ਮੀਰ ਮੰਨੂੰ ਦੀ ਸਿੱਖਾਂ ਨਾਲ ਲੜਾਈ ਵਿੱਚ ਕਿਵੇਂ ਮੌਤ ਹੋਈ ਸੀ ?

ਸਿੱਖ ਕੌਮ ਦੇ ਸੱਭ ਤੋਂ ਵੱਡੇ ਦੁਸ਼ਮਨ ਮੀਰ ਮੰਨੂੰ ਦੀ ਸਿਖਾਂ ਨਾਲ ਲੜਾਈ ਵਿੱਚ ਕਿਵੇਂ ਮੌਤ ਹੋਈ ਸੀ।
ਆਉ ਸੰਖੇਪ ਝਾਤ ਮਾਰੀਏ
ਲਾਸਾਨੀ ਸਿੱਖ ਇਤਿਹਾਸ ਦੇ ਪੰਨਿਆਂ ਉਤੇ ਨਿਰਦਈ ਮੀਰ ਮੰਨੂ ਦਾ ਨਾਂ ਕਾਲੇ ਅੱਖਰਾਂ ਵਿਚ ਲਿਖਿਆ ਹੋਇਐ, ਜੋ ਸਿੱਖਾਂ ਦਾ ਕੱਟੜ ਦੁਸ਼ਮਣ ਸੀ। ਅਪਣੇ ਰਾਜ ਕਾਲ ਦੌਰਾਨ ਉਹ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਸੀ। ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ (ਰੰਗੀਲਾ) ਦੇ ਵਜ਼ੀਰ ਦੇ ਜ਼ਾਲਮ ਪੁੱਤਰ ਮੀਰ ਮੰਨੂ ਦੇ ਫ਼ੌਜਦਾਰ ਅਦੀਨਾ ਬੇਗ ਨੂੰ ਸਿੱਖਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦੇ ਕੇ ਅਪਣੀ ਬਿਮਾਰ ਕੱਟੜ ਮਾਨਸਿਕਤਾ ਦਾ ਸਬੂਤ ਦਿਤਾ ਸੀ। ਸਿੱਖਾਂ ਨੂੰ ਕੁਚਲ ਕੇ ਮੀਰ ਮੰਨੂ ਬਾਦਸ਼ਾਹ ਦੀਆਂ ਨਜ਼ਰਾਂ ਵਿਚ ਹਰਮਨ ਪਿਆਰਾ ਬਣਨ ਦੇ ਮਾਰੂ ਸੁਪਨੇ ਲੈ ਰਿਹਾ ਸੀ।
ਮੰਨੂੰ ਅਸਾਡੀ ਦਾਤਰੀ….
ਮੀਰ ਮੰਨੂੰ ਸਿੱਖ ਇਤਿਹਾਸ ਦਾ ਸਭ ਤੋਂ ਜ਼ਾਲਮ ਖਲਨਾਇਕ ਗਿਣਿਆਂ ਜਾਂਦਾ ਹੈ । ਉਸ ਦੇ ਜ਼ੁਲਮਾਂ ਨੂੰ ਸਾਹਮਣੇ ਰੱਖ ਕੇ ਸਿੱਖਾਂ ਦੀ ਚੜਦੀ ਕਲਾ ਪੇਸ਼ ਕਰਦਾ ਮੁਹਾਵਰਾ ਬਣਿਆਂ-
ਮੰਨੂ ਅਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ।
ਉਹ ਜਿਉਂ ਜਿਉਂ ਸਾਨੂੰ ਵੱਢਦਾ, ਅਸੀਂ ਦੂਣ ਸੁਆਏ ਹੋਏ।
ਮੀਰ ਮੰਨੂੰ (ਮੁਈਨੁਲ ਦੀਨ ਜਾਂ ਮੁਅੱਯੁਨੁਲ ਮੁਲਕ) ਮੁਗਲ ਬਾਦਸ਼ਾਹ ਮਹੁੰਮਦ ਸ਼ਾਹ (1719-48 ਈ:) ਦੇ ਵਜ਼ੀਰ ਮਕਰਉਦੀਨ ਦਾ ਪੁੱਤਰ ਸੀ। ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ (1747-48 ਈ:) ਸਮੇਂ ਉਸਦਾ ਮੁਕਾਬਲਾ ਕਰਦਿਆਂ ਵਜ਼ੀਰ ਤਾਂ ਮਾਰਿਆ ਗਿਆ ਪਰ ਮੀਰ ਮੰਨੂੰ ਨੇ ਅਬਦਾਲੀ ਦੇ ਛੱਕੇ ਛੁੱਡਾ ਦਿਤੇ। ਹਾਰ ਕੇ ਅਬਦਾਲੀ ਨੂੰ ਅਫਗਾਨਿਸਤਾਨ ਵਾਪਸ ਮੁੜਣਾ ਪਿਆ। ਇਸ ਸ਼ਾਨਦਾਰ ਪਰਾਪਤੀ ਬਦਲੇ ਮੀਰ ਮੰਨੂੰ ਨੂੰ ਅਪਰੈਲ, 1748 ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ।
ਜਦੋਂ ਮੀਰ ਮੰਨੂੰ ਲਾਹੌਰ ਦਾ ਸੂਬੇਦਾਰ ਬਣਿਆ, ਪੰਜਾਬ ਵਿੱਚ ਰਾਜਸੀ ਉਥਲ ਪੁਥਲ ਦਾ ਜੋਰ ਸੀ। ਸੂਬੇਦਾਰ ਯਾਹੀਆ ਖਾਂ ਅਤੇ ਦੀਵਾਨ ਲਖਪਤ ਰਾਏ ਨੇ ਛੋਟਾ ਘਲੂਕਾਰਾ (1746ਈ:) ਕਰਕੇ ਸਿੱਖਾਂ ਦਾ ਮਨੋਬਲ ਤੋੜਣ ਦੇ ਜੋ ਯਤਨ ਕੀਤੇ ਸਨ, ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਨੇ ਉਹ ਅਸਫ਼ਲ ਬਣਾ ਦਿੱਤੇ ਸਨ। ਅਬਦਾਲੀ ਨੇ 11 ਜਨਵਰੀ, 1748 ਨੂੰ ਲਾਹੌਰ ਫਤਿਹ ਕੀਤਾ। ਗਿਆਰਾਂ ਮਾਰਚ, 1748 ਨੂੰ ਉਹ ਮੀਰ ਮੰਨੂੰ ਹਥੋਂ ਮਣੂਪੁਰ (ਜ਼ਿਲਾ ਪਟਿਆਲਾ) ਹਾਰ ਗਿਆ। ਇਹਨਾਂ ਦੋ ਮਹੀਨਿਆਂ ਵਿੱਚ ਸਿੰਘਾਂ ਨੇ ਝਨਾਂ ਤੋਂ ਸਤਲੁਜ ਤਕ ਦਾ ਸਾਰਾ ਇਲਾਕਾ ਲੁੱਟ ਲਿਆ। ਇਸੇ ਸਮੇਂ ਉਹਨਾਂ ਫੈਸਲਾ ਕੀਤਾ ਕਿ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਰਕਾਰ ਦੇ ਟੁਕੜਬੋਚਾਂ ਨੂੰ ਸਜ਼ਾ ਦਿਤੀ ਜਾਵੇ ਜਿਹੜੇ ਆਏ ਦਿਨ ਚੁਗਲੀਆਂ ਕਰਕੇ ਸਿੰਘਾਂ ਨੂੰ ਫੜਾਉਦੇ ਹਨ। ਇਸ ਗੁਰਮਤੇ ਉਤੇ ਅਮਲ ਕਰਦਿਆਂ ਚੌਧਰੀ ਸਾਹਿਬ ਰਾਏ, ਪਿੰਡ ਨੁਸ਼ਿਹਰੇ ਦਾ ਸੰਧੂ ਜੱਟ, ਰਾਮਾ ਰੰਧਾਵਾ ਪਿੰਡ ਘਣੀਆਂ, ਹਰਿਭਗਤ ਨਿਰੰਜਨੀਆਂ ਪਿੰਡ ਜੰਡਿਆਲਾ ਗੁਰੂ, ਧਰਮਦਾਸ ਜੋਧਨਗਰੀਆਂ,ਕਰਮਾ ਛੀਨਾ (ਪਿੰਡ ਛੀਨਾ),ਸਨਮੁਖ ਰਾਏ ਪਿੰਡ ਵਡਾਲੀ, ਰਾਏ ਬਖਤਾ ਪਿੰਡ ਮਜੀਠਾ,ਰਾਏ ਹਸਨਾ ਪਿੰਡ ਮੰਡਿਆਲਾ, ਗਹਿਣਾ ਮੱਲ ਪਿੰਡ ਭੀਲੋਵਾਲ, ਕਾਜ਼ੀ ਫਜ਼ਲ ਅਹਿਮਦ ਖਾਂ, ਸ਼ਮਸ਼ੇਰ ਖਾਂ ਖੋਖਰ, ਸਠਿਆਲੇ ਤੇ ਬੁਤਾਲੇ ਦੇ ਰੰਘੜ, ਧਨੇਸ਼ਟੇ ਦੇ ਜੱਟ, ਹੈਬਤਪੁਰ ਪੱਟ. ਦੇ ਖੱਤਰੀ, ਸ਼ੇਖੂਪੁਰੇ ਦੇ ਰੰਘੜ ਅਤੇ ਹੋਰ ਕਈ ਚੌਧਰੀ ਸੋਧੇ ਗਏ। ਪਿੰਡਘਣੀਆਂ, ਨੌਸ਼ਿਹਰਾ ਸੰਧੂਆਂ, ਬਟਾਲਾ, ਜੰਡਿਆਲਾ, ਮਜੀਠਾ, ਕਲਾਨੌਰ, ਜੋਧਨਗਰ, ਫਗਵਾੜਾ, ਤਲਹਣ, ਬਿਜਵਾੜਾ, ਜਲੰਧਰ, ਸਠਿਆਲਾ, ਬੁਤਾਲਾ, ਮੰਡਿਆਲਾ, ਸ਼ੇਖੂਪੁਰਾ, ਰਸੂਲਨਗਰ, ਢਿੱਗ, ਮੰਆਦਿ ਨੂੰ ਚੰਗੀ ਤਰਾਂ ਲੁੱਟਿਆ ਅਤੇ ਤਬਾਹ ਕੀਤਾ ਗਿਆ। ਇਸ ਨਾਲ ਚੁਗਲਖੋਰ ਸਹਿਮ ਗਏ ਅਤੇ ਸਰਕਾਰ ਨਾਲ ਸਿੰਘਾਂ ਦੀ ਟੱਕਰ ਸਿੱਧੀ ਹੋ ਗਈ। ਇਸ ਸਮੇਂ ਸਲਾਬਤ ਖਾਂ ਅੰਮਰਿਤਸਰ ਦਾ ਹਾਕਮ ਸੀ।
ਜਿਸ ਸਮੇਂ ਅਬਦਾਲੀ ਮੀਰ ਮੰਨੂੰ ਨਾਲ ਉਲਝਿਆ ਹੋਇਆ ਸੀ, ਸਿੰਘ ਅੰਮਰਿਤਸਰ ਆ ਪਏ। ਲੜਾਈ ਵਿਚ ਸਲਾਬਤ ਖਾਂ ਮਾਰਿਆ ਗਿਆ, ਉਸ ਦੀ ਫੌਜ ਅੰਮਰਿਤਸਰ ਛੱਡ ਕੇ ਨੱਸ ਗਈ। ਸਿੰਘਾਂ ਅੰਮਰਿਤਸਰ ਉਤੇ ਕਬਜ਼ਾ ਕਰ ਲਿਆ। ਦੀਵਾਨ ਲਖਪਤ ਰਾਇ ਨੇ ਅੰਮਰਿਤ ਸਰੋਵਰ ਦਾ ਹਿੱਸਾ ਪੂਰ ਦਿਤਾ ਸੀ। ਸਿੰਘਾਂ ਉਸ ਦੀ ਸਫ਼ਾਈ ਕਰਕੇ ਜਲ ਭਰਿਆ। ਖੁੱਲੇ ਦਰਸ਼ਨ, ਇਸ਼ਨਾਨ ਦਾ ਸਬੱਬ ਬਣਿਆ। ਮੀਰ ਮੰਨੂੰ ਤੋਂ ਹਾਰਕੇ ਅਬਦਾਲੀ ਵਾਪਸ ਮੁੜਿਆ ਤਾਂ ਸਤਲੁਜ ਦੇ ਪਾਰ ਕਰਦਿਆਂ ਹੀ ਸਿੰਘ ਉਸਦੇ ਪਿਛੇ ਲਗ ਗਏ। ਦਿਨੇ ਉਹ ਅਬਦਾਲੀ ਦੀ ਫੌਜ ਤੋਂ ਥੋੜਾ ਦੂਰ ਹਟ ਜਾਂਦੇ ਅਤੇ ਰਾਤ ਨੂੰ ਛਾਪਾ ਮਾਰ, ਹੱਥ ਲਗਾ ਸਾਮਾਨ ਲੁੱਟ ਜੰਗਲਾਂ ਵਿੱਚ ਜਾ ਵੜਦੇ। ਝਨਾਂ ਤਕ ਅਬਦਾਲੀ ਨਾਲ ਇਹੀ ਸਲੂਕ ਹੁੰਦਾ ਰਿਹਾ।
29 ਮਾਰਚ,1748 ਦੀ ਵਿਸਾਖੀ ਕਈ ਵਰਿਆਂ ਪਿਛੋਂ, ਸਿੰਘਾਂ ਧੂਮ ਧਾਮ ਨਾਲ ਮਨਾਈ। ਇਸ ਸਮੇਂ ਹੋਏ ਸਰਬੱਤ ਖਾਲਸਾ ਵਿਚ ਇਕ ਕੇਂਦਰੀ ਜਥੇਬੰਦੀ ਬਨਾਉਣ ਉਤੇ ਜ਼ੋਰ ਦਿਤਾ ਗਿਆ। ਛੋਟੇ ਘਲੂਕਾਰੇ ਦਾ ਇਹੀ ਸਬਕ ਸੀ। ਇਸ ਗੁਰਮਤੇ ਉਤੇ ਅਮਲ ਕਰਦਿਆਂ ਗਿਆਰਾਂ ਮਿਸਲਾਂ ਅਤੇ ਦਲ ਖਾਲਸਾ ਦਾ ਗਠਨ ਹੋਇਆ। ਨਵਾਬ ਕਪੂਰ ਸਿੰਘ ਨੂੰ ਦਲ ਖਾਲਸਾ ਦਾ ਜਥੇਦਾਰ ਮੰਨਿਆ ਗਿਆ। ਮਿਸਲਦਾਰ ਆਪਣੇ ਆਪਣੇ ਇਲਾਕਿਆਂ ਵਿੱਚ ਸਰਗਰਮ ਹੋ ਗਏ।
ਮੀਰ ਮੰਨੂੰ ਨੇ ਸੂਬੇਦਾਰੀ ਸੰਭਾਲਦਿਆਂ ਹੀ ਸਿੱਖਾਂ ਨੂੰ ਕੁਚਲਣ ਅਤੇ ਅਮਨ ਅਮਾਨ ਕਾਇਮ ਕਰਨ ਦੇ ਹੁਕਮ ਦਿਤੇ ਪਰ ਇਹਨਾਂ ਉਤੇ ਅਮਲ ਸੰਭਵ ਨਹੀਂ ਹੋ ਸਕਿਆ। ਮੀਰ ਮੰਨੂੰ ਦੇ ਦੁਸ਼ਮਨ ਸਭ ਪਾਸੇ ਫੈਲੇ ਹੋਏ ਸਨ। ਦਿੱਲੀ ਦਰਬਾਰ ਵਿੱਚ ਵੀ ਉਸ ਦਾ ਕੋਈ ਮਦਦਗਾਰ ਨਹੀਂ ਸੀ, ਵਿਰੋਧੀ ਕਈ ਸਨ। ਅਬਦਾਲੀ ਵਲੋਂ ਫੇਰ ਹਮਲਾ ਕੀਤੇ ਜਾਣ ਦੀਆਂ ਖਬਰਾਂ ਚੱਕਰ ਲਾ ਰਹੀਆਂ ਸਨ। ਅਖੀਰ ਮੀਰ ਮੰਨੂੰ ਨੇ ਸਿੱਖਾਂ ਨਾਲ ਸਮਝੌਤਾ ਕਰਨ ਦਾ ਮਨ ਬਣਾਇਆ। ਇਸ ਸਮੇਂ ਰਾਮ ਰੌਣੀ ਦਾ ਘੇਰਾ ਚਲ ਰਿਹਾ ਸੀ। ਮੀਰ ਮੰਨੂੰ ਨੇ ਪੇਸ਼ਕਸ਼ ਕੀਤੀ ਕਿ ਜੇ ਸਿੱਖ ਅਮਨ ਸ਼ਾਤੀ ਨਾਲ ਰਹਿਣਾ ਪ੍ਵਾਨ ਕਰ ਲੈਣ ਤਾਂ ਰਾਮ ਰੌਣੀ ਦਾ ਘੇਰਾ ਚੁੱਕ ਲਿਆ ਜਾਵੇਗਾ,ਜਾਗੀਰ ਵੀ ਦਿਤੀ ਜਾਇਗੀ। ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਇਹ ਪੇਸ਼ਕਸ਼ ਪ੍ਵਾਨ ਕਰ ਲਈ ਗਈ। ਨਵੰਬਰ, 1748 ਵਿੱਚ ਸਮਝੌਤੇ ਅਧੀਨ ਪੱਟੀ ਪਰਗਣੇ ਦੇ ਮਾਮਲੇ ਵਿੱਚੋਂ ਅੱਧ ਸਿੰਘਾਂ ਦੇ ਗੁਜ਼ਾਰੇ ਲਈ ਹਰਿਮੰਦਰ ਸਾਹਿਬ ਦੇ ਨਾਂ ਜਗੀਰ ਵਜੋਂ ਕਰ ਦਿਤਾ ਗਿਆ। ਇਹ ਪ੍ਬੰਧ ਚਾਰ ਸਾਲ ਤਕ ਚਲਿਆ।
ਇਸ ਦੌਰਾਨ ਸਿੰਘਾਂ ਨੇ ਦੀਵਾਨ ਕੌੜਾ ਮੱਲ ਦੀ ਆੜ ਵਿੱਚ ਮੀਰ ਮੰਨੂੰ ਦੀ ਮਦਦ ਵੀ ਕੀਤੀ। ਮੁਲਤਾਨ ਉਤੇ ਹਮਲੇ (1750ਈ:) ਸਮੇਂ 10 ਹਜ਼ਾਰ ਸਿੰਘ ਮੀਰ ਮੰਨੂੰ ਲਈ ਲੜੇ ਸਨ। ਇਸ ਲੜਾਈ ਵਿੱਚ ਸ਼ਾਹ ਨਿਵਾਜ਼ ਨੂੰ ਮਾਰਨ ਦਾ ਸਿਹਰਾ ਵੀ ਜੱਸਾ ਸਿੰਘ ਰਾਮਗੜੀਆ ਦੇ ਸਿਰ ਬੰਨਿਆ ਜਾਂਦਾ ਹੈ। ਕੌੜਾ ਮਲ ਨੇ ਇਸ ਸੇਵਾ ਬਦਲੇ ਸਿੰਘਾਂ ਨੂੰ ਰਕਮਾਂ ਤਾਂ ਦਿਤੀਆਂ ਹੀ, ਗੁਰਦੁਆਰਾ ਬਾਲ ਲੀਲਾ (ਨਨਕਾਣਾ ਸਾਹਿਬ) ਦਾ ਨਿਰਮਾਣ ਵੀ ਕਰਵਾਇਆ, ਗਿਆਰਾਂ ਹਜ਼ਾਰ ਰੁਪੈ ਦੀ ਦੇਗ਼ ਅੰਮਰਿਤਸਰ ਚੜਾਈ। ਸਿੰਘਾਂ ਦੀ ਜਾਗੀਰ ਵਿੱਚ ਵੀ ਵਾਧਾ ਹੋਇਆ। ਪੱਟੀ ਦੇ ਪਰਗਣੇ ਤੋਂ ਬਿਨਾਂ ਸੰਧੂਆਂ, ਬਟਾਲਾਜੰਡਿਆਲਾ, ਮਜੀਠਾ, ਕਲਾਨੌਰ, ਜੋਧਨਗਰ, ਫਗਵਾੜਾ, ਤਲਬਣ, ਬਿਜਵਾੜਾ, ਜਲੰਧਰ, ਨੂੰ ਚੂਹਣੀਆਂ ਅਤੇ ਝਬਾਲ ਵੀ ਦੇ ਦਿਤੇ ਗਏ। ਉਂਝ ਇਹ ਸਮਾਂ ਮੀਰ ਮੰਨੂੰ ਲਈ ਇਮਤਿਹਾਨ ਦਾ ਸੀ। ਦਿੱਲੀ ਦਰਬਾਰ ਵਿੱਚ ਬਾਦਸ਼ਾਹ ਵੀ ਬਦਲ ਗਿਆ ਸੀ (ਇਸ ਸਮੇਂ ਮੁਹੰਮਦ ਸ਼ਾਹ ਦਾ ਪੁੱਤਰ ਅਹਿਮਦ ਸ਼ਾਹ (1748-54) ਹਾਕਮ ਸੀ) ਅਤੇ ਵਜ਼ੀਰ ਤਾਂ ਐਲਾਨੀਆਂ ਵਿਰੋਧੀ ਖੇਮੇ ਦਾ ਸੀ।
ਅਬਦਾਲੀ ਨੇ 1748 ਦੇ ਅੰਤ ਤੇ ਮੁੜ ਪੰਜਾਬ ਉਤੇ ਹਮਲਾ ਕੀਤਾ। ਮੀਰ ਮੰਨੂੰ ਕੋਲ ਮੁਕਾਬਲਾ ਕਰਨ ਦੀ ਸ਼ਕਤੀ ਨਹੀਂ ਸੀ ਭਾਵੇਂ ਕਿ ਉਸ ਅਬਦਾਲੀ ਦਾ ਮੁਕਾਬਲਾ ਕੀਤਾ। ਵਿਚਲਾ ਰਸਤਾ ਕੱਢ ਕੇ ਉਸ ਅਬਦਾਲੀ ਅਤੇ ਗੁਜਰਾਤ ਦੇ ਚਾਰ ਜ਼ਿਲਿਆਂ ਦਾ ਮਾਮਲਾ ਜੋ 14 ਲੱਖ ਰੁਪੈ ਬਣਦਾ ਸੀ, ਦੇਕੇ ਜਾਨ ਛੁਡਾਈ। ਖੁਸ਼ਵੰਤ ਸਿੰਘ ਦੇ ਸ਼ਬਦਾਂ ਵਿੱਚ ਮੀਰ ਮੰਨੂੰ ਅਫ਼ਗਾਨ ਬਾਦਸ਼ਾਹ ਅਤੇ ਮੁਗਲ ਸ਼ਹਿਨਸ਼ਾਹ ਦਾ ਜਗੀਰਦਾਰ ਬਣ ਗਿਆ।
ਅਫਗਾਨਾਂ ਨੇ ਤੀਜਾ ਹਮਲਾ 1751-52 ਵਿੱਚ ਕੀਤਾ। ਅਕਤੂਬਰ,1751 ਈਸਵੀ ਵਿਚ ਅਬਦਾਲੀ ਦਾ ਦੂਤ ਹਾਰੂੰਨ ਖਾਂ ਲਾਹੌਰ ਆਇਆ ਅਤੇ ਮੀਰ ਮੰਨੂੰ ਤੋਂ ਮਾਮਲਾ ਮੰਗਿਆ। ਮੰਨੂੰ ਨੇ ਮਜਬੂਰੀ ਪ੍ਗਟ ਕੀਤੀ। ਨਵੰਬਰ ਵਿਚ ਖ਼ਬਰ ਮਿਲੀ ਕਿ ਅਬਦਾਲੀ ਆਪ ਪਿਸ਼ਾਵਰ ਆ ਗਿਆ ਹੈ ਅਤੇ ਉਸ ਦੇ ਜਰਨੇਲ ਜਹਾਨ ਖਾਂ ਅਤੇ ਅਬਦੁੱਸਮਦ ਖਾਂ ਫੌਜ਼ ਲੇ ਕੇ ਰੁਹਤਾਸ ਤਕ ਅੱਪੜ ਗਏ ਹਨ। ਮੀਰ ਮੰਨੂੰ ਨੇ ਮੁਲਤਾਨ ਤੋਂ ਕੌੜਾ ਮੱਲ ਅਤੇ ਜਲੰਧਰ ਤੋਂ ਅਦੀਨਾ ਬੇਗ ਨੂੰ ਆਪਣੀ ਸਹਾਇਤਾ ਲਈ ਬੁਲਾਇਆ। ਨਾਲ ਹੀ ਮੰਨੂੰ ਨੇ ਅਬਦਾਲੀ ਦੇ ਦੂਤ ਨੂੰ ਨੌ ਲੱਖ ਰੁਪੈ ਦੇ ਦਿਤੇ ਅਤੇ ਬਾਕੀਆਂ ਨੂੰ ਅਦਾ ਕਰਨ ਦਾ ਭਰੋਸਾ ਦਿਵਾਇਆ। ਹਾਰੂੰਨ ਖਾਂ ਨੇ ਉਹ ਰੁਪੈ ਅਤੇ ਮੰਨੂੰ ਦੀ ਚਿੱਠੀ ਜਿਸ ਵਿਚ ਬਾਕੀ ਅਮਲਾ ਜਲਦੀ ਨਿਪਟਾ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ ਸੀ, ਅਬਦਾਲੀ ਨੂੰ ਭੇਜ ਦਿਤੇ। ਅਬਦਾਲੀ ਨੇ ਨੌ ਲੱਖ ਰੁਪੈ ਵੀ ਲੈ ਲਏ ਅਤੇ ਆਪਣਾ ਅੱਗੇ ਵੱਧਣਾ ਵੀ ਜਾਰੀ ਰਖਿਆ। ਅਸਲ ਵਿੱਚ ਇਸ ਵਾਰ ਉਹ ਮਾਮਲਾ ਨਹੀਂ, ਲਾਹੌਰ ਲੈਣ ਲਈ ਆਇਆ ਸੀ। ਮੰਨੂੰ ਨੇ ਮੁਕਾਬਲਾ ਕਰਨ ਦੀ ਠਾਣੀ। ਦੋਂਵੇਂ ਫੌਜਾਂ ਲਾਹੌਰ ਨੇੜੇ ਬਿਲਾਵਲ ਕੋਲ ਆਹਮੋ ਸਾਹਮਣੇ ਛੱਟ ਗਈਆਂ। ਇਸ ਲੜਾਈ ਸਮੇਂ ਮੀਰ ਮੰਨੂੰ ਨੇ ਕੌੜਾ ਮੱਲ ਰਾਹੀਂ ਸਿੰਘਾਂ ਤੋਂ ਮਦਦ ਮੰਗੀ ਅਤੇ ਸਹਾਇਤਾ ਬਦਲੇ ਪਹਾੜ ਦਾ ਆਦੀ ਇਲਾਕਾ ਪੜੌਲ, ਕਠੂਹਾ, ਬਸੌਲੀ ਆਦਿ ਸਿੰਘਾਂ ਨੂੰ ਦੇਣਾ ਮੰਨਿਆ। ਸਿੰਘ ਅੰਮਰਿਤਸਰੋਂ ਸਹਾਇਤਾ ਲਈ ਜਾ ਰਹੇ ਸਨ ਕਿ ਰਸਤੇ ਵਿਚ ਇਕ ਦੁਰਘਟਨਾ ਹੋ ਗਈ। ਰਾਮਗੜੀਆ ਮਿਸਲ ਦੇ ਖੁਸ਼ਹਾਲ ਸਿੰਘ ਕੱਕੜ ਨੂੰ ਹਰੀ ਸਿੰਘ ਭੰਗੀ ਨੇ ਕਤਲ ਕਰ ਦਿਤਾ। ਬਾਕੀ ਦੇ ਸਰਦਾਰ ਇਸ ਗਲੋਂ ਨਾਰਾਜ਼ ਹੋ ਕੇ ਭੰਗੀਆਂ ਦਾ ਡੇਰਾ ਲੁੱਟਣ ਜਾ ਪਏ। ਦਸ ਹਜ਼ਾਰ ਫੌਜ ਸਮੇਤ ਭੰਗੀ ਸਰਦਾਰ ਵਾਪਸ ਪਰਤ ਗਏ ਅਤੇ ਵੀਹ ਕੁ ਹਜ਼ਾਰ ਸ਼ਾਲੀਮਾਰ ਬਾਗ ਵਿੱਚ ਜਾ ਬੈਠੇ। ਅਗਲੇ ਕੁਝ ਦਿਨਾਂ ਵਿੱਚ ਸਿੰਘਾਂ ਦੀ ਗਾਂ ਹਲਾਲ ਕਰਦੇ ਕਸਾਈ ਮੁਸਲਮਾਨਾਂ ਨਾਲ ਝੜਪ ਹੋ ਗਈ। ਇਸ ਗਲੋਂ ਸ਼ਹਿਰ ਦੇ ਮੁਸਲਮਾਨ ਭੜਕ ਪਏ ਅਤੇ ਸਿੰਘਾਂ ਤੇ ਹਮਲਾ ਕਰ ਦਿਤਾ। ਇਸ ਮੁੱਠ ਭੇੜ ਵਿੱਚ ਕਈ ਆਦਮੀ ਮਾਰੇ ਗਏ। ਇਕ ਦਿਨ ਸੁੱਖਾ ਸਿੰਘ (ਮਾੜੀ ਕੰਬੋਕੀ ਵਾਲਾ) ਕੁਝ ਸਿੰਘਾਂ ਸਮੇਤ ਰਾਵੀਉਂ ਪਾਰ ਗਿਆ। ਅੱਗੋਂ ਅਬਦਾਲੀ ਦੇ ਦਸਤੇ ਉਹਨਾਂ ਨੂੰ ਪੈ ਗਏ। ਮੁਕਾਬਲੇ ਵਿੱਚ ਕਈ ਸਿੰਘ ਮਾਰੇ ਗਏ। ਜਦੋਂ ਉਹ ਡੇਰੇ ਨੂੰ ਮੁੜ ਰਹੇ ਸਨ ਤਾਂ ਮੰਨੂੰ ਦੀ ਫੌਜ ਨੇ ਉਹਨਾਂ ਉਤੇ ਤੋਪਾਂ ਦੇ ਗੋਲੇ ਚਲਾਉਣੇ ਸ਼ੁਰੂ ਕਰ ਦਿਤੇ। ਖਾਲਸਾ ਦਲ ਦੇ ਸਿਪਾਹੀਆਂ ਦਾ ਮਨ ਖੱਟਾ ਹੋ ਗਿਆ ਅਤੇ ਉਹ ਮੀਰ ਮੰਨੂੰ ਦਾ ਸਾਥ ਛੱਡਕੇ ਵਾਪਸ ਚਲੇ ਗਏ।
ਇਸ ਲੜਾਈ ਵਿੱਚ ਮੀਰ-ਮੰਨੂੰ ਹਾਰ ਗਿਆ। ਉਸ 50 ਲੱਖ ਰੁਪੈ ਸਲਾਨਾ ਦੇਣੇ ਕਰ ਅਬਦਾਲੀ ਨਾਲ ਸਮਝੌਤਾ ਕਰ ਲਿਆ। ਆਪਣੀ ਹਾਰ ਦਾ ਕਾਰਣ ਉਸ ਸਿੰਘਾਂ ਨੂੰ ਮੰਨਿਆ ਅਤੇ ਬਦਲਾ ਲੈਣ ਦੀ ਠਾਣ ਲਈ। ਉਸ ਨੇ ਸਿੱਖਾਂ ਦੀ ਜਾਗੀਰ ਜ਼ਬਤ ਕਰ ਲਈ ਅਤੇ ਹਰ ਕੇਸਾਧਾਰੀ ਨੂੰ ਕਤਲ ਕਰਨ ਦੇ ਹੁਕਮ ਚਾੜ ਦਿਤੇ। ਜ਼ਾਹਰ ਹੈ, ਸ਼ਾਤੀ ਦਾ ਸਮਝੌਤਾ ਟੁੱਟ ਗਿਆ। ਦੋਵੇ ਪਾਸਿਉ ਮਾਰ ਕਾਟ ਹੋਣ ਲਗੀ। ਮੀਰ ਮੰਨੂੰ ਬੜੇ ਜ਼ਿੱਦੀ ਸੁਭਾਅ ਦਾ ਸੂਬੇਦਾਰ ਸੀ। ਸਿੱਖਾਂ (ਉਹਨਾਂ ਦੇ ਬੱਚਿਆਂ,ਇਸਤਰੀਆਂ ਆਦਿ ਨੂੰ ਵੀ)ਦੇ ਕਤਲ ਦਾ ਹੁਕਮ ਦੇ ਕੇ ਉਸ ਨੇ ਸਾਰੇ ਇਲਾਕੇ ਵਿੱਚ ਗਸ਼ਤੀ ਫੌਜ ਚਾੜ ਦਿਤੀ। ਮੋਮਨ ਖਾਂ, ਸੱਯਦ ਜਮਾਲੁੱਦੀਨ, ਬਖ਼ਸ਼ੀ ਗਾਜ਼ੀ ਬੇਗ, ਖਵਾਜਾ ਮਿਰਜ਼ਾ ਵਰਗੇ ਅਫ਼ਸਰ ਇਸ ਮੁਹਿੰਮ ਦੇ ਆਗੂ ਥਾਪ ਦਿਤੇ ਗਏ। ਉਸ ਨੇ ਇਲਾਕੇ ਦੇ ਚੌਧਰੀਆਂ, ਪਹਾੜੀ ਰਾਜਿਆਂ ਨੂੰ ਵੀ ਸਖ਼ਤ ਹੁਕਮ ਭੇਜੇ ਕਿ ਜਿਥੇ ਕੋਈ ਸਿੱਖ ਜਾਂ ਉਹਨਾਂ ਦੇ ਬੱਚੇ, ਇਸਤਰੀਆਂ ਮਿਲਣ, ਫੜ ਕੇ ਲਾਹੌਰ ਪੁਚਾ ਦਿਤੇ ਜਾਣ। ਸਿੱਖਾਂ ਨੂੰ ਤਬਾਹ ਕਰਨ ਵਿੱਚ ਮੀਰ ਮੰਨੂੰ ਨੇ ਕੋਈ ਕਸਰ ਨਹੀਂ ਛੱਡੀ। ਇਤਿਹਾਸਕਾਰਾਂ ਸਿੱਖਾਂ ਉਤੇ ਹੁੰਦੇ ਜ਼ੁਲਮਾਂ ਅਤੇ ਕਤਲਾਂ ਦਾ ਜ਼ਿਕਰ ਕਰਦੇ ਕਈ ਸਫ਼ੇ ਕਾਲੇ ਕੀਤੇ ਹਨ। ਲਤੀਫ਼ ਅਨੁਸਾਰ ਮੀਰ ਮੰਨੂੰ ਨੇ ਹਜ਼ਾਰਾਂ ਸਿੱਖ ਕਤਲ ਕੀਤੇ। ਕਨਈਆ ਲਾਲ ਅਨੁਸਾਰ ਸੈਂਕੜੇ ਸਿੱਖ ਰੋਜ਼ ਫੜੇ ਆਉਂਦੇ ਅਤੇ ਨਖਾਸ ਚੌਕ ਵਿਚ ਕਤਲ ਕੀਤੇ ਜਾਂਦੇ।
ਚਿਸ਼ਤੀ ਅਨੁਸਾਰ ਮੀਰ ਮੰਨੂੰ ਕੋਲੋਂ ਹਜ਼ਾਰਾਂ ਸਿੱਖ ਕਤਲ ਹੋਏ….ਈਦ ਦੇ ਦਿਨ ਮੰਨੂੰ ਨੇ ਸ਼ਹੀਦ ਗੰਜ ਵਿਖੇ ਗਿਆਰਾਂ ਸੌਂ ਸਿੱਖ ਕਤਲ ਕੀਤੇ। ਸਿੰਘਾਂ ਨੇ ਘਰ-ਘਾਟ ਛੱਡ ਦਿਤੇ ਅਤੇ ਗਸ਼ਤੀ ਫੌਜਾਂ ਨਾਲ ਟਕਰਾਉਣ ਲਗ ਪਏ। ਮੀਰ ਮੰਨੂੰ ਮੁਕਾਬਲਿਆਂ ਦੀ ਖ਼ਬਰ ਸੁਣ ਕੇ ਆਪ ਮੁਹਿੰਮ ‘ਤੇ ਚੜ ਪਿਆ। 3 ਨਵੰਬਰ, 1753 ਈਸਵੀ ਦਾ ਦਿਨ ਚੜਿਆ ਹੀ ਸੀ ਕਿ ਸੂਹੀਏ ਨੇ ਆ ਖ਼ਬਰ ਦਿਤੀ ਕਿ ਨਾਲ ਦੇ ਕਮਾਦ ਵਿਚ ਸਿੰਘ ਲੁਕੇ ਬੈਠੇ ਹਨ। ਮੰਨੂੰ ਨੇ ਉਸੇ ਵੇਲੇ ਘੋੜੇ ਤੇ ਚੜ ਫੌਜ ਨਾਲ ਕਮਾਦ ਨੂੰ ਜਾ ਘੇਰਿਆ। ਕਮਾਦ ਸੰਘਣਾ ਸੀ, ਸਿੰਘਾਂ ਨੇ ਇਕ ਦਮ ਗੋਲਾਬਾਰੀ ਕਰ ਦਿੱਤੀ ਖੜਾਕ ਤੋਂ ਮੀਰ ਮੰਨੂੰ ਦਾ ਘੋੜਾ ਡਰ ਗਿਆ। ਮੀਰ ਮੰਨੂੰ ਕਾਠੀ ਤੋਂ ਥੱਲੇ ਆ ਡਿੱਗਾ ਪਰ ਉਸ ਦਾ ਇਕ ਪੈਰ ਰਕਾਬ ਵਿੱਚ ਹੀ ਫਸਿਆ ਰਹਿ ਗਿਆ। ਭੱਜੇ ਜਾਂਦੇ ਘੋੜੇ ਦੇ ਪਿਛੇ ਧੂਹੀਦਾ ਧੂਹੀਦਾ ਮੀਰ ਮੰਨੂੰ ਗਿਆ।
ਉਸ ਦੀ ਫੌਜ ਨੂੰ ਕਈ ਮਹੀਨਿਆਂ ਦੀ ਤਨਖਾਹ ਨਹੀਂ ਸੀ ਮਿਲੀ। ਉਹਨਾਂ ਨੇ ਲਾਸ਼ ‘ਤੇ ਕਬਜ਼ਾ ਕਰ ਲਿਆ। ਆਖਰ ਤਿੰਨ ਦਿਨ ਬਾਅਦ ਉਸ ਦੀ ਪਤਨੀ ਨੇ ਆਪਣੇ ਗਹਿਣੇ ਵੇਚ ਕੇ ਤਨਖਾਹ ਦਿੱਤੀ ਤੇ ਲਾਸ਼ ਦਾ ਅੰਤਿਮ ਸੰਸਕਾਰ ਕੀਤਾ। ਉਸ ਦੇ ਮਰਨ ਦੀ ਖਬਰ ਸੁਣਦੇ ਸਾਰ ਸਿੱਖ ਜਥੇ ਲਾਹੌਰ ‘ਤੇ ਜਾ ਪਏ ਤੇ ਸਾਰੀਆਂ ਸਿੰਘਣੀਆਂ ਤੇ ਬੱਚਿਆਂ ਨੂੰ ਰਿਹਾ ਕਰਵਾ ਲਿਆ। ਉਸ ਦੀ ਮੌਤ ਤੋਂ ਬਾਅਦ ਸਿੱਖਾਂ ਨੂੰ ਕੁਝ ਸਮੇਂ ਲਈ ਸਾਹ ਮਿਲ ਗਿਆ ਤੇ ਉਹ ਦੁਬਾਰਾ ਸੰਗਠਿਤ ਹੋ ਕੇ ਪੰਜਾਬ ਵਿੱਚ ਮੱਲਾਂ ਮਾਰਨ ਲੱਗੇ।
ਭੁੱਲ ਚੁੱਕ ਦੀ ਮੁਆਫੀ । ਦਾਸ ਜੋਰਾਵਰ ਸਿੰਘ ਤਰਸਿੱਕਾ।


Share On Whatsapp

Leave a Reply




top