੱਜਿਆ ਹੈ। ਪੰਦਰ੍ਹਵੀਂ ਸਦੀ ਤੋਂ ਪਹਿਲਾਂ ਵੀ ਯੂਰਪ ਆਦਿ ਦੇਸ਼ਾਂ ਵਿੱਚ ਦਸਤਾਰ ਦਾ ਪ੍ਰਯੋਗ ਕੀਤਾ ਜਾਂਦਾ ਸੀ। ਕਈ ਸਦੀਆਂ ਤੋਂ ਮੁਸਲਮਾਨਾਂ ਦੇ ਪੈਗ਼ੰਬਰ ਅਤੇ ਹਿੰਦੂ ਧਰਮ ਦੇ ਵਡੇਰੇ ਸਿਰ ’ਤੇ ਦਸਤਾਰ ਬੰਨ੍ਹਦੇ ਸਨ। ਹੱਜ ’ਤੇ ਜਾਣ ਸਮੇਂ ਮੁਸਲਮਾਨਾਂ ਨੂੰ ਦਸਤਾਰ ਸਜਾਉਣ ਦੀ ਹਦਾਇਤ ਹੈ। ਦਸਤਾਰ ਸਿੱਖਾਂ ਦੇ ਦਰਸ਼ਨ-ਦੀਦਾਰ ਦਾ ਕੇਂਦਰ ਬਿੰਦੂ ਹੈ, ਜੋ ਹਜ਼ਾਰਾਂ ਵਿੱਚੋਂ ਵੀ ਸਵੈ-ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਸਾਹਿਬ ਅਤੇ ਦੂਜੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਦਸਤਾਰ ਦਾ ਅਹਿਮ ਰੁੱਤਬਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਿੱਖਾਂ ਨੂੰ ਹਦਾਇਤ ਹੈ ਕਿ ਸਾਬਤ ਸੂਰਤਿ ਰਹਿ ਕੇ ਸਿਰ ’ਤੇ ਦਸਤਾਰ ਸਜਾਉਣੀ ਹੈ: ‘‘ਨਾਪਾਕ, ਪਾਕੁ ਕਰਿ, ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ॥’’ (ਮ:5/1084)। ਗੁਰੂ ਅਰਜਨ ਸਾਹਿਬ ਤਾਂ ਆਪਣੇ ਮੁਖਾਰਬਿੰਦ ਤੋਂ ਉਚਾਰਦੇ ਹਨ ਕਿ ਦੂਹਰਾ ਦਸਤਾਰਾ (ਦੁਮਾਲਾ) ਤਾਂ ਆਪ ਦੀ ਫ਼ਤਹਿ ਦਾ ਡੰਕਾ ਵਜਾਉਣ ਦਾ ਸੰਕੇਤ ਦਿੰਦੇ ਹਨ: ‘‘ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ, ਉਚ ਦੁਮਾਲੜਾ॥ ਸਭ ਹੋਈ ਛਿੰਝ ਇਕਠੀਆ; ਦਯੁ ਬੈਠਾ ਵੇਖੈ, ਆਪਿ ਜੀਉ॥’’ (ਮ:5/74) ਭਗਤ ਨਾਮਦੇਵ ਜੀ ਨੇ ਪਗੜੀ ਦੀ ਵਿਸ਼ੇਸ਼ ਸਿਫਤ ਕਰਦਿਆਂ ਲਿਖਿਆ ਹੈ: ‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ॥’’ (ਪੰਨਾ 727)
ਦੱਖਣੀ ਤੇ ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਦੇਸ਼ਾਂ ਵਿਚ ਮਰਦਾਂ ਲਈ ਸਿਰ ਢੱਕਣ ਦਾ ਵਿਸ਼ੇਸ਼ ਤਰੀਕਾ ਪੱਗ ਬੰਨ੍ਹਣਾ ਹੈ। ਪੱਗ ਦਾ ਧਾਰਨ ਕਰਨਾ ਸਮਾਜਿਕ ਰੀਤ ਤੋਂ ਲੈ ਕੇ ਧਾਰਮਿਕ ਮਰਿਆਦਾ ਦੇ ਰੂਪ ਵਿਚ ਵੀ ਸਥਾਪਤ ਹੋ ਚੁੱਕਾ ਹੈ। ਪੱਗ ਸਵੈ ਵਿਸ਼ਵਾਸ, ਸਵੈਮਾਨ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ। ਪੰਜਾਬ ਵਿੱਚ ਪੁਰਾਣੇ ਸਮਿਆਂ ਤੋਂ ਹੀ ਅਤੇ ਅਜੋਕੇ ਸਮੇਂ ਵਿੱਚ ਵੀ ਪੱਗ ਵਟਾਉਣ ਦੀ ਰੀਤ ਪ੍ਰਚੱਲਤ ਹੈ। ਪੱਗ ਵਟਾਉਣ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਬਣ ਜਾਂਦਾ ਹੈ ਅਤੇ ਗੂੜ੍ਹੇ ਸਬੰਧ ਸਥਾਪਿਤ ਹੋ ਜਾਂਦੇ ਹਨ। ਪੰਜਾਬ ਦੇ ਸੱਭਿਆਚਾਰ ਵਿੱਚ ਵੀ ਕਿਸੇ ਬਜ਼ੁਰਗ ਦੇ ਮਰਨ ਸਮੇਂ ਪੁੱਤਰ ਨੂੰ ਭਾਈਚਾਰੇ ਵੱਲੋਂ ਜਿੰਮੇਵਾਰੀ ਦੀ ਦਸਤਾਰ ਬਨ੍ਹਾਉਣ ਦੀ ਰਸਮ ਕੀਤੀ ਜਾਂਦੀ ਹੈ। ਭਾਰਤ ਦਾ ਇਤਿਹਾਸ ਕਾਂਡ 8, ਕ੍ਰਿਤ ਐਲਫਿਨਸਟੋਨ (Elphinstone) ਵਿੱਚ ਦਰਜ਼ ਹੈ ਕਿ ਮੁਸਲਮਾਨਾਂ ਦੇ ਸਮੇਂ ਧਰਮ ਦੇ ਨਿਆਇਕਾਰੀ ਨੂੰ ਅਹੁੱਦਾ ਸੌਂਪਣ ਸਮੇਂ ਉਸ ਦੀ ਦਸਤਾਰਬੰਦੀ ਕੀਤੀ ਜਾਂਦੀ ਸੀ। ਜਦੋਂ ਬਾਬਾ ਫ਼ਰੀਦ ਜੀ ਨੂੰ ਗੱਦੀ ’ਤੇ ਬਿਰਾਜਮਾਨ ਕੀਤਾ ਗਿਆ ਤਾਂ ਉਨ੍ਹਾਂ ਦੀ ਦਸਤਾਰਬੰਦੀ ਕਰਨ ਲਈ ਉਨ੍ਹਾਂ ਦੀ ਮਾਤਾ ਨੇ ਆਪ ਸੂਤ ਕੱਤ ਕੇ ਜੁਲਾਹੇ ਤੋਂ ਦਸਤਾਰਾਂ ਉਣਵਾਈਆਂ ਸਨ। ਇਸੇ ਰਸਮ ਨੂੰ ਹਿੰਦੂ ਸਿੱਖਾਂ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਅਪਣਾਇਆ ਜਾ ਰਿਹਾ ਹੈ। ਜਿਵੇਂ ਕਿ ਅੱਜ ਵੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਅਹੁਦੇ ’ਤੇ ਬਿਰਾਜਮਾਨ ਕਰਨ ਸਮੇਂ ਅਤੇ ਗੱਦੀਦਾਰ ਡੇਰੇਦਾਰਾਂ ਦੀ ਮੌਤ ਉਪਰੰਤ ਉਸ ਦੇ ਨੇੜਲੇ ਚੇਲੇ ਨੂੰ ਡੇਰੇ ਦੀ ਗੱਦੀ ਸੰਭਾਲਣ ਸਮੇਂ ਉਨ੍ਹਾਂ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ।
ਸਿੱਖ ਕੌਮ ਵਿਚ ਪੱਗ ਅਰਥਾਤ ਦਸਤਾਰ ਨੂੰ ਸਭ ਤੋਂ ਵੱਧ ਧਾਰਮਿਕ ਅਤੇ ਸਮਾਜਿਕ ਮਹੱਤਵ ਦਿੱਤਾ ਜਾਂਦਾ ਹੈ। ਉਂਝ ਭਾਰਤੀ ਸਮਾਜ ’ਚ ਪੱਗ ਬੰਨ੍ਹਣ ਦਾ ਪੁਰਾਣਾ ਰਿਵਾਜ਼ ਹੈ। ਰਾਜਪੂਤ, ਮਰਹੱਟੇ, ਜੱਟ, ਜਾਟ ਆਦਿ ਸਾਰੇ ਹੀ ਪੱਗ ਨੂੰ ਆਪਣੇ ਸਿਰ ਦਾ ਤਾਜ਼ ਸਮਝਦੇ ਹਨ। ਮੁਸਲਮਾਨ ਦੇਸ਼ਾਂ ਵਿਚੋਂ ਤੁਰਕੀ, ਇਰਾਨ, ਸੂਡਾਨ, ਯਮਨ, ਇਰਾਕ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚ ਪੱਗ ਇਕ ਆਮ ਪ੍ਰਵਾਨਿਤ ਬਸਤਰ ਹੈ। ਸ਼ਿਵਾ ਜੀ ਮਰਹੱਟਾ, ਰਾਣਾ ਸਾਂਗਾ, ਰਾਜਾ ਜੈ ਸਿੰਘ ਆਦਿ ਸ਼ਾਹੀ ਕਲਗੀ ਵਾਲੀਆਂ ਪੱਗਾਂ; ਮਹਾਰਾਜਾ ਰਣਜੀਤ ਸਿੰਘ ਦੀ ਪੱਗ ਤੋਂ ਕੋਈ ਬਹੁਤੀਆਂ ਵੱਖਰੀਆਂ ਨਹੀਂ ਸਨ। ਮੁਗ਼ਲ ਸ਼ਹਿਨਸ਼ਾਹ ਵੀ ਦਸਤਾਰ ਧਾਰਨ ਕਰਦੇ ਸਨ। ਬੀਤੇ ਸਮੇਂ ਵਿਚ ਭਾਰਤ ਅਤੇ ਮੁਸਲਿਮ ਦੇਸ਼ਾਂ ਵਿਚ ਪੱਗ ਪਹਿਰਾਵੇ ਦਾ ਇਕ ਜ਼ਰੂਰੀ ਅੰਗ ਰਹੀ ਹੈ, ਪਰ ਅੱਜ ਇਸ ਦਾ ਮਹੱਤਵ ਸਿੱਖ ਸਮਾਜ ਤੋਂ ਬਗੈਰ ਬਾਕੀ ਸਭ ਸਮਾਜਾਂ ’ਚ ਬਹੁਤ ਘਟ ਚੁੱਕਾ ਹੈ। ਮੁਗਲ ਸਾਮਰਾਜ ਵੇਲੇ ਕਈ ਤੁਅੱਸਬੀ ਰਾਜੇ ਗੈਰ-ਮੁਸਲਮਾਨਾਂ ਲਈ ਪੱਗ ਬੰਨ੍ਹਣ ’ਤੇ ਪਾਬੰਦੀਆਂ ਵੀ ਲਗਾਉਂਦੇ ਰਹੇ ਹਨ, ਕਿਉਂਕਿ ਪੱਗ ਨੂੰ ਸਵੈਮਾਨ ਅਤੇ ਆਜ਼ਾਦ ਹਸਤੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਪੱਗ ਨੂੰ ਤਾਜ਼ ਦਾ ਮਹੱਤਵ ਵੀ ਦਿੱਤਾ ਜਾਂਦਾ ਹੈ। ਸਿੱਖ ਧਰਮ ’ਚ ਪੱਗ ਦਾ ਮਹੱਤਵ ਬਾਕੀ ਧਰਮਾਂ ਨਾਲੋਂ ਬਿਲਕੁਲ ਵੱਖਰਾ ਹੈ। ਸਿੱਖ ਵਿਚਾਰਧਾਰਾ ’ਚ ਪੱਗ ਨੂੰ ਸਿਰਫ਼ ਸਵੈਮਾਣ ਦਾ ਪ੍ਰਤੀਕ ਹੀ ਨਹੀਂ ਸਮਝਿਆ ਗਿਆ, ਸਗੋਂ ਰੂਹਾਨੀਅਤ ਜਾਂ ਧਾਰਮਿਕ ਮਹੱਤਤਾ ਵੀ ਹੈ। ਵੈਸੇ ਤਾਂ ਪਹਿਲੇ ਪੰਜ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਦਸਤਾਰ ਬੰਨ੍ਹਣੀ ਸਿੱਖੀ ਜੀਵਨ ’ਚ ਧਾਰਮਿਕ ਪੱਖੋਂ ਜ਼ਿਆਦਾ ਮਹੱਤਵਪੂਰਨ ਸੀ, ਪਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਦੀ ਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਸ ਵੇਲੇ ਦੇ ਤੁਅੱਸਬੀ ਮੁਗਲ ਰਾਜੇ ਜਹਾਂਗੀਰ ਨੇ ਗੈਰ ਮੁਸਲਮਾਨਾਂ ’ਤੇ ਪੱਗ ਬੰਨ੍ਹਣ ’ਤੇ ਪਾਬੰਦੀ ਦਾ ਫ਼ੁਰਮਾਨ ਜਾਰੀ ਕਰ ਦਿੱਤਾ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਇੱਕ ਦੀ ਥਾਂ ਦੋ ਦਸਤਾਰਾਂ ਬੰਨ੍ਹਣ ਦਾ ਹੁਕਮ ਜਾਰੀ ਕਰ ਦਿੱਤਾ; ਜਿਸ ਨੂੰ ਦੁਮਾਲਾ ਸਜਾਉਣਾ ਕਿਹਾ ਜਾਣ ਲੱਗਾ। ਸਿੱਖ ਦੀ ਦਸਤਾਰ ਇੱਕ ਅਜਿਹੇ ਮੁਜੱਸਮੇ ਦੀ ਪ੍ਰਤੀਕ ਹੋ ਨਿੱਬੜਦੀ ਹੈ, ਜਿਸ ਵਿੱਚ ਧਰਮ, ਇੱਜ਼ਤ ਤੇ ਅਧਿਆਤਮਕ ਲਕਸ਼ ਸਾਫ ਨਜ਼ਰੀਂ ਪੈਂਦਾ ਹੈ। ਗੁਰੂ ਸਾਹਿਬ ਨੇ ਆਪ ਵੀ ਸੁੰਦਰ ਦੁਮਾਲਾ ਸਜਾ ਕੇ ਉੱਪਰ ਕਲਗੀ ਲਗਾਉਣੀ ਸ਼ੁਰੂ ਕਰ ਦਿੱਤੀ, ਜੋ ਸਿੱਖ ਧਰਮ ਦੀ ਸੁਤੰਤਰਤਾ ਅਤੇ ਆਜ਼ਾਦ ਪ੍ਰਭੂ ਸੱਤਾ ਦੀ ਪ੍ਰਤੀਕ ਸੀ। ਇਸੇ ਕਰਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਢਾਡੀ ਅਬਦੁੱਲਾ ਅਤੇ ਨੱਥਾ ਮੱਲ ਨੇ ਅਕਾਲ ਤਖ਼ਤ ਸਾਹਿਬ ਤੋਂ ਜੋ ਵਾਰ ਪੜ੍ਹੀ ਸੀ, ਉਸ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਦਸਤਾਰ ਦਾ ਬਾਖ਼ੂਬੀ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ: ‘ਦੋ ਤਲਵਾਰੀਂ ਬਧੀਆਂ; ਇੱਕ ਮੀਰ ਦੀ, ਇੱਕ ਪੀਰ ਦੀ। ਇਕ ਅਜ਼ਮਤ ਦੀ, ਇੱਕ ਰਾਜ ਦੀ; ਇੱਕ ਰਾਖੀ ਕਰੇ ਵਜ਼ੀਰ ਦੀ। … … … …ਪੱਗ ਤੇਰੀ ਕੀ ਜਹਾਂਗੀਰ ਦੀ?’ ਕਵੀ ਮੁਤਾਬਕ ਗੁਰੂ ਸਾਹਿਬ ਦੀ ਪੱਗ ਦੀ ਸ਼ਾਨ ਅਤੇ ਜਾਹੋ-ਜਲਾਲ ਸਾਹਮਣੇ ਜਹਾਂਗੀਰ ਦੀ ਪੱਗ ਤੁੱਛ ਜਿਹੀ ਵੀ ਨਹੀਂ ਸੀ।
ਜਦੋਂ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੇ ਪੱਗ ਨੂੰ ਰਾਜਸੱਤਾ ਦੀ ਪ੍ਰਤੀਕ ਦੱਸ ਕੇ ਆਮ ਜਨਤਾ ਲਈ ਪੱਗੜੀ ਬੰਨ੍ਹਣ ’ਤੇ ਰੋਕ ਲਗਾ ਦਿੱਤੀ ਤਾਂ ਫਿਰ ਦਸਵੀਂ ਜੋਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਵਾਲੇ ਦਿਨ ਹਰ ਸਿੱਖ ਲਈ ਪੰਜ ਕਕਾਰਾਂ ਨਾਲ ਪੱਗ ਵੀ ਲਾਜ਼ਮੀ ਕਰਾਰ ਦੇ ਦਿੱਤੀ। ਉਨ੍ਹਾਂ ਨੇ ਦਸਤਾਰ ਨੂੰ ਸਿੱਖ ਫ਼ਲਸਫ਼ੇ ਵਿਚ ਬਿਲਕੁਲ ਨਵੇਂ ਪ੍ਰਸੰਗ ’ਚ ਰੂਪਮਾਨ ਕਰ ਦਿੱਤਾ। ਜਿਵੇਂ ਕੇਸਗੜ੍ਹ ਦੀ ਰੱਖਿਆ ਲਈ ਦਸਮ ਪਿਤਾ ਨੇ ਆਨੰਦਪੁਰ ਸਾਹਿਬ ’ਚ ਪੰਜ ਕਿਲ੍ਹੇ ਬਣਾਏ, ਉਸੇ ਤਰ੍ਹਾਂ ਸਿੱਖ ਫ਼ਲਸਫ਼ੇ ’ਚ ਕੇਸਾਂ ਦੀ ਰੱਖਿਆ ਲਈ ਪੰਜ ਕਕਾਰਾਂ ਦੇ ਨਾਲ ‘ਕੇਸਕੀ’ ਅਰਥਾਤ ਦਸਤਾਰ ਵੀ ਜ਼ਰੂਰੀ ਹੈ। ਇਸ ਦੀ ਗਵਾਹੀ ਤਵਾਰੀਖ ਦੇ ਸਭ ਤੋਂ ਪੁਰਾਤਨ ਸ੍ਰੋਤ ਭੱਟ ਵਹੀਆਂ ਵਿੱਚ ਵੀ ਮਿਲਦੀ ਹੈ। ਦਸਤਾਰ ਦਾ ਜ਼ਿਕਰ ਸਾਰੇ ਰਹਿਤਨਾਮਿਆਂ, ਤਨਖਾਹਨਾਮਿਆਂ ਆਦਿ ਵਿੱਚ ਵੀ ਆਇਆ ਹੈ। ਪੁਰਾਤਨ ਰਹਿਤਨਾਮਿਆਂ ’ਚ ਦਸਤਾਰ ਬੰਨ੍ਹਣ ਸਬੰਧੀ ਸਿੱਖਾਂ ਲਈ ਜ਼ਰੂਰੀ ਹਦਾਇਤਾਂ ਸਪਸ਼ਟ ਮਿਲਦੀਆਂ ਹਨ:-
ਗੁਰਸਿੱਖ ਸਵੇਰੇ ਉਠ ਕੇ ਇਸ਼ਨਾਨ ਕਰੇ, ਕੰਘਾ ਕਰ ਕੇ ਛੋਟੀ ਦਸਤਾਰ (ਕੇਸਕੀ) ਸਜਾਏ ਫਿਰ ਵੱਡੀ ਦਸਤਾਰ ਚੁਣ ਕੇ ਬੰਨ੍ਹੇ।‘ਪ੍ਰਾਤ ਇਸ਼ਨਾਨ ਜਤਨ ਸੋ ਸਾਧੇ। ਕੰਘਾ ਕਰਦ ਦਸਤਾਰਹਿ ਬਾਂਧੇ।’ (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਭਾਈ ਦਯਾ ਸਿੰਘ ਜੀ ਨੇ ਰਹਿਤਨਾਮੇ ਵਿਚ ਲਿਖਿਆ ਹੈ: ਸਿਰ ਦੇ ਵਿਚਕਾਰ ਜੂੜਾ ਕਰਕੇ ਵੱਡੀ ਪੱਗ ਬੰਨ੍ਹੇ- ‘ਜੂੜਾ ਸੀਸ ਕੇ ਮੱਧ ਭਾਗ ਮੈਂ ਰਾਖੇ, ਔਰ ਪਾਗ ਬੜੀ ਬਾਂਧੇ’।
ਦਸਤਾਰ ਹਮੇਸ਼ਾਂ ਦੋ ਸਮੇਂ ਸਜਾਉਣੀ ਚਾਹੀਦੀ ਹੈ। ਇਕ, ਸਵੇਰੇ ਇਸ਼ਨਾਨ ਕਰ ਕੇ ਤੇ ਦੂਸਰਾ, ਤਿ੍ਰਕਾਲਾਂ ਵੇਲੇ ਕੰਘਾ ਕਰ ਕੇ ਸਜਾਉਣੀ ਚਾਹੀਦੀ ਹੈ। ‘ਪ੍ਰਾਤ ਇਸ਼ਨਾਨ ਜਤਨ ਸੋ ਸਾਧੇ। ਕੰਘਾ ਕਰਦ ਦਸਤਾਰਹਿ ਬਾਂਧੇ। ਚਾਰ ਘੜੀ ਜਬ ਦਿਵਸ ਰਹਾਈ। ਪੰਚ ਇਸਨਾਨਾ ਪੁਨਹ ਕਰਾਈ। ਕੰਘਾ ਕਰਦ ਦਸਤਾਰ ਸਜਾਵੈ। ਇਹੀ ਰਹਤ ਸਿੰਘਨ ਸੋ ਭਾਵੈ।’ (ਰਹਿਤਨਾਮਾ ਭਾਈ ਦੇਸਾ ਸਿੰਘ ਜੀ)। ‘ਕੰਘਾ ਦੋਨਉ ਵਕਤ ਕਰ, ਪਾਗ ਚੁਨਹਿ ਕਰ ਬਾਂਧਈ।’ (ਤਨਖਾਹਨਾਮਾ ਭਾਈ ਨੰਦ ਲਾਲ ਜੀ)।‘ਕੰਘਾ ਦ੍ਵੈ ਕਾਲ ਕਰੇ ਪਾਗ ਚੁਨਕਿ ਬਾਧੇ।’ (ਰਹਿਤਨਾਮਾ ਭਾਈ ਦਯਾ ਸਿੰਘ ਜੀ)
ਗੁਰੂ ਦਾ ਸਿੱਖ ਚੰਗੀ ਤਰ੍ਹਾਂ ਖ਼ੂਬ ਸੋਧ ਕੇ, ਸਵਾਰ ਕੇ ਦਸਤਾਰ ਸਜਾਵੇ ਕਿਉਂਕਿ ਖਾਲਸਾ ਮੂਲ ਰੂਪ ’ਚ ਇਕ ਸਿਪਾਹੀ ਹੈ। ਉਹ ਨਿੱਤ ਜੰਗ ਕਰਦਾ ਹੈ। ਖ਼ਾਲਸਾ ਨਾ ਹੀ ਆਪਣੀ ਪੱਗ ਸਰਕਣ ਦਿੰਦਾ ਹੈ ਤੇ ਨਾ ਹੀ ਦੂਜੇ ਦੀ ਪੱਗ ਲਾਹੁੰਦਾ ਹੈ: ‘ਜਿਸ ਕੀ ਲੜਾਈ ਮੈਂ ਪੱਗ ਉਤਰੈ ਸੋ ਟਕਾ ਪੱਕਾ ਤਨਖਾਹ, ਜੋ ਉਤਾਰੇ ਦੋ ਟਕੇ ਪੱਕਾ ਤਨਖਾਹ।’ (ਰਹਿਤਨਾਮਾ ਭਾਈ ਦਯਾ ਸਿੰਘ ਜੀ)। ‘ਜੋ ਸਿੱਖ, ਸਿੱਖ ਦੀ ਪੱਗ ਨੂੰ ਹੱਥ ਪਾਏ, ਸੋ ਭੀ ਤਨਖਾਹੀਆ।’ (ਰਹਿਤਨਾਮਾ ਭਾਈ ਚਉਪਾ ਸਿੰਘ ਜੀ)
ਇਹ ਰੁਤਬਾ ਦਸਮ ਪਾਤਸ਼ਾਹ ਨੇ ਖ਼ਾਲਸੇ ਨੂੰ ਬਖਸ਼ਿਆ। ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਉਂਦੇ ਸਨ। ਸੁੰਦਰ ਦਸਤਾਰ ਸਜਾਉਣ ਵਾਲੇ ਸਿੰਘ ਨੂੰ ਇਨਾਮ ਦੇਂਦੇ ਤੇ ਖੁਸ਼ ਹੁੰਦੇ। ਜਿਸ ਥਾਂ ਦਸਤਾਰ ਦੇ ਮੁਕਾਬਲੇ ਹੁੰਦੇ ਸਨ, ਉਸ ਥਾਂ ਗੁਰਦੁਆਰਾ ‘ਦਸਤਾਰ ਅਸਥਾਨ’ ਸ਼ੁਸ਼ੋਭਿਤ ਹੈ। ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਅਤੇ ਮਾਈ ਭਾਗੋ ਜੀ ਨੂੰ ਆਪਣੇ ਹੱਥੀਂ ਦਸਤਾਰਾਂ ਭੇਟ ਕੀਤੀਆਂ ਸਨ। ਜੰਗ ਦੇ ਦੌਰਾਨ ਖ਼ਾਲਸਾ ਫੌਜ (ਨਿਹੰਗ ਸਿੰਘਾਂ) ਵੱਲੋਂ ਗੋਲ ਦੁਮਾਲੇ ਸਜਾਏ ਜਾਂਦੇ ਹਨ; ਉੱਪਰ ਚੱਕਰ ਚੜ੍ਹਾਏ ਜਾਂਦੇ ਸਨ, ਜਿਸ ਸਦਕਾ ਪੱਗ ਦੁਸ਼ਮਣ ਦੀ ਤਲਵਾਰ ਆਦਿ ਤੋਂ ਬਚਾਅ ਕੇ ਰੱਖਦੀ ਸੀ। ਗੁਰੂ ਸਾਹਿਬਾਨਾਂ ਤੋਂ ਬਾਅਦ ਦਸਤਾਰ ਨਵੇਂ-ਨਵੇਂ ਰੂਪਾਂ ’ਚ ਵਿਕਸਿਤ ਹੁੰਦੀ ਰਹੀ। ਸਿੱਖ ਮਿਸਲਾਂ ਦੇ ਮੁਖੀਆਂ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖ ਗੁਰੂ ਸਾਹਿਬਾਨ ਵੱਲੋਂ ਵਿਕਸਿਤ ਕੀਤਾ ਦੁਮਾਲਾ ਜਾਂ ਉਸ ਨਾਲ ਰਲਦੇ-ਮਿਲਦੇ ਤਰੀਕਿਆਂ ਦੀਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਸਨ। ਪਰ ਅੱਜ ਕੱਲ੍ਹ ਪੇਚਾਂ ਵਾਲੀਆਂ ਪੋਚਵੀਆਂ ਪੱਗਾਂ ਜਿਵੇਂ ਕਿ ਮਿਲਟਰੀ ਸਟਾਈਲ, ਪਟਿਆਲਾਸ਼ਾਹੀ, ਨੋਕਦਾਰ ਪੱਗਾਂ ਆਦਿਕ ਜ਼ਿਆਦਾ ਪ੍ਰਚੱਲਤ ਹੋ ਗਈਆਂ ਹਨ। ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨ੍ਹਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖ਼ਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਸਿਰ ’ਤੇ ਦਸਤਾਰ ਸਜਾਉਂਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰ ਕੇ ਜਾਣਦਾ ਹੈ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੋਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਕਰਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ।
ਸਮੇਂ-ਸਮੇਂ ਤੇ ਜਦੋਂ ਵੀ ਜ਼ਾਲਮਾ ਨੇ ਪੱਗੜੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਅੱਗੋਂ ਕਰਾਰਾ ਜਵਾਬ ਮਿਲਣ ’ਤੇ ਮੂੰਹ ਦੀ ਖਾਣੀ ਪਈ। ਕ੍ਰਾਂਤੀਕਾਰੀਆਂ ਦੇ ਸਮੇਂ ‘ਪੱਗੜੀ ਸੰਭਾਲ ਜੱਟਾ’ ਲਹਿਰ ਵੀ ਚੱਲੀ। ਇਹ ਗੀਤ ਲਿਖਣ ਵਾਲੇ ਕਵੀ ‘ਬਾਂਕੇ ਦਿਆਲ’ ਨੂੰ ਅੰਗਰੇਜਾਂ ਨੇ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਆਖ਼ਰਕਾਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਇਆਂ ਅੰਗਰੇਜ਼ ਹਕੂਮਤ ਨੂੰ ਹਾਰ ਮੰਨਣੀ ਪਈ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਜਦ ਅੰਗਰੇਜ਼ ਅਧਿਕਾਰੀਆਂ ਨੇ ਸਿੱਖ ਫੌਜੀਆਂ ਨੂੰ ਲੋਹੇ ਦੇ ਹੈਲਮਟ ਪਾਉਣੇ ਲਾਜ਼ਮੀ ਕਰ ਦਿੱਤੇ ਸਨ ਅਤੇ ਹੁਕਮ ਜਾਰੀ ਕਰ ਦਿੱਤੇ ਕਿ ਅਸੀਂ ਸਿਰ ਵਿੱਚ ਗੋਲੀਆਂ ਲੱਗਣ ਕਾਰਨ ਸ਼ਹੀਦ ਹੋਏ ਸਿੱਖਾਂ ਦੀਆਂ ਵਿਧਵਾਵਾਂ ਨੂੰ ਪੈਂਨਸ਼ਨ ਦੇਣ ਤੋਂ ਅਸਮਰੱਥ ਹੋਵਾਂਗੇ। ਇਸ ਦੇ ਬਾਵਜੂਦ ਵੀ ਸਿੱਖ ਫੌਜੀਆਂ ਨੇ ਸਿਰ ’ਤੇ ਲੋਹੇ ਦੇ ਹੈਲਮਟ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਲਿਖ ਕੇ ਦੇ ਦਿੱਤਾ ਸੀ ਕਿ ਸਿਰ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਸਿੱਖ ਪੈਂਨਸ਼ਨ ਲੈਣ ਦਾ ਹੱਕਦਾਰ ਨਹੀਂ ਹੋਵੇਗਾ।
ਦਸਤਾਰ ਪਹਿਨਣ ਦਾ ਹੱਕ ਪ੍ਰਾਪਤ ਕਰਨ ਲਈ ਸਿੱਖਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹਿੰਦਾ ਹੈ। ਬਹੁਤ ਸਾਰੇ ਸਿੱਖਾਂ ਨੇ ਜੇਲ੍ਹ ਵਿੱਚ ਵੀ ਦਸਤਾਰ ਉਤਾਰਨ ਤੋਂ ਨਾਂਹ ਕੀਤੀ। ਸਿੱਖ ਵਿਦਵਾਨ ਅਤੇ ਪ੍ਰਚਾਰਕ ਭਾਈ ਰਣਧੀਰ ਸਿੰਘ ਜੀ ਦੀ ਜੇਲ੍ਹ ਵਿੱਚ ਜ਼ਬਰੀ ਦਸਤਾਰ ਉਤਾਰੇ ਜਾਣ ’ਤੇ ੳਨ੍ਹਾਂ ਨੇ ਤੁਰੰਤ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਉਸ ਸਮੇਂ ਤੱਕ ਜਾਰੀ ਰੱਖੀ ਜਦ ਤੱਕ ਕਿ ਉਸ ਨੂੰ ਦਸਤਾਰ ਪਹਿਨਣ ਦੀ ਇਜ਼ਾਜਤ ਨਹੀਂ ਦਿੱਤੀ ਗਈ। 1982 ਵਿੱਚ ਯੂ.ਕੇ. ਦੇ ਇੱਕ ਪ੍ਰਾਈਵੇਟ ਸਕੂਲ ਦੇ ਹੈੱਡਮਾਸਟਰ ਨੇ ਇੱਕ ਸਿੱਖ ਬੱਚੇ ਨੂੰ ਉਸ ਸਮੇਂ ਤੱਕ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਜਦ ਤੱਕ ਕਿ ਉਹ ਆਪਣੀ ਪਗੜੀ ਨਹੀਂ ਉਤਾਰਦਾ ਅਤੇ ਆਪਣੇ ਕੇਸ ਨਹੀਂ ਕਟਵਾ ਲੈਂਦਾ। ਉਸ ਦੇ ਪਿਤਾ ਨੇ ਬੱਚੇ ਨੂੰ ਦੂਸਰੇ ਸਕੂਲ ਵਿੱਚ ਦਾਖ਼ਲਾ ਦਿਵਾ ਦਿੱਤਾ ਅਤੇ ਆਪਣਾ ਧਾਰਮਿਕ ਹੱਕ ਹਾਸਲ ਕਰਨ ਲਈ ਲੰਬੀ ਕਾਨੂੰਨੀ ਲੜਾਈ ਲਈ। ਇਸੇ ਤਰ੍ਹਾਂ ਕੈਨੇਡਾ ਵਿੱਚ 1990 ਵਿੱਚ ਬਲਤੇਜ ਸਿੰਘ ਢਿੱਲੋਂ ਨੇ ਆਰ.ਸੀ.ਐੱਮ.ਪੀ. (RCMP) ਅਫਸਰ ਵਜੋਂ ਡਿਊਟੀ ਸਮੇਂ ਦਸਤਾਰ ਪਹਿਨਣ ਦਾ ਕਾਨੂੰਨੀ ਹੱਕ ਸੁਪ੍ਰੀਮ ਕੋਰਟ ਆਫ ਕੈਨੇਡਾ ਦੇ ਫੈਸਲੇ ਰਾਹੀਂ ਹਾਸਲ ਕੀਤਾ। ਜੁਲਾਈ 2002 ’ਚ ਅਮਰੀਕਾ ਵਿੱਚ ਨਿਊ ਯਾਰਕ ਪੁਲਿਸ ਮਹਿਕਮੇ ਨੇ ਜਸਜੀਤ ਸਿੰਘ ਜੱਗੀ ਨੂੰ ਇਸ ਕਰਕੇ ਟ੍ਰੈਫਿਕ ਪੁਲਿਸਮੈਨ ਦੀ ਡਿਊਟੀ ਤੋਂ ਫਾਰਗ ਕਰ ਦਿੱਤਾ ਕਿਉਂਕਿ ਡਿਊਟੀ ਸਮੇਂ ਉਸ ਨੇ ਦਸਤਾਰ ਉਤਾਰਨ ਤੋਂ ਨਾਂਹ ਕਰ ਦਿੱਤੀ ਸੀ। ਸ: ਜੱਗੀ ਨੇ ਨਿਊ ਯਾਰਕ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਕੇਸ ਦਾਇਰ ਕਰ ਦਿੱਤਾ। ਇਸ ਕੇਸ ਵਿੱਚ ਅਪ੍ਰੈਲ 2004 ਵਿੱਚ ਜੱਜ ਸਾਹਿਬ ਨੇ ਫੈਂਸਲਾ ਸੁਣਾਉਂਦੇ ਸ: ਜੱਗੀ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ। ਪਿਛਲੇ ਦਹਾਕੇ ਤੋਂ ਫਰਾਂਸ ਸਰਕਾਰ ਨੇ ਹੁਕਮ ਜਾਰੀ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ’ਤੇ ਕਿਸੇ ਵੀ ਧਾਰਮਿਕ ਚਿਨ੍ਹ ਪਹਿਨਣ ਦੀ ਪਾਬੰਦੀ ਲਾ ਦਿੱਤੀ ਗਈ ਹੈ। ਉਸ ਸਮੇਂ ਤੋਂ ਹੀ ਗੈਰ ਸਰਕਾਰੀ ਸੰਸਥਾ ‘ਯੂਨਾਟਿਡ ਸਿੱਖਸ’ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਸਿੱਖਾਂ ਲਈ ਧਾਰਮਿਕ ਹਾਸਲ ਕਰਨ ਲਈ ਅੰਤਰਰਾਸ਼ਟਰੀ ਪੱਧਰ ’ਤੇ ਕਾਨੂੰਨੀ ਅਤੇ ਰਾਜਨੀਤਕ/ਡਿਪਲੋਮੈਟਿਕ ਢੰਗ ਨਾਲ ਸੰਘਰਸ਼ ਕਰ ਰਹੀਆਂ ਹਨ। ਨਿਜੀ ਤੌਰ ’ਤੇ ਵੀ ਕਈ ਸਿੱਖ ਆਪਣਾ ਧਾਰਮਿਕ ਹੱਕ ਹਾਸਲ ਕਰਨ ਲਈ ਕਾਨੂੰਨੀ ਲੜਾਈ ਲੜ ਰਹੇ ਹਨ ਜਿਨ੍ਹਾਂ ਵਿੱਚੋਂ ਕਈਆਂ ਨੇ ਸਫਲਤਾ ਵੀ ਹਾਸਲ ਕੀਤੀ ਹੈ ਜਿਵੇਂ ਕਿ 57 ਸਾਲਾ ਸ: ਸ਼ਿੰਗਾਰਾ ਮਾਨ ਸਿੰਘ ਨੂੰ ਪਾਸਪੋਰਟ ’ਤੇ ਬਿਨਾਂ ਪੱਗ ਤੋਂ ਫੋਟੋ ਲਗਾਉਣ ਲਈ ਕਿਹਾ ਗਿਆ ਤਾਂ ਉਸ ਨੇ ਯੂ.ਐੱਨ. ਮਨੁੱਖੀ ਅਧਿਕਾਰ ਕਮੇਟੀ ਕੋਲ ਪਹੁੰਚ ਕੀਤੀ ਜਿਸ ਨੇ ਫ੍ਰਾਂਸ ਸਰਕਾਰ ਨੂੰ ਕਿਹਾ ਕਿ ਉਸ ਨੇ ਧਾਰਮਿਕ ਅਜਾਦੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅਪ੍ਰੈਲ 2009 ਵਿੱਚ ਕੈਪਟਨ ਕਮਲਜੀਤ ਸਿੰਘ ਕਲਸੀ ਅਤੇ ਸੈਕਿੰਡ ਲੈਫਟੀਨੈਂਟ ਤੇਜਦੀਪ ਸਿੰਘ ਰਤਨ ਨੇ ਯੂ.ਐੱਸ. ਆਰਮੀ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਜਿਸ ਵਿੱਚ ਉਨ੍ਹਾਂ ਨੂੰ ਆਪਣੀ ਦਾਹੜੀ ਸ਼ੇਵ ਕਰਨ ਅਤੇ ਪਗੜੀ ਉਤਾਰਨ ਲਈ ਕਿਹਾ ਗਿਆ ਸੀ। ਇਸ ਉਪ੍ਰੰਤ ਮਾਰਚ 2010 ਵਿੱਚ ਸ: ਰਤਨ ਨੇ ਫੋਰਟ ਸੈਮ ਹਿਊਸਟਨ ਦੇ ਆਰਮੀ ਸਕੂਲ ਵਿੱਚੋਂ ਪਹਿਲੇ ਸਿੱਖ ਫੌਜੀ ਅਫਸਰ ਵਜੋਂ ਡਿਗਰੀ ਹਾਸਲ ਕਰਨ ਦਾ ਮਾਣ ਹਾਸਲ ਕੀਤਾ।
ਸਿੱਖਾਂ ਵੱਲੋਂ ਦਸਤਾਰ ਲਈ ਕੀਤੇ ਗਏ ਅਤੇ ਕੀਤੇ ਜਾ ਰਹੇ ਸੰਘਰਸ਼ ਨੂੰ ਵੇਖਦਿਆਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਉਹ ਸਿੱਖ ਸਨ, ਜਿਨ੍ਹਾਂ ਦੇ ਸਿਰ ’ਤੇ ਮੌਤ ਵੀ ਮੰਡਰਾ ਰਹੀ ਹੁੰਦੀ ਸੀ, ਰੁਜ਼ਗਾਰ ਖੁੱਸਣ ਦਾ ਡਰ ਵੀ ਰਹਿੰਦਾ ਹੈ ਪਰ ਉਹ ਪੱਗੜੀ ਨੂੰ ਜਾਨ ਅਤੇ ਰੁਜ਼ਗਾਰ ਤੋਂ ਵੀ ਵੱਧ ਪਿਆਰੀ ਸਮਝਦੇ ਸਨ/ਹਨ। ਇੱਕ ਅੱਜ ਦੇ ਸਿੱਖ ਬੱਚੇ ਹਨ ਜਿਨ੍ਹਾਂ ਨੂੰ ਕਿਸੇ ਪਾਸਿਉਂ ਕੋਈ ਖਤਰਾ ਵੀ ਨਹੀ ਹੈ, ਫਿਰ ਵੀ ਪੱਗੜੀ ਬੰਨ੍ਹਣਾ ਨਹੀਂ ਚਾਹੁੰਦੇ। ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਸਾਡੇ ਪੰਜਾਬੀ ਵੀਰ, ਬੱਚੇ ਪੱਗੜੀ ਨੂੰ ਤਿਲਾਂਜਲੀ ਦਈ ਜਾ ਰਹੇ ਹਨ। ਅੱਜ ਫੈਸ਼ਨ ਦੇ ਇਸ ਯੁੱਗ ਵਿੱਚ ਟੀ.ਵੀ. ਦੀ ਅਹਿਮ ਭੂਮਿਕਾ ਹੈ, ਜਿਸ ਨੂੰ ਵੇਖ-ਵੇਖ ਸਾਡੇ ਬੱਚੇ ਬੱਚੀਆਂ ਆਪਣੇ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੋ ਕੌਮਾਂ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਜਿਊਂਦੀਆਂ ਨਹੀ ਰਹਿ ਸਕਦੀਆਂ ਹਨ। ਇੱਕ ਪਾਸੇ ਫਰਾਂਸ, ਆਸਟਰੇਲੀਆ ਤੇ ਹੋਰ ਮੁਲਕਾਂ ਵਿੱਚ ਪੰਜਾਬੀਆਂ ਵੱਲੋਂ ਪੱਗੜੀ ਲਈ ਲੜਾਈ ਲੜੀ ਜਾ ਰਹੀ ਹੈ ਤੇ ਦੂਜੇ ਪਾਸੇ ਖ਼ੁਦ ਪੰਜਾਬ ਅੰਦਰ ਸਾਡੇ ਬੱਚੇ ਇਸ ਪੱਖੋਂ ਮੂੰਹ ਫੇਰ ਰਹੇ ਹਨ; ਜੋ ਕਿ ਬੜੇ ਸ਼ਰਮ ਵਾਲੀ ਗੱਲ ਹੈ। ਦਸਤਾਰ ਨੂੰ ਤਿਲਾਂਜਲੀ ਦੇਣ ਦੇ ਰਾਹ ਪਏ ਸਿੱਖ ਨੌਜਵਾਨਾਂ ਨੂੰ ਕਿਸੇ ਦਾਨਸ਼ਵਰ ਦੇ ਇਹ ਸ਼ਬਦ ਹਮੇਸ਼ਾਂ ਯਾਦ ਰੱਖਣੇ ਚਾਹੀਦੇ ਹਨ: ‘ਤਾਜ ਬਿਨਾਂ ਕਿੰਗ ਨਹੀਂ;ਦਸਤਾਰ ਬਿਨਾਂ ਸਿੰਘ ਨਹੀਂ।’
ਦਸਤਾਰ ਦੀ ਸਿੱਖ ਲਈ ਨੌਜਵਾਨਾਂ ਵਿੱਚ ਚੇਤਨਾ ਪੈਦਾ ਕਰਨ ਲਈ ਪਿਛਲੇ 12-13 ਸਾਲਾਂ ਤੋਂ ਹਰ ਸਾਲ 13 ਅਪ੍ਰੈਲ ਨੂੰ ‘ਵਿਸ਼ਵ ਦਸਤਾਰ ਦਿਵਸ’ਮਨਾਇਆ ਜਾਂਦਾ ਹੈ। ‘ਸਿੱਖ ਚਿਲਡਰਨ ਫੋਰਮ’ ਦੁਆਰਾ ‘ਕੈਲੇਫੋਰਨੀਆ’ ਵਿੱਚ ਇਹ ਦਿਵਸ ਮਨਾਉਣਾ ਸ਼ੁਰੂ ਕਰਕੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਈ ਧਾਰਮਿਕ ਜਥੇਬੰਦੀਆਂ ਨੇ ਇਸ ਦਿਨ ਨੂੰ ‘ਵਿਸ਼ਵ ਦਸਤਾਰ ਦਿਵਸ’ ਵਜੋਂ ਮਨਾਉਣਾ ਆਰੰਭ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਸੁੰਦਰ ਦਸਤਾਰਾਂ ਸਜਾਉਣ ਵਾਲੇ ਬੱਚਿਆ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ। ਸਾਡਾ ਵੀ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਫੈਸ਼ਨ ਪ੍ਰਸਤੀ ਨੂੰ ਛੱਡ ਕੇ ਸੁੰਦਰ ਦਸਤਾਰ ਹਮੇਸ਼ਾਂ ਲਈ ਆਪਣੇ ਸਿਰਾਂ ’ਤੇ ਸਜਾ ਕੇ ਸਿੱਖ ਲਈ ਦਸਤਾਰ ਦੀ ਮਹੱਤਤਾ ਵੀ ਉਜਾਗਰ ਕਰੀਏ।