ਸਿੱਖ ਨੂੰ ਆਪਣੇ ਧਰਮ ਦੇ ਨਾਲ ਨਾਲ ਦੂਸਰੇ ਧਰਮਾਂ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਗੁਰੂ ਦਾ ਸਿੰਘ ਆਪਣੀ ਟੇਕ ਇਕ ਅਕਾਲ ਪੁਰਖ ਵਾਹਿਗੁਰੂ ਤੇ ਰੱਖੇ ਪਰ ਗਿਆਨ ਸਾਰੇ ਧਰਮਾਂ ਦਾ ਹੋਣਾਂ ਚਾਹੀਦਾ ਹੈ ਆਉ ਅੱਜ ਮੁਸਲਮਾਨ ਧਰਮ ਦੀ ਨਮਾਜ਼ ਬਾਰੇ ਕੁੱਝ ਜਾਣਕਾਰੀ ਸਾਂਝੀ ਕਰੀਏ ਜੀ ।
ਨਮਾਜ਼
ਮੁਸਲਮਾਨਾਂ ਦਾ ਪੂਜਾ ਪਾਠ ਯਾ ਰੱਬੀ ਪ੍ਰਾਰਥਨਾ ਨਮਾਜ਼ ਹੈ, ਜੋ ਪੰਜ ਵੇਲੇ ਕੀਤੀ ਜਾਂਦੀ ਹੈ । ‘ਨਮਾਜ਼’, ਫਾਰਸੀ ਸ਼ਬਦ ਤੇ ਅਰਬੀ ਲਫ਼ਜ਼ ‘ਸਲਾਤ’ ਹੈ । ਸ਼ਰ੍ਹਾ ਅਨੁਸਾਰ ਮੋਮਨ ਨੂੰ ਪੰਜ ਨਿਮਾਜ਼ਾਂ ਪੜ੍ਹਨ ਦਾ ਹੁਕਮ ਹੈ ਜਦੋਂ ਕਿ ਯਹੂਦੀਆਂ ਵਿਚ ਸੱਤ ਵੇਲੇ ਨਿਮਾਜ਼ ਦਾ ਵਿਧਾਨ ਸੀ ।
ਨਮਾਜ਼ ਇਸਲਾਮ ਧਰਮ ਵਿੱਚ ਪੂਜਾ ਦੀ ਇੱਕ ਰਸਮ ਹੈ। ਇਹ ਫ਼ਾਰਸੀ ਸ਼ਬਦ ਹੈ, ਜੋ ਉਰਦੂ ਵਿੱਚ ਅਰਬੀ ਸ਼ਬਦ ਸਲਾਤ ਦਾ ਸਮਾਨ ਅਰਥ ਹੈ। ਕੁਰਾਨ ਸ਼ਰੀਫ ਵਿੱਚ ਸਲਾਤ ਸ਼ਬਦ ਵਾਰ-ਵਾਰ ਆਇਆ ਹੈ ਅਤੇ ਹਰ ਇੱਕ ਮੁਸਲਮਾਨ ਔਰਤ ਅਤੇ ਮਰਦ ਨੂੰ ਨਮਾਜ਼ ਪੜ੍ਹਨ ਦਾ ਆਦੇਸ਼ ਤਕੀਦ ਦੇ ਨਾਲ ਦਿੱਤਾ ਗਿਆ ਹੈ। ਇਸਲਾਮ ਦੇ ਸ਼ੁਰੂਆਤੀ ਦੌਰ ਤੋਂ ਹੀ ਨਮਾਜ਼ ਦੀ ਰੀਤ ਅਤੇ ਇਸਨੂੰ ਪੜ੍ਹਨ ਦਾ ਆਦੇਸ਼ ਹੈ। ਇਹ ਮੁਸਲਮਾਨਾਂ ਦਾ ਬਹੁਤ ਵੱਡਾ ਫਰਜ਼ ਹੈ ਅਤੇ ਇਸਨੂੰ ਨੇਮ ਪੂਰਵਕ ਪੜ੍ਹਨਾ ਪੁੰਨ ਅਤੇ ਤਿਆਗ ਦੇਣਾ ਪਾਪ ਹੈ।
ਨਮਾਜ਼-ਏ-ਫ਼ਜ਼ਰ – ਇਹ ਪਹਿਲੀ ਨਮਾਜ਼ ਹੈ ਜੋ ਸਵੇਰੇ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਪੜ੍ਹੀ ਜਾਂਦੀ ਹੈ।
ਨਮਾਜ਼-ਏ-ਜ਼ੁਹਰ – ਇਹ ਦੂਜੀ ਨਮਾਜ਼ ਹੈ ਜੋ ਦੁਪਹਿਰ ਸੂਰਜ ਦੇ ਢਲਣਾ ਸ਼ੁਰੂ ਕਰਨ ਦੇ ਬਾਅਦ ਪੜ੍ਹੀ ਜਾਂਦੀ ਹੈ।
ਨਮਾਜ਼-ਏ-ਅਸਰ – ਇਹ ਤੀਜੀ ਨਮਾਜ਼ ਹੈ ਜੋ ਸੂਰਜ ਦੇ ਅਸਤ ਹੋਣ ਦੇ ਕੁੱਝ ਪਹਿਲਾਂ ਪੜ੍ਹੀ ਜਾਂਦੀ ਹੈ।
ਨਮਾਜ਼-ਏ-ਮਗਰਿਬ – ਚੌਥੀ ਨਮਾਜ਼ ਜੋ ਸ਼ਾਮ ਦੇ ਤੁਰੰਤ ਬਾਅਦ ਪੜ੍ਹੀ ਜਾਂਦੀ ਹੈ।
ਨਮਾਜ਼-ਏ-ਇਸ਼ਾ – ਆਖ਼ਰੀ ਪੰਜਵੀਂ ਨਮਾਜ਼ ਜੋ ਸ਼ਾਮ ਦੇ ਡੇਢ ਘੰਟੇ ਬਾਅਦ ਰਾਤ ਵੇਲ਼ੇ ਪੜ੍ਹੀ ਜਾਂਦੀ ਹੈ।
ਨਮਾਜ਼ ਦੀਆਂ ਸ਼ਰਤਾਂ
ਨਮਾਜ਼ ਅਦਾ (ਪੜ੍ਹਨ) ਕਰਨ ਦੀਆਂ ਛੇ ਸ਼ਰਤਾਂ ਹਨ :-
1. ਬਦਨ (ਸ਼ਰੀਰ) ਪਵਿਤਰ ਹੋਵੇ ।
2. ਕਪੜੇ ਪਵਿਤਰ ਹੋਣ |
3. ਨਮਾਜ਼ ਪੜ੍ਹਨ ਦੀ ਥਾਂ ਪਵਿਤਰ ਤੇ ਸਾਫ਼ ਹੋਵੇ |
4. ਕਿਬਲੇ (ਮੱਕੇ ‘ਚ ਖਾਨਾ ਕਅਬਾ) ਵਲ ਮੂੰਹ ਹੋਵੇ |
5. ਨਮਾਜ਼ ਪੜ੍ਹਨ ਦੀ ਨੀਯੱਤ ਹੋਵੇ |
6. ਸਤਰ (ਸਿਰ) ਢੱਕਿਆ ਹੋਵੇ।
ਇਹ ਨਿਮਾਜ਼ਾਂ ਕੁਰਾਨ ਸ਼ਰੀਫ਼ ਦੀਆਂ ਕੁਝ ਆਇਤਾਂ ਹਨ ਜਿਨ੍ਹਾਂ ਨੂੰ ਵੱਖੋ ਵੱਖ ਦੇਸ਼ਾਂ ਦੇ ਮੁਸਲਮਾਨ, ਅਰਬੀ ਵਿਚ ਹੀ ਪੜ੍ਹਦੇ ਹਨ । ਇਸ ਵਿਚ 35 ਰਕਆਤ ਹੁੰਦੇ ਹਨ । ਰਕਆਤ ਦਾ ਮਤਲਬ ਕਿਨੀ ਵਾਰ ਉਪਰ ਥੱਲੇ ਹੋਣਾ ਹੈ ਇਕ ਰਕਆਤ ਇਕ ਵਾਰ ਖੜੇ ਹੋਕੇ ਬੈਠਣ ਤਕ ਦੀ ਹੁੰਦੀ ਹੈ ਜਿਸ ਵਿਚ ਦੋ ਸਜਦੇ ਤੇ ਇਕ ਰਕੂਅ ਹੁੰਦਾ ਹੈ ।
ਪੰਜੇ ਨਮਾਜ਼ ਦੇ ਬੋਲ ਇਕ ਹੀ ਹੁੰਦੇ ਹਨ ਪਰ ਖਲੋਣਾ ਬੈਠਣਾ ਪੰਜੇ ਸਮੇ ਵੱਖ ਹੁੰਦਾ ਹੈ ਜਿਵੇ ਹੇਠ ਲਿਖਿਆ ਹੈ ।
ਨਮਾਜ਼ ਦੀਆਂ ਰਕਆਤ
ਫ਼ਜਰ ਦੀ ਨਮਾਜ਼ ਵੇਲੇ – 2 ਸੁੰਨਤ, 2 ਫ਼ਰਜ਼ |
ਜ਼ੁਹਰ ਦੀ ਨਮਾਜ਼ ਵੇਲੇ – 4 ਸੁੰਨਤ, 4 ਫ਼ਰਜ਼, 2 ਸੁੰਨਤ
ਅਸਰ ਦੀ ਨਮਾਜ਼ ਵੇਲੇ – 4 ਫ਼ਰਜ਼ |
ਮਗ਼ਰਿਬ ਦੀ ਨਮਾਜ਼ ਵੇਲੇ – 3 ਫ਼ਰਜ਼, 2 ਸੁੰਨਤ |
ਇਸ਼ਾ ਦੀ ਨਮਾਜ਼ ਵੇਲੇ – 4 ਸੁੰਨਤ, 4 ਫ਼ਰਜ਼, 2 ਸੁੰਨਤ, 3 ਵਿਤਰ |
ਨੋਟ :- ਫ਼ਰਜ਼ ਅਤੇ ਸੁਨੱਤਾਂ ਦੀਆਂ ਰਕਅਤ (ਰਕਤਾਂ, ਗਿਣਤੀ) ਲਿਖ ਦਿੱਤੀਆਂ ਗਈਆਂ ਹਨ | ਨਫ਼ਲ ਜਿਨ੍ਹੇਂ ਚਾਹੋ ਪੜ੍ਹੋ |ਨਮਾਜ਼ੀ ਲਈ ਜ਼ਰੂਰੀ ਹੈ ਕਿ ਉਹ ਸ਼ੁਧ ਬਸਤਰ ਪਹਿਨ ਕੇ ਤੇ ਸ਼ੁੱਧ ਪਵਿਤਰ ਥਾਂ ਤੇ ਨਮਾਜ਼ ਪੜ੍ਹੇ ।
ਨਮਾਜ਼ ਕਿਸ ਤਰਾ ਹੁੰਦੀ ਹੈ ਨਮਾਜ਼ ਦੇ ਬੋਲ ।
ਅਲਾੱ ਹੁ ਅਕਬਰ (ਚਾਰ ਵਾਰ)
ਅਸਹਾਦੋ ਅੰਨਲਾ ਇਲਾਹਾ ਇੱਲਲੱਲਾਹ (ਦੋ ਵਾਰ)
ਅਸ਼ਹਾਦੋ ਅੰਨਾ ਮੁਹੰਮਦੱਰ ਰਸੂਲੁੱਲਾਹ (ਦੋ ਵਾਰ)
(ਫਿਰ ਸੱਜੇ ਪਾਸੇ ਮੂੰਹ ਕਰਕੇ ਪੜਦੇ ਹਨ )
ਹੱਯਾ ਅਲਸ ਸਲਾਤ (ਦੋ ਵਾਰ)
(ਫਿਰ ਖੱਬੇ ਪਾਸੇ ਮੂੰਹ ਕਰਕੇ ਪੜਦੇ ਹਨ )
ਹੱਯਾ ਅਲਲ ਫ਼ਲਾਹ (ਦੋ ਵਾਰ)
(ਫ਼ਿਰ ਮੱਕੇ ਵਲ ਮੂੰਹ ਕਰ ਕੇ ਪੜਦੇ ਹਨ )
ਅਲਾਹੁ ਅਕਬਰ (ਦੋ ਬਾਰ)
ਲਾ ਇਲਾਹਾ ਇੱਲਲਾਹ (ਇਕ ਵਾਰ)
ਅਜ਼ਾਨ ਖ਼ਤਮ।
ਅਰਥ – ਅਲਾਹ ਸਭ ਤੋਂ ਵੱਡਾ ਹੈ। ਮੈਂ ਗਵਾਹੀ (ਸਾਖੀ) ਦਿੰਦਾ ਹਾਂ ਕਿ ਅਲਾਹ ਤੋਂ ਬਿਨਾਂ ਹੋਰ ਕੋਈ ਪੂਜਨ ਦੇ ਯੋਗ ਨਹੀਂ | ਹਜ਼ਰਤ ਮੁਹੰਮਦ ਰਸੂਲ ਸਲੱਲਾਹੋ ਅਲੈਹਿ ਵਸੱਲਅਮ ਅਲਾਹ ਦੇ ਰਸੂਲ (ਅਵਤਾਰ) ਹਨ। ਨਮਾਜ਼ ਵਲ ਆਓ | ਸਫ਼ਲਤਾ ਲਈ ਆਓ। ਅਲੱਹ ਸੱਭ ਤੋਂ ਵੱਡਾ ਹੈ | ਅਲਾਹ ਤੋਂ ਬਿਨਾਂ ਕੋਈ ਪੂਜਨ ਯੋਗ ਨਹੀਂ।
ਨਮਾਜ਼ ਲੰਮੀ ਹੇਕ ਦੇ ਰੂਪ ਵਿੱਚ ਪੜਦੇ ਹਨ ।
ਅਲਾੱ ਹੁ ਅਕਬਰ, ਅਲਾੱ ਹੁ ਅਕਬਰ ਅਸ਼ਹਾਦੋ ਅੰਨਲਾ ਇਲਾਹਾ ਇਲੱਲਾਹੁ
ਅਸ਼ਹਾਦੋ ਅੰਨਾ ਮੁਹੰਮਦੱਰ ਰਸੂਲੁੱਲਾਹਿ
ਹੱਯਾ ਅਲਸ ਸਲਾਤ, ਹੱਯਾ ਅਲਲ ਫ਼ਲਾਹ
ਕਦ ਕਾਮਾਤਿਸ ਸਲਾਤ, ਕਦ ਕਾਮਾਤਿਸ ਸਲਾਤ,
ਅਲਾੱ ਹੁ ਅਕਬਰ, ਅਲਾੱ ਹੁ ਅਕਬਰ ਲਾ ਇਲਾਹਾ ਇੱਲ ਲਲਾਹੁ ।
ਗੁਰੂ ਨਾਨਕ ਸਾਹਿਬ ਦੇ ਜ਼ਮਾਨੇ ਨਮਾਜ਼ ਵੀ ਇਕ ਰਵਾਇਤੀ ਕਰਮ ਹੋ ਗਿਆ ਸੀ, ਇਸ ਲਈ ਆਪ ਨੇ ਪੰਜ ਸ਼ੁਭ ਗੁਣਾ ਨੂੰ ਹੀ ਪੰਜ ਨਿਮਾਜ਼ਾਂ ਦੱਸਿਆ । ਆਪ ਲਿਖਦੇ ਹਨ :–
ਮਃ ੧ ॥
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥
ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ ।
(ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ—) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ ।
ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ ।
(ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ) ।
ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ।੩ ।
(ਵਾਰ ਮਾਝ ੧, ਪੰਨਾ ੧੪੧)
ਜੋਰਾਵਰ ਸਿੰਘ ਤਰਸਿੱਕਾ ।
ਬਹੁਤ ਸੋਹਣੀ ਜਾਣਕਾਰੀ ਬਹੁਤ ਸਮੇ ਤੋਂ ਨਮਾਜ ਚ ਕੀ ਪੜ੍ਹਦੇ ਜਾਣਨ ਦਾ ਇਛੁੱਕ ਸੀ