ਜੈਤੋ ਦੇ ਮੋਰਚੇ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ ਪੌਣੇ ਦੋ ਸਾਲ ਤੋਂ ਵੀ ਵੱਧ ਜਾਰੀ ਰਿਹਾ। ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ ਗੁਰਦੁਆਰਾ ਐਕਟ ਬਣਾਉਣ ਲਈ ਮਜਬੂਰ ਹੋਣਾ ਪਿਆ। ਇਸ ਗੁਰਦੁਆਰਾ ਐਕਟ ਦੇ ਅਧੀਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿੱਚ ਆਇਆ। ਇਹ ਕਮੇਟੀ ਅੱਜ ਸਿੱਖ ਜਗਤ ਦੀ ਸਭ ਤੋਂ ਵੱਡੀ ਸੰਸਥਾ ਹੈ ਜੋ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ।
ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਫੈਲਣੀ ਕੁਦਰਤੀ ਸੀ ਕਿਉਂਕਿ ਮਹਾਰਾਜਾ ਨਾਭਾ ਸਿੱਖਾਂ ਵਿੱਚ ਬਹੁਤ ਹਰਮਨ ਪਿਆਰੇ ਹੋ ਚੁੱਕੇ ਸਨ। ਸਿੱਖਾਂ ਵੱਲੋਂ ਉਨ੍ਹਾਂ ਦੀ ਬਰਤਰਫੀ ਦਾ ਵਿਰੋਧ ਕੀਤਾ ਜਾਣ ਲੱਗਿਆ। ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ। 9 ਸਤੰਬਰ ਨੂੰ ਮਹਾਰਾਜੇ ਦੇ ਹੱਕ ਵਿੱਚ ਨਾਭਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜਾ ਰਿਪੁਦਮਨ ਦੇ ਸਬੰਧ ਵਿੱਚ ਕੋਈ ਵੀ ਮਤਾ ਪਾਸ ਕਰਨ ਦੀ ਆਗਿਆ ਨਾ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਵਿੱਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜਾ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ। ਜੈਤੋ ਮੰਡੀ ਵਿੱਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭੀ ਗਈ।
ਸਿੱਖਾਂ ਦੇ ਇਸ ਰੋਸ ਤੋਂ ਅੰਗਰੇਜ਼ੀ ਹਕੂਮਤ ਬੇਹੱਦ ਖਫ਼ਾ ਹੋਈ। ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗਾਵਤ ਵਜੋਂ ਲਿਆ। 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿੱਚ ਦੀਵਾਨ ਸਜਿਆ ਹੋਇਆ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ ਸੀ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਉੱਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ। ਇਸ ਤਰ੍ਹਾਂ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ।
ਅਖੰਡ ਪਾਠ ਦਾ ਖੰਡਿਤ ਕੀਤਾ ਜਾਣਾ ਸਿੱਖਾਂ ਮਰਿਆਦਾ ਦੀ ਘੋਰ ਉਲੰਘਣਾ ਸੀ। ਇਸ ਘਟਨਾ ਨੇ ਮਹਾਰਾਜੇ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਇਸ ਤਰ੍ਹਾਂ ਜੈਤੋ ਮੋਰਚੇ ਦਾ ਆਰੰਭ ਹੋਇਆ ਜਿਸ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿੱਚ ਸ਼ੁਰੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਹਰ ਰੋਜ਼ 25-25 ਸਿੰਘਾਂ ਦੇ ਜਥੇ ਜੈਤੋ ਵੱਲ ਭੇਜਣੇ ਆਰੰਭ ਕਰ ਦਿੱਤੇ। 25 ਸਿੰਘਾਂ ਦਾ ਇੱਕ ਜਥਾ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਇਨ੍ਹਾਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਜੰਗਲਾਂ ਵਿੱਚ ਲਿਜਾ ਕੇ ਛੱਡ ਦਿੱਤਾ ਜਾਂਦਾ। ਇਸ ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਦਿੱਲੀ ਵਿੱਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਸਮਾਗਮ ਵਿੱਚ ਮਹਾਰਾਜਾ ਨਾਭਾ ਨੂੰ ਗੱਦੀਓਂ ਲਾਹੇ ਜਾਣ ਬਾਰੇ ਅਤੇ ਜੈਤੋ ਦੇ ਧਾਰਮਿਕ ਮੋਰਚੇ ਬਾਰੇ ਕਾਂਗਰਸ ਵੱਲੋਂ ਹਮਦਰਦੀ ਪ੍ਰਗਟ ਕੀਤੀ ਗਈ। ਕਾਂਗਰਸ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਨੂੰ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਇਨ੍ਹਾਂ ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਨੂੰ ਇੱਕ ਰਾਤ ਜੈਤੋ ਕਿਲ੍ਹੇ ਦੀ ਕੋਠੜੀ ਵਿੱਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿੱਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ। ਹਰ ਰੋਜ਼ 25-25 ਸਿੰਘਾਂ ਦੇ ਜਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਇਸ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤਹਿਤ 500-500 ਸਿੰਘਾਂ ਦੇ ਜਥੇ ਭੇਜਣ ਦਾ ਫੈਸਲਾ ਕੀਤਾ ਗਿਆ। 500 ਸਿੰਘਾਂ ਦੇ ਪਹਿਲੇ ਜਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਗੰਗਸਰ ਸਾਹਿਬ ਨੂੰ ਕਬਜ਼ੇ ਵਿੱਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ।
ਇਹ ਵਿਸ਼ਾਲ ਜਥਾ ਨਾਭਾ, ਪਟਿਆਲਾ, ਫ਼ਰੀਦਕੋਟ ਅਤੇ ਸੰਗਰੂਰ ਦੇ ਪਿੰਡਾਂ ਵਿੱਚ ਪੜਾਅ ਤੈਅ ਕਰਦਾ ਹੋਇਆ 20 ਫਰਵਰੀ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜਥੇ ਦੇ 500 ਸਿੰਘਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੀ ਸ਼ਰਧਾਵਸ ਜਥੇ ਦੇ ਨਾਲ ਚੱਲ ਰਹੀ ਸੀ। ਵੱਡੀ ਗਿਣਤੀ ਵਿੱਚ ਦਰਸ਼ਕ ਵੀ ਸਨ ਜਿਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਲ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪ੍ਰਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿੱਚ ਸਵਾਰ ਹੋ ਕੇ ਜਥੇ ਦੇ ਨਾਲ-ਨਾਲ ਚੱਲ ਰਹੇ ਸਨ, ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ।
ਜਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ। ਅੰਗਰੇਜ਼ੀ ਹਕੂਮਤ ਨੇ ਜਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਗਜ਼ ਕੁ ਦੀ ਵਿੱਥ ‘ਤੇ ਰੋਕਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅਗਾਂਹ ਵਧੇ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਪਰ ਜਥਾ ਸਭ ਕੁਝ ਅਣਸੁਣਿਆ ਕਰਕੇ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ ‘ਤੇ ਵਿਲਸਨ ਜਾਨਸਟਨ ਨੇ ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਸ਼੍ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿੱਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ ਜਿਨ੍ਹਾਂ ਵਿੱਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ। ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਤੇ ਰੋਹ ਭਰ ਦਿੱਤਾ। ਉਨ੍ਹਾਂ ਵਿੱਚ ਇਸ ਮੋਰਚੇ ਵਿੱਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਲੋਕ ਸ਼ਹੀਦੀ ਜਥਿਆਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਲੱਗੇ।
ਪਹਿਲੇ ਸ਼ਹੀਦੀ ਜਥੇ ‘ਤੇ ਗੋਲੀ ਚਲਾਏ ਜਾਣ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਨਾ ਸਿਰਫ਼ ਕਾਇਮ ਰਹੇ, ਸਗੋਂ ਸਿੱਖਾਂ ਵਿੱਚ ਰੋਹ ਤੇ ਜੋਸ਼ ਦਾ ਵਾਧਾ ਹੋਇਆ। ਦੂਜਾ 500 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 28 ਫਰਵਰੀ, 1924 ਨੂੰ ਰਵਾਨਾ ਹੋਇਆ। ਤੀਜਾ ਜਥਾ 22 ਮਾਰਚ 1924 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 7 ਅਪਰੈਲ, 1924 ਨੂੰ ਜੈਤੋ ਪਹੁੰਚਿਆ ਜਿਥੇ ਫ਼ੌਜ ਅਤੇ ਪੁਲੀਸ ਵੱਲੋਂ ਇਨ੍ਹਾਂ ਸਿੰਘਾਂ ਨੂੰ ਹੱਥਕੜੀਆਂ ਲਾ ਕੇ ਅਤੇ ਰੱਸਿਆਂ ਨਾਲ ਜਕੜ ਕੇ ਜੈਤੋ ਕਿਲ੍ਹੇ ਅੰਦਰ ਡੱਕ ਦਿੱਤਾ ਗਿਆ। ਉਨ੍ਹਾਂ ਨੂੰ ਮਗਰੋਂ ਨਾਭਾ ਬੀੜ ਜੇਲ੍ਹ ਵਿੱਚ ਭੇਜ ਦਿੱਤਾ। ਪੰਜਵਾਂ ਸ਼ਹੀਦੀ ਜਥਾ ਲਾਇਲਪੁਰ ਤੋਂ 12 ਅਪਰੈਲ, 1924 ਨੂੰ ਪੈਦਲ ਰਵਾਨਾ ਹੋਇਆ ਤੇ ਸ੍ਰੀ ਅਕਾਲ ਤਖ਼ਤ ਉੱਤੇ ਹਾਜ਼ਰ ਹੋਣ ਮਗਰੋਂ ਜੈਤੋ ਵੱਲ ਚੱਲ ਪਿਆ। 29 ਜੂਨ, 1924 ਨੂੰ ਬੰਗਾਲ ਦੇ 100 ਸਿੰਘਾਂ ਦਾ ਜਥਾ ਕਲਕੱਤੇ ਤੋਂ ਚੱਲਿਆ। ਕੈਨੇਡਾ ਤੋਂ 11 ਸਿੱਖਾਂ ਦਾ ਜਥਾ 17 ਜੁਲਾਈ 1924 ਨੂੰ ਚੱਲ ਕੇ ਸਮੁੰਦਰੀ ਜਹਾਜ਼ ਰਾਹੀਂ 14 ਸਤੰਬਰ ਨੂੰ ਕਲਕੱਤਾ ਪੁੱਜਿਆ। ਇਹ 28 ਸਤੰਬਰ ਨੂੰ ਅ੍ਰੰਮਿਤਸਰ ਪਹੁੰਚਿਆ ਅਤੇ 2 ਜਨਵਰੀ, 1925 ਨੂੰ ਜੈਤੋ ਵੱਲ ਚੱਲ ਪਿਆ।
ਸਿੱਖ ਜਗਤ ਦੇ ਰੋਸ ਅਤੇ ਰੋਹ ਅੱਗੇ ਅੰਤ ਅੰਗਰੇਜ਼ੀ ਹਕੂਮਤ ਨੂੰ ਝੁਕਣਾ ਪਿਆ। ਹਕੂਮਤ ਵੱਲੋਂ ਜੈਤੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ‘ਤੇ ਲਾਈ ਪਾਬੰਦੀ 21 ਜੁਲਾਈ 1925 ਨੂੰ ਵਾਪਸ ਲੈ ਲਈ ਗਈ। ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲਣ ਉਪਰੰਤ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰਕੇ ਭੋਗ ਪਾਏ। ਸ਼ਹੀਦੀ ਜਥੇ ਉੱਪਰ ਜਿਸ ਸਥਾਨ ‘ਤੇ ਗੋਲੀ ਚਲਾਈ ਗਈ ਸੀ, ਉਸ ਜਗ੍ਹਾ ਉੱਪਰ ਗੁਰਦੁਆਰਾ ਟਿੱਬੀ ਸਾਹਿਬ ਉਸਾਰਿਆ ਗਿਆ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਅਖੰਡ ਪਾਠਾਂ ਦੀ ਇਕੋਤਰੀ ਚਲਾਈ ਜਾਂਦੀ ਹੈ। 21 ਫਰਵਰੀ ਨੂੰ ਸ਼ਹੀਦੀ ਜੋੜ ਮੇਲ ਮਨਾਇਆ ਜਾਂਦਾ ਹੈ ਜਿਸ ਵਿੱਚ ਸ਼ਾਮਲ ਹੋ ਕੇ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਹਨ।