ਸ਼ਹੀਦੀ ਮਿਸਲ

ਸ਼ਹੀਦੀ ਮਿਸਲ ਦੇ ਜਥੇਦਾਰ ਬਾਬਾ ਕਰਮ ਸਿੰਘ ਨੇ 11 ਦਸੰਬਰ 1773 ਦੇ ਦਿਨ ਨਨੌਤਾ ਤੇ ਹਮਲਾ ਕੀਤਾ ਉਥੋ ਦਾ ਨਵਾਬ ਬਹੁਤ ਜਾਲਮ ਸੀ ਤੇ ਲੋਕਾਂ ਤੇ ਬਹੁਤ ਅਤਿਆਚਾਰ ਕਰਦਾ ਸੀ । ਖਾਲਸਾ ਅੱਗੇ ਲੋਕਾਂ ਫਰਿਆਦ ਕੀਤੀ ਤੇ ਬਾਬਾ ਕਰਮ ਸਿੰਘ ਜੀ ਨੇ ਉਹਦਾ ਸੌਦਾ ਲਾਇਆ ਤੇ ਲੁੱਟਿਆ ਤੇ ਫਿਰ ਜਲਾਲਾਬਾਦ ਤੇ ਜਾ ਪਏ । ਇੱਥੋਂ ਦੇ ਹਾਕਮ ਸਯਦ ਹਸਨ ਖ਼ਾਨ ਨੇ ਪੰਡਤਾਂ ਦੀ ਇਕ ਸ਼ਾਦੀ ਸ਼ੁਦਾ ਕੁੜੀ ਚੁੱਕ ਲਈ ਸੀ ; ਸਿੱਖਾਂ ਨੇ ਹਸਨ ਖ਼ਾਨ ਨੂੰ ਮਾਰਿਆ ਅਤੇ ਸਾਰੇ ਪਿੰਡ ਨੂੰ ਉਸ ਦਾ ਸਾਥ ਦੇਣ ਬਦਲੇ ਸਜ਼ਾ ਦਿਤੀ । ਜਦ ਸਿੱਖਾਂ ਨੇ ਕੁੜੀ ਨੂੰ ਬ੍ਰਾਹਮਣਾਂ ਦੇ ਹਵਾਲੇ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਅਪਵਿੱਤਰ ਕਹਿ ਕੇ ਰੱਖਣ ਤੋਂ ਨਾਂਹ ਕਰ ਦਿੱਤੀ । ਇਸ ‘ ਤੇ ਸਿੱਖਾਂ ਨੇ ਕੁੜੀ ਤੋਂ ਖਾਣਾ ਪਕਵਾ ਕੇ ਉਨ੍ਹਾਂ ਬ੍ਰਾਹਮਣਾਂ ਨੂੰ ਖੁਆਇਆ ਅਤੇ ਕੁੜੀ ਦੇ ਪਤੀ ਨੂੰ ਚੋਖੀ ਰਕਮ ਵੀ ਦਿੱਤੀ । ਤੇ ਕਿਹਾ ਇਹ ਅੱਜ ਤੋਂ ਸਿੰਘਾਂ ਦੀ ਧੀ ਹੋਈ ਜੋ ਵੀ ਕੋਈ ਇਸ ਨਾਲ ਭੈੜਾ ਵਰਤਾਓ ਕਰੇਗਾ ਉਹ ਖਾਲਸੇ ਦੀ ਸ੍ਰੀ ਸਾਹਿਬ ਨੂੰ ਚੇਤੇ ਰੱਖੇ । ਇਹੋ ਜਿਹੇ ਸਨ ਸਾਡੇ ਵੱਡੇ ਬਜੁਰਗ ਉਚੇ ਸੁੱਚੇ ਆਚਰਣ ਵਾਲੇ । ਬਾਬਾ ਦੀਪ ਸਿੰਘ ਦੀ ਸ਼ਹਾਦਤ ਉਪਰੰਤ ਸ਼ਹੀਦਾਂ ਮਿਸਲ ਦਾ ਨਵਾਂ ਜਥੇਦਾਰ ਕਰਮ ਸਿੰਘ ਨਿਯੁਕਤ ਹੋਇਆ । ਉਹ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦਾ ਰਹਿਣ ਵਾਲਾ ਸੀ । 1763 ਵਿੱਚ ਸਿੱਖਾਂ ਨੇ ਰਲ ਕੇ ਸਰਹਿੰਦ ਫ਼ਤਿਹ ਕਰ ਲਿਆ ਸੀ । ਇਸ ਲੜਾਈ ਵਿੱਚ ਕਰਮ ਸਿੰਘ ਵੀ ਲੜਿਆ । ਉਸ ਤੋਂ ਬਾਅਦ ਸ਼ਹੀਦ ਮਿਸਲ ਨੇ ਅੰਬਾਲਾ ਜ਼ਿਲ੍ਹੇ ਦੇ ਕਈ ਪਰਗਨਿਆਂ ਜਿਵੇਂ ਕਿ ਕੇਸਰੀ , ਸ਼ਹਿਜ਼ਾਦਪੁਰ , ਸ਼ਾਹਬਾਦ , ਸਮਾਨਾ , ਸਢੌਰਾ , ਮੁਲਾਨਾ ‘ ਤੇ ਕਬਜ਼ਾ ਕਰ ਲਿਆ । ਸਰਦਾਰ ਕਰਮ ਸਿੰਘ ਬਹੁਤਾ ਸਮਾਂ ਤਲਵੰਡੀ ਸਾਬੋ ਵਿਖੇ ਹੀ ਰਿਹਾ , ਭਾਵੇਂ ਸ਼ਹਿਜ਼ਾਦਪੁਰ ਨੂੰ ਜਿੱਤਣ ਉਪਰੰਤ ਉਸ ਨੇ ਇਸ ਨੂੰ ਆਪਣਾ ਨਵਾਂ ਹੈਡਕੁਆਰਟਰ ਬਣਾ ਦਿੱਤਾ ਸੀ । 1773 ਵਿੱਚ ਕਰਮ ਸਿੰਘ ਅਪਰ – ਗੰਗਾ ਦੋਆਬੇ ਦੇ ਇਲਾਕਿਆਂ ਤੱਕ ਜਾ ਪਹੁੰਚਿਆ ਜੋ ਕਿ ਸਰਦਾਰ ਜ਼ਾਬਿਤਾ ਖ਼ਾਨ ਰੋਹਿਲਾ ਦੇ ਕਬਜ਼ੇ ਵਿੱਚ ਸਨ । ਉਸ ਨੇ ਸਹਾਰਨਪੁਰ ਦੇ ਕਈ ਪਿੰਡਾਂ ਨੂੰ ਵੀ ਲੁੱਟ ਲਿਆ । 1784 ਵਿੱਚ ਕਰਮ ਸਿੰਘ ਦੀ ਮੌਤ ਹੋਈ । ਕਰਮ ਸਿੰਘ ਦਾ ਵੱਡਾ ਲੜਕਾ ਗੁਲਾਬ ਸਿੰਘ ਮਿਸਲ ਦਾ ਨਵਾਂ ਸਰਦਾਰ ਬਣਿਆਂ ਗੁਲਾਬ ਸਿੰਘ ਦੀ 1844 ਵਿੱਚ ਮੌਤ ਹੋ ਗਈ ।
ਸ਼ਹੀਦਾਂ ਦੀ ਮਿਸਲ ) : ਇਹ ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿਚੋਂ ਇਕ ਮਿਸਲ ਸੀ ਅਤੇ ਇਸ ਨੂੰ ਨਿਹੰਗਾਂ ਦੀ ਮਿਸਲ ਵੀ ਕਿਹਾ ਜਾਂਦਾ ਸੀ । ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਚਲਦਾ ਹੈ ਇਸ ਮਿਸਲ ਦਾ ਖਾਲਸਾ ਪੰਥ ਲਈ ਹੋਣ ਵਾਲੇ ਸ਼ਹੀਦਾਂ ਨਾਲ ਬਹੁਤ ਸਬੰਧ ਹੈ । ਇਸ ਮਿਸਲ ਦੇ ਹੋਂਦ ਵਿਚ ਆਉਣ ਬਾਰੇ ਇਤਿਹਾਸਕਾਰਾਂ ਨੇ ਵੱਖ ਵੱਖ ਵਿਚਾਰ ਪ੍ਰਗਟਾਏ ਹਨ । ਇਕ ਵਿਚਾਰ ਅਨੁਸਾਰ ਇਸ ਮਿਸਲ ਦੀ ਨੀਹ ਬਾਬਾ ਦੀਪ ਸਿੰਘ ਜੀ ਨੇ ਰੱਖੀ ਸੀ । ਉਹ ਜੰਗ ਦੇ ਮੈਦਾਨ ਵਿਚ ਸਦਾ ਮੋਹਰੀ ਹੋ ਕੇ ਲੜਦੇ ਸਨ ਜਿਸ ਕਰਕੇ ਉਨ੍ਹਾਂ ਦੇ ਜੱਥੇ ਦਾ ਨਾ ‘ ਸ਼ਹੀਦਾਂ ਦਾ ਜੱਥਾ ” ਪੈ ਗਿਆ ਅਤੇ ਬਾਬਾ ਦੀਪ ਸਿੰਘ ਜੀ ਦੇ ਨਾਂ ਨਾਲ ‘ ਸ਼ਹੀਦ ’ ਸ਼ਬਦ ਜੁੜ ਗਿਆ । ਇਕ ਹੋਰ ਵਿਚਾਰ ਅਨੁਸਾਰ ਇਸ ਮਿਸਲ ਦਾ ਬਾਨੀ ਸਰਦਾਰ ਸਦਾ ਸਿੰਘ ਸੀ ਜੋ ਸ੍ਰੀ ਦਮਦਮਾ ਸਾਹਿਬ ( ਤਲਵੰਡੀ ) ਦਾ ਜਥੇਦਾਰ ਸੀ । ਇਨ੍ਹਾਂ ਨੇ ਜਲੰਧਰ ਦੇ ਮੁਸਲਮਾਨ ਗਵਰਨਰ ਨਾਲ ਲੜ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ । ਕਿਹਾ ਜਾਂਦਾ ਹੈ ਕਿ ਇਸ ਦਾ ਸੀਸ ਵੀ ਲੜਾਈ ਵਿਚ ਕਟਿਆ ਗਿਆ ਸੀ ਅਤੇ ਆਪਣੇ ਘੋੜੇ ਤੇ ਜ਼ਮੀਨ ਉੱਤੇ ਡਿਗਣ ਤੋਂ ਪਹਿਲਾਂ ਇਸ ਨੇ ਕਈ ਦੁਰਾਨੀ ਸਿਪਾਹੀਆਂ ਨੂੰ ਮਾਰ ਦਿੱਤਾ ਸੀ । ਅਜਿਹੀ ਲੜਾਈ ਕਾਰਨ ਸ . ਸਦਾ ਸਿੰਘ ਨੂੰ ‘ ਸ਼ਹੀਦ ’ ਕਿਹਾ ਜਾਣ ਲਗ ਪਿਆ ਅਤੇ ਉਸ ਦੇ ਪੈਰੋਕਾਰ ਵੀ ਆਪਣੇ ਨਾਂ ਪਿੱਛੇ ਸ਼ਹੀਦ ਦਾ ਉਪ – ਨਾ ਲਾਉਣ ਲਗ ਪਏ । ਇਸ ਮਿਸਲ ਦੇ ਮੈਂਬਰ ਆਮ ਕਰਕੇ ਨਿਹੰਗ ( ਅਕਾਲੀ ) ( ਸਿੱਖ ਸ਼ਰਧਾਲੂਆਂ ਦਾ ਇਕ ਵਰਗ ਜਿਸ ਦੀ ਬੁਨਿਆਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰੱਖੀ ਸੀ ) ਜਿਹੜੇ ਨੀਲੇ ਰੰਗ ਦੇ ਬਸਤਰ ਪਹਿਨਦੇ ਸਨ , ਹੱਥਾਂ ਵਿਚ ਸਰਬ ਲੋਹੇ ਦੇ ਕੜੇ ਅਤੇ ਆਪਣੇ ਸਿਰ ਦੁਆਲੇ ਇਕ ਗੋਲ ਤੇਜ਼ ਧਾਰ ਵਾਲਾ ਚੱਕਰ ਪਹਿਨਦੇ ਸਨ । ਇਨ੍ਹਾਂ ਅਕਾਲੀਆਂ ਨੇ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਅਤੇ ਪਿੱਛੋਂ ਸਿੱਖ ਤਾਕਤ ਸਥਾਪਿਤ ਕਰਨ ਵਿਚ ਬਹੁਤ ਅਹਿਮ ਰੋਲ ਅਦਾ ਕੀਤਾ ਸੀ । ਗਿਆਨੀ ਗਿਆਨ ਸਿੰਘ ਜੀ ਨੇ ਵੀ ਆਪਣੀ ਪੁਸਤਕ ਸ਼ਮਸ਼ੇਰ ਖਾਲਸਾ ( ਭਾਗ ਦੂਜਾ ) ਵਿਚ ਲਿਖਿਆ ਹੈ ਕਿ ਸ਼ਹੀਦਾਂ ਦੀ ਮਿਸਲ ਦੇ ਅਸਲ ਮਾਲਕ ਬਾਬਾ ਦੀਪ ਸਿੰਘ ਸ਼ਹੀਦ , ਪਿੰਡ ਪੋਹੂਵਿੰਡ , ਜਿਲ੍ਹਾ ਅੰਮ੍ਰਿਤਸਰ ਦੇ ਸਨ । ਸਰਦਾਰ ਗੁਰਬਖਸ਼ ਸਿੰਘ ਪਿੰਡ ਲੀਲ , ਜ਼ਿਲ੍ਹਾ ਅੰਮ੍ਰਿਤਸਰ , ਸੁਧ ਸਿੰਘ ਵਾਸੀ ਪਿੰਡ ਦਕੋਹਾ ਜਲੰਧਰ , ਪ੍ਰੇਮ ਸਿੰਘ , ਸ਼ੇਰ ਸਿੰਘ , ਦਰਗਾਹਾ ਸਿੰਘ ਹੀਰਾ ਸਿੰਘ ਆਦਿ ਉਸ ਦੇ ਸਿਰਕੱਢ ਸਾਥੀ ਸਨ । ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛੱਕਿਆ ਸੀ ਅਤੇ ਗੁਰੂ ਸਾਹਿਬ ਦੀਆ ਲੜਾਈਆਂ ਵਿਚ ਵਧ – ਚੜ੍ਹਕੇ ਹਿੱਸਾ ਲਿਆ । ਜਦੋਂ ਦਸਵੇਂ ਪਾਤਸ਼ਾਹ ਦੱਖਣ ਵੱਲ ਨੰਦੇੜ ਨੂੰ ਗਏ ਤਾਂ ਉਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ | ਸਾਹਿਬ ਦਾ ਜਥੇਦਾਰ ਥਾਪ ਕੇ ਇਥੋਂ ਦੀ ਸੇਵਾ ਸੌਂਪੀ । ਇਸੇ ਥਾਂ ਉੱਤੇ ਹੀ ਬਾਬਾ ਜੀ ਨੇ ਇਕ ਖੂਹ ਲਗਵਾਇਆ ਸੀ ਜੋ ਅੱਜ ਵੀ ਮੌਜੂਦ ਹੈ । ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਆਏ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਾ ਰਲੇ ਸਨ ਅਤੇ ਉਨ੍ਹਾਂ ਨੇ ਬੜੀ ਬਹਾਦਰੀ ਦੇ ਜੌਹਰ ਵਿਖਾਏ । ਬਾਬਾ ਬੰਦਾ ਸਿੰਘ ਦੀ ਸ਼ਹਾਦਤ ਉਪਰੰਤ ਬਾਬਾ ਦੀਪ ਸਿੰਘ ਜੀ ਨੇ ਫਿਰ ਦਮਦਮਾ ਸਾਹਿਬ ਆ ਮੱਲਿਆ । ਬਾਬਾ ਜੀ ਨੇ ਸੰਨ 1726 ( ਸੰਮਤ 1783 ਬਿਕਰਮੀ ) ਵਿਚ ਇਥੇ ਬੀੜ ਤੋਂ ਉਤਾਰਾ ਕਰਕੇ ਚਾਰ ਹੋਰ ਬੀੜਾਂ ਤਿਆਰ ਕੀਤੀਆਂ । ਇਨ੍ਹਾਂ ਬਾਰੇ ਬੀੜਾਂ ਵਿਚੋਂ ਇਕ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ , ਇਕ ਸ੍ਰੀ ਪਟਨਾ ਸਾਹਿਬ ਅਤੇ ਇਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤੀ । ਚੌਥੀ ਬੀੜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਰੱਖੀ ਗਈ । ਸੰਨ 1748 ਵਿਚ ਜਦੋਂ ਸਿੱਖ ਮਿਸਲਾ ਹੋਂਦ ਵਿਚ ਆਈਆਂ ਤਾਂ ਸ਼ਹੀਦਾਂ ਦੀ ਇਕ ਵੱਖਰੀ ਮਿਸਲ ਬਣੀ ਜਿਸ ਦੇ ਜੱਥੇਦਾਰ ਬਾਬਾ ਦੀਪ ਸਿੰਘ ਜੀ ਥਾਪੇ ਗਏ । ਸੰਨ 1659 ( 1816 ਬਿਕਰਮੀ ) ਨੂੰ ਅਦੀਨਾ ਬੇਗ ਦੀ ਮੌਤ ਉਪਰੰਤ ਜਲੰਧਰ ਦਾ ਇਲਾਕਾ ਸਿੱਖਾਂ ਦੇ ਅਧਿਕਾਰ ਖੇਤਰ ਵਿਚ ਆ ਗਿਆ । ਇਸ ਵੱਲੋਂ ਬਾਬਾ ਦੀਪ ਸਿੰਘ ਨੇ ਮੁਹੰਮਦ ਅਮੀਨ ਸਿਆਲਕੋਟ ਦਾ ਇਲਾਕਾ ਜਿੱਤ ਕੇ ਆਪਣੇ ਸਾਥੀਆਂ – ਦਿਆਲ ਸਿੰਘ ਅਤੇ ਨੱਥਾ ਸਿੰਘ ਸ਼ਹੀਦ ਦੇ ਸਪੁਰਦ ਕਰ ਦਿੱਤਾ । ਇਹ ਸਰਦਾਰ ਇਸ ਇਲਾਕੇ ਵਿਚੋਂ ਕੁਝ ਸਾਲਾਨਾ ਰਕਮ , ਸ਼ਹੀਦ ਕਰਮ ਸਿੰਘ ਦੇ ਵੇਲੇ ਤੱਕ ਪਹੁੰਚਾਉਂਦੇ ਰਹੇ ਪਰ ਗੁਲਾਬ ਸਿੰਘ ਦੇ ਭੈੜੇ ਸੁਭਾਅ ਕਾਰਨ ਇਨ੍ਹਾਂ ਸਰਦਾਰਾਂ ਨੇ ਸਿਆਲਕੋਟ ਦੀ ਜਾਗੀਰ ਦਰਬਾਰ ਬੇਰ ਬਾਬਾ ਨਾਨਕ ਸਾਹਿਬ ਦੇ ਨਾਉਂ ਲਗਾ ਦਿੱਤੀ । ਸੰਨ 1760 ( 1817 ਬਿਕਰਮੀ ) ਨੂੰ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਤਾਰਪੁਰ ਵਾਲੀ ਬੀੜ ਦੇ ਨਾਲ ਦਮਦਮਾ ਸਾਹਿਬ ਵਿਚ ਬੀੜ ਦੀ ਸੁਧਾਈ ਕੀਤੀ । ਅਹਿਮਦ ਸ਼ਾਹ ਅਬਦਾਲੀ ਚੌਥੇ ਹਮਲੇ ਤੋਂ ਪਰਤਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਬਣਾ ਗਿਆ ਅਤੇ ਜਹਾਨ ਖ਼ਾਂ ਨੂੰ ਉਸ ਦਾ ਨਾਇਬ ਤੇ ਸੈਨਾਪਤੀ ਬਣਾ ਗਿਆ । ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਸੰਭਾਲ ਤੇ ਰਾਖੀ ਬਾਬਾ ਗੁਰਬਖਸ਼ ਸਿੰਘ ਪਿੰਡ ਲੀਲ , ਤਹਿਸੀਲ ਕਸੂਰ ਵਾਲੇ ਕਰ ਰਹੇ ਸਨ । ਉਹ ਆਪਣੇ ਥੋੜ੍ਹੇ ਜਿਹੇ ਸਾਥੀਆਂ ਸਮੇਤ ਹੀ ਦਰਬਾਰ ਸਾਹਿਬ ਦੀ ਰਾਖੀ ਕਰਦੇ ਅਤੇ ਦੁਰਾਨੀਆਂ ਨਾਲ ਬਹਾਦਰਾਂ ਵਾਂਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ । ਸੰਨ 1756 ( ਸੰਮਤ 1813 ) ਨੂੰ ਜਦੋਂ ਦੁਰਾਨੀਆਂ ਨੇ ਕੁਝ ਤਾਕਤ ਫੜ ਲਈ ਤਾਂ ਜਹਾਨ ਖ਼ਾਂ ਨੇ ਅੰਮ੍ਰਿਤਸਰ ਉਪਰ ਕਬਜ਼ਾ ਕਰ ਲਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕੀਤੀ । ਸਰੋਵਰ ਨੂੰ ਪੂਰ ਦਿੱਤਾ ਅਤੇ ਬਹੁਤ ਸਾਰੇ ਗੁਰਦੁਆਰੇ ਮਲੀਆਮੈਂਟ ਕਰ ਦਿੱਤੇ । ਇਹ ਖਬਰਾਂ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਕੋਲ ਵੀ ਪਹੁੰਚ ਗਈਆਂ । ਬਾਬਾ ਜੀ ਨੇ ਉਸ ਵਕਤ ਆਪਣੇ ਭਤੀਜੇ ਸਦਾ ਸਿੰਘ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਥਾਪ ਕੇ ਆਪਣੀਆਂ ਫੌਜਾਂ ਨਾਲ ਅੰਮ੍ਰਿਤਸਰ ਵੱਲ ਨੂੰ ਚੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ । ਬਾਬਾ ਦੀਪ ਸਿੰਘ ਜੀ ਨੇ ਵੱਖ ਵੱਖ ਪਿੰਡਾਂ ਵਿਚ ਉੱਤਰੀਆਂ ਖਾਲਸਾ ਫ਼ੌਜਾਂ ਨੂੰ ਸੱਦੇ ਭੇਜ ਦਿੱਤਾ । ਬਾਬਾ ਦੀਪ ਸਿੰਘ ਜੀ ਦੀ ਆਵਾਜ਼ ਤੇ ਕੋਈ ਪੰਜ ਹਜਾਰ ਸਵਾਰ ( ਕਈਆਂ ਇਤਿਹਾਸਕਾਰਾਂ ਨੇ ਦਸ ਹਜ਼ਾਰ ਲਿਖਿਆ ਹੈ ) ਕੁਰਬਾਨੀ ਦੇਣ ਲਈ ਮੈਦਾਨ ਵਿਚ ਆ ਨਿਤਰੇ । ਦੁਸਹਿਰੇ ਵਾਲੇ ਦਿਨ ਬਾਬਾ ਦੀਪ ਸਿੰਘ ਨੇ ਇਸ ਦਲ ਦੀ ਅਗਵਾਈ ਕਰਦਿਆਂ ਸ੍ਰੀ ਦਮਦਮਾ ਸਾਹਿਬ ਤੋਂ ਕੂਚ ਕਰ ਦਿੱਤਾ । ਖਾਲਸਾ ਦਲ ਦੀ ਚੜ੍ਹਾਈ ਦੀ ਖ਼ਬਰ ਸੁਣ ਕੇ ਦੁੱਰਾਨੀ ਫ਼ੌਜਾਂ ਵੀ ਤਿਆਰ – ਬਰ – ਤਿਆਰ ਹੋ ਗਈਆਂ । ਜਹਾਨ ਖ਼ਾਂ ਆਪਣੀਆਂ ਫ਼ੌਜਾਂ ਨਾਲ ਗੋਲ੍ਹਵੜ੍ਹ ਦੇ ਕੋਲ ਆਣ ਡਟਿਆ । ਦੂਜੇ ਪਾਸੇ ਬਾਬਾ ਦੀਪ ਸਿੰਘ ਜੀ ਦੀਆਂ ਫੌਜਾਂ ਵੀ ਰਣਭੂਮੀ ਵਿਚ ਆ ਡਟੀਆਂ । ਦੋਹਾਂ ਪਾਸਿਆਂ ਵੱਲੋਂ ਘਮਸਾਨ ਦੀ ਲੜਾਈ ਹੋਈ । ਸਿੰਘਾਂ ਨੇ ਅੰਮ੍ਰਿਤਸਰ ਪੁਜਣ ਦੀ ਕੋਸ਼ਿਸ਼ ਲਈ ਅਜਿਹੀਆਂ ਤਲਵਾਰਾਂ ਵਾਰੀਆਂ ਅਤੇ ਲਾਸਾਨੀ ਦਲੇਰੀ ਵਿਖਾਈ ਕਿ ਛੇ ਕੋਹਾਂ ਅੰਦਰ ਲੋਥਾਂ ਚਾੜ੍ਹ ਦਿੱਤੀਆਂ ਅਤੇ ਸਾਰੀ ਧਰਤੀ ਲਹੂ ਨਾਲ ਰੰਗ ਦਿੱਤੀ । ਬਾਬਾ ਦੀਪ ਸਿੰਘ ਜੀ ਨਾਲ ਜਮਾਲ ਸ਼ਾਹ ( ਅਫ਼ਗ਼ਾਨ ਕਮਾਂਡਰ ) ਆ ਟਕਰਾਇਆ । ਬਾਬਾ ਜੀ ਨੇ ਅਦੁੱਤੀ ਦਲੇਰੀ ਵਿਖਾਈ ਅਤੇ ਆਪਣੀ ਤਲਵਾਰ ਨਾਲ ਜਮਾਲ ਸ਼ਾਹ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ । ਪਰ ਬਾਬਾ ਜੀ ਦਾ ਵੀ ਸੀਸ ਇਸੇ ਸਮੇਂ ਜਮਾਲ ਸ਼ਾਹ ਦੀ ਤਲਵਾਰ ਨਾਲ ਵੱਖ ਹੋ ਗਿਆ । ਬਾਬਾ ਦੀਪ ਸਿੰਘ ਜੀ ਬਾਰੇ ਇਹ ਗੱਲ ਵੀ ਸਿੱਖ ਇਤਿਹਾਸ ਵਿਚ ਪ੍ਰਸਿੱਧ ਹੈ ਕਿ ਉਨ੍ਹਾਂ ਨੇ ਆਪਣਾ ਲੱਥਾ ਸੀਸ ਆਪਣੇ ਖੱਬੇ ਹੱਥ ਤੇ ਰੱਖ ਲਿਆ ਸੀ ਅਤੇ ਦੁੱਰਾਨੀਆਂ ਨਾਲ ਲੜਦੇ ਲੜਦੇ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚਣ ਵਿਚ ਸਫ਼ਲ ਹੋ ਗਏ ਸਨ । ਇਹ ਵੀ ਕਿਹਾ ਜਾਂਦਾ ਹੈ ਕਿ ਪਿੰਡ ਚਾਟੀਵਿੰਡ ਕੋਲੋਂ ਲੜਦਾ ਹੋਇਆ ਧੜ ਸ੍ਰੀ ਦਰਬਾਰ ਸਾਹਿਬ ਪੁੱਜਾ ਸੀ । ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਅਸਥਾਨ ਰਾਮਸਰ ਕੋਲ ਬਣਿਆ ਹੋਇਆ ਹੈ । ਬਾਬਾ ਦੀਪ ਸਿੰਘ ਜੀ ਵਾਂਗ ਜੱਥੇਦਾਰ ਰਾਮ ਸਿੰਘ ਨੇ ਕਈਆਂ ਦੁੱਰਾਨੀਆਂ ਨੂੰ ਖ਼ਤਮ ਕਰਕੇ ਸ਼ਹੀਦੀ ਪ੍ਰਾਪਤ ਕੀਤੀ । ਇਨ੍ਹਾਂ ਦਾ ਸ਼ਹੀਦਗੰਜ ਕਟੜਾ ਰਾਮਗੜ੍ਹੀਆਂ ਵਿਚ ਹੈ । ਸੱਜਣ ਸਿੰਘ , ਬਹਾਦਰ ਸਿੰਘ , ਅੱਖੜ ਸਿੰਘ , ਹੀਰਾ ਸਿੰਘ ਆਦਿ ਕਈ ਸਿੰਘਾਂ ਨੇ ਗੁਰੂ ਕੇ ਬਾਗ਼ ਵਿਚ ਸ਼ਹੀਦੀ ਪ੍ਰਾਪਤ ਕੀਤੀ ਹੈ । ਇਨ੍ਹਾਂ ਸ਼ਹੀਦਾਂ ਦਾ ਸ਼ਹੀਦੀ ਅਸਥਾਨ ਬਾਗ਼ ਵਿਚ ਹੈ । ਅੰਤ ਨੂੰ ਇਸ ਲੜਾਈ ਵਿਚ ਖਾਲਸਾ ਫੌਜਾਂ ਦੀ ਫ਼ਤਹਿ ਹੋਈ ਤੇ ਦੁੱਰਾਨੀ ਭਜ ਨਿਕਲੇ।ਜਦੋਂ ਇਸ ਲੜਾਈ ਦੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਤਾਂ ਗੁਰਬਖਸ਼ ਸਿੰਘ ਅਤੇ ਦੁਰਗਾਰ ਸਿੰਘ ਹੋਰਾਂ ਨੇ ਦੋ ਹਜ਼ਾਰ ਸਵਾਰ ਨਾਲ ਤਿਆਰ ਕਰ ਦਿੱਤਾ । ਦੁੱਰਾਨੀਆਂ ਨਾਲ ਲੜਦੇ ਲੜਦੇ ਅੰਮ੍ਰਿਤਸਰ ਆ ਪਹੁੰਚੇ । ਸਿੰਘਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਹਾਲਤ ਵੇਖ ਕੇ ਅਤਿਅੰਤ ਦੁਖ ਹੋਇਆ ਅਤੇ ਉਨ੍ਹਾਂ ਦਾ ਖੂਨ ਖੌਲਣ ਲਗ ਪਿਆ । ਰਾਤ ਵੇਲੇ ਉਨ੍ਹਾਂ ਨੇ ਛਾਪੇ ਮਾਰੇ ਅਤੇ ਦੁੱਰਾਨੀਆਂ ਦੀਆਂ ਕਈਆਂ ਤਹਿਸੀਲਾਂ ਅਤੇ ਥਾਣਿਆਂ ਨੂੰ ਅੱਗ ਲਾ ਦਿੱਤੀ । ਅਜਿਹੀਆਂ ਵਾਰਦਾਤਾਂ ਦੀ ਖ਼ਬਰ ਤੈਮੂਰ ਸ਼ਾਹ ਕੋਲ ਜਾ ਪੁੱਜੀ । ਉਹ ਉਸੇ ਵੇਲੇ ਲਾਲ – ਪੀਲਾ ਹੋ ਗਿਆ ਅਤੇ ਉਸ ਨੇ ਮੁਲਤਾਨ , ਕਾਬਲ , ਰੋਹਤਾਸ ਆਦਿ ਥਾਵਾਂ ਤੋਂ ਦੁੱਰਾਨੀ ਫੌਜਾਂ ਬੁਲਵਾ ਲਈਆਂ ਅਤੇ ਖਾਲਸਾ ਫੌਜਾਂ ਦਾ ਖਾਤਮਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਸ਼ਾਹ ਨਿਜ਼ਾਮੁਦੀਨ , ਸਰ ਬੁੰਲਦ ਖ਼ਾਂ , ਜਾਬਰ ਖ਼ਾਂ , ਜ਼ਾਲਮ ਖ਼ਾਂ ਆਦਿ ਫੌਜਦਾਰ ਵੀਹ ਹਜ਼ਾਰ ਜੰਗਜੂ ਪਠਾਣਾਂ ਨੂੰ ਨਾਲ ਲੈ ਕੇ ਰਣਭੂਮੀ ਵਿਚ ਆ ਨਿਤਰੇ । ਦੂਜੇ ਪਾਸੇ 9 ਮੱਘਰ , 1818 ਨੂੰ ਜਥੇਦਾਰ ਗੁਰਬਖਸ਼ ਸਿੰਘ ਅਤੇ ਹੋਰਨਾਂ ਜਥੇਦਾਰਾਂ ਨੇ ਵੀ ਵੈਰੀ ਦੇ ਆਉਣ ਦੀ ਖ਼ਬਰ ਸੁਣ ਕੇ ਤਿਆਰੀਆਂ ਕਰ ਲਈਆਂ ਅਤੇ ਧਰਮ ਯੁੱਧ ਲਈ ਆਰਦਾਸੇ ਸੋਧ ਲਏ । ਅੰਮ੍ਰਿਤਸਰ ਦੇ ਸਰੋਵਰ ਦੇ ਪਿਛਲੇ ਪਾਸੇ ਇਕ ਖੌਫ਼ਨਾਕ ਲੜਾਈ ਹੋਈ । ਅਖ਼ੀਰ ਨੂੰ ਜਥੇਦਾਰ , ਗੁਰਬਖਸ਼ ਸਿੰਘ , ਜਥੇਦਾਰ ਬਸੰਤ ਸਿੰਘ , ਜਥੇਦਾਰ ਨਿਹਾਲ ਸਿੰਘ ਅਤੇ ਹੋਰ ਸਿਰਕੱਢ ਜਥੇਦਾਰ ਮੈਦਾਨੇ – ਜੰਗ ਵਿਚ ਸ਼ਹੀਦ ਹੋ ਗਏ । ਇਸੇ ਸਮੇਂ ਦੁੱਰਾਨੀਆਂ ਦੀ ਮਗਰੋਂ ਹੋਰ ਵੀ ਫੌਜ਼ ਆ ਪਹੁੰਚੀ ਤੇ ਸਿੰਘਾਂ ਨੇ ਬਾਸਰਾ ਦੀ ਬੀੜ ਦਾ ਆਸਰਾ ਲਿਆ । ਖ਼ਾਲੀ ਮੈਦਾਨ ਵੇਖ ਕੇ ਦੁੱਰਾਨੀ ਫੌਜਾਂ ਪਿਛਾਂਹ ਮੁੜ ਗਈਆਂ । ਜਥੇਦਾਰ ਗੁਰਬਖਸ਼ ਸਿੰਘ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ , ਜਥੇਦਾਰ ਬਸੰਤ ਸਿੰਘ ਦੀ ਥੜਾ ਸਾਹਿਬ ਕੋਲ ਅਤੇ ਜਥੇਦਾਰ ਨਿਹਾਲ ਸਿੰਘ ਦੀ ਚੁਰੱਸਤੀ ਅਟਾਰੀ ਕੋਲ ਸਮਾਧ ਬਣਾ ਦਿੱਤੀ ਗਈ । ਇਸ ਵੇਲੇ ਅੰਮ੍ਰਿਤਸਰ ਵਿਚ ਇਹ ਅਸਥਾਨ ਸ਼ਹੀਦ ਗੰਜ ਦੇ ਨਾਂ ਨਾਲ ਪ੍ਰਸਿੱਧ ਹੈ । ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਪਿੱਛੋਂ ਸਰਦਾਰ ਸੁਧ ਸਿੰਘ ( ਸਰਦਾਰ ਸਦਾ ਸਿੰਘ ) ਗੁਰਬਖਸ਼ ਸਿੰਘ ਦੀ ਥਾਂ ਸੂਬਾ ਸਿੰਘ ਅਤੇ ਬਸੰਤ ਸਿੰਘ ਦੀ ਥਾਂ ਪ੍ਰੇਮ ਸਿੰਘ ਜੀ ਸ਼ਹੀਦ ਮਿਸਲ ਦੇ ਜਥੇਦਾਰ ਬਣੇ।ਸੰਨ 1762 ( ਸੰਮਤ 1819 ਬਿਕਰਮੀ ) ਨੂੰ ਸਰਦਾਰ ਸਦਾ ਸਿੰਘ ਪਿੰਡ ਦਕੋਹੇ ਦੇ ਨੇੜੇ ਪਠਾਣਾਂ ਨਾਲ ਲੜਾਈ ਕਰਦਾ ਹੋਇਆ ਸ਼ਹੀਦ ਹੋ ਗਿਆ । ਸਰਦਾਰ ਸਦਾ ਸਿੰਘ ਦੀ ਥਾਂ ਤੇ ਸਰਦਾਰ ਬੀਰ ਸਿੰਘ ਸੰਧੂ ਪਿੰਡ ਮਰ੍ਹਾਨਾ , ਜ਼ਿਲ੍ਹਾ ਲਾਹੌਰ ਦਾ ਪੁੱਤਰ ਸਰਦਾਰ ਕਰਮ ਸਿੰਘ ਇਸ ਮਿਸਲ ਵਿਚ ਸਭ ਤੋਂ ਨਾਮਵਰ ਸਰਦਾਰ ਹੋਇਆ ਹੈ । ਵੱਡੇ ਘਲੂਘਾਰੇ ਵੇਲੇ ਇਸ ਨੇ ਬੜੀ ਸੂਰਮਗਤੀ ਵਿਖਾਈ । ਹਰੇਕ ਮੁਹਿੰਮ ਸਮੇਂ ਇਹ ਮਿਸਲ ਪੰਥ ਦੇ ਨਾਲ ਹੁੰਦੀ ਸੀ । ਜਦੋਂ ਬੁੱਢਾ ਦਲ ਅਤੇ ਤਰੁਨਾ ਦਲ ਦੋ ਜੱਥੇ ਬਣੇ ਤਾਂ ਸ਼ਹੀਦਾਂ ਦੀ ਮਿਸਲ ਬੁੱਢਾ ਦਲ ਨਾਲ ਜਾ ਰਲੀ । 14 ਜਨਵਰੀ , 1764 ਨੂੰ ਸਰਹੰਦ ਦੀ ਲੜਾਈ ਵਿਚ ਸਿੰਘਾਂ ਨੇ ਜ਼ੈਨ ਖ਼ਾਂ ਨੂੰ ਸੋਧ ਕੇ ਇਲਾਕੇ ਉਪਰ ਆਪਣੀ ਸਰਦਾਰੀ ਕਾਇਮ ਕਰ ਲਈ । ਇਸ ਵੇਲੇ ਇਸ ਮਿਸਲ ਦੇ ਕਬਜ਼ੇ ਹੇਠ ਸ਼ਾਹਜ਼ਾਦਪੁਰ , ਕੇਸਰੀ , ਮਾਜਰਾ , ਟਿਪਲਾ , ਸੁਬਕਾ , ਮਾਜਰੂ , ਤੰਗੌੜ , ਤਰਾਵੜੀ , ਜੜੌਲੀ , ਰਈਆਂ , ਦਮਦਮਾ ਸਹਿਬ ਆਦਿ ਸਨ । ਸਰਦਾਰ ਕਰਮ ਸਿੰਘ ਆਪ ਤਾਂ ਪੱਕੇ ਤੌਰ ਤੇ ਕੇਸਰੀ ਵਿਖੇ ਰਹਿਣ ਲਗ ਪਿਆ ਅਤੇ ਸ਼ਾਹਜ਼ਾਦਪੁਰ ਇਸ ਨੇ ਆਪਣੇ ਭਰਾ ਧਰਮ ਸਿੰਘ ਦੇ ਸਪੁਰਦ ਕਰ ਦਿੱਤਾ । ਜਦੋਂ ਸਰਦਾਰ ਧਰਮ ਸਿੰਘ ਦੀ ਮੌਤ ਹੋ ਗਈ ਤਾਂ ਕਰਮ ਸਿੰਘ ਨੇ ਧਰਮ ਸਿੰਘ ਦੀ ਸਪੁੱਤਨੀ ਮਾਈ ਦੇਸ਼ਾਂ ਨੂੰ ਵੱਡਾ ਗੁਜ਼ਾਰੇ ਲਈ ਦੇ ਦਿੱਤਾ ਅਤੇ ਆਪ ਸ਼ਾਹਜ਼ਾਦਪੁਰ ਰਹਿਣ ਲੱਗ ਪਿਆ । ਜਦੋਂ ਮਾਈ ਦੇਸਾਂ ਅਕਾਲ ਚਲਾਣਾ ਕਰ ਗਈ ਤਾਂ ਉਸ ਦਾ ਇਲਾਕਾ ਵੀ ਸਰਦਾਰ ਕਰਮ ਸਿੰਘ ਅਧੀਨ ਚਲਾ ਗਿਆ । ਸ . ਕਰਮ ਸਿੰਘ ਨੇ ਦਮਦਮਾ ਸਾਹਿਬ ਦੇ ਨਾਂ ਬਾਰਾਂ ਪਿੰਡ ਜਾਗੀਰ ਵਜੋਂ ਲਾ ਦਿੱਤੇ ਅਤੇ ਸਰਦਾਰ ਰਣ ਸਿੰਘ ਨੂੰ ਉਥੋਂ ਦਾ ਮੁਖ਼ਤਿਆਰ ਬਣ ਦਿੱਤਾ । ਦਮਦਮਾ ਸਾਹਿਬ ਦੇ ਨੇੜੇ ਹੀ ਰਾਨੀਆਂ ਵਾਲੇ ਨਵਾਬ ਜ਼ਾਬਤਾ ਖ਼ਾਂ ਨੇ ਰਾਜਪੂਤ ਇਲਾਕਾ ਸੀ । ਉਹ ਵੀ ਸਿੰਘਾ ਨਾਲ ਛੇੜ – ਛਾੜ ਕਰਦਾ ਰਹਿੰਦਾ ਸੀ । ਇਕ ਵਾਰ ਸਿੰਘਾਂ ਨੇ ਉਸ ਨੂੰ ਅਜਿਹੇ ਹੱਥ ਵਿਖਾਏ ਕਿ ਜ਼ਾਬਤਾ ਖ਼ਾਂ ਨੇ ਦਾਦੂ , ਧਰਮਪੁਰਾ , ਰਾਮਪੁਰਾ , ਤਲੋਕੇ ਵਾਲਾ , ਕੇਵਲ ਤੇ ਹੁਨਾ ਪਕਾ ਅਦਿ ਪਿੰਡ ਸ਼ਹੀਦ ਕਰਮ ਸਿੰਘ ਨੂੰ ਕੰਖਰ ਗੁਰਦੁਆਰਾ ਸਾਹਿਬ ਦੇ ਨਾਂ ਇਸ ਸ਼ਰਤ ਤੇ ਹਵਾਲੇ ਕਰ ਦਿੱਤੇ ਕਿ ਉਸ ਦੇ ਮੁਲਕ ਵਿਚ ਕੋਈ ਵੀ ਸਿੰਘ ਦਖ਼ਲ ਨਹੀਂ ਦੇਵੇਗਾ । ਇਨ੍ਹਾਂ 12 ਪਿੰਡਾਂ ਵਿਚੋਂ 7 ਪਿੰਡ ਅੱਜ ਵੀ ਗੁਰਦੁਆਰਾ ਸਾਹਿਬ ਦੇ ਨਾਮ ਮਾਫ਼ੀ ਹਨ । ਜਦੋਂ 1764 ਈ . ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਥਲੇ ਬੁੱਢਾ ਦਲ ਨੇ ਜਮਨਾ ਤੋਂ ਪਾਰ ਧਾਵਾ ਕੀਤਾ ਤਾਂ ਸਰਦਾਰ ਕਰਮ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਸੀ । ਜਮਨਾ ਤੋਂ ਪਾਰ ਸਿੰਘਾਂ ਨੇ ਕਈ ਹੱਲੇ ਕੀਤੇ ਜਿਨ੍ਹਾਂ ਵਿਚ ਸਰਦਾਰ ਕਰਮ ਸਿੰਘ ਹਰੇਕ ਹਮਲੇ ਵਿਚ ਹੀ ਸ਼ਾਮਲ ਹੁੰਦਾ ਸੀ । ਸਰਦਾਰ ਕਰਮ ਸਿੰਘ ਦਾ ਸਭ ਤੋਂ ਪ੍ਰਸਿੱਧ ਹਮਲਾ 1773 ਈ . ਵਾਲਾ ਹੈ । ਇਸ ਹਮਲੇ ਸਮੇਂ ਖਾਲਸਾ ਫ਼ੌਜ ਦਾ ਕਮਾਂਡਰ ਸਰਦਾਰ ਕਰਮ ਸਿੰਘ ਸ਼ਹੀਦ ਸੀ । ਜਲਾਲਾਬਾਦ ( ਗੰਸਗੜ੍ਹ , ਲੁਹਾਰੀ ਕੋਲ ) ਦੇ ਹਾਕਮ ਹਸਨ ਖ਼ਾਂ ਨੇ ਇਕ ਗਰੀਬ ਬ੍ਰਾਹਮਣ ਦੀ ਲੜਕੀ ਖੋਹ ਲਈ । ਉਸ ਬ੍ਰਾਹਮਣ ਨੇ ਸ੍ਰੀ ਅਕਾਲ ਤਖ਼ਤ ( ਅੰਮ੍ਰਿਤਸਰ ) ਵਿਖੇ ਖਾਲਸਾ ਜੀ ਅੱਗੇ ਆ ਫਰਿਆਦ ਕੀਤੀ । ਖਾਲਸਾ ਜੀ ਨੇ ਬ੍ਰਾਹਮਣ ਦੀ ਫਰਿਆਦ ਸੂਈ ਅਤੇ ਸਰਦਾਰ ਕਰਮ ਸਿੰਘ ਸ਼ਹੀਦ ਦੀ ਅਗਵਾਈ ਹੇਠ ਤੀਹ ਹਜ਼ਾਰ ਸਿੱਖਾਂ ਨੇ ਜਲਾਲਾਬਾਦ ਲੁਹਾਰੀ ਵੱਲ ਚੜ੍ਹਾਈ ਕਰ ਦਿੱਤੀ । 11 ਦਸੰਬਰ , 1773 ਨੂੰ ਖਾਲਸਾ ਫੌਜਾਂ ਨੇ ਨਨੌਤਾ ਆਪਣੇ ਕਬਜ਼ੇ ਹੇਠ ਲੈ ਲਿਆ ਫਿਰ ਜਲਾਲਾਬਾਦ ਨੂੰ ਜਾ ਘੇਰਿਆ । ਸਿੰਘਾਂ ਨੇ ਹਸਨ ਖ਼ਾਂ ਨੂੰ ਪਾਰ ਬੁਲਾਇਆ ਅਤੇ ਲੜਕੀ ਬ੍ਰਾਹਮਣ ਦੇ ਹਵਾਲੇ ਕਰ ਦਿੱਤੀ ਅਤੇ ਹਜ਼ਾਰਾਂ ਰੁਪਏ ਦੇ ਦਾਨ ਦੇ ਕੇ ਲੜਕੀ ਨੂੰ ਸਹੁਰੇ ਤੋਰ ਦਿੱਤਾ । ਸਿੰਘਾਂ ਨੇ ਕਾਫੀ ਸਾਰਾ ਇਲਾਕਾ ਫ਼ਤਹਿ ਕਰਕੇ ਹੁਣ ਦਿੱਲੀ ਵੱਲ ਨੂੰ ਮੂੰਹ ਕੀਤਾ । 18 ਜਨਵਰੀ , 1774 ਨੂੰ ਸਿਘ ਅੱਧੀ ਕੁ ਰਾਤ ਵੇਲੇ ਸ਼ਾਹਦਰੇ ਉੱਤੇ ਟੁੱਟ ਪਏ ਅਤੇ ਹਜ਼ਾਰਾਂ ਰੁਪਏ ਦੀ ਲੁੱਟ – ਖਸੁੱਟ ਕਰ ਕੇ ਵਾਪਸ ਆਏ । ਕਈ ਹੋਰਨਾਂ ਹਮਲਿਆਂ ਵਿਚ ਸਰਦਾਰ ਕਰਮ ਸਿੰਘ ਮੋਹਰੀ ਹੋ ਕੇ ਲੜਿਆ।ਸੰਨ 1794 ( ਸੰਮਤ 1851 ) ਵਿਚ ਸਰਦਾਰ ਕਰਮ ਸਿੰਘ ਦੀ ਮੌਤ ਉਪਰੰਤ ਉਸ ਦਾ ਵੱਡਾ ਪੁੱਤਰ ਗੁਲਾਬ ਸਿੰਘ ਇਸ ਮਿਸਲ ਦਾ ਸਰਦਾਰ ਬਣਿਆ । ਇਹ ਕੋਈ ਯੋਗ ਮਿਸਲਦਾਰ ਨਾ ਸਾਬਤ ਹੋਇਆ । ਇਸ ਦੀ ਬੇਇੰਤਜ਼ਾਮੀ ਕਾਰਨ ਅੰਗਰੇਜ਼ਾਂ ਨੇ 1869 ਈ . ਵਿਚ ਇਹ ਇਲਾਕਾ ਫਤਹਿ ਕਰ ਲਿਆ ਅਤੇ ਪਿੱਛੋਂ ਜਦੋਂ ਇਸ ਇਲਾਕੇ ਦਾ ਬੰਦੋਬਸਤ ਕਰ ਲਿਆ ਤਾਂ ਇਹ ਇਲਾਕਾ ਗੁਲਾਬ ਸਿੰਘ ਦੇ ਹੱਥੋਂ ਨਿਕਲ ਗਿਆ । ਗੁਲਾਬ ਸਿੰਘ ਬਿਲਕੁਲ ਬੇਸਮਝ ਸੀ ਅਤੇ ਹਮੇਸ਼ਾਂ ਹੀ ਹਵਾਈ ਕਿਲੇ ਬਣਾਉਂਦਾ ਰਹਿੰਦਾ । ਸੰਨ 1843 ( ਸੰਮਤ 1900 ) ਨੂੰ ਜਦੋਂ ਗੁਲਾਬ ਸਿੰਘ ਹਰਦਵਾਰ ਵਿਖੇ ਕੁੰਭ ਦਾ ਮੇਲਾ ਵੇਖ ਕੇ ਮੁੜਿਆ ਤਾਂ ਮੁੜਦੀ ਵਾਰ ਇਸ ਨੇ ਪਿੰਡ ਬੜ੍ਹਤੇ ਆ ਡੇਰਾ ਲਾਇਆ । ਉਸ ਵੇਲੇ ਦੇ ਤੌਰ ਤਰੀਕੇ ਅਨੁਸਾਰ ਚੌਧਰੀ ਨਜ਼ਰਾਨਾ ਲੈ ਕੇ ਗੁਲਾਬ ਸਿੰਘ ਨੂੰ ਮਿਲੇ । ਸੰਨ 1844 ( ਸੰਮਤ 1901 ਬਿਕਰਮੀ ) ਗੁਲਾਬ ਸਿੰਘ ਦੇ ਪਿੱਛੋਂ ਉਸ ਦਾ ਪੁੱਤਰ ਸ਼ਿਵ ਕਿਰਪਾਲ ਸਿੰਘ ਗੱਦੀ ਤੇ ਬੈਠਾ । ਸੰਨ 1857 ( ਸੰਮਤ 1914 ) ਨੂੰ ਸਤਲੁਜ਼ ਦੀ ਲੜਾਈ ਵਿਚ ਇਸ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ । ਸੰਨ 1871 ਨੂੰ ਇਸ ਦੀ ਮੌਤ ਹੋ ਗਈ ਅਤੇ ਇਸ ਦੇ ਲੜਕੇ ਜੀਵਨ ਸਿੰਘ ਨੇ ਇਸ ਦੀ ਥਾਂ ਸੰਭਾਲੀ । ਸੰਨ 1890 ਨੂੰ ਅੰਗਰੇਜ਼ ਸਰਕਾਰ ਨੇ ਜੀਵਨ ਸਿੰਘ ਨੂੰ ਸਤਾਰਾ – ਇ – ਹਿੰਦ ਦੇ ਖ਼ਿਤਾਬ ਨਾਲ ਸਨਮਾਨਿਆ । ਇਹ ਘਰਾਣਾ ਸ਼ਾਹਜ਼ਾਦਪੁਰੀਏ ਸਰਦਾਰ ਅਖਵਾਉਂਦਾ ਹੈ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




top