7 ਪੋਹ (22 ਦਸੰਬਰ 1704)
ਕਿਲ੍ਹੇ ਚੋ ਨਿਕਲ ਬਹੀਰ ਅਜੇ ਸ਼ਾਹੀ ਟਿੱਬੀ ਨੇੜੇ ਹੀ ਪਹੁੰਚੀ ਸੀ ਜਦੋ ਸਾਰੀਆਂ ਕਸਮਾਂ ਤੋੜ ਹਿੰਦੂ ਮੁਗਲ ਫੌਜ ਅਚਾਨਕ ਇਕ ਦਮ ਚੜ੍ਹ ਆਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਚੋਟੀ ਦੇ ਮਹਾਨ ਜਰਨੈਲ ਭਾਈ ਉਦੇ ਸਿੰਘ ਨੂੰ ਕੋਲ ਸੱਦਿਆ।
(ਕਵੀ ਸੰਤੋਖ ਸਿੰਘ ਕਹਿੰਦੇ ਉਦੈ ਸਿੰਘ ਨੇ ਆਪ ਆਗਿਆ ਮੰਗੀ )
ਹਜੂਰੀ ਸ਼ਹੀਦ ਚ ਲਿਖਿਆ ਆਪਣੇ ਗਲੇ ਦਾ ਪੁਸ਼ਾਕਾ ਬਖਸ਼ਿਆ ਜਿਸ ਚ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ ਸੀ,ਸਾਰੀ ਯੁੱਧ ਕਲਾ ਜੰਗੀ ਪੈਤੜੇ ਸੀ ਨਾਲ ਆਪਣੇ ਬੱਬਰ ਸ਼ੇਰ ਨੂੰ ਦੁਸ਼ਟ ਦਮਨ ਪਿਤਾ ਨੇ ਪਾਵਨ ਹੱਥ ਦਾ ਥਾਪੜਾ ਦਿੱਤਾ।
ਗੁਰੂ ਦੀਨ ਥਾਪੀ। ਕਰੋ ਸ਼ਤ੍ ਖਾਪੀ । (ਸੂਰਜ ਪ੍ਰਕਾਸ਼)
50 ਸਿਰਲੱਥ ਸੂਰਮਿਆਂ ਦਾ ਜਥਾ ਦੇ ਕੇ ਕਿਹਾ ਉਦੈ ਸਿੰਘਾ ਸੂਰਜ ਉੱਦੈ (ਚੜਣ) ਹੋਣ ਤੱਕ ਏ ਅੱਗੇ ਨਹੀ ਆਉਣੇ ਚਾਹੀਦੇ,
ਅੰਮ੍ਰਿਤ ਵੇਲਾ ਹੋਣ ਵਾਲਾ ਆਸਾ ਦੀ ਵਾਰ ਦਾ ਕੀਰਤਨ ਕਰੀਏ ਗੁਰੂ ਬਾਬੇ ਦੀਆਂ ਖੁਸ਼ੀਆ ਲਈਏ, ਭਾਈ ਸਾਹਿਬ ਨੇ ਹੱਥ ਜੋੜ ਕਿਹਾ ਪਾਤਸ਼ਾਹ ਤੁਹੀ ਮਿਹਰਾਂ ਕਰਿਉ, ਏਸ ਟਿੱਡੀ ਦਲ ਨੂੰ ਕਿਆਮਤ ਤੱਕ ਨੀ ਹਿੱਲਣ ਦਿੰਦਾਂ, ਏ ਹੁਣ ਜਮਾਂ ਦੇ ਰਾਹ ਈ ਜਾਣਗੇ, ਜਦੋ ਤੱਕ ਏ ਉਦੈ ਸਿੰਘ ਅਸਤ ਨੀ ਹੁੰਦਾ, ਏਨਾ ਨੂੰ ਪੈਰ ਨੀ ਪੁੱਟਣ ਦਿੰਦੇ,ਪਾਤਸ਼ਾਹ ਅੱਗੇ ਤੁਰੇ ਗਏ ਗੁਰੂ ਕਾ ਲਾਲ ਵੇੈਰੀ ਦਾ ਕਾਲ ਬਣ ਆ ਖਲੋਤਾ, ਹੜ੍ਹ ਵਾਂਗ ਚੜੇ ਆਉਂਦੇ ਵੈਰੀ ਦਲ ਦੇ ਸਾਮਣੇ ਸ਼ਹੀਦੀ ਜਥਾ, ਪਹਾੜ ਬਣ ਖੜ੍ਹ ਗਿਆ ਸ਼ਾਹਿਬਜਾਦਾ ਅਜੀਤ ਸਿੰਘ ਪਹਿਲਾਂ ਲੜਨ ਡਏ ਸੀ, ਉਨ੍ਹਾਂ ਨੂੰ ਅੱਗੇ ਤੋਰਤਾ, ਸ਼ਹੀਦੀ ਜਥਾ ਨੇ 12 ਘੜੀਆਂ,
( ਲੱਗਭੱਗ 5 ਘੰਟੇ) ਤੱਕ ਸਾਰੀ ਹਿੰਦੂ ਮੁਗਲ ਫੌਜਾਂ ਨੂੰ ਵਡੇ ਵੱਡੇ ਨਵਾਬਾਂ ਜਰਨੈਲਾਂ ਖੱਬੀ ਖਾਨਾਂ ਨੂੰ ਵਾਣੀ ਪਾ ਛੱਡਿਆ, ਏਨੀ ਵਾਢ ਕੀਤੀ ਜੇ ਜਮਰਾਜ ਗੇੜੇ ਲਉਦੇ ਹੰਭ ਗਏ।
ਅਖੀਰ ਲੜਦਿਆਂ ਹੋਇਆ ਇਕ ਇਕ ਕਰਕੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਉਦੈ ਸਿੰਘ ਕੱਲਾ ਰਹਿ ਗਿਆ, ਜੰਗੀ ਪੈਂਤੜੇ ਤੇ ਗਲ ਪਿਆ ਚੋਲਾ ਵੇਖ ਮੁਗਲ ਇਹੀ ਸਮਝਦੇ ਰਹੇ ਏ ਗੁਰੂ ਗੋਬਿੰਦ ਸਿੰਘ ਆਪ ਆ, ਤਾਹੀ ਏਦਾ ਲੜਦਾ, ਆਪਸ ਚ ਕਹਿਣ ਕੱਲਾ ਗੁਰੂ ਬਚਿਆ ਮਾਰਲੋ ਅਪਣੀ ਫਤਹਿ ਆ ਅਖੀਰ ਜਦੋ ਹਜਾਰਾਂ ਗਿੱਦੜਾ ਮਿਲਕੇ ਜਖਮੀ ਸ਼ੇਰ ਸੁਟ ਲਿਆ, 7 ਪੋਹ ਦਾ ਦਿਨ ਇਕ ਘੜੀ ਦਿਨ ਚੜ੍ਹ ਭਾਈ ਜੀ ਸ਼ਹੀਦ ਹੋ ਗਏ ਵੈਰੀਆ, ਖੁਸ਼ੀਆਂ ਮਨਾਈਆਂ, ਗੁਰੂ ਮਾਰਲਿਆ ਗੁਰੂ ਮਾਰਲਿਆ ਪਰ ਥੋੜ੍ਹੀ ਚਿਰ ਬਾਦ ਪਤਾ ਲੱਗਾ ਏ ਤਾਂ ਸਿੱਖ ਸੀ ਗੁਰੂ ਤਾਂ ਗਾੜੀ ਲੰਘ ਗਿਆ।
ਜਿਸ ਕਲਪ ਦੇ ਰੁੱਖ ਥੱਲੇ ਭਾਈ ਉਦੇ ਸਿੰਘ ਜੀ ਸ਼ਹੀਦ ਹੋਏ ਉਸ ਦਾ ਮੁੱਢ ਹੁਣ ਵੀ ਮੌਜੂਦ ਅਾ ਉੱਥੇ ਹੁਣ ਸ਼ਹੀਦੀ ਅਸਥਾਨ ਬਣਿਆ ਗੁ: ਸ਼ਹੀਦ ਬਾਬਾ ਉਦੈ ਸਿੰਘ ਜੀ ਜੋ ਪਿੰਡ ਅਟਾਰੀ ਚ ਹੈ ਉਦੋਂ ਅਟਾਰੀ ਵੱਸਿਆ ਨਹੀਂ ਸੀ ਏ ਸਾਰਾ ਥਾਂ ਸ਼ਾਹੀ ਟਿੱਬੀ ਹੀ ਸਮਝੀ ਜਾਂਦੀ ਸੀ ਪਿੰਡ ਵੱਲੋ ਭਾਈ ਉਦੇ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 7 ਪੋਹ ਨੂੰ ਮਨਾਇਆ ਹੈ
ਨੋਟ ਭਾਈ ਉਦੈ ਸਿੰਘ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਅਾ ਤੇ ਭਾਈ ਬਚਿੱਤਰ ਸਿੰਘ ਜੀ ਜਿੰਨਾਂ ਹਾਥੀ ਦਾ ਸਿਰ ਪਾੜ੍ਹਿਆ ਸੀ ਦੇ ਸਕੇ ਭਰਾ ਅਾ ਹੰਕਾਰੀ ਪਹਾੜੀ ਰਾਜਾ ਕੇਸਰੀ ਚੰਦ ਜੋ ਅਾੰਦਾ ਸੀ ਗੁਰੂ ਦਾ ਸਿਰ ਮੈ ਵੱਢੂ ਉਸ ਪਾਪੀ ਦਾ ਸਿਰ ਭਾਈ ਉਦੈ ਸਿੰਘ ਨੇ ਹੀ ਵੱਢ ਕੇ ਲਿਅਾਂਦਾ ਸੀ ਬੱਸੀ ਦੇ ਪਠਾਣ ਨੂੰ ਸਜਾ ਦੇਣ ਵੇਲੇ ਵੀ ਸਿੰਘ ਜੀ ਵੱਡੇ ਸਾਹਿਬਜ਼ਾਦੇ ਨਾਲ ਸੀ ਬਾਕੀ ਸਾਰੀਅਾ ਜੰਗਾਂ ਚ ਸੇਵਾ ਕੀਤੀ ਯੋਧੇ ਨੇ ਏਨਾ ਦਾ ਵਿਅਾਹ ਵੀ ਦਸਮੇਸ਼ ਨੇ ਅਾਪ ਵਿਚੋਲਾ ਬਣ ਕਰਵਾਇਅਾ ਸੀ ਹੋਰ ਬੜ ਕੁਝ ਆ …..
ਐਸੇ ਮਹਾਨ ਜਰਨੈਲ ਗੁਰੂ ਕੇ ਲਾਲ ਭਾਈ ਉਦੈ ਸਿੰਘ ਸਮੂਹ ਸ਼ਹੀਦਾਂ ਦੇ ਚਰਨੀ ਨਮਸਕਾਰ
ਸ਼ਹੀਦੀ ਭਾਈ ਬਚਿੱਤਰ ਸਿੰਘ ਜੀ 22 ਦਿਸੰਬਰ 2023
ਜਨਮ 6 ਮਈ 1664 ਨੂੰ ਹੋਇਆ । ਉਹ ਭਾਈ ਮਨੀ ਸਿੰਘ ਜੀ ਦੇ ਦੂਜੇ ਸਪੁੱਤਰ ਸਨ। ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਖੰਡੇ ਦੀ ਪਾਹੁਲ ਲਈ ਸੀ।
ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1700 ਸਨ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਕੁਝ ਸਿੰਘਾਂ ਨਾਲ ਕਿਲ੍ਹਾ ਲੋਹਗੜ੍ਹ ਵਿੱਚ ਬੈਠੇ ਹਨ।ਪਹਾੜੀ ਰਾਜਿਆਂ ਕਿਲ੍ਹਾ ਲੋਹਗੜ੍ਹ ਨੂੰ ਘੇਰਾ ਪਾਇਆ ਹੋਇਆ ਹੈ।ਰਾਜਾ ਕੇਸਰੀ ਚੰਦ ਇਕ ਸਕੀਮ ਬਣਾ ਕੇ ਆਪਣੇ ਸਾਥੀਆਂ ਨੂੰ ਦਸ ਰਿਹਾ ਹੈ ਕਿ ਮੈਂ ਹਾਥੀ ਦੀ ਸੁੰਢ ਨਾਲ ਕਟਾਰਾਂ ਬੰਨ੍ਹ ਤੇ ਉਸ ਦੇ ਮੱਥੇ ਤੇ ਲੋਹੇ ਦੀਆਂ ਤਵੀਆਂ ਬੰਨ੍ਹ ਕੇ ਉਸ ਨੂੰ ਥੋੜੀ ਜਿਹੀ ਸ਼ਰਾਬ ਪਿਲਾਵਾਂਗਾ ।ਫਿਰ ਹਾਥੀ ਟੱਕਰਾਂ ਮਾਰ ਮਾਰ ਕਿਲ੍ਹੇ ਦਾ ਦਰਵਾਜ਼ਾ ਤੋੜ ਦੇਵੇਗਾ। ਬਾਕੀ ਰਾਜੇ ਉਸ ਦੀ ਗੱਲ ਸੁਣ ਕੇ ਖੁਸ਼ ਹੋਏ ਕਿ ਇਕ ਤਾਂ ਹਾਥੀ ਉਤੋਂ ਨਸ਼ਈ ਉਹਨਾਂ ਕਿਹਾ ਥੋੜੀ ਨਹੀਂ ਫਿਰ ਇਸ ਨੂੰ ਵਾਹਵਾ ਸ਼ਰਾਬ ਪਿਲਾ ਕੇ ਜਦੋਂ ਮਸਤ ਹੋ ਕੇ ਚੀਕਾਂ ਮਾਰੇ ਤਾਂ ਇਹਦਾ ਮੂੰਹ ਸਿੱਧਾ ਕਿਲੇ ਵੱਲ ਕਰ ਦਿਓ।
ਇਹ ਸਾਰੀ ਘਟਨਾਂ ਭਾਈ ਆਲਮ ਸਿੰਘ ਦੇਖ ਰਿਹਾ ਹੈ। ਉਹ ਕਿਲ੍ਹੇ ਵਿੱਚ ਆ ਕੇ ਦਸਵੇਂ ਪਾਤਸ਼ਾਹ ਨੂੰ ਫਤਿਹ ਬੁਲਾ ਕੇ ਸਾਰੀ ਗੱਲ ਦਸਦਾ ਹੈ। ਕਿ ਮੁਗਲ ਫੌਜਾਂ ਤੇ ਪਹਾੜੀ ਫੌਜਾਂ ਸਵੇਰੇ ਰਲ ਕੇ ਹਮਲਾ ਕਰਨਗੀਆਂ ਤੇ ਰਾਜਾ ਕੇਸਰੀ ਚੰਦ ਜਸਵਾਲੀਏ ਦਾ ਹਾਥੀ ਮਦ ਪਿਲਾ ਕੇ ਮਸਤ ਕੀਤਾ ਜਾ ਰਿਹਾ ਹੈ । ਉਹਦੇ ਮੱਥੇ ਵਿੱਚ ਲੋਹੇ ਦੇ ਸੱਤ ਤਵੇ ਬੀੜੇ ਜਾ ਰਹੇ ਨੇ ਕਿ ਟੱਕਰਾਂ ਮਰਵਾ ਮਰਵਾ ਕੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਦਾ ਇਰਾਦਾ ਹੈ।
ਇਹ ਗਲ ਸੁਣ ਉਥੇ ਬੈਠੇ ਕਈ ਮਸੰਦ ਘਬਰਾਅ ਗਏ । ਪਰ ਪਾਤਸ਼ਾਹ ਹਜੂਰ ਨੇ ਆਖਿਆ ਕਿ ਘਬਰਾਉਣ ਵਾਲੀ ਗੱਲ ਨਹੀਂ ਜੇ ਰਾਜਿਆਂ ਦਾ ਹਾਥੀ ਆਵੇਗਾ ਤਾਂ ਇਧਰ ਖਾਲਸੇ ਦਾ ਹਾਥੀ ਉਸ ਦਾ ਮੁਕਾਬਲਾ ਕਰੇਗਾ। ਭਾਈ ਦਇਆ ਸਿੰਘ ਪੰਜ ਪਿਆਰਿਆਂ ਦੇ ਜਥੇਦਾਰ ਨੇ ਹਜੂਰ ਨੂੰ ਬੇਨਤੀ ਕੀਤੀ ਕਿ ਤੁਹਾਨੂੰ ਜੰਗ ਦੀ ਰਿਪੋਰਟ ਹਰ ਰੋਜ ਮਿਲ ਰਹੀ ਹੈ । ਕਈ ਕੀਮਤੀ ਜਾਨਵਰ ਸ਼ਹੀਦ ਹੋ ਗਏ ਹਨ। ਸਾਨੂੰ ਦੱਸ ਦਿੱਤਾ ਜਾਵੇ ਕਿ ਕਿਹੜਾ ਹਾਥੀ ਰਾਜਿਆਂ ਦੇ ਹਾਥੀ ਨਾਲ ਮੁਕਾਬਲਾ ਕਰੇਗਾ ਤਾਂ ਜੋ ਰਾਤੋ ਰਾਤ ਤਿਆਰੀ ਕੀਤੀ ਜਾ ਸਕੇ। ਮਹਾਂਰਾਜ ਨੇ ਕਿਹਾ ਕਿ ਜੇ ਗੁਰੂ ਨਾਨਕ ਚਾਹਵੇ ਤਾਂ ਸਾਡਾ ਇਕੱਲਾ ਇਕੱਲਾ ਸਿੰਘ ਹਾਥੀ ਦਾ ਮੁਕਾਬਲਾ ਕਰ ਸਕਦਾ ਹੈ। ਪਾਤਸ਼ਾਹ ਨੇ ਦੁਨੀ ਚੰਦ ਮਸੰਦ ਦੇ ਚਿਹਰੇ ਤੇ ਨਜਰ ਮਾਰੀ ਜੋ ਮਜੀਠੇ ਦਾ ਰਹਿਣ ਵਾਲਾ ਭਾਈ ਸਾਲ੍ਹੋ ਦਾ ਪੋਤਰਾ ਹੈ। ਮਹਾਂਰਾਜ ਨੇ ਦੁਨੀ ਚੰਦ ਨੂੰ ਤਿਆਰੀ ਕਰਨ ਦਾ ਹੁਕਮ ਦਿੱਤਾ । ਪਰ ਉਹ ਘਬਰਾਅ ਗਿਆ । ਰਾਤ ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕਿਲ੍ਹੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਰੱਸਾ ਟੁੱਟ ਜਾਣ ਕਾਰਨ ਇਹ ਪਹਾੜੀ ਦੀ ਖੱਡ ਵਿਚ ਡਿੱਗ ਕੇ ਲੱਤ ਤੁੜਵਾ ਲੈਂਦਾ ਉਸ ਦੇ ਸਾਥੀ ਚੁਕ ਕੇ ਘਰ ਲੈ ਜਾਂਦੇ ਪਰ ਘਰੇ ਉਹ ਸੱਪ ਲੜ ਕੇ ਮਰ ਜਾਂਦਾ ਹੈ।
ਸਵੇਰ ਹੋਈ ਤਾਂ ਸਿੰਘਾਂ ਨੂੰ ਪਤਾ ਲੱਗਾ ਕਿ ਦੁਨੀ ਚੰਦ ਭੱਜ ਗਿਆ। ਉਹਨਾਂ ਹਜੂਰ ਨੂੰ ਬੇਨਤੀ ਕੀਤੀ ਕਿ ਦੁਨੀ ਚੰਦ ਤਾਂ ਭੱਜ ਗਿਆ ਤਾਂ ਮਹਾਂਰਾਜ ਨੇ ਕਿ ਕੋਈ ਗੱਲ ਨੀ ਹੁਣ ਸਾਡਾ ਭਾਈ ਬਚਿੱਤਰ ਸਿੰਘ ਸ਼ੇਰ ਹਾਥੀ ਦਾ ਮੁਕਾਬਲਾ ਕਰੇਗਾ। ਪਹਾੜੀ ਰਾਜੇ ਭਾਈ ਬਚਿੱਤਰ ਸਿੰਘ ਦੇ ਬਰਸ਼ੇ ਦਾ ਲੋਹਾ ਮੰਨਦੇ ਸਨ । ਭਾਈ ਬਚਿੱਤਰ ਸਿੰਘ ਕੱਦ ਦਾ ਤਾਂ ਭਾਂਵੇ ਹਲਕਾ ਪਰ ਚੁਸਤ ਅਤੇ ਬਹੁਤ ਬਲਵਾਨ ਸੀ। ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਨੂੰ ਹੁਕਮ ਕੀਤਾ ਕਿ ਅੱਜ ਤੇਰਾ ਹਾਥੀ ਨਾਲ ਮੁਕਾਬਲਾ ਹੋਵੇਗਾ। ਭਾਈ ਬਚਿੱਤਰ ਸਿੰਘ ਨੇ ਸਤ ਬਚਨ ਕਹਿ ਕੇ ਕਿਹਾ ਕਿ ਪਾਤਸ਼ਾਹ ਜੇ ਤੇਰੀ ਨਜਰ ਸਵੱਲੀ ਹੋਵੇ ਤਾਂ ਮੈਂ ਇਕ ਕੀ ਵੀਹ ਹਾਥੀਆਂ ਦਾ ਮੁਕਾਬਲਾ ਕਰ ਜਾਵਾਂ। ਉਧਰ ਭਾਈ ਉਧੈ ਸਿੰਘ ਨੇ ਦਰਬਾਰ ‘ਚੋਂ ਕਿਹਾ ਕਿ ਪਾਤਸ਼ਾਹ ਮੈਨੂੰ ਵੀ ਆਗਿਆ ਦਿਓ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕਰੇਗਾ ਤਾਂ ਮੈਂ ਕੇਸਰੀ ਚੰਦ ਦਾ ਸਿਰ ਵੱਡ ਕੇ ਲਿਆਂਵਾਂਗਾ। ਦਸਵੇਂ ਪਾਤਸ਼ਾਹ ਕੋਲੋਂ ਆਗਿਆ ਪਾ ਕੇ ਦੋਵੇਂ ਸੂਰਮਿਆਂ ਨੇ ਅਰਦਾਸਾ ਸੋਧਿਆ ।
ਪਾਤਸ਼ਾਹ ਨੇ 9 ਫੁੱਟ ਲੰਬੀ ਨਾਗਣੀ (ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦਾ ਭਾਈ ਹਰਦਾਸ ਜੀ ਦੁਆਰਾ ਬਣਾਈ ਗਈ ਸੀ) ਆਪਣਾ ਹੱਥੀਂ ਭਾਈ ਬਚਿੱਤਰ ਸਿੰਘ ਨੂੰ ਫੜਾਈ।
ਉਧਰ ਪਹਾੜੀ ਰਾਜਿਆਂ ਨੇ ਹਾਥੀ ਨੂੰ ਤਿਆਰ ਕਰ ਕੇ ਦੋ ਮੱਟ ਸ਼ਰਾਬ ਦੇ ਪਿਆਏ ਤੇ ਹਾਥੀ ਕਿਲ੍ਹੇ ਵੱਲ ਨੂੰ ਸਿੱਧਾ ਕਰ ਦਿੱਤਾ । ਇਧਰ ਸੂਰਮੇ ਸਤ ਸ੍ਰੀ ਅਕਾਲ ਦੇ ਜੈਕਾਰੇ ਲਾ ਕਿਲ੍ਹੇ ਦੇ ਦਰਵਾਜੇ ਰਾਹੀਂ ਰਣ ਤੱਤੇ ਵਿੱਚ ਆ ਗਏ। ਭਾਈ ਬਚਿੱਤਰ ਸਿੰਘ ਨੇ ਆਪਣਾ ਘੋੜਾ ਸਿੱਧਾ ਹਾਥੀ ਵੱਲ ਕਰ ਦਿੱਤਾ । ਘੋੜੇ ਨੇ ਦੋਵੇਂ ਪੈਰ ਹਾਥੀ ਦੀ ਸੁੰਢ ਤੇ ਰੱਖ ਦਿੱਤੇ। ਭਾਈ ਬਚਿੱਤਰ ਸਿੰਘ ਨੇ ਦੋਵੇਂ ਹੱਥਾਂ ਨਾਲ ਨਾਗਣੀ ਬਰਸ਼ੀ ਹਾਥੀ ਦੇ ਸਿਰ ਵਿੱਚ ਏਨੇ ਜੋਰ ਨਾਲ ਮਾਰੀ ਕਿ ਉਹ ਸੱਤੇ ਤਵੀਆਂ ਚੀਰ ਕੇ ਡੇਢ ਫੁੱਟ ਹਾਥੀ ਦੇ ਸਿਰ ਵਿੱਚ ਡੂੰਘੀ ਚਲੇ ਗਈ। ਜਦੋਂ ਭਾਈ ਬਚਿੱਤਰ ਸਿੰਘ ਨੇ ਘੁਮਾ ਕੇ ਨਾਗਣੀ ਪਿਛਾਂਹ ਖਿੱਚੀ ਤਾਂ ਹਾਥੀ ਦੇ ਸਿਰ ਵਿੱਚੋਂ ਲਹੂ ਦੀ ਧਾਰ ਵਗੀ ਹਾਥੀ ਘਬਰਾਅ ਕੇ ਪਿੱਛੇ ਨੂੰ ਭੱਜਾ ਉਧਰ ਦੂਜੇ ਪਾਸੇ ਭਾਈ ਉਦੈ ਸਿੰਘ ਨੇ ਬਰਸ਼ਾ ਮਾਰ ਕੇਸਰੀ ਚੰਦ ਦਾ ਕੀਰਤਨ ਸੋਹਿਲਾ ਪੜ ਦਿੱਤਾ ਕੇਸਰੀ ਚੰਦ ਦਾ ਹਾਲ ਵੇਖ ਪਹਾੜੀਏ ਨੱਸ ਗਏ ਤੇ ਭਾਈ ਉਦੈ ਸਿੰਘ ਨੇ ਕਿਰਪਾਨ ਨਾਲ ਕੇਸਰੀ ਚੰਦ ਦਾ ਸਿਰ ਵੱਡ ਲਿਆ ਤੇ ਦੋਵੇ ਭਰਾ ਸੂਰਬੀਰ ਯੋਧੇ ਕਿਲ੍ਹੇ ਵਿਚ ਵਾਪਸ ਗਏ।
ਦਸੰਬਰ 1705 ਨੂੰ ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ 100 ਸਿੰਘਾਂ ਸਮੇਤ ਰੋਪੜ ਵੱਲੋਂ ਆ ਰਹੀ ਸ਼ਾਹੀ ਫੌਜ ਨੂੰ ਰੋਕਣ ਲਈ ਭੇਜਿਆ। ਸਾਰੇ ਸਿੰਘ ਜਾਨਾਂ ਹੂਲ ਕੇ ਲੜੇ । ਇੰਨੇ ਚਿਰ ਨੂੰ ਗੁਰੂ ਜੀ 40 ਸਿੰਘਾਂ ਸਮੇਤ ਨਿਹੰਗ ਖਾਂ ਦੇ ਘਰ ਕੋਟਲਾ ਵੱਲ ਨੂੰ ਆ ਗਏ। ਭਾਈ ਬਚਿੱਤਰ ਸਿੰਘ ਜੀ ਸਰੀਰ ਤੇ ਲੱਗੇ ਅਨੇਕਾਂ ਫੱਟਾਂ ਕਾਰਨ ਬੇਹੋਸ਼ ਹੋ ਗਏ। ਪਠਾਣ ਫੌਜ ਕਾਹਲੀ ਵਿਚ ਉਹਨਾਂ ਨੂੰ ਮਰਿਆ ਸਮਝ ਕੇ ਅੱਗੇ ਚਲੇ ਗਈ।
ਥੋੜੇ ਚਿਰ ਪਿੱਛੋਂ ਸੁਰਤ ਪਰਤਣ ਦੇ ਬਾਅਦ ਭਾਈ ਬਚਿੱਤਰ ਸਿੰਘ ਜਾਣਕਾਰੀ ਹੋਣ ਕਾਰਨ ਘੋੜੇ ਤੇ ਸਵਾਰ ਹੋ ਕੇ ਨਿਹੰਗ ਖਾਂ ਦੇ ਘਰ ਪਹੁੰਚ ਗਏ । ਜਦੋਂ ਗੁਰੂ ਸਾਹਿਬ ਨੇ ਤੱਕਿਆ ਤਾਂ ਉਹਨਾਂ ਨਿਹੰਗ ਖਾਂ ਨੂੰ ਹੁਕਮ ਕੀਤਾ ਕਿ ਇਹ ਮੇਰਾ ਲਾਡਲਾ ਸਿੰਘ ਹੈ ਇਹਦਾ ਖਿਆਲ ਰੱਖੀ ਕਿਤੇ ਇਸ ਹਾਲਤ ਵਿੱਚ ਮੁਗਲ ਫੌਜ ਦੇ ਹੱਥ ਨਾ ਆ ਜਾਵੇ । ਇਹਨਾਂ ਕਹਿ ਗੁਰੂ ਸਾਹਿਬ 40 ਸਿੰਘਾਂ ਤੇ 2 ਸਾਹਿਬਜ਼ਾਦਿਆਂ ਸਮੇਤ 7 ਪੋਹ ਦੀ ਢਲੀ ਸ਼ਾਮ ਨੂੰ ਚਮਕੌਰ ਸਾਹਿਬ ਵੱਲ ਚਲੇ ਗਏ। ਉਹਨਾਂ ਦੇ ਜਾਣ ਪਿੱਛੋਂ ਮੁਗਲਾਂ ਨੇ ਕੋਟਲੇ ਨੂੰ ਘੇਰਾ ਪਾ ਲਿਆ ਤੇ ਨਿਹੰਗ ਖਾਂ ਨੂੰ ਪਤਾ ਸੀ ਕਿ ਇਹਨਾਂ ਹਰ ਕਮਰੇ ਦੀ ਤਲਾਸ਼ੀ ਲੈਣੀ ਹੈ। ਉਸ ਨੇ ਆਪਣੀ ਪੁੱਤਰੀ ਬੀਬੀ ਮੁਮਤਾਜ ਨੂੰ ਭਾਈ ਸਾਹਿਬ ਦੇ ਕਮਰੇ ਵਿੱਚ ਭੇਜ ਬਾਹਰੋਂ ਕੁੰਡਾ ਲਾ ਦਿੱਤਾ। ਉਹ ਜਾਣਦਾ ਸੀ ਕਿ ਜੇ ਭਾਈ ਬਚਿੱਤਰ ਸਿੰਘ ਫੜੇ ਗਏ ਤਾਂ ਅਵੱਗਿਆ ਹੋ ਜਾਵੇਗੀ। ਜਦੋਂ ਫੌਜ ਦੇ ਸਿਪਾਹੀਆਂ ਨੇ ਨਿਹੰਗ ਖਾਂ ਦੇ ਘਰ ਦੀ ਤਲਾਸ਼ੀ ਲਈ ਤੇ ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਤੇ ਬੀਬੀ ਮੁਮਤਾਜ ਸੀ ਤਾਂ ਨਿਹੰਗ ਖਾਂ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਉਸ ਦਾ ਪਤੀ ਹੈ ਇਸ ਕਮਰੇ ਵਿੱਚ ਨਾਂ ਜਾਓ। ਫੌਜਦਾਰ ਨੇ ਅਵਾਜ ਦੇ ਕੇ ਪੁਛਿਆ ਤਾਂ ਬੀਬੀ ਮੁਮਤਾਜ ਨੇ ਅੰਦਰੋ ਅਵਾਜ਼ ਦਿੱਤੀ ਕਿ ਜਰਨੈਲ ਸਾਹਬ ਮੇਰੇ ਨਾਲ ਮੇਰੇ ਪਤੀ ਹੀ ਹਨ। ਫੌਜ ਤਸੱਲੀ ਕਰ ਕੇ ਚਲੀ ਗਈ ਤੇ ਭਾਈ ਬਚਿੱਤਰ ਸਿੰਘ ਗ੍ਰਿਫਤਾਰ ਨਾ ਹੋ ਸਕੇ।
ਭਾਈ ਸਹਿਬ ਸਖਤ ਜ਼ਖਮੀ ਸਨ ਜਿਆਦਾ ਖੂਨ ਵਹਿਣ ਕਾਰਣ ਕਿਸੇ ਦਵਾ ਦਾਰੂ ਨੇ ਕੰਮ ਨਾ ਕੀਤਾ । ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਹੋਇਆਂ 7 ਅਤੇ 8 ਪੋਹ ਦੀ ਦਰਮਿਆਨੀ ਰਾਤ 22 ਦਸੰਬਰ 1705 ਈਸਵੀ ਨੂੰ ਭਾਈ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਨਿਹੰਗ ਖਾਂ ਨੇ ਬੜੇ ਸਤਿਕਾਰ ਨਾਲ ਭਾਈ ਸਾਹਿਬ ਦਾ ਸਸਕਾਰ ਕਰ ਦਿੱਤਾ ।
ਬੀਬੀ ਮੁਮਤਾਜ ਜੋ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਚੁੱਕੀ ਸੀ । ਉਹਨਾਂ ਨੇ ਸਾਰੀ ਉਮਰ ਵਿਆਹ ਨਾ ਕਰਵਾਇਆ ਤੇ ਭਾਈ ਬਚਿੱਤਰ ਸਿੰਘ ਦੀ ਸਿੰਘਣੀ ਦੇ ਰੂਪ ਵਿੱਚ ਸਾਰਾ ਜੀਵਨ ਬਤੀਤ ਕੀਤਾ। ਉਹਨਾਂ ਸਾਰੀ ਉਮਰ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਰਹਿੰਦੇ ਹੋਏ 110 ਸਾਲ ਦੀ ਉਮਰ ਵਿੱਚ ਸਰੀਰ ਤਿਆਗਿਆ।
ਸ਼ਹੀਦੀ ਦਿਹਾੜਾ ਭਾਈ ਜੀਵਨ ਸਿੰਘ ਜੀ
22ਦਿਸੰਬਰ2023
ਭਾਈ ਜੈਤਾ ਜੀ ਦਾ ਜਨਮ ਸਮਾਜ ਵਿੱਚ ਕੀਤੀ ਅਖੌਤੀ ਵੰਡ ਅਨੁਸਾਰ ਮਜ਼੍ਹਬੀ ਅਖਵਾਉਣ ਵਾਲੇ ਸਦਾਨੰਦ ਦੇ ਘਰ 5 ਸਤੰਬਰ 1649 ਨੂੰ ਮਾਤਾ ਪ੍ਰੇਮੋ ਦੀ ਕੁੱਖੋਂ ਪਟਨਾ (ਅਜੋਕਾ ਬਿਹਾਰ ਰਾਜ) ਵਿੱਚ ਹੋਇਆ। ਪਟਨਾ ਵਿੱਚ ਹੀ ਉਹ ਜਵਾਨ ਹੋਏ ਤੇ ਇੱਥੇ ਹੀ ਤਲਵਾਰ ਚਲਾਉਣੀ, ਘੋੜਸਵਾਰੀ, ਕੀਰਤਨ ਕਰਨਾ ਅਤੇ ਯੁੱਧ ਦੇ ਤੌਰ ਤਰੀਕੇ ਸਿੱਖੇ।
ਭਾਈ ਜੈਤਾ ਜੀ ਦਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਤੇ ਭਾਈ ਸਾਹਿਬ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੇ ਸ਼ਰਧਾਲੂ ਸਨ। ਜਦੋਂ ਗੁਰੂ ਤੇਗ਼ ਬਹਾਦਰ ਜੀ ਆਨੰਦਪੁਰ ਸਾਹਿਬ ਤੋਂ ਪੰਜਾਬ ਦਾ ਲੰਮਾ ਦੌਰਾ ਤੈਅ ਕਰਦਿਆਂ ਦਿੱਲੀ ਵੱਲ ਰਵਾਨਾ ਹੋਏ ਤਾਂ ਉਸ ਸਮੇਂ ਸੰਗਤ ਵਿੱਚ ਭਾਈ ਜੈਤਾ ਜੀ ਵੀ ਸ਼ਾਮਲ ਸਨ, ਜੋ ਗੁਰੂ ਜੀ ਨਾਲ ਜਾ ਰਹੇ ਸਨ। ਮੁਗ਼ਲਾਂ ਨੇ ਰਸਤੇ ਵਿੱਚ ਹੀ ਗੁਰੂ ਤੇਗ਼ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਪਟਿਆਲਾ ਨੇੜੇ ਬਹਾਦਰਗੜ੍ਹ ਦੇ ਕਿਲ੍ਹੇ ਵਿੱਚ ਕੈਦ ਕਰ ਕੇ ਰੱਖਿਆ ਗਿਆ। ਗੁਰੂ ਸਾਹਿਬ ਨੇ ਨਾਲ ਆ ਰਹੀ ਸਾਰੀ ਸੰਗਤ ਨੂੰ ਵਾਪਸ ਭੇਜ ਦਿੱਤਾ। ਗੁਰੂ ਜੀ ਨੂੰ ਪੰਜ ਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ। 11 ਨਵੰਬਰ 1675 ਨੂੰ ਗੁਰੂ ਤੇਗ਼ ਬਹਾਦਰ ਜੀ ਨੂੰ ਚਾਦਨੀ ਚੌਕ ਵਿੱਚ ਸ਼ਹੀਦ ਕਰਨ ਮਗਰੋਂ ਮੁਗ਼ਲ ਅਧਿਕਾਰੀ ਕੋਤਵਾਲੀ ਵਿੱਚ ਬੈਠੇ ਇਸ ਗੱਲ ‘ਤੇ ਖ਼ੁਸ਼ ਹੋ ਰਹੇ ਸਨ ਕਿ ਉਨ੍ਹਾਂ ਨੇ ਆਪਣੇ ਸਭ ਤੋਂ ਵੱਡੇ ਵਿਰੋਧੀ ਨੂੰ ਖ਼ਤਮ ਕਰ ਦਿੱਤਾ ਹੈ ਤੇ ਹੁਣ ਲੋਕਾਂ ‘ਤੇ ਉਨ੍ਹਾਂ ਦਾ ਦਬਦਬਾ ਵਧ ਜਾਵੇਗਾ। ਭਾਈ ਜੈਤਾ ਜੀ ਵੀ ਉਸ ਵੇਲੇ ਦਿੱਲੀ ਵਿੱਚ ਸਨ। ਮੁਗ਼ਲਾਂ ਨੂੰ ਇਸ ਗੱਲ ਦਾ ਜ਼ਰਾ ਵੀ ਇਲਮ ਨਹੀਂ ਸੀ ਕਿ ਕੋਈ ਉਨ੍ਹਾਂ ਦੀ ਤਾਕਤ ਨੂੰ ਵੰਗਾਰ ਸਕਦਾ ਹੈ ਪਰ ਜੈਤਾ ਜੀ ਨੇ ਇਹ ਖ਼ਤਰਾ ਮੁੱਲ ਲੈਣ ਦੀ ਧਾਰ ਲਈ ਤੇ ਬੜੀ ਹੁਸ਼ਿਆਰੀ ਨਾਲ ਗੁਰੂ ਤੇਗ਼ ਬਹਾਦਰ ਜੀ ਦਾ ਧੜ ਨਾਲੋਂ ਅਲੱਗ ਹੱਇਆ ਸੀਸ ਚੁੱਕਿਆ ਤੇ ਸਤਿਕਾਰ ਨਾਲ ਕੱਪੜੇ ਵਿੱਚ ਲਪੇਟ ਕੇ ਲੈ ਤੁਰੇ। ਬਾਕੀ ਸਰੀਰ ਨੂੰ ਲੱਖੀ ਸ਼ਾਹ ਵਣਜਾਰਾ ਆਪਣੇ ਪਿੰਡ ਲੈ ਗਿਆ। ਇਨ੍ਹਾਂ ਦੋਵਾਂ ਸੂਰਬੀਰਾਂ ਨੇ ਉਸ ਸਰਕਾਰੀ ਐਲਾਨ ਦੀਆਂ ਧੱਜੀਆਂ ਉਡਾ ਦਿੱਤੀਆਂ, ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਗੁਰੂ ਦਾ ਸਿੱਖ ਗੁਰੂ ਸਾਹਿਬ ਦਾ ਸੀਸ ਤੇ ਧੜ ਚੁੱਕ ਕੇ ਨਹੀਂ ਲਿਜਾ ਸਕਦਾ। ਜਦੋਂ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਦੇਖ ਕੇ ਭਾਈ ਜੈਤਾ ਜੀ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿੱਚ ਲੈ ਲਿਆ ਤੇ ‘ਰੰਘਰੇਟਾ ਗੁਰੂ ਕਾ ਬੇਟਾ‘ ਦਾ ਵਰ ਦਿੱਤਾ। ਇਸ ਤਰ੍ਹਾਂ ਰੰਘਰੇਟਾ ਨੂੰ ਗੁਰੂ ਸਾਹਿਬ ਦਾ ਪੁੱਤਰ ਕਹਿ ਕੇ ਮਾਣ ਬਖ਼ਸ਼ਿਆ। ਉਸ ਸਮੇਂ ਭਾਈ ਜੈਤਾ ਜੀ ਦੇ ਨਾਲ ਇੱਕ ਛੀਂਬਾ ਸਿੱਖ ਭਾਈ ਨਾਨੋ ਵੀ ਸੀ। ਗੁਰੂ ਜੀ ਨੇ ਉਸ ਦਾ ਵੀ ਸਨਮਾਨ ਕੀਤਾ। ਉਸ ਦਿਨ ਤੋਂ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਆਨੰਦਪੁਰ ਸਾਹਿਬ ਰਹਿਣ ਲੱਗ ਪਏ। 1699 ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤੇ ਅੰਮ੍ਰਿਤ ਛਕਾ ਕੇ ਸਿੱਖਾਂ ਨੂੰ ਸਿੰਘ ਸਜਾਇਆ। ਭਾਈ ਜੈਤਾ ਜੀ ਨੇ ਵੀ ਅੰਮ੍ਰਿਤ ਪਾਨ ਕਰ ਲਿਆ ਤੇ ਭਾਈ ਜੈਤਾ ਤੋਂ ਜੀਵਨ ਸਿੰਘ ਬਣ ਗਏ। ਉਹ ਬੜੇ ਸੋਹਣੇ ਉੱਚੇ ਲੰਮੇ ਡੀਲ-ਡੌਲ ਵਾਲੇ ਦੀਦਾਰੀ ਸਿੰਘ ਲੱਗਣ ਲੱਗ ਪਏ। 1701 ਨੂੰ ਆਨੰਦਪੁਰ ਸਾਹਿਬ ‘ਤੇ ਮੁਗ਼ਲਾਂ ਅਤੇ ਹਿੰਦੂ ਰਾਜਿਆਂ ਨੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲਿਆਂ ਵਿੱਚ ਦਿੱਲੀ ਤੋਂ ਆਈ ਗਸ਼ਤੀ ਫ਼ੌਜ, ਲਾਹੌਰ ਤੇ ਸਰਹੰਦ ਦੇ ਸੂਬੇਦਾਰ ਦੀਆਂ ਫ਼ੌਜਾਂ ਤੇ ਬਾਈਧਾਰ ਦੇ ਹਿੰਦੂ ਰਾਜਿਆਂ ਦੀਆਂ ਫ਼ੌਜਾਂ ਸ਼ਾਮਲ ਸਨ। ਤਿੰਨ ਸਾਲ ਯੁੱਧ ਚੱਲਦਾ ਰਿਹਾ ਤੇ ਲੜਨ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਵੀ ਸ਼ਾਮਲ ਸਨ। ਅਖ਼ੀਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ ਤੇ 40 ਸਿੰਘ ਬੇਦਾਵਾ ਲਿਖ ਕੇ ਦੇ ਗਏ ਤਾਂ ਅਤਿ ਤੰਗੀ ਦੇ ਦਿਨਾਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿ ਕੇ ਲੜਾਈ ਲੜਨ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਜੀ ਸ਼ਾਮਲ ਸਨ।
ਆਪ ੧੭੦੫ ‘ਚ ਅੰਨਦਪੁਰ ਦੀ ਆਖਰੀ ਲੜਾਈ ਤੋਂ ਬਾਅਦ ਜਦ ਪਿਤਾ ਦਸਮੇਸ਼ ਨੇ ਅੰਨਦਪੁਰ ਛੱਡ ਦਿੱਤਾ ਤਾਂ ਆਪ ਨਾਲ ਸਨ।
ਸਰਸਾ ਦੇ ਕਿਨਾਰੇ ਜਦ ਪਹਾੜੀ ਰਾਜਿਆਂ ਤੇ ਮੁਗਲ ਸੈਨਾ ਨਾਲ ਜੰਗ ਹੋਈ, ਤਾਂ ਆਪ ਆਪਣੇ ਸਾਥੀਆਂ ਸਮੇਤ “ਝੱਖੀਆ” ਪਿੰਡ ‘ਚ ਸ਼ਹੀਦ ਹੋ ਗਏ।
ਇੰਝ ਆਪ ਦਾ ਸਾਰਾ ਜੀਵਨ ਗੁਰੂ ਦੀ ਚਰਨ ਸ਼ਰਨ ‘ਚ ਨੇਪਰੇ ਲੱਗਾ ਹਰ ਛੋਟੀ ਵੱਡੀ ਘਟਨਾ ਆਪ ਦੇ ਸਾਹਮਣੇ ਵਾਪਰੀ।
ਫੌਲੋ ਕਰੋ ਜੀ Dalveer Singh