ਸੰਗਤ ਜੀ ਸੇਅਰ ਲਾਇਕ ਕਰਿਓ ਜਾ ਨਾ ਕਰਿਓ ਤੁਹਾਡੀ ਮਰਜੀ ਪਰ ਬੇਨਤੀ ਕਰਦਾ ਜਰੂਰ ਟਾਈਮ ਕੱਢ ਕੇ ਸਾਰੇ ਪੜਿਓ ਜੀ ।
ਭਗਤ ਸਿੰਘ ਨੇ ਆਪਣੀ ਜਵਾਨੀ ਦੀ ਉਮਰ ਵਿਚ ਹੀ ਇਤਨੀ ਪ੍ਰਸਿਧੀ ਹਾਸਲ ਕਰ ਲਈ ਕੀ ਲੋਕਾਂ ਨੇ ਉਸ ਦੀ ਬਹਾਦਰੀ ਅਤੇ ਕੁਰਬਾਨੀ ਦੀਆਂ ਵਾਰਾਂ ਰਚ ਕੇ ਪਿੰਡ -ਪਿੰਡ ਤੇ ਘਰ ਘਰ ਗਾਣੀਆਂ ਸ਼ੁਰੂ ਕਰ ਦਿਤੀਆਂ । ਦਸੰਬਰ 17, 1928 ਨੂੰ ਸਾਂਡਰਸ ਦੇ ਕਤਲ ਤੇ ਅਪ੍ਰੈਲ 8, 1929 ਨੂੰ ਅਸੰਬਲੀ ਹਾਲ ਵਿਚ ਸੁਟੇ ਬੰਬ ਨੇ ਭਗਤ ਸਿੰਘ ਨੂੰ ਹਿੰਦੁਸਤਾਨ ਦਾ ਮਹਿਬੂਬ ਪਾਤਰ ਬਣਾ ਦਿਤਾ । 23 ਮਾਰਚ 1931, ਫਾਂਸੀ ਤੋਂ ਬਾਅਦ ਦਿਲੀ ਵਿਚ ਹੋਏ ਇਕ ਜਲਸੇ ਵਿਚ ਸੁਭਾਸ਼ ਚੰਦਰ ਬੋਸ ਨੇ ਕਿਹਾ,’ ਭਗਤ ਸਿੰਘ ਇੱਕ ਵਿਅਕਤੀ ਨਹੀਂ -ਉਹ ਇਕ ਨਿਸ਼ਾਨ ਹੈ , ਇਕ ਚਿੰਨ ਹੈ ਉਸ ਇਨਕਲਾਬ ਦਾ, ਜਿਹੜਾ ਉਸ ਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ ਵਾਸੀ ਦੇ ਸੀਨੇ ਵਿਚ ਮਘਦੀ ਅੱਗ ਦੀ ਤਰਾਂ ਬਲ ਉਠਿਆ ਹੈ “। ਪੰਡਤ ਜਵਾਹਰ ਲਾਲ ਨੇ ਲਿਖਿਆ ਸੀ ,” ਇਹ ਨੌਜਵਾਨ ਗਭਰੂ ਅਚਨਚੇਤ ਇਤਨਾ ਹਰਮਨ ਪਿਆਰਾ ਹੋ ਗਿਆ ਹੈ । ਸਾਨੂੰ ਉਸਦੀ ਸ਼ਹਾਦਤ ਤੋ ਸਬਕ ਸਿਖਣਾ ਚਾਹੀਦਾ ਹੈ ਕਿ ਦੇਸ਼ ਤੇ ਕੌਮ ਦੀ ਆਜ਼ਾਦੀ ਲਈ ਕਿਵੇਂ ਹੱਸ ਹੱਸ ਕੇ ਸ਼ਹੀਦ ਹੋਇਆ ਜਾਂਦਾ ਹੈ ।
ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਚੱਕ ਨੰਬਰ 105 , ਲਾਇਲਪੁਰ ਵਿਖੇ ਇਕ ਕ੍ਰਾਂਤੀਕਾਰੀ ਪਰਿਵਾਰ ਵਿਚ ਹੋਇਆ । ਉਨ੍ਹਾ ਦਾ ਜਦੀ ਪਿੰਡ ਖਟਕੜ ਕਲਾਂ, ਨਵਾਂ ਸ਼ਹਿਰ ,ਜਿਲਾ ਜਲੰਧਰ ਵਿਚ ਸੀ ਬਾਅਦ ਵਿਚ ਇਸਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ । ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਉਸੇ ਦਿਨ ਉਸਦੇ ਚਾਚਾ ਮਾਂਡਲੇ ਦੀ ਜੇਲ ਤੋਂ ਰਿਹਾ ਹੋਕੇ ਆਏ ਸੀ । ਇਸ ਕਰਕੇ ਇਸ ਦਾ ਨਾਂ ਭਗਤ ਸਿੰਘ ਮਤਲਬ ਭਾਗਾਂ ਵਾਲਾ ਰਖ ਦਿਤਾ ਸੀ । ਉਨ੍ਹਾ ਦੇ ਪਿਤਾ ਤੇ ਦੂਸਰੇ ਚਾਚਾ ਵੀ ਪੱਕੇ ਦੇਸ਼ ਭਗਤ ਸੀ ਅਤੇ ਮਾਂ ਬੜੀ ਹੋਸਲੇ ਵਾਲੀ ,ਦਲੇਰ ਤੇ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ ।
ਆਪ ਦੇ ਦਾਦਾ ਜੀ ਸਰਦਾਰ ਅਰਜਨ ਸਿੰਘ ਇੱਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ। ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਉਹਨਾਂ ਨੇ ਸਮੇਂ – ਸਮੇਂ ਆਈਆ ਕੁਦਰਤੀ ਆਫ਼ਤਾ ਸਮੇਂ ਲੋਕਾਂ ਦੀ ਵੱਧ-ਚੱੜ੍ਹ ਕੇ ਮਦਦ ਕੀਤੀ। 1906 ਵਿੱਚ ਕਿਸ਼ਨ ਸਿੰਘ ਜੀ ਕਾਂਗਰਸ ਦੇ ਮੈਂਬਰ ਬਣੇ ਅਤੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ। ਉਸ ਸਮੇਂ ਕੋਈ ਅੰਗਰੇਜ਼ਾ ਦੇ ਖਿਲਾਫ਼ ਡਰਦਾ ਮੂੰਹ ਨਹੀਂ ਸੀ ਖੋਲਦਾ। ਉਸਦੇ ਪ੍ਰਚਾਰ ਦਾ ਵਾਹੀਕਾਰਾ ਅਤੇ ਫ਼ੌਜ਼ੀਆ ਤੇ ਬਹੁਤ ਜਿਆਦਾ ਪ੍ਰਭਾਵ ਪਿਆ। ਜਿਸ ਦੇ ਕਾਰਨ ਉਹਨਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਵੀ ਭੁਗਤਣੀ ਪਈ। ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਇਸ ਤੋਂ ਇਲਾਵਾ ਭਗਤ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਵੀ ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲ ਸੀ ।
ਭਗਤ ਸਿੰਘ ਤਿੰਨ ਸਾਲ ਦੇ ਸੀ ਜਦੋਂ ਇਕ ਦਿਨ ਉਨ੍ਹਾ ਦੇ ਪਿਤਾ ਦੇ ਮਿੱਤਰ ਨੇ ਉਨ੍ਹਾ ਤੋ ਪੁਛਿਆ ,’ ਕਾਕਾ ਤੂੰ ਕੀ ਕਰਦਾਂ ਹੈਂ ਤਾ ਭਗਤ ਸਿੰਘ ਨੇ ਕਿਹਾ ,” ਮੈਂ ਬੰਦੂਕਾ ਬਣਾਂਦਾ ਹਾਂ । ਉਹ ਸੁਣ ਕੇ ਹੈਰਾਨ ਹੋ ਗਿਆ । ਇਕ ਵਾਰੀ ਬਚਪਨ ਵਿਚ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਵੀ ਕਿਹਾ ਸੀ ਕੀ ਅਸੀਂ ਖੇਤਾਂ ਵਿਚ ਅਨਾਜ਼ ਦੀ ਜਗਹ ਬੰਦੂਕਾਂ ਕਿਓਂ ਨਹੀਂ ਬੀਜਦੇ ਤਾਕਿ ਅਸੀਂ ਆਪਣੇ ਦੇਸ਼ ਨੂੰ ਅਜਾਦ ਕਰ ਸਕੀਏ ।
ਪ੍ਰਾਇਮਰੀ ਦੀ ਪੜਾਈ ਆਪਣੇ ਪਿੰਡ ਵਿਚੋਂ ਪਾਸ ਕਰਕੇ ਉਹ ਆਪਣੀ ਉਚੇਰੀ ਵਿਦਿਆ ਲਈ ਲਾਹੌਰ ਚਲੈ ਗਏ । ਉਨ੍ਹਾ ਦਿਨਾ ਵਿਚ ਲਾਹੌਰ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਰਾਜਸੀ ਗਤਿਵਿਧਿਆਂ ਦਾ ਪ੍ਰਮੁਖ ਕੇਂਦਰ ਸੀ । ਇਥੇ ਪੜਦਿਆਂ ਉਹ ਕਈ ਸਿਆਸੀ ਨੇਤਾਵਾਂ ਤੇ ਕ੍ਰਾਂਤੀਕਾਰੀ ਨੌਜਵਾਨਾਂ ਦੇ ਸੰਪਰਕ ਵਿਚ ਆਏ ,ਜਿਹੜੇ ਅਹਿੰਸਾ ਨਹੀਂ ਬਲਿਕ ਸ਼ਕਤੀ ਨਾਲ ਦੇਸ਼ ਨੂੰ ਅਜਾਦ ਕਰਵਾਣ ਵਿਚ ਵਿਸ਼ਵਾਸ ਰਖਦੇ ਸਨ, ਮਹਿਤਾ ਨੰਦ ਕਿਸ਼ੋਰ, ਸੂਫ਼ੀ ਅੰਬਾ ਪ੍ਰਸਾਦ ਪਿੰਡੀਵਾਲਾ, ਸੁਖਦੇਵ ,ਲਾਲਾ ਲਜਪਤ ਰਾਏ, ਸ੍ਰੀ ਰਾਮ ਬਿਹਾਰੀ ਬੋਸ, ਭਗਵਤੀ ਚਰਨ, ਸ੍ਰੀ ਰਾਮ ਕ੍ਰਿਸ਼ਨ ਆਦਿ ।
ਅਜੇ ਭਗਤ ਸਿੰਘ ਦੀ ਉਮਰ 9 ਸਾਲ ਦੀ ਸੀ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿਤੀ ਗਈ । ਉਸਦੀ ਦਲੇਰਾਨਾ ਮੌਤ ਨੇ ਭਗਤ ਸਿੰਘ ਦੇ ਦਿਲ ਤੇ ਬੜਾ ਗਹਿਰਾ ਅਸਰ ਕੀਤਾ ਤੇ ਉਸਨੂੰ ਭਗਤ ਸਿੰਘ ਨੇ ਆਪਣਾ ਆਦਰਸ਼ ਬਣਾ ਲਿਆ । ਸਰਾਭਾ ਦਾ ਇਹ ਗੀਤ ਉਹ ਬੜੇ ਪਿਆਰ ਨਾਲ ਗਾਇਆ ਕਰਦੇ ਸੀ ,’”
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ,ਗਲਾਂ ਕਰਣੀਆਂ ਢੇਰ ਸੁਖਾਲੀਆਂ ਨੀ
ਜਿਨ੍ਹਾ ਦੇਸ਼ ਦੀ ਸੇਵਾ ਵਿਚ ਪੈਰ ਪਾਇਆ ਉਨ੍ਹਾ ਲਖਾਂ ਮੁਸੀਬਤਾਂ ਜਾਲੀਆਂ ਨੀ।
ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਉਸ ਬਾਰੇ ਲਿਖਦੇ ਹਨ ‘ਭਗਤ ਸਿੰਘ ਛੇ ਫੁੱਟ ਲੰਮਾ, ਬਹੁਤ ਖੂਬਸੂਰਤ ਅਤੇ ਮੁੱਛ-ਫੁੱਟ ਨੌਜੁਆਨ ਸੀ। ‘ ਉਹ ਇਕ ਨਿੱਡਰ ਜਰਨੈਲ, ਫਿਲਾਸਫਰ ਅਤੇ ਉੱਚ ਦਰਜੇ ਦੀ ਰਾਜਸੀ ਸੂਝ ਰੱਖਣ ਵਾਲਾ ਸੀ। ਦੇਸ਼ ਭਗਤੀ ਦੇ ਨਾਲ-ਨਾਲ ਦੁਨੀਆ ਭਰ ਦੀ ਪੀੜਤ ਜਨਤਾ ਦਾ ਦਰਦ ਉਹਦੇ ਦਿਲ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ । ਆਜ਼ਾਦੀ ਦੇ ਘੋਲ ਦੌਰਾਨ ਸੈਂਕੜੇ ਸੂਰਬੀਰਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਹੋਈਆਂ, ਕਈਆਂ ਨੇ ਫਾਸੀਆਂ ਦੇ ਰੱਸਿਆਂ ਨੂੰ ਚੁੰਮਿਆ। ਉਨ੍ਹਾਂ ਸਭ ਦੀ ਕੁਰਬਾਨੀ ਕੋਈ ਘੱਟ ਨਹੀਂ ਹੈ। ਪਰ ਭਗਤ ਸਿੰਘ ਆਪਣੀ ਨਵੇਕਲੀ ਵਿਚਾਰਧਾਰਾ ਕਰਕੇ ਸਭ ਤੋਂ ਨਿਆਰਾ ਸੀ ਅਤੇ ਅੱਜ ਵੀ ਹੈ। ਉਸ ਨੇ ਛੋਟੀ ਉਮਰ ਵਿਚ ਹੀ ਆਪਣੇ ਤਰਕਪੂਰਨ ਫਲਸਫੇ ਨਾਲ ਲੋਕ ਦੇ ਮਨਾਂ ਨੂੰ ਟੁੰਬਿਆ ਅਤੇ ਹਲੂਣਿਆ। ਨਿੱਕੀ ਉਮਰੇ ਦੇਸ਼ ਲਈ ਵੱਡੇ ਕਾਰਨਾਮਿਆਂ ਨੂੰ ਸਰਅੰਜ਼ਾਮ ਦੇਣ ਕਰਕੇ ਉਹ ਹਿੰਦੁਸਤਾਨੀਆਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਲੋਕਾਂ ਦੇ ਮਨਾਂ ‘ਤੇ ਛਾ ਗਿਆ। ਉਸ ਲਈ ਗੀਤ, ਕਵਿਤਾਵਾਂ ਲਿਖੀਆਂ ਜਾਣ ਲਗੀਆਂ । ਲੋਕ ਗੀਤ ਘੜੇ ਗਏ, ਜਿਨ੍ਹਾਂ ਨੂੰ ਲੋਕ ਅੱਜ ਵੀ ਮਾਣ ਨਾਲ ਗਾਉਂਦੇ ਹਨ।
1919 ਜਲਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ , ਜਿਸਦਾ ਉਨ੍ਹਾ ਦੇ ਮੰਨ ਤੇ ਬੜਾ ਡੂੰਘਾ ਅਸਰ ਹੋਇਆ ਅਗਲੇ ਦਿਨ ਹੀ ਓਹ ਅਮ੍ਰਿਤਸਰ ਚਲੇ ਗਏ ਤੇ ਜਲਿਆਂ ਵਾਲੇ ਬਾਗ ਵਿਚੋਂ ਖੂਨ ਨਾਲ ਭਰੀ ਮਿਟੀ ਆਪਣੇ ਨਾਲ ਲੈਕੇ ਵਾਪਸ ਆ ਗਏ । ਇਸ ਘਟਨਾ ਨੇ ਉਨ੍ਹਾ ਦੇ ਮੰਨ ਤੇ ਅੰਗਰੇਜ਼ਾ ਖਿਲਾਫ਼ ਨਫਰਤ ਭਰ ਦਿਤੀ । ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿੱਚੋਂ ਲੰਘਦੇ ਜਾਂਦੇ ਅੰਦੋਲਨ ਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। ਫਿਰ ਗਾਂਧੀ ਦਾ ਅੰਦੋਲਨ ਸ਼ੁਰੂ ਹੋਇਆ । ਕਈ ਨੌਜਵਾਨਾਂ ਸਕੂਲ ਤੇ ਕਾਲਜਾਂ ਦੀ ਪੜਾਈ ਛਡਕੇ ਆਜ਼ਾਦੀ ਦੀ ਲੜਾਈ ਦੇ ਮੈਦਾਨ ਵਿਚ ਕੁਦ ਪਏ ਜਿਨ੍ਹਾ ਵਿਚੋਂ ਭਗਤ ਸਿੰਘ ਵੀ ਇਕ ਸੀ ।
ਸੰਨ 1921-1922 ਈ: ਨੂੰ ਲਾਹੌਰ ਵਿਖੇ ਦੇਸ਼ ਭਗਤਾਂ ਦੁਆਰਾ ਇਕ ਨੈਸ਼ਨਲ ਕਾਲਜ ਬਣਾਇਆ ਗਿਆ ਜਿਸ ‘ਵਿਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰਕੇ ਕਾਲਜ ਦੇ ਪਹਿਲੇ ਸਾਲ ਹੀ ਦਾਖਲਾ ਮਿਲ ਗਿਆ। ਜੈ ਦੇਵ ਗੁਪਤਾ ਅਤੇ ਸੁਖਦੇਵ ਇਨ੍ਹਾ ਦੀ ਕਲਾਸ ਵਿਚ ਹੀ ਪੜ੍ਹਦੇ ਸਨ। ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ। ਅਜਿਹੀ ਦੋਸਤੀ ਸ਼ਾਇਦ ਹੀ ਕਿਸੇ ਨੇ ਅੱਜ ਤੱਕ ਨਿਭਾਈ ਹੋਵੇ। ਸਰਦਾਰ ਭਗਤ ਸਿੰਘ ਸ਼ਕਲ ਸੂਰਤ ਦੇ ਬਹੁਤ ਸੋਹਣੇ ਤੇ ਅਵਾਜ਼ ਮਿਠੀ ਹੋਣ ਕਰਕੇ ਉਨ੍ਹਾ ਨੇ ਕਾਲਜ ਵਿਚ ਕਈ ਇਨਕਲਾਬੀ ਨਾਟਕ ਖੇਲੇ ਤੇ ਇਨਕਲਾਬੀ ਗੀਤ ਗਾਏ । ਜਿਸਤੇ ਬਾਅਦ ਵਿਚ ਅੰਗਰੇਜ਼ਾ ਨੇ ਰੋਕ ਲਗਾ ਦਿਤੀ ਸੀ । 1923 ਵਿਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵਲੋਂ ਲੇਖ ਲਿਖਣ ਦੇ ਮੁਕਾਬਲੇ ਵਿਚ ਭਗਤ ਸਿੰਘ ਨੇ ਪਹਿਲਾ ਇਨਾਮ ਹਾਸਲ ਕੀਤਾ ।
1923 ‘ਚ ਘਰਦਿਆਂ ਵਲੋਂ ਵਿਆਹ ਲਈ ਜ਼ੋਰ ਪਾਉਣ ‘ਤੇ ਸਰਦਾਰ ਭਗਤ ਸਿੰਘ ਨੇ ਘਰ ਛੱਡ ਦਿੱਤਾ ਅਤੇ ਕਾਨਪੁਰ ਚਲੇ ਗਏ । ਉਥੇ ਉਨ੍ਹਾ ਨੇ ਕੁਝ ਚਿਰ ਦੈਨਿਕ ਪ੍ਰਤਾਪ ,ਵੀਰ ਅਰਜਨ ਅਤੇ ਕਿਰਤੀ ਰਸਾਲਿਆਂ ਲਈ ਕੰਮ ਕੀਤਾ । ਉਹ ਹਿੰਦੀ ਉਰਦੂ ਅੰਗ੍ਰੇਜ਼ੀ ਤੇ ਪੰਜਾਬੀ ਲਿਖਣ ਵਿਚ ਮਾਹਿਰ ਸੀ । ਉਹ ਪ੍ਰਸਿਧ ਕ੍ਰਾਂਤੀਕਾਰੀ ਲੇਖਕਾਂ ਰੂਸੋ , ਵਾਲਟੇਅਰ, ਲੇਨਿਨ , ਮਾਰਕਸ ਆਦਿ ਦੀਆਂ ਰਚਨਾਵਾਂ ਬੜੇ ਸ਼ੋਕ ਤੇ ਧਿਆਨ ਨਾਲ ਪੜਦੇ ਤੇ ਪਰਭਾਵਿਤ ਹੁੰਦੇ । ਉਹ ਵਿਦੇਸ਼ੀ ਆਜ਼ਾਦੀ ਦੇ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ ਵਿਚ ਅਨੁਵਾਦ ਕਰਨ ਦੇ ਨਾਲ ਨਾਲ ਖੁਦ ਵੀ ਕਿਤਾਬਾਂ ਤੇ ਪਰਚੇ ਲਿਖ਼ਿਆ ਕਰਦੇ ਸੀ । ਕਿਤਾਬਾਂ ਪੜਨ ਦਾ ਉਨ੍ਹਾ ਨੂੰ ਬੇਹਦ ਸ਼ੌਕ ਸੀ । ਉਹ ਆਪਣੇ ਨਾਲ ਹਰ ਵੇਲੇ ਕਿਤਾਬ ਅਤੇ ਪਿਸਤੌਲ ਰੱਖਦੇ ਸਨ।
ਉਹ ਇਕ ਬਹੁਤ ਜ਼ਹੀਨ ਫਿਲਾਸਫੀਕਲ ਸ਼ਖ਼ਸੀਅਤ ਦੇ ਮਾਲਕ ਸੀ। ਉਹ ਕਿਹਾ ਕਰਦੇ ਸੀ ਕਿ ਅੰਗਰੇਜ਼ ਹਕੂਮਤ ਖਿਲਾਫ਼ ਲੜਾਈ ਸਾਡਾ ਪਹਿਲਾ ਮੋਰਚਾ ਹੈ। ਸਾਡਾ ਅਸਲ ਨਿਸ਼ਾਨਾ ਲੁੱਟ-ਖਸੁੱਟ ਰਹਿਤ ਸਮਾਜ ਦੀ ਸਿਰਜਣਾ ਕਰਨਾ ਹੈ। ਉਨ੍ਹਾ ਨੇ ਬਹੁਤ ਘੱਟ ਸਮੇਂ ਵਿਚ ਇਤਿਹਾਸ, ਰਾਜਨੀਤੀ, ਸਮਾਜਵਾਦ ਅਤੇ ਉਸ ਸਮੇਂ ਦੁਨੀਆ ਦੀ ਪੱਧਰ ‘ਤੇ ਵਾਪਰ ਰਹੇ ਰਾਜਨੀਤਕ ਘਟਨਾਵਾਂ ਦਾ ਗਹਿਰਾਈ ਨਾਲ ਅਧਿਐਨ ਕੀਤਾ ।
ਕਾਨਪੁਰ ਵਿਚ ਉਹ ਸ਼ੰਕਰ ਵਿਦਿਆਰਥੀ , ਬੀ .ਕੇ .ਦਤ, ਚੰਦਰ ਸ਼ੇਖਰ ਅਜਾਦ ਤੇ ਕੁਝ ਹੋਰ ਬੰਗਾਲੀ ਕ੍ਰਾਂਤੀਕਾਰੀਆਂ ਦੇ ਸੰਪਰਕ ਵਿਚ ਆਏ । ਇਥੇ ਉਹ ,”ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਦਾ ਮੈਂਬਰ ਬਣ ਗਏ । ਉਨ੍ਹਾ ਦਿਨਾਂ ਵਿਚ ਗੁਰੁਦਵਾਰਿਆਂ ਦੀ ਆਜ਼ਾਦੀ ਲਈ ਜੈਤੋਂ ਦਾ ਮੋਰਚਾ ਲਗਾ ਹੋਇਆ ਸੀ ਜਿਸਦਾ ਉਨ੍ਹਾ ਨੇ ਪੁਰਜੋਸ਼ ਸੁਆਗਤ ਕੀਤਾ, ਤੇ ਪੂਰੇ ਇਕੱਠ ਨੂੰ ਲੰਗਰ ਛਕਾਇਆ ਜਿਸ ਲਈ ਉਸਦੇ ਗ੍ਰਿਫਤਾਰੀ ਦੇ ਵਰੰਟ ਜਾਰੀ ਹੋ ਗਏ । 1927 ਵਿਚ ਨੌਜੁਆਨ ਭਾਰਤ ਸਭਾ ਦੀ ਨੀਂਹ ਰਖੀ ਜਿਸਦਾ ਬਾਅਦ ਵਿਚ ਨਾਂ ਬਦਲਕੇ “ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਰਖ ਦਿਤਾ । ਚੰਦਰ ਸ਼ੇਖਰ ਅਜਾਦ ਤੇ ਭਗਤ ਸਿੰਘ ਇਸਦੇ ਸੰਚਾਲਕ ਸਨ । ਉਨ੍ਹਾ ਨੇ ਉਤਰ ਪ੍ਰਦੇਸ਼ ਤੇ ਬੰਗਾਲ ਵਿਚ ਜਾਕੇ ਬੰਬ ਬਣਾਨੇ ਵੀ ਸਿਖ ਲਏ ਤੇ ਕਈ ਜਗਹ ਗੁਪਤ ਫੈਕਟਰੀਆਂ ਲਗਾ ਲਈਆਂ , ਅਗਰਾ , ਸਹਾਰਨਪੁਰ ,ਕਾਨਪੁਰ ਆਦਿ ।
1927 ਵਿੱਚ ਕਾਕੋਰੀ ਕਾਂਡ ( ਰੇਲਗੱਡੀ ਡਾਕੇ) ਦੇ ਮਾਮਲੇ ਵਿੱਚ ਉਨ੍ਹਾ ਨੂੰ ਗਿਰਫ਼ਤਾਰ ਕਰ ਲਿਆ ਗਿਆ। ਉਨ੍ਹਾ ਉੱਤੇ ਲਾਹੌਰ ਤੇ ਦੁਸਹਿਰੇ ਮੇਲੇ ਦੌਰਾਨ ਬੰਬ ਸੁਟਣ ਦਾ ਵੀ ਦੋਸ਼ ਮੜ੍ਹਿਆ ਗਿਆ। ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ ਵਸੂਲ ਕਰਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
1928 ਵਿਚ ਸਾਇਮਨ ਕਮਿਸ਼ਨ ਦੇ ਵਿਰੋਧ ਵਿਚ ਇਕ ਵਡਾ ਜਲੂਸ ਕਢਿਆ ਜਿਸਦੀ ਅਗਵਾਈ ਲਾਲਾ ਲਜਪਤ ਰਾਏ ਕਰ ਰਹੇ ਸਨ । ਅੰਗਰੇਜ਼ ਸਰਕਾਰ ਵਲੋ ਲਾਲਾ ਲਜਪਤ ਰਾਏ ਤੇ ਲਾਠੀਆਂ ਦੀ ਬੁਛਾੜ ਕੀਤੀ ਗਈ ਜਿਸ ਕਰਕੇ 17 ਨਵੰਬਰ 1928 ਵਿਚ ਉਨ੍ਹਾ ਦੀ ਮੌਤ ਹੋ ਗਈ । ਖਬਰ ਸੁਣ ਕੇ ਪੰਜਾਬ ਦੇ ਜਵਾਨ ਭੜਕ ਉਠੇ । ਉਨ੍ਹਾ ਨੇ ਅੰਗਰੇਜਾਂ ਕੋਲੋ ਇਸ ਅਪਮਾਨ ਦਾ ਬਦਲਾ ਲੈਣ ਦਾ ਇਰਾਦਾ ਪੱਕਾ ਕਰ ਲਿਆ । ਇਸ ਟੋਲੇ ਦੀ ਅਗਵਾਈ ਭਗਤ ਸਿੰਘ ਕਰ ਰਿਹਾ ਸੀ । 17 ਦਸੰਬਰ 1928 ਨੂੰ ਲਹੌਰ ਦੇ ਪੀ.ਐਸ.ਪੀ ਮਿਸਟਰ ਸਾਂਡਰਸ ਨੂੰ ਗੋਲੀ ਮਾਰਕੇ ਲਾਹੌਰ ਤੋਂ ਬਚ ਨਿਕਲਣ ਵਿਚ ਉਹ ਸਫਲ ਹੋ ਗਏ । 8 ਅਪ੍ਰੈਲ 1929 ਜਦ ਅਸੰਬਲੀ ਵਿਚ ਪਬਲਿਕ ਸੇਫਟੀ ਬਿਲ ਅਤੇ ਟਰੇਡ ਡਿਸਪਿਉਟ ਦੀ ਬਹਿਸ ਹੋਈ ਤਾਂ ਭਗਤ ਸਿੰਘ ਨੇ ਐਸੰਬਲੀ ਵਿਚ ਨਕਲੀ ਬੰਬ ਸੁਟਕੇ ਜਿਸਦਾ ਮਤਲਬ ਸੀ, ਸਿਰਫ ਧਮਾਕਾ ਕਿਓਂਕਿ ਖੂਨ ਖਰਾਬੇ ਦੇ ਹਕ ਵਿਚ ਉਹ ਬਿਲਕੁਲ ਨਹੀਂ ਸਨ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ । ਇਸ ਕੇਸ ਦੇ ਦੌਰਾਨ ਸ: ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੇਲ੍ਹ ਅਧਿਕਾਰੀਆਂ ਵੱਲੋ ਦਿੱਤੇ ਗਏ ਮਾੜੇ ਖਾਣੇ ਅਤੇ ਮਾੜੇ ਵਤੀਰੇ ਖਿਲਾਫ ਭੁੱਖ ਹੜਤਾਲ ਵੀ ਕੀਤੀ । ਇਸ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਸਰਕਾਰ ਦੁਆਰਾ ਅਨੇਕਾਂ ਯਤਨ ਕੀਤੇ ਗਏ। 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਜਤਿਨ ਦਾਸ 13 ਸਤੰਬਰ 1929 ਈ: ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ। ਇਹ ਖਬਰ ਜੰਗਲ ਦੀ ਅੱਗ ਵਾਂਗ ਹਰ ਤਰਫ ਫੈਲ ਗਈ। ਬਾਰ -ਬਾਰ ਭੁੱਖ ਹੜਤਾਲ ਅਤੇ ਲੰਬੀ ਜੱਦੋ-ਜਹਿਦ ਤੋਂ ਬਾਅਦ ਸਰਕਾਰ ਨੂੰ ਕ੍ਰਾਂਤੀਕਾਰੀਆਂ ਦੀਆਂ ਮੰਗਾਂ ਸਾਹਮਣੇ ਝੁਕਣਾ ਪਿਆ।
ਜਦੋਂ ਭਗਤ ਸਿੰਘ ਤੇ ਉਨ੍ਹਾ ਦੇ ਸਾਥੀਆਂ ਤੋਂ ਪੁਛਿਆ ਗਿਆ ਕਿ ਤੁਸੀਂ ਬੰਬ ਕਿਓਂ ਸੁਟਿਆ ਹੈ ਤਾਂ ਉਨ੍ਹਾ ਨੇ ਬੜੇ ਬੇਖੋਫ਼ ਹੋਕੇ ਸਪਸ਼ਟ ਸ਼ਬਦਾਂ ਵਿਚ ਕਿਹਾ ,” ਅਸੀਂ ਕਿਸੇ ਤੇ ਕਾਇਰ ਵਾਂਗ ਹਮਲਾ ਕਰਨ ਵਾਲੇ ਬੁਜ਼ਦਿਲ ਨਹੀਂ ਹਾਂ । ਸਾਡਾ ਉਦੇਸ਼ ਕੇਵਲ ਬੋਲੇ ਕੰਨਾ ਨੂੰ ਸੁਣਨ ਯੋਗ ਬਣਾਉਣਾ ਤੇ ਬੇਖਬਰਾਂ ਨੂੰ ਸਮੇ ਸਿਰ ਸਾਵਧਾਨ ਕਰਨਾ ਆਈ । ਇਸ ਕੇਸ ਵਿਚ ਭਗਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਤੇ ਸਾਂਡਰਸ ਕੇਸ ਵਿਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ।
ਬਹੁਤ ਸਾਰੇ ਅਜਿਹੇ ਮੌਕੇ ਆਏ ਜਦੋਂ ਉਹ ਅੰਗਰੇਜ਼ ਹਕੂਮਤ ਨੂੰ ਆਪਣੇ ਵਿਵੇਕ ਨਾਲ ਲਾਜਵਾਬ ਕਰ ਦਿੰਦਾ ਰਿਹਾ। ਮਿਸਾਲ ਵਜੋਂ ਉਸ ਨੇ ਅੰਗਰੇਜ਼ ਹਕੂਮਤ ਨੂੰ ਕਿਹਾ ‘ਅਸੀਂ ਸਰਕਾਰ ਦੇ ਬਾਗੀ ਨਹੀਂ ਹਾਂ ਕਿ ਸਾਨੂੰ ਫਾਂਸੀ ਲਾਇਆ ਜਾਵੇ।’ ਉਸ ਨੇ ਅੰਗਰੇਜ਼ ਹਕੂਮਤ ਨੂੰ ਕਿਹਾ ਕਿ, ‘ਤੁਸੀਂ ਬਾਹਰੋਂ ਆਏ ਧਾੜਵੀ ਹਮਲਾਵਰ ਹੋ, ਮੈਂ ਅਤੇ ਮੇਰੇ ਸਾਥੀ ਆਪਣੇ ਦੇਸ਼ ਦੇ ਸਿਪਾਹੀ ਹਾਂ, ਜੋ ਆਪਣੇ ਦੇਸ਼ ਦੀ ਰੱਖਿਆ ਲਈ ਲੜ ਰਹੇ ਹਾਂ। ਅਸੀਂ ਜੰਗੀ ਕੈਦੀ ਹਾਂ ਇਸ ਹਿਸਾਬ ਨਾਲ ਠੀਕ ਇਹ ਹੋਵੇਗਾ ਕਿ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਮੈਂ ਜਾਣਦਾ ਹਾਂ ਅੰਗਰੇਜ਼ ਹਕੂਮਤ ਬੁਜਦਿਲ ਹੈ ਉਹ ਅਜਿਹਾ ਨਹੀਂ ਕਰ ਸਕਦੀ।’ ਅਜਿਹੀਆਂ ਦਲੇਰਾਨਾ ਦਲੀਲਬਾਜ਼ੀਆਂ ਦਾ ਨਿਆਂ ਇਨਸਾਫ਼ ਦਾ ਢਕਵੰਜ ਕਰਦੀ ਅੰਗਰੇਜ਼ ਹਕੂਮਤ ਕੋਲ ਕੋਈ ਜਵਾਬ ਨਹੀਂ ਸੀ। ਉਸ ਦੀਆਂ ਅਜਿਹੀਆਂ ਦਲੀਲਾਂ ਤੋਂ ਸਾਬਤ ਹੁੰਦਾ ਹੈ ਕਿ ਉਹ ਨਿੱਕੀ ਉਮਰ ਦਾ ਇਕ ਮਹਾਨ ਵਿਦਵਾਨ ਫਿਲਾਸਫਰ ਸੀ ਕਹਿੰਦੇ ਹਨ ।
ਕੇਸ ਦੀ ਸੁਣਵਾਈ ਵੇਲੇ ਕੁਝ ਸਾਥੀਆਂ ਨੇ ਉਸ ਨੂੰ ਜੇਲ ਤੋ ਛੁਡਵਾ ਲੈਣ ਦੀ ਤਜਵੀਜ਼ ਲਿਖ ਭੇਜੀ ਪਰ ਭਗਤ ਸਿੰਘ ਨੇ ਸਾਫ਼ ਨਾਹ ਕਰ ਦਿਤੀ ਤੇ ਕਿਹਾ ,” ਇਸ ਵੇਲੇ ਮੇਰੇ ਜਿਊਂਦੇ ਰਹਿਣ ਨਾਲੋਂ ਫਾਂਸੀ ਲਗਣਾ ਵਧੇਰੇ ਠੀਕ ਹੈ। ਅੰਗਰੇਜ਼ ਹਕੂਮਤ ਖਿਲਾਫ਼ ਮੇਰਾ ਫਾਂਸੀ ਲਗਣਾ ਬਲਦੀ ‘ਤੇ ਤੇਲ ਦਾ ਕੰਮ ਕਰੇਗਾ”।’ਜਦੋਂ ਭਗਤ ਸਿੰਘ ਦੇ ਪਿਤਾ ਸ: ਕਿਸ਼ਨ ਸਿੰਘ ਨੇ ਅੰਗਰੇਜ਼ ਹਕੂਮਤ ਨੂੰ ਰਹਿਮ ਦੀ ਅਪੀਲ ਕੀਤੀ ਤਾਂ ਭਗਤ ਸਿੰਘ ਤਿਲਮਿਲਾ ਉੱਠਿਆ, ‘ਉਸ ਨੇ ਆਪਣੇ ਪਿਤਾ ਸ: ਕਿਸ਼ਨ ਸਿੰਘ ਨੂੰ ਲਿਖਿਆ, ’ਮੈਂ’ ਸੋਚ ਵੀ ਨਹੀਂ ਸਕਦਾ ਕਿ ਤੁਸੀਂ ਇੰਜ ਕਰੋਗੇ, ਤੁਸੀਂ ਜ਼ਰਾ ਉਨ੍ਹਾਂ ਸੈਂਕੜੇ ਆਜ਼ਾਦੀ ਦੇ ਪ੍ਰਵਾਨਿਆਂ ਦੇ ਜਜ਼ਬਿਆਂ ਦਾ ਖਿਆਲ ਤਾਂ ਕਰ ਲੈਂਦੇ ਜੋ ਇਸ ਵੇਲੇ ਆਜ਼ਾਦੀ ਦੇ ਘੋਲ ਵਿਚ ਸਿਰਾਂ ‘ਤੇ ਕਫ਼ਨ ਬੰਨ੍ਹ ਕੇ ਨਿਕਲੇ ਹੋਏ ਹਨ। ਉਨ੍ਹਾਂ ਦੇ ਦਿਲਾਂ ‘ਤੇ ਤੁਹਾਡੀ ਇਸ ਰਹਿਮ ਦੀ ਅਪੀਲ ਦਾ ਕੀ ਅਸਰ ਹੋਵੇਗਾ? ਜਦ ਭਰਾ ਕੁਲਤਾਰ ਮਿਲਣ ਵਾਸਤੇ ਆਇਆ ਤਾਂ ਉਸਦੇ ਅਖਾਂ ਵਿਚ ਅਥਰੂ ਦੇਖੇ । ਫਾਸੀ ਤੋਂ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਲਿੱਖੇ ਪੱਤਰ ਵਿੱਚ ਕੁਝ ਹਿਦਾਇਤਾਂ ਤੋ ਬਾਅਦ ਅਖੀਰ ਲਿੱਖਿਆ –
ਉਸੇ ਯਹ ਫਿਕਰ ਹੈ ਹਰਦਮ ਤਰਜੇ ਜਫਾ ਕਿਆ ਹੈ
ਹਮੇਂ ਯਹ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ
ਦਹਰ (ਦੁਨੀਆ) ਸੇ ਕਿਉਂ ਖਫਾ ਰਹੇਂ,
ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ
ਸਾਰਾ ਜਹਾਂ ਅਦੂ (ਦੁਸ਼ਮਨ) ਸਹੀ, ਆਓ ਮੁਕਾਬਲਾ ਕਰੇਂ।
ਇਸ ਚਿਠੀ ਤੋਂ ਇਨ੍ਹਾ ਦੀ ਹਿੰਮਤ ਤੇ ਦਲੇਰੀ ਸਾਫ਼ ਝਲਕਦੀ ਹੈ । ਜਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਲਗਣੀ ਸੀ ਤਾਂ ਇਕ ਵਕੀਲ ਪ੍ਰਾਨ ਨਾਥ ਜੋ ਉਸਨੂੰ ਮਿਲਣ ਲਈ ਆਇਆ ਦਸਿਆ ਕੀ ਭਗਤ ਸਿੰਘ ਦੇ ਮੂੰਹ ਤੇ ਅੰਤਾਂ ਦਾ ਜਲਾਲ ਸੀ । 23 ਮਾਰਚ 1931 ਦੀ ਸ਼ਾਮ ਨੂੰ ਜਦੋਂ ਸ਼ਹੀਦੇ-ਏ-ਆਜ਼ਮ ਨੂੰ ਫਾਂਸੀ ਲਾਉਣ ਵਾਸਤੇ ਲੈਣ ਨੂੰ ਆਏ ਤਾ ਉਸ ਵਕਤ ਭਗਤ ਸਿੰਘ ਲੇਨਿਨ ਦੀ ਜੀਵਨੀ ਪੜ ਰਹੇ ਸੀ । ਕੁਝ ਜਾਣਨ ਦੀ ਭੁੱਖ ਏਨੀ ਤੀਬਰ ਸੀ ਕਿ ਮੌਤ ਤੋਂ ਕੁਝ ਘੰਟੇ ਪਹਿਲਾਂ ਵੀ ਉਹ ਕੁਝ ਨਵਾਂ ਸਿੱਖਣ ਵਿਚ ਮਸ਼ਰੂਫ ਸੀ।
‘
ਕਰਮਚਾਰੀ ਨੂੰ ਕਿਹਾ.” ਥੋੜਾ ਠਹਿਰ ਜਾ ਇਕ ਕ੍ਰਾਂਤੀਕਾਰੀ ਦੂਸਰੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ “। ਆਖਿਰੀ ਲਾਈਨ ਖਤਮ ਕੀਤੀ ਤੇ ਜਾਣ ਨੂੰ ਤਿਆਰ ਹੋ ਗਏ । ਜਦ ਕਰਮਚਾਰੀ ਨੇ ਹਥਕੜੀ ਲਗਾਉਣ ਲਈ ਬਾਂਹ ਅਗੇ ਕਰਨ ਨੂੰ ਕਿਹਾ ਤਾਂ ਭਗਤ ਸਿੰਘ ਦਾ ਜਵਾਬ ਸੀ ,” ਅਸੀਂ ਆਪ ਫਾਂਸੀ ਦੇ ਤਖਤੇ ਤੇ ਚਲ ਕੇ ਜਾਵਾਂਗੇ । ਜਮਾਨਾ ਦੇਖੇਗਾ ਕੀ ਭਾਰਤ ਦਾ ਨੌਜੁਆਨ ਆਪਣੇ ਦੇਸ਼ ਦੇ ਆਜ਼ਾਦੀ ਲਈ ਕਿਵੇਂ ਹਸ ਹਸ ਕੇ ਫਾਂਸੀ ਦੇ ਰਸਿਆਂ ਨੂੰ ਚੁੰਮ ਸਕਦਾ ਹੈ । ਉਸ ਦੇ ਕ੍ਰਾਂਤੀਕਾਰੀ ਸਾਥੀ ਸ਼ਿਵ ਵਰਮਾ ਲਿਖਦੇ ਹਨ ਕਿ ਹਰ ਸਮੇਂ ਇਕ ਨਾ ਇਕ ਕਿਤਾਬ ਭਗਤ ਸਿੰਘ ਆਪਣੇ ਨਾਲ ਰੱਖਦਾ ਸੀ। ਉਸ ਨੇ ਕੁਝ ਕੁ ਸਾਲਾਂ ਵਿਚ ਹੀ ਵਿਸ਼ਵ ਪ੍ਰਸਿੱਧ ਲੇਖਕਾਂ ਵਿਦਵਾਨਾਂ ਜਿਨ੍ਹਾਂ ਵਿਚ ਗੋਰਕੀ, ਰੂਸੋ, ਵਿਕਟਰ ਹਿਊਗੋ, ਡਿਕਨਜ਼, ਮਾਰਕਸ, ਏਂਗਲਜ਼, ਲੈਨਿਨ, ਪੈਟਰਿਕ ਹੈਨਰੀ ਆਦਿ ਦਾ ਅਧਿਐਨ ਕਰ ਲਿਆ ਸੀ।
ਜਿਵੇਂ ਹੀ ਜੇਲ੍ਹ ਦੀ ਘੜੀ ਨੇ ਛੇ ਵਜਾਏ ਤਾਂ, ਕੈਦੀਆਂ ਨੇ ਦੂਰੋਂ ਆਉਣ ਵਾਲੇ ਕੁਝ ਕਦਮਾਂ ਦੀ ਅਵਾਜ਼ ਦੇ ਨਾਲ ਨਾਲ ਇਹ ਵੀ ਅਵਾਜ਼ ਆ ਰਹੀ ਸੀ “ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਨਾ ਹੈ ਜੋਰ ਕਿਤਨਾ ਬਾਜ਼ੁਏ ਕਾਤਿਲ ਮੈਂ ਹੈ ” । ਇਹ ਤਿੰਨੇ ਜੇਲਰ ਦੇ ਨਾਲ ਫਾਂਸੀ ਦੇ ਤਖਤੇ ਵਲ ਆ ਰਹੇ ਸੀ । ਉਨ੍ਹਾ ਨੇ ਫਾਂਸੀ ਦੇ ਰਸਿਆਂ ਨੂੰ ਗਲੇ ਵਿਚ ਪਾਉਣ ਤੋ ਪਹਿਲੇ ਇਨਕਲਾਬ ਜ਼ਿੰਦਾਬਾਦ ਤੇ ਅੰਗਰੇਜ਼ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਏ ਜਿਸ ਨਾਲ ਪੂਰੀ ਜੇਲ ਤੇ ਆਸਮਾਨ ਗੂੰਜ ਉਠਿਆ । ਇਹ ਨਾਹਰਾ ਲਗਾਣ ਦੀ ਖਾਇਸ਼ ਉਨ੍ਹਾ ਦੀ ਮਾਂ ਦੀ ਸੀ ਜੋ ਉਨ੍ਹਾ ਨੇ ਆਖਿਰੀ ਵਾਰ ਮਿਲਣ ਵਕਤ ਭਗਤ ਸਿੰਘ ਨੂੰ ਦਸੀ ।
ਕੁਝ ਦੇਰ ਬਾਅਦ ਤਿੰਨਾਂ ਕ੍ਰਾਂਤੀਕਾਰੀਆਂ ,ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੇ ਹੱਥ ਜੋੜੇ ਅਤੇ ਆਪਣਾ ਮਨਪਸੰਦ ਅਜ਼ਾਦੀ ਦਾ ਗੀਤ ਗਾਉਣੇ ਲੱਗੇ-
ਕਦੇ ਉਹ ਦਿਨ ਆਵੇਗਾ
ਕਿ ਜਦ ਅਸੀਂ ਅਜ਼ਾਦ ਹੋਵਾਂਗੇ
ਇਹ ਆਪਣੀ ਹੀ ਧਰਤੀ ਹੋਵੇਗੀ
ਇਹ ਆਪਣਾ ਅਸਮਾਨ ਹੋਵੇਗਾ
ਫਾਂਸੀ ਦੇਣ ਲਈ ਮਸੀਹ ਜ਼ੱਲਾਦ ਨੂੰ ਲਾਹੌਰ ਨੇੜਿਓਂ ਸ਼ਾਹਦਾਰਾ ਤੋਂ ਬੁਲਾਇਆ ਗਿਆ ਸੀ।
ਤਿੰਨਾਂ ਦਾ ਇੱਕ-ਇੱਕ ਕਰਕੇ ਭਾਰ ਤੋਲਿਆ ਗਿਆ। ਸਾਰਿਆਂ ਦਾ ਭਾਰ ਵਧਿਆ ਹੋਇਆ ਸੀ। ਇਨ੍ਹਾਂ ਸਾਰਿਆਂ ਨੂੰ ਅਪਣਾ ਆਖ਼ਰੀ ਇਸ਼ਨਾਨ ਕਰਨ ਲਈ ਕਿਹਾ ਗਿਆ। ਫਿਰ ਉਨ੍ਹਾਂ ਨੂੰ ਪਾਉਣ ਲਈ ਕਾਲੇ ਕੱਪੜੇ ਦਿੱਤੇ ਪਰ ਉਨ੍ਹਾਂ ਦੇ ਚਿਹਰੇ ਖੁੱਲ੍ਹੇ ਰਹਿਣ ਦਿੱਤੇ ਗਏ।
24 ਮਾਰਚ 1931 ਸ਼ਾਮ ਦੇ 7.33 ਵਜੇ , ਨਿਰਧਾਰਤ ਸਮੇਂ ਤੋਂ ਇਕ ਦਿਨ ਪਹਿਲਾਂ ਫਾਂਸੀ ਦੇ ਦਿਤੀ ਗਈ ਜਿਸਤੋਂ ਪਹਿਲਾਂ ਉਨ੍ਹਾ ਨੇ ਇਕ ਸ਼ੇਅਰ ਪੜਿਆ ਤੇ ਫਿਰ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾ ਕੇ ਫਾਂਸੀ ਤੇ ਲਟਕ ਗਏ । ਸ਼ੇਅਰ ਸੀ ।
ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫਤ
ਮੇਰੀ ਮਿਟੀ ਸੇ ਭੀ ਖੁਸ਼ਬੂ-ਏ-ਵਤਨ ਆਏਗੀ
ਫਾਂਸੀ ਸਮੇਂ ਭਗਤ ਸਿੰਘ ਦੀ ਉਮਰ 23 ਸਾਲ , 5 ਮਹੀਨੇ ਅਤੇ 27 ਦਿਨ ਸੀ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਸੈਂਟਰਲ ਜੇਲ੍ਹ ਦੇ ਚੋਰ ਰਸਤੇ ਰਾਹੀਂ ਲਾਹੌਰ ਤੋਂ ਫਿਰੋਜਪੁਰ ਲਾਗੇ ਹੁਸੈਨੀਵਾਲਾ ਸਤਲੁਜ ਦਰਿਆਂ ਦੇ ਕੰਢੇ ਤੇ ਜਲ੍ਹਾ ਦਿੱਤੀਆਂ ਗਈਆਂ ।
ਸ਼ਹੀਦ ਭਗਤ ਸਿੰਘ ਨੇ ਆਪਣੇ ਆਖਰੀ ਸਮੇਂ ਕਿਹਾ ਸੀ ‘ਆਪਣੇ ਵਤਨ ਲਈ ਜੋ ਮੈਂ ਕਰਨਾ ਚਾਹੁੰਦਾ ਹਾਂ, ਉਸ ਦਾ ਇਕ ਹਜ਼ਾਰਵਾਂ ਹਿੱਸਾ ਵੀ ਅਜੇ ਨਹੀਂ ਕਰ ਸਕਿਆ।’ ਇਸ ਤੋਂ ਉਸ ਦੀ ਵਤਨਪ੍ਰਸਤੀ ਦਾ ਪਤਾ ਚਲਦਾ ਹੈ। ਉਸ ਦੇ ਸਾਥੀ ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਜਤਿਨ ਦਾਸ, ਬੀ. ਕੇ. ਦੱਤ, ਕਿਸ਼ੋਰੀ ਲਾਲ, ਰਾਮ ਪ੍ਰਸਾਦ ਬਿਸਮਿਲ, ਸ਼ਿਵ ਵਰਮਾ, ਗਿਆ ਪ੍ਰਸਾਦ, ਅਜੈ ਘੋਸ਼ ਆਦਿ ਦੀ ਕੁਰਬਾਨੀ ਬਾਰੇ ਪੜ੍ਹ ਕੇ ਅੱਜ ਵੀ ਅੱਖਾਂ ਨਮ ਹੁੰਦੀਆਂ ਹਨ ਅਤੇ ਹੈਰਾਨੀ ਹੁੰਦੀ ਹੈ ਕਿ ਇਹ ਕਿਸ ਮਿੱਟੀ ਦੇ ਬਣੇ ਹੋਏ ਇਨਸਾਨ ਸਨ ਜਿਨ੍ਹਾਂ ਨੇ ਛੋਟੀ ਉਮਰ ਵਿਚ ਵੀ ਅੰਗਰੇਜ਼ ਹਕੂਮਤ ਦੇ ਹਰ ਜ਼ਬਰ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਜੇਲ੍ਹਾਂ ਵਿਚ ਤਨ ਗਾਲੇ, ਕਾਲੇ ਪਾਣੀਆਂ ਦੀਆਂ ਸਖ਼ਤ ਸਜ਼ਾਵਾਂ ਝੱਲੀਆਂ ਅਤੇ ਜਦੋਂ ਆਤਮ ਬਲੀਦਾਨ ਦਾ ਸਮਾਂ ਆਇਆ ਤਾਂ ਹੱਸ-ਹੱਸ ਕੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆਂ।
‘
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਦਾਸ ਜੋਰਾਵਰ ਸਿੰਘ ਤਰਸਿੱਕਾ।