ਇਸ ਪਵਿੱਤਰ ਅਸਥਾਨ ਤੇ ਬੈਠ ਕੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸੁਭਾਏਮਾਨ ਹੋ ਕੇ ਕੁਦਰਤ ਦੇ ਨਜ਼ਾਰੇ ਵੇਖਦੇ ਅਤੇ ਸੀਸ ਤੇ ਦਸਤਾਰ ਸਜਾਇਆ ਕਰਦੇ ਸਨ। ਸੁੰਦਰ ਦਸਤਾਰਾਂ ਸਜਾਉਣ ਵਾਲਿਆਂ ਨੂੰ ਇਨਾਮ ਵੰਡਿਆ ਕਰਦੇ ਸਨ। ਭੰਗਾਣੀ ਸਾਹਿਬ ਦੇ ਯੁੱਧ ਦੀ ਜਿੱਤ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਆਪਣੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ ਤਾਂ ਪੀਰ ਬੁੱਧੂ ਸ਼ਾਹ ਜੀ ਸਢੌਰੇ ਵਾਲੇ (ਜਿਨ੍ਹਾਂ ਦੇ ਆਪਣੇ 2 ਪੁੱਤਰ, ਭਰਾ ਅਤੇ ਮੁਰੀਦ ਭੰਗਾਣੀ ਸਾਹਿਬ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ ) . ਗੁਰੂ ਜੀ ਤੋਂ ਵਾਪਿਸ ਜਾਣ ਦੀ ਆਗਿਆ ਲੈਣ ਆਏ ਤਾਂ ਗੁਰੂ ਜੀ ਨੇ ਕਿਹਾ ਪੀਰ ਜੀ ਅਸੀਂ ਆਪ ਜੀ ਦੀ ਸੇਵਾ ਤੋਂ ਬਹੁਤ ਪ੍ਰਸੰਨ ਹਾਂ ਜੋ ਮੰਗਣਾ ਹੈ ਮੰਗੋ ਤਾਂ ਪੀਰ ਜੀ ਨੇ ਕਿਹਾ ਕਿ ਜੇ ਤੁੱਠੇ (ਪ੍ਰਸੰਨ) ਹੋ ਤਾਂ ਕੇਸਾਂ ਵਿੱਚ ਕੰਘਾ ਜੋ ਆਪ ਜੀ ਕਰ ਰਹੇ ਹੋ ਕੇਸਾਂ ਸਮੇਤ ਮੈਨੂੰ ਬਖਸ਼ੋ ਜੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੀ ਅੱਧੀ ਦਸਤਾਰ ਅਤੇ ਕੇਸਾਂ ਸਮੇਤ ਕੰਘਾ ਪੀਰ ਜੀ ਨੂੰ ਸਿਰੋਪਾਉ ਦੇ ਤੌਰ ਤੇ ਬਖਸ਼ਿਸ਼ ਕੀਤਾ।