ਉਂਝ ਭਾਵੇਂ ਸਿੱਖ ਇਤਿਹਾਸ ਵਿਚ ਇਕ ਤੋਂ ਇਕ ਮਹਾਨ ਸਿੱਖ ਜਰਨੈਲ ਹੋਏ ਹਨ। ਜਿਨ੍ਹਾਂ ਨੇ ਸਿੱਖ ਧਰਮ ਲਈ ਆਪੋ ਅਪਣੀ ਭੂਮਿਕਾ ਨਿਭਾਈ ਹੈ,ਅਜਿਹਾ ਹੀ ਇਕ ਨਾਮ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਹੈ।
14 ਜਨਵਰੀ 1761 ਈਸਵੀ ਨੂੰ ਪਿਤਾ ਈਸਰ ਸਿੰਘ ਮਾਤਾ ਹਰਿ ਕੌਰ ਜੀ ਦੀ ਕੁਖੋਂ ਪਿੰਡ ਦੇਹਲਾ ਸੀਹਾਂ, ਤਹਿਸੀਲ ਮੂਨਕ, ਜ਼ਿਲ੍ਹਾ ਸੰਗਰੂਰ ਵਿਖੇ ਜਨਮ ਲੈਣ ਵਾਲੇ ਅਕਾਲੀ ਫੂਲਾ ਸਿੰਘ ਬਚਪਨ ਵਿਚ ਫੁਲ ਵਰਗੇ ਸੁੰਦਰ ਬਾਲਕ ਸਨ। ਜਿਸ ਨੂੰ ਵੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਇਨ੍ਹਾਂ ਦਾ ਨਾਮ ਫੂਲਾ ਸਿੰਘ ਰੱਖ ਦਿਤਾ ਸੀ।
ਅਕਾਲੀ ਬਾਬਾ ਫੂਲਾ ਸਿੰਘ ਜੀ ਅਜੇ ਦੋ ਸਾਲਾ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਸ੍ਰ: ਈਸਰ ਸਿੰਘ ਨੇ ਸ਼ਹੀਦ ਮਿਸਲ ਦੇ ਜਥੇਦਾਰ ਬਾਬਾ ਨੈਣਾ ਸਿੰਘ ਨੂੰ ਆਪ ਜੀ ਦੀ ਜ਼ਿੰਮੇਵਾਰੀ ਸੌਂਪ ਦਿਤੀ ਸੀ। ਛੋਟੀ ਉਮਰ ਵਿਚ ਹੀ ਅਕਾਲੀ ਫੂਲਾ ਸਿੰਘ ਨੂੰ ਗੁਰਮੁਖੀ ਅੱਖਰ ਤੇ ਨਿਤਨੇਮ ਦੀਆਂ ਬਾਣੀਆਂ ਕੰਠ ਹੋ ਗਈਆਂ ਸਨ। ਬਾਬਾ ਅਕਾਲੀ ਬਾਬਾ ਫੂਲਾ ਸਿੰਘ ਅਕਾਲ ਤਖ਼ਤ ਸਾਹਿਬ ਦੇ 6ਵੇਂ ਜਥੇਦਾਰ ਸਨ।
ਅਕਾਲੀ ਬਾਬਾ ਫੂਲਾ ਸਿੰਘ ਜੀ ਇਕ ਅਨੋਖੇ ਜਰਨੈਲ ਸਨ। ਉਹ ਦੁਸ਼ਮਣ ਦੇ ਵਿਰੁਧ ਬੜੀ ਬਹਾਦਰੀ ਨਾਲ ਲੜ ਕੇ ਜਿੱਤ ਪ੍ਰਾਪਤ ਕਰਦੇ ਸਨ। ਉਨ੍ਹਾਂ ਨੇ ਆਪਣੀ ਇਕ ਫ਼ੌਜ ਤਿਆਰ ਕੀਤੀ ਹੋਈ ਸੀ ਜੋ ਲੜਾਈ ਦੇ ਮੈਦਾਨ ਵਿਚ ਉਨ੍ਹਾਂ ਦਾ ਸਾਥ ਨਿਭਾਉਂਦੀ ਸੀ। ਆਪ ਜੀ ਦੇ ਨਾਂਅ ਕਸੂਰ ਦੀ ਜਿੱਤ, ਮੁਲਤਾਨ ਦੀ ਜਿੱਤ, ਪਿਸ਼ਾਵਰ ਦੀ ਜਿੱਤ, ਕਸ਼ਮੀਰ ਦੀ ਜਿੱਤ, ਨੁਸਹਿਰੇ ਦੀ ਜਿੱਤ ਵਰਗੀਆਂ ਮਹਤਵਪੂਰਨ ਜਿੱਤਾਂ ਦਰਜ ਹਨ।
ਅਕਾਲੀ ਬਾਬਾ ਫੂਲਾ ਸਿੰਘ ਜੀ ਜਦੋਂ ਜੰਗ ਲਈ ਜਾਂਦੇ ਸਨ ਤੇ ਅਟਕ ਵਰਗੇ ਵੱਡੇ-ਵੱਡੇ ਦਰਿਆ ਵੀ ਰਾਹ ਛਡ ਦਿੰਦੇ ਸਨ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਵੀ ਅਕਾਲੀ ਫੂਲਾ ਸਿੰਘ ਦਾ ਬੇਹੱਦ ਸਤਿਕਾਰ ਕਰਦੇ ਸਨ। ਇਸ ਦਾ ਕਾਰਨ ਇਹ ਸੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਫਤਿਹ ਕਰਨ ਲਈ ਚੜ੍ਹਾਈ ਕੀਤੀ ਤਾਂ ਸਿੱਖ ਫ਼ੌਜਾਂ ਆਪਸ ਵਿਚ ਲੜਨ ਲੱਗੀਆਂ ਸਨ।
ਉਹ ਅਕਾਲੀ ਫੂਲਾ ਸਿੰਘ ਹੀ ਸਨ, ਜਿਨ੍ਹਾਂ ਨੇ ਦਖਲ ਦੇ ਕੇ ਲੜਾਈ ਬੰਦ ਕਰਵਾਈ ਸੀ। ਇਤਿਹਾਸ ਗਵਾਹ ਹੈ ਕਿ ਉਹ ਮਰਿਆਦਾ ਦੇ ਉਲਟ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਸਨ ਕਰਦੇ। ਇਸੇ ਦਾ ਹੀ ਨਤੀਜਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਦਿਤੀ ਸੀ।
ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਮੁਹਿੰਮਾਂ ਵਿਚ ਹਮੇਸ਼ਾ ਸਹਾਇਤਾ ਕੀਤੀ। ਅਕਾਲੀ ਬਾਬਾ ਫੂਲਾ ਸਿੰਘ ਵਲੋਂ ਲੜੀ ਗਈ ਆਖਰੀ ਲੜਾਈ ਨੌਸ਼ਹਿਰੇ ਦੀ ਸੀ, ਜਿਸ ਵਿਚ ਜਿੱਤ ਦਾ ਝੰਡਾ ਲਹਿਰਾਉਂਦਿਆਂ ਆਪ 14 ਮਾਰਚ 1823 ਨੂੰ ਸ਼ਹੀਦ ਹੋ ਗਏ। ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ।
ਅੰਮ੍ਰਿਤਸਰ ਵਿਖੇ ਆਪ ਜਿਸ ਸਥਾਨ ‘ਤੇ ਰਹੇ, ਉਥੇ ਅੱਜਕੱਲ੍ਹ ‘ਬੁਰਜ ਬਾਬਾ ਫੂਲਾ ਸਿੰਘ ਅਕਾਲੀ’ ਬਣਿਆ ਹੋਇਆ ਹੈ। ਇਥੇ ਹੀ ਛਾਉਣੀ ਨਿਹੰਗ ਸਿੰਘਾਂ ਵੀ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕੋਲ ਹੈ। ਹਰ ਸਾਲ 14 ਮਾਰਚ ਨੂੰ ਆਪ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਮਨਾਇਆ ਜਾਂਦਾ ਹੈ। ਅਕਾਲੀ ਫੂਲਾ ਸਿੰਘ ਦਾ ਨਾਂ ਸਿੱਖ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਵਿਚ ਦਰਜ ਹੈ।
I Don’t Want Any app Please.