ਇਸ ਇਤਿਹਾਸ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ

ਹਰਿਆਣੇ ਦੇ ਜਾਟ ਆਬਾਦੀ ਵਾਲੇ ਇਲਾਕੇ ਨੂੰ ਬੜੀ ਸਾਜਿਸ਼ ਅਧੀਨ ਸਿੱਖਾਂ ਨਾਲੋ ਤੋੜ ਕੇ ਵੱਖ ਕੀਤਾ ਗਿਆ ਅਤੇ ਫੇਰ ਹੁੱਕੇ ਨੂੰ ਜਾਟਾਂ ਦੀ ਪਛਾਣ ਬਣਾਕੇ ਓਹਨਾ ਦੇ ਸਿੱਖੀ ਚ ਪਰਤਣ ਤੇ ਸਦੀਵੀ ਬੰਨ ਮਾਰ ਦਿੱਤਾ ਗਿਆ। ਉਪਰੰਤ ਸਾਧੂ ਦਿਆਨੰਦ ਨੂੰ ਗੁਜਰਾਤ ਤੋਂ ਬੁਲਾਕੇ ਆਰੀਆ ਸਮਾਜ ਦਾ ਐਨਾ ਪਰਚਾਰ ਪ੍ਰਸਾਰ ਕੀਤਾ ਕੇ ਕਦੇ ਸਿੱਖੀ ਨਾਲ ਅਥਾਹ ਪ੍ਰੇਮ ਕਰਨ ਵਾਲਾ ਇਲਾਕਾ ਸਿੱਖੀ ਤੋਂ ਦੂਰ ਹੋ ਗਿਆ।
ਗੁਰੂ ਸਾਹਿਬ ਸਮੇਂ ਏਸ ਇਲਾਕੇ ਚ ਸਿੱਖੀ ਦੇ ਪਰਚਾਰ ਪਰਸਾਰ ਦਾ ਪੂਰਾ ਜ਼ੋਰ ਸੀ। ਧੰਨ ਸਤਿਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸੀਸ ਲੈਕੇ ਜਦੋਂ ਬਾਬਾ ਜੈਤਾ ਜੀ ਅਨੰਦਪੁਰ ਸਾਹਿਬ ਨੂੰ ਚੱਲੇ ਤਾਂ ਮੁਗਲ ਫੌਜਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦਿੱਲੀਓਂ ਨਿਕਲਦੇ ਹੀ ਪਿੰਡ ਬਢ ਖਾਲਸੇ ਚ ਬਾਬਾ ਜੈਤਾ ਜੀ ਨੂੰ ਘੇਰਾ ਪਿਆ ਤਾਂ ਬਾਬਾ ਜੀ ਪਿੰਡ ਵਿੱਚ ਰਹਿਣ ਵਾਲੇ ਗੁਰਸਿੱਖ ਪਰਿਵਾਰਾਂ ਕੋਲ ਪਹੁੰਚੇ ਅਤੇ ਸਲਾਹ ਕੀਤੀ ਕੇ ਗੁਰੂ ਸਾਹਿਬ ਦਾ ਸੀਸ ਸੁਰੱਖਿਅਤ ਕਿਵੇਂ ਜਾਵੇ ? ਓਦੋਂ ਭਾਈ ਕੁਸ਼ਾਲ ਜੀ (ਦਹੀਆ) ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਓਹਨਾਂ ਦਾ ਸਿਰ ਵੱਢ ਕੇ ਮੁਗਲ ਫੌਜ ਨੂੰ ਦੇ ਦਿਓ। ਗੁਰਮੁਖ ਪਿਆਰੇ ਭਾਈ ਕੁਸ਼ਾਲ ਜੀ ਜਿੰਨਾ ਦਾ ਨਾਮ ਸਿੱਖਾਂ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਓਹਨਾ ਦਾ ਸੀਸ ਵੱਢ ਕੇ ਓਹਨਾਂ ਦੇ ਪੁੱਤਰਾਂ ਨੇ ਮੁਗਲ ਫੌਜੀਆਂ ਨੂੰ ਦਿੱਤਾ ਕੇ ਇਹ ਲਓ ਗੁਰੂ ਸਾਹਿਬ ਦਾ ਸੀਸ।
ਫੌਜ ਵਾਪਸ ਦਿੱਲੀ ਨੂੰ ਪਰਤ ਗਈ ਅਤੇ ਬਾਬਾ ਜੈਤਾ ਜੀ ਮਹਾਰਾਜ ਦਾ ਸੀਸ ਲੈਕੇ ਅਨੰਦਪੁਰ ਸਾਹਿਬ ਨੂੰ ਚਲ ਪਏ। ਇਹ ਘਟਨਾ ਗੁਰੂ ਸਾਹਿਬ ਦੀ ਸ਼ਹੀਦੀ ਵਾਲੀ ਰਾਤ ਦੀ ਹੈ।
ਜਦੋ ਬਾਅਦ ਇਸ ਦਾ ਸੱਚ ਮੁਗਲ ਫੌਜ ਨੂੰ ਪਤਾ ਲੱਗਾ ਤਾ ਫੌਜ ਨੇ ਪਿੰਡ ਉਪਰ ਚੜਾਈ ਕਰ ਕੇ ਪਿੰਡ ਨੂੰ ਉਜਾੜ ਦਿੱਤਾ । ਔਰੰਗਜ਼ੇਬ ਦੀ ਮੌਤ ਤੋ ਬਾਅਦ ਉਹਨਾ ਹੀ ਖੰਡਰਾਂ ਉਪਰ ਫੇਰ ਪਿੰਡ ਵਸਾਇਆ ਗਿਆ ਜਿਸ ਦਾ ਹੁਣ ਨਾਮ ਹੈ ਬਢ ਖਾਲਸਾ ।
ਇਹ ਦਿਲੀ ਬਾਡਰ ਕੁੰਡਲੀ ਤੋ ਇਕ ਕਿਲੋਮੀਟਰ ਦੀ ਵਿੱਥ ਤੇ ਹੈ ਇਸ ਪਿੰਡ ਦਾ ਪਹਿਲਾ ਨਾਮ ਗੜੀ ਸੀ ।
ਏਸੇ ਇਲਾਕੇ ਚੋਂ ਦੂਸਰੇ ਜਾਟ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਆਏ ਜਿਹੜੇ ਦੂਜੇ ਪਿਆਰੇ ਬਣੇ ਸਨ 1699 ਦੀ ਵੈਸਾਖੀ ਵਾਲੇ ਦਿਨ।
ਬਾਬਾ ਬੰਦਾ ਸਿੰਘ ਬਹਾਦੁਰ ਨੇ ਮਹਾਰਾਸ਼ਟਰ ਤੋਂ ਆਕੇ ਏਸੇ ਇਲਾਕੇ ਚ ਪਹਿਲੀ ਵਿਉਂਤਬੰਦੀ ਕੀਤੀ, ਸਿੰਘ ਏਥੇ ਹੀ ਇਕੱਠੇ ਹੋਏ ਅਤੇ ਏਥੋਂ ਫੇਰ ਸੁਧਾਈ ਸ਼ੁਰੂ ਹੋਈ। ਪਹਿਲਾਂ ਸੋਨੀਪਤ ਸੋਧਿਆ ਸੀ ਬਾਬਾ ਜੀ ਨੇ।
ਸੋ ਗੁਰੂ ਸਾਹਿਬ ਦੇ ਵੇਲੇ ਜਿਸ ਤਰੀਕੇ ਨਾਲ ਸਿੱਖੀ ਦਾ ਪਸਾਰਾ ਸੀ ਸ਼ਾਤਿਰ ਬਿਪਰ ਨੇ ਬੜੀ ਚਲਾਕੀ ਨਾਲ ਸਿੱਖੀ ਨੂੰ ਸਿਰਫ ਪੰਜਾਬ ਤੱਕ ਸੀਮਤ ਕੀਤਾ ਅਤੇ ਹਿੰਦੁਸਤਾਨ ਦੀਆਂ ਬਾਕੀ ਕੌਮਾਂ ਨੂੰ ਸਿੱਖੀ ਤੋਂ ਹੌਲੀ ਹੌਲੀ ਦੂਰ ਕਰ ਦਿੱਤਾ। ਨੌਵੇਂ ਪਾਤਸ਼ਾਹ ਜੀ ਨੇ ਜੀਵਨ ਦਾ ਕੀਮਤੀ ਸਮਾਂ ਪੂਰਬ ਚ ਪਰਚਾਰ ਕੀਤਾ ਅਸਾਮ ਅਤੇ ਮੌਜੂਦਾ ਬੰਗਾਲ ਅਤੇ ਬੰਗਲਾਦੇਸ਼ ਚ ਹਜ਼ਾਰਾਂ ਨੂੰ ਸਿੱਖੀ ਬਖਸ਼ੀ ਪਰ ਅੱਜ ਫੇਰ ਓਸ ਇਲਾਕੇ ਚ ਸਿੱਖੀ ਨਾਮ ਮਾਤਰ ਹੈ।
ਲੋੜ ਹੈ ਕੋਈ ਪਰਚਾਰਕ ਐਸੇ ਉੱਠਣ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਇਲਾਕਿਆਂ ਚ ਮੁੜ ਸਿੱਖੀ ਦਾ ਪਾਸਾਰ ਕਰਨ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਸ਼ਹੀਦ ਭਾਈ ਕੁਸ਼ਾਲ ਜੀ ਨੂੰ ਪ੍ਰਣਾਮ।
( ਫੋਟੋ ਬਾਬੇ ਕੁਸ਼ਾਲ ਜੀ ਦੀ ਬਣਾਈ ਯਾਦਗਾਰ ਤੋਂ ਹੈ ਜਿੱਥੇ ਮੌਜੂਦਾ ਲੋਕ ਪਹਿਰਾਵੇ ਅਨੁਸਾਰ ਹੀ ਓਹਨਾਂ ਦਾ ਬੁੱਤ ਸਥਾਪਿਤ ਕੀਤਾ ਹੋਇਆ ਹੈ )


Share On Whatsapp

Leave a Reply




top