12 ਅਪ੍ਰੈਲ ਦਾ ਇਤਿਹਾਸ – ਜੋਤੀ ਜੋਤਿ ਸ੍ਰੀ ਗੁਰੂ ਅੰਗਦ ਦੇਵ ਜੀ

ਸੇਵਾ ਅਤੇ ਸਿਮਰਨ ਦੀ ਮੂਰਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈਸਵੀ ਨੂੰ ਪਿਤਾ ਭਾਈ ਫੇਰੂ ਮੱਲ ਜੀ ਤੇ ਮਾਤਾ ਰਾਮੋਂ ਜੀ (ਮਾਤਾ ਦਇਆ ਕੌਰ) ਦੇ ਗ੍ਰਹਿ ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ (ਹੁਣ ਮੁਕਤਸਰ) ਵਿਖੇ ਹੋਇਆ। ਆਪ ਦਾ ਨਾਂ ਲਹਿਣਾ ਰੱਖਿਆ ਗਿਆ। ਇਹ ਮੁਗ਼ਲ ਰਾਜ ਦਾ ਸਮਾਂ ਸੀ। ਆਪ ਦੇ ਪਿਤਾ ਬਹੁਤ ਨੇਕ ਦਿਲ, ਸਾਊ ਤੇ ਸ਼ਾਂਤ ਸੁਭਾਅ ਦੇ ਮਾਲਕ ਸਨ।
ਆਪ ਦੇ ਪਿਤਾ ਦੇਵੀ ਭਗਤ ਸਨ।ਤੇ ਹਰ ਸਾਲ ਸੰਗਤਾਂ ਨਾਲ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਸਨ। ਆਪ ਦੇ ਪਿਤਾ ਇਕ ਚੰਗੇ ਵਿਦਵਾਨ ਤੇ ਹਿਸਾਬੀ-ਕਿਤਾਬੀ ਪੁਰਸ਼ ਸਨ। ਆਪ ਨੇ ਵੀ ਆਪਣੇ ਪਿਤਾ ਪਾਸੋਂ ਵਿੱਦਿਆ ਪ੍ਰਾਪਤ ਕਰ ਕੇ ਹਿਸਾਬ, ਸੰਸਕ੍ਰਿਤ ਤੇ ਗੁਰਮੁੱਖੀ ਵਿਚ ਨਿਪੁੰਨਤਾ ਹਾਸਲ ਕਰ ਲਈ ਤੇ ਪਿਤਾ ਨਾਲ ਦੁਕਾਨਦਾਰੀ ਦੇ ਕੰਮ ‘ਚ ਹੱਥ ਵਟਾਉਂਦੇ ਸਨ। ਆਪ ਦਾ ਵਿਆਹ ਮਾਤਾ ਖੀਵੀ ਜੀ ਨਾਲ ਹੋਇਆ। ਮਾਤਾ ਖੀਵੀ ਜੀ ਵੀ ਬਹੁਤ ਨੇਕ ਦਿਲ, ਸ਼ਾਂਤ ਸੁਭਾਅ ਤੇ ਮਿੱਠ ਬੋਲੜੇ ਸਨ। ਭਾਈ ਲਹਿਣਾ ਜੀ ਦੇ ਘਰ ਮਾਤਾ ਖੀਵੀ ਜੀ ਦੀ ਕੁੱਖੋਂ ਦੋ ਪੁੱਤਰ ਦਾਤੂ ਜੀ, ਦਾਸੂ ਜੀ ਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਨੇ ਜਨਮ ਲਿਆ।
ਸੰਨ 1526 ਵਿਚ ਬਾਬਰ ਨੇ ਭਾਰਤ ‘ਤੇ ਹਮਲਾ ਕੀਤਾ ਤਾਂ ਆਪ ਦੇ ਪਿੰਡ ਮੱਤੇ ਦੀ ਸਰ੍ਹਾਂ ‘ਤੇ ਵੀ ਬਾਬਰ ਨੇ ਹਮਲਾ ਕਰ ਕੇ ਪਿੰਡ ਤਹਿਸ ਨਹਿਸ ਕਰ ਦਿੱਤਾ। ਤਬਾਹੀ ਤੋਂ ਬਾਅਦ ਜਦ ਫਿਰ ਪਿੰਡ ਵੱਸਿਆ ਤਾਂ ਇਸ ਪਿੰਡ ਦਾ ਨਾਂ ਬਦਲ ਕੇ ਨਾਗੇ ਦੀ ਸਰਾਇ ਹੋ ਗਿਆ। ਆਪ ਆਪਣੇ ਪਿਤਾ ਵਾਂਗ ਹਰ ਸਾਲ ਸੰਗਤਾਂ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਇਕ ਦਿਨ ਆਪ ਦੀ ਦੁਕਾਨ ਅੱਗਿਓਂ ਗੁਰੂ ਨਾਨਕ ਸਾਹਿਬ ਦੇ ਸਿੱਖ ਭਾਈ ਜੋਧਾ ਜੀ ਤੇ ਭਾਈ ਫਿਰਨਾ ਜੀ ਆਸਾ ਦੀ ਵਾਰ ਦਾ ਪਾਠ ਕਰਦੇ ਹੋਏ ਲੰਘੇ ਤਾਂ ਆਪ ਦੇ ਪੁੱਛਣ ‘ਤੇ ਭਾਈ ਜੋਧਾ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਜੋ ਇਸ ਸਮੇਂ ਕਰਤਾਰਪੁਰ ਵਿਖੇ ਜੀਵਾਂ ਦਾ ਉਦਾਰ ਕਰ ਰਹੇ ਹਨ। ਆਪ ਜੀ ਨੂੰ ਗੁਰੂ ਚਰਨਾਂ ਦੀ ਖਿੱਚ ਹੋਈ ਤੇ ਰਾਤ ਦਿਨ ਆਪ ਦਾ ਮਨ ਗੁਰੂ ਚਰਨਾਂ ਲਈ ਬਿਹਬਲ ਹੋ ਉ ੱਠਿਆ ਤੇ ਸੋਚਿਆ ਕਿ ਜਦ ਜਵਾਲਾ ਜੀ ਦੇ ਦਰਸ਼ਨਾਂ ਲਈ ਜਾਵਾਂਗਾ ਤਾਂ ਰਸਤੇ ‘ਚ ਗੁਰੂ ਨਾਨਕ ਦੇਵ ਜੀ ਦੇ ਵੀ ਦਰਸ਼ਨ ਜ਼ਰੂਰ ਕਰਾਂਗਾ।

ਜਦ ਆਪ ਦੇਵੀ ਦਰਸ਼ਨਾਂ ਲਈ ਸੰਗਤ ਦੇ ਨਾਲ ਤੁਰੇ ਤਾਂ ਕਰਤਾਰਪੁਰ ਪਹੁੰਚ ਕੇ ਆਪ ਨੇ ਸਾਥੀਆਂ ਨੂੰ ਅਰਾਮ ਕਰਨ ਲਈ ਕਿਹਾ ਤੇ ਆਪ ਗੁਰੂ ਦਰਸ਼ਨਾਂ ਲਈ ਤੁਰ ਪਏ। ਉੱਧਰ ਜਾਣੀ-ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪ ਨੂੰ ਅਗਲਵਾਂਡੀ ਲੈਣ ਲਈ ਘਰੋਂ ਤੁਰ ਪਏ। ਰਸਤੇ ਵਿਚ ਟਾਕਰਾ ਹੋ ਗਿਆ ਤਾਂ ਆਪ ਨੇ ਗੁਰੂ ਨਾਨਕ ਦੇਵ ਜੀ ਪਾਸੋਂ ਹੀ ਉਨ੍ਹਾਂ ਦੇ ਘਰ ਦਾ ਰਸਤਾ ਪੁੱਛਿਆ ਤਾਂ ਉਸ ਸਮੇਂ ਆਪ ਘੋੜੀ ‘ਤੇ ਬੈਠੇ ਹੋਏ ਸਨ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ‘ਮੇਰੇ ਮਗਰ ਮਗਰ ਆਉ।’ ਜਦ ਆਪ ਨੇ ਘਰ ਪਹੁੰਚ ਕੇ ਘੋੜੀ ਕਿੱਲੇ ਨਾਲ ਬੰਨ੍ਹੀ ਤੇ ਅੰਦਰ ਪਹੁੰਚ ਕੇ ਗੁਰੂ ਸਹਿਬ ਦੇ ਦਰਸ਼ਨ ਕੀਤੇ ਤਾਂ ਬੜੇ ਸ਼ਰਮਸਾਰ ਹੋਏ, ਮਾਫ਼ੀ ਮੰਗੀ ਕਿ ਮੇਰੇ ਕੋਲੋਂ ਭੁੱਲ ਹੋ ਗਈ, ਆਪ ਜੀ ਖਿਮਾ ਕਰੋ, ਮੈਂ ਘੋੜੀ ‘ਤੇ ਤੇ ਆਪ ਜੀ ਪੈਦਲ, ਮੈਂ ਅਣਜਾਣ ਸਾਂ।’ ਤਾਂ ਗੁਰੂ ਸਾਹਿਬ ਬੋਲੇ, ‘ਭਾਈ! ਤੇਰਾ ਨਾਉਂ ਕੀ ਹੈ?’ ਆਪ ਨੇ ਨਿਮਰਤਾ ਸਹਿਤ ਉੱਤਰ ਦਿੱਤਾ, ‘ਮੇਰਾ ਨਾਂ ਲਹਿਣਾ ਹੈ’ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ‘ਭਾਈ, ਲਹਿਣੇਦਾਰ ਘੋੜੀਆਂ ‘ਤੇ ਹੀ ਆਉਂਦੇ ਹਨ।’

ਆਪ ਨੇ ਉਸ ਰਾਤ ਉੱਥੇ ਹੀ ਵਿਸ਼ਰਾਮ ਕੀਤਾ। ਰਾਤ ਸਮੇਂ ਆਪ ਨੂੰ ਸੁਪਨਾ ਆਇਆ ਕਿ ਜਿਸ ਦੇਵੀ ਦੇ ਦਰਸ਼ਨਾਂ ਨੂੰ ਆਪ ਜਾਂਦੇ ਸਨ, ਉਹ ਦੇਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿਚ ਝਾੜੂ ਲਗਾ ਰਹੀ ਹੈ। ਭਾਈ ਲਹਿਣਾ ਜੀ ਦੇ ਪੁੱਛਣ ਤੇ ਉਸ ਦੇਵੀ ਨੇ ਦੱਸਿਆ ਕਿ ‘ਮੈਂ ਗੁਰੂ ਨਾਨਕ ਦੇ ਦਰਬਾਰ ਦੀ ਝਾੜੂ ਬਰਦਾਰ ਹਾਂ।’

ਤਬ ਦੇਵੀ ਮੁਖ ਬਚਨ ਪ੍ਰਗਾਸ।।

ਗੁਰੂ ਨਾਨਕ ਕੀ ਮੈਂ ਹੋਂ ਦਾਸੀ।।

ਇਸ ਤੋਂ ਬਾਅਦ ਆਪ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ। ਉੱਥੇ ਆਪ ਨੇ ਕਾਫ਼ੀ ਸਮਾਂ ਗੁਰੂ ਚਰਨਾਂ ਵਿਚ ਰਹਿ ਕੇ ਸੇਵਾ ਸਿਮਰਨ ਕੀਤਾ ਤੇ ਗੁਰੂ ਘਰ ਦੀ ਮਹਿਮਾ ਨੂੰ ਨੇੜਿਉਂ ਜਾਣਨ ਦਾ ਸੁਭਾਗ ਪ੍ਰਾਪਤ ਕੀਤਾ। ਜਾਣੀ-ਜਾਣ ਸਤਿਗੁਰੂ ਜੀ ਨੇ ਆਪ ਨੂੰ ਆਪਣੇ ਘਰ ਫੇਰਾ ਮਾਰ ਕੇ ਆਉਣ ਲਈ ਕਿਹਾ। ਆਪ ਨੇ ਘਰ ਵਾਪਸ ਪਹੁੰਚ ਕੇ ਦੁਕਾਨਦਾਰੀ ਦੀ ਜ਼ਿੰਮੇਵਾਰੀ ਵੱਡੇ ਪੁੱਤਰ ਨੂੰ ਸੌਂਪੀ ਤੇ ਬੀਬੀ ਅਮਰੋ ਜੀ ਦਾ ਵਿਆਹ ਪਿੰਡ ਬਾਸਰਕੇ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਮਾਣਕ ਚੰਦ ਜੀ ਦੇ ਸਪੁੱਤਰ ਬਾਬਾ ਜਸੂ ਜੀ ਨਾਲ ਕੀਤਾ ਤੇ ਵਾਪਸ ਗੁਰੂ ਚਰਨਾਂ ਵਿਚ ਆ ਗਏ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹਰ ਬਚਨ ਨੂੰ ਸਤਿ ਕਹਿ ਕੇ ਮੰਨਿਆ। ਭਾਈ ਲਹਿਣਾ ਜੀ ਹਰ ਪਰਖ ਵਿਚ ਖਰੇ ਉਤਰਦੇ ਰਹੇ।

ਭਾਈ ਲਹਿਣਾ ਜੀ ਨੇ ਗੁਰੂ ਘਰ ਦੀ ਸੱਤ ਸਾਲ ਸੇਵਾ ਕੀਤੀ। ਅੰਤ ਭਾਈ ਲਹਿਣਾ ਜੀ ਦੀ ਸੇਵਾ ਸਫਲ ਹੋਈ ਤੇ ਗੁਰੂ ਨਾਨਕ ਦੇਵ ਜੀ ਨੇ ਖ਼ੁਸ਼ ਹੋ ਕੇ 1539 ਨੂੰ ਇਕ ਨਾਰੀਅਲ ਤੇ ਪੰਜ ਪੈਸੇ ਮੱਥਾ ਟੇਕ ਕੇ ਗੁਰਿਆਈ ਦਾ ਤਿਲਕ ਤੇ ਆਪਣੇ ਅੰਗ ਲਗਾ ਕੇ ਉਨ੍ਹਾਂ ਨੂੰ ‘ਗੁਰੂ ਅੰਗਦ ਦੇਵ’ ਬਣਾ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਕਹਿਣ ਅਨੁਸਾਰ ਆਪ ਵਾਪਸ ਖਡੂਰ ਸਾਹਬ ਜਾ ਕੇ ਰਹਿਣ ਲੱਗ ਪਏ। ਇਥੇ ਆਪ ਮਾਈ ਭਰਾਈ ਦੇ ਗ੍ਰਹਿ ਵਿਖੇ ਗੁਪਤਵਾਸ ਹੋ ਕੇ ਤਪ ਕਰਨ ਲੱਗੇ। ਸੰਗਤਾਂ ਆਪ ਦੇ ਦਰਸ਼ਨਾਂ ਨੂੰ ਬਿਹਬਲ ਹੋ ਉੱਠੀਆਂ। ਇਕ ਦਿਨ ਭਾਈ ਭਗੀਰਥ ਜੀ, ਭਾਈ ਬੂੜਾ ਜੀ, ਭਾਈ ਧੀਰੋ ਜੀ, ਭਾਈ ਅਜਿੱਤਾ ਰੰਧਾਵਾ ਜੀ ਤੇ ਭਾਈ ਸਾਧਾਰਨ ਜੀ, ਪੰਜ ਸਿੱਖਾਂ ਦੇ ਬੇਨਤੀ ਕਰਨ ਤੇ ਬਾਬਾ ਬੁੱਢਾ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਤਾਂ ਦੱਸਿਆ ਕਿ ਗੁਰੂ ਜੀ ਖਡੂਰ ਸਾਹਬ ਵਿਖੇ ਮਾਈ ਭਰਾਈ ਜੀ ਦੇ ਗ੍ਰਹਿ ਵਿਖੇ ਬਿਰਾਜਮਾਨ ਹਨ। ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਉਮੜ ਪਈਆਂ ਤੇ ਸੰਗਤ ਦੀ ਬੇਨਤੀ ‘ਤੇ ਆਪ ਸੰਗਤ ਦੇ ਸਨਮੁੱਖ ਹੋਏ। ਸੰਗਤ ਬਾਬਾ ਬੁੱਢਾ ਜੀ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਾਪ ਕਰ ਰਹੀਆਂ ਸਨ। ਸੁਣ ਕੇ ਆਪ ਅਤਿ ਪ੍ਰਸੰਨ ਹੋਏ ਤੇ ਮਾਤਾ ਖੀਵੀ ਜੀ ਨੂੰ ਕਿਹਾ ਕਿ ਗੁਰੂ ਜੀ ਨੇ ਜੋ ਕੜਛਾ ਤੁਹਾਨੂੰ ਬਖ਼ਸ਼ਿਆ ਹੈ, ਉਸ ਨਾਲ ਲੰਗਰ ਬਣਾਉ, ਸੰਗਤਾਂ ਨੂੰ ਲੰਗਰ ਪਾਣੀ ਛਕਾਉ, ਕੋਈ ਭੁੱਖਾ ਨਾ ਜਾਵੇ।

ਗੁਰੂ ਅੰਗਦ ਦੇਵ ਜੀ ਨੇ ‘ਮਹਾਜਨੀ ਲਿਪੀ’ ‘ਚ ਸੁਧਾਰ ਕਰ ਕੇ ‘ਗੁਰਮੁੱਖੀ ਲਿਪੀ’ ਦੀ ਰਚਨਾ ਕੀਤੀ। ਗੁਰਮੁੱਖੀ ਲਿਪੀ ਦੇ ਪਾਸਾਰ ਤੇ ਪ੍ਰਚਾਰ ਲਈ ਗੁਰਮੁੱਖੀ ਵਰਣਮਾਲਾ ਵਿਚ ਬੱਚਿਆ ਲਈ ‘ਬਾਲ-ਬੋਧ’ ਦੀ ਰਚਨਾ ਕੀਤੀ। ਆਪ ਬਾਲਕਾਂ ਨੂੰ ਗੁਰਮੁੱਖੀ ਪੜ੍ਹਾਉਂਦੇ ਤੇ ਲਿਖਾਉਂਦੇ ਸਨ। ਇਥੇ ਹੀ ਆਪ ਨੇ ਸਰੀਰਕ ਕਸਰਤ ਨੂੰ ਉਤਸ਼ਾਹਿਤ ਕਰਨ ਲਈ ਇਕ ਅਖਾੜਾ ਬਣਵਾਇਆ। ਇਥੇ ਗੁਰਦੁਆਰਾ ਅਖਾੜਾ ਸਾਹਿਬ ਸੁਸ਼ੋਭਿਤ ਹੈ।

ਜਦ 1540 ਨੂੰ ਆਪ ਖਡੂਰ ਸਾਹਿਬ ਵਿਚ ਹੀ ਸਨ ਤਾਂ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਖਾ ਕੇ ਭੱਜੇ ਆਉਂਦੇ ਹਮਾਯੂੰ ਨੂੰ ਨਿਮਰਤਾ ਦਾ ਪਾਠ ਪੜ੍ਹਾ ਕੇ ਉਸ ਦਾ ਹੰਕਾਰ ਤੋੜਿਆ। ਗੁਰੂ ਅੰਗਦ ਦੇਵ ਜੀ ਨੇ ਆਪ 9 ਵਾਰਾਂ ਵਿਚ ਅੰਕਿਤ 63 ਸਲੋਕਾਂ ਦੀ ਰਚਨਾ ਕੀਤੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।


Share On Whatsapp

Leave a Reply




top