6 ਪੋਹ 1762 ਸ੍ਰੀ ਅਨੰਦਪੁਰ ਸਾਹਿਬ, 7 ਪੋਹ ਸਿਰਸਾ ਰੋਪੜ, 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ,14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ-ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚੱਲਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 ਪੋਹ ਦੀਨੇ, 22 ਪੋਹ ਦਇਆ ਸਿੰਘ ਤੇ ਧਰਮ ਸਿੰਘ ਜ਼ਫ਼ਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ, 26 ਪੋਹ ਭਗਤਾ ਠਹਿਰੇ, 27 ਪੋਹ ਬਰਗਾਣੀ, ਬਹਿਬਲ, ਸਰਾਣਾ, 28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ, 29 ਪੋਹ ਜੈਤ ਨਗਰ, ਰਾਮੇਆਣਾ ਠਹਿਰੇ, 30 ਪੋਹ ਰੂਪਿਆਣਾ ਤੇ ਖਿਦਰਾਣੇ ਦੀ ਢਾਬ ’ਤੇ ਜੰਗ,1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ।
ਗੁਰੂ ਸਾਹਿਬ ਨੂੰ ਜ਼ਿਆਦਾ ਦਿਨ ਦੀਨੇ ਰੁੱਕਣਾ ਠੀਕ ਨਾ ਜਾਪਿਆ। ਏਥੋਂ ਅੱਗੇ ਕੋਟਕਪੂਰੇ ਪੁੱਜ ਕੇ ਗੁਰੂ ਜੀ ਨੇ ਚੌਧਰੀ ਕਪੂਰ ਪਾਸੋਂ ਕਿਲ੍ਹੇ ਦੀ ਮੰਗ ਕੀਤੀ ਪਰ ਮੁਗ਼ਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰੇ ਨੇ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾ ਦਿੱਤੇ। ਇੱਥੇ ਪੁੱਜਦਿਆਂ ਹੀ ਦੁਸ਼ਮਣ ਦੀਆਂ ਫ਼ੌਜਾਂ ਵੀ ਪਿਛਾ ਕਰ ਦਿਆ ਆ ਗਈਆਂ।
ਸ੍ਰੀ ਅਨੰਦਪੁਰ ਸਾਹਿਬ ਦੇ ਦੁਆਲੇ ਸ਼ਾਹੀ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਕਈ ਮਹੀਨੇ ਘੇਰਾਪਾਈ ਰੱਖਿਆ ਅਤੇ ਰਸਦ ਪਾਣੀ ਬਾਹਰੋਂ ਜਾਣਾ ਬੰਦ ਕਰ ਦਿੱਤਾ। ਕਿਲ੍ਹੇ ਵਿਚਲਾ ਅੰਨ ਦਾ ਭੰਡਾਰ ਮੁੱਕ ਜਾਣ ’ਤੇ ਸਿੱਖ ਭੁੱਖ ਨਾਲ ਤੰਗੀ ਝਾਕ ਰਹੇ ਸਨ। ਹਾਥੀ ,ਘੋੜੇ ਭੁੱਖ ਨਾਲ ਮਰਨ ਲੱਗੇ ਤਾਂ ਸਿੰਘਾਂ ਵਿਚ ਨਿਰਾਸਤਾ ਫੈਲ ਗਈ। ਦੂਜੇ ਪਾਸੇ ਰਾਜਿਆਂ ਅਤੇ ਨਿਜ਼ਮਾਂ ਦੀਆਂ ਚਿੱਠੀਆਂ ਆ ਰਹੀਆਂ ਸਨ ਕਿ ਜੇ ਗੁਰੂ ਜੀ ਕਿਲ੍ਹਾ ਛੱਡ ਜਾਣ ਤਾਂ ਅਸੀਂ ਉਨ੍ਹਾਂ ਨੂੰ ਸ਼ਾਂਤੀ ਨਾਲ ਜਾਣ ਦੇਵਾਂਗੇ ਪਰ ਗੁਰੂ ਜੀ ਉਨ੍ਹਾਂ ਦੀਆਂ ਕਸਮਾਂ ’ਤੇ ਵਿਸ਼ਵਾਸ ਨਹੀਂ ਸੀ ਕਰ ਰਹੇ ਅਤੇ ਸਿੰਘਾਂ ਨੂੰ ਕਈਆਂ ਮਹੀਨਿਆਂ ਭੁੱਖ ਬਰਦਾਸ਼ਤ ਤੋਂ ਅੱਕ ਚੁੱਕੇ ਸਨ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੁਝ ਕੁ ਸਿੰਘਾਂ ਨੇ ਬੇਨਤੀ ਕੀਤੀ ਕਿ ਜਾਂ ਤਾਂ ਸਾਨੂੰ ਜੰਗ ਦੇ ਮੈਦਾਨ ਵਿਚ ਜਾਣ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਨੂੰ ਘਰਾਂ ਨੂੰ ਜਾਣ ਦਿੱਤਾ ਜਾਵੇ। ਗੁਰੂ ਜੀ ਸੂਝਵਾਨ ਰਣਨੀਤੀ ਵਾਨ ਸਨ। ਉਹ ਯੁੱਧ ਨਾ ਕਰਨ ਦੇ ਫੈਸਲੇ ’ਤੇ ਟਿਕੇ ਸਨ। ਇਨ੍ਹਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਬੇਦਾਵਾ ਲਿਖ ਦਿਓ ਕਿ ‘ਨਾ ਅਸੀਂ ਤੁਹਾਡੇ ਸਿੱਖ ਹਾਂ, ਨਾ ਤੁਸੀਂ ਸਾਡੇ ਗੁਰੂ ਹੋ’। ਇਸ ਤਰ੍ਹਾਂ ਮਾਝੇ ਦੇ ਬਹੁਤ ਸਾਰੇ ਸਿੱਖ ਬੇਦਾਵਾ ਲਿਖ ਕੇ ਚਲੇ ਗਏ ਪਰ ਬਾਅਦ ਵਿਚ ਜਦੋਂ ਇਲਾਕੇ ਦੀ ਸੰਗਤ ਨੇ ਉਨ੍ਹਾਂ ਨੂੰ ਝਾੜਾਂ ਪਾਈਆਂ ਤਾਂ ਉਨ੍ਹਾਂ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੋਇਆ ਤੇ ਮੁੜ ਦੋ ਕੁ ਸੌ ਮਾਝੇ ਸਿੱਖਾਂ ਨੇ ਲਾਹੌਰ ਦੀ ਸੰਗਤ ਨਾਲ ਰਲ ਕੇ ਆਪਣੀ ਭੁੱਲ ਬਖ਼ਸ਼ਾਉਣ ਲਈ ਸਤਿਗੁਰਾਂ ਦੀ ਭਾਲ ਵਿਚ ਚਲ ਪਏ।
ਏਧਰ ਸਤਿਗੁਰੂ ਜੀ ਖਿਦਰਾਣੇ ਦੀ ਢਾਬ ਕੋਲ ਰੁਕੇ ਸਨ। ਸਿੰਘਾਂ ਨੂੰ ਖ਼ਬਰ ਮਿਲੀ ਕਿ ਮੁਗਲ ਫੌਜ਼ਾਂ ਪਿੱਛਾ ਕਰ ਰਹੀਆਂ ਨੇ ਤਾਂ ਇਕ ਸਿੱਖ ਨੇ ਉੱਚੇ ਬ੍ਰਿਛ ਚੜ੍ਹ ਕੇ ਅਰਜ਼ ਕੀਤੀ ‘ਸੱਚੇ ਪਾਤਸ਼ਾਹ! ਤੁਰਕ ਨੇੜੇ ਆ ਪੁੱਜੇ ਹਨ। ਮਹਾਰਾਜ ਬੋਲੇ ਕੋਈ ਡਰ ਨਹੀਂ, ਤੁਸੀਂ ਫ਼ਿਕਰ ਨਾ ਕਰੋ, ਰੋਕਣ ਵਾਲੇ ਆਪੇ ਰੋਕ ਲੈਣਗੇ। ਸਿੱਖਾਂ ਨੂੰ ਖ਼ਬਰ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ-ਅੱਗੇ ਮਝੈਲ ਸਿੰਘ ਆਉਂਦੇ ਹਨ। ਏਨੇ ਨੂੰ ਖਿਦਰਾਣੇ ਦੇ ਕੰਢੇ ਗੁਰੂ ਜੀ ਨੂੰ ਬੈਰਾੜ ਲੈ ਗਏ। ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖ਼ੁਸ਼ ਹੋਏ। ਦਾਨ ਸਿੰਘ ਬੋਲਿਆ ਮਹਾਰਾਜ ਇਥੇ ਸਾਰੇ ਸੁਖ ਹਨ। ਅਸੀਂ ਜਲ ਰੋਕ ਰੱਖਾਂਗੇ, ਤੁਰਕ ਤਿਹਾਏ ਮਰਦੇ ਆਪੇ ਮੁੜ ਜਾਣਗੇ। ਜੇ ਉਨ੍ਹਾਂ ਦਾ ਜ਼ੋਰ ਪੈਂਦਾ ਡਿੱਠਾ ਤਾਂ ਅੱਗੇ ਨਿਕਲ ਜਾਵਾਂਗੇ, ਨਾਲੇ ਇਸ ਟੋਭੇ ਵਿਚੋਂ ਪੁੱਟ ਕੇ ਸੁੱਟੀ ਹੋਈ ਮਿੱਟੀ ਦੇ ਤੋਦੇ ਦੀ ਆੜ ਵਿਚ ਲੜਾਈ ਚੰਗੀ ਹੋ ਸਕਦੀ ਹੈ। ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਉਸ ਤਲਾਉ ਦੇ ਪੱਛਮ ਵੱਲ ਟਿੱਬੀ ’ਤੇ ਜਾ ਖਲੋਤੇ ਤੇ ਜੰਗ ਦੀ ਸਲਾਹ ਕਰਨ ਲੱਗੇ। ਏਨੇ ਨੂੰ ਸ਼ਾਹੀ ਲਸ਼ਕਰ ਨੇੜੇ ਆ ਪੁੱਜਾ, ਜਿਹੜੇ ਮਝੈਲ ਸਿੰਘ ਸਾਹਿਬਾਂ ਦੇ ਮਗਰ-ਮਗਰ ਆ ਰਹੇ ਸਨ, ਉਨ੍ਹਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਦ੍ਰਿੜ੍ਹ ਇੱਛਾ ਧਾਰ ਕੇ, ਸ਼ਹੀਦ ਹੋਣ ਲਈ ਉਸੇ ਢਾਬ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ।
ਤੁਰਤ ਖਾਲਸੋ ਖਾਲਸੋ ਗਯੋ ਖਲੋਇ।ਝੰਡੈ ਖੜਾਯੋ ਉਹਾਂ ਗਡੋਇ॥
ਦਈ ਨਗਾਰੇ ਚੋਬ ਲਗਾਇ। ਕੀਯੋ ਕੜਾਕ ਬੰਦੂਕਨ ਚਲਾਇ॥ 19॥ (ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ )
ਆਪ ਨੂੰ ਥੋੜ੍ਹਿਆਂ ਤੋਂ ਬਹੁਤੇ ਦਿਖਾਉਣ ਲਈ ਬੇਰੀਆਂ ਦੇ ਮਲ੍ਹਿਆਂ, ਝਾੜੀਆਂ ਤੇ ਆਪਣੇ ਬਸਤਰ ਪਾ ਦਿੱਤੇ ਤਾਂ ਕਿ ਤੁਰਕਾਂ ਨੂੰ ਲੱਗੇ ਕਿ ਗੁਰੂ ਸਾਹਿਬ ਜੀ ਦੀ ਫੌਜ ਦੀ ਛਾਉਣੀ ਏਥੇ ਹੈ ਗੁਰੂ ਸਾਹਿਬ ਅੱਗੇ ਨਿਕਲ ਜਾਣ। ਇਹ ਮੁਗ਼ਲ ਫ਼ੌਜਾਂ ਅਗਾਹਾਂ ਗੁਰੂ ਸਾਹਿਬ ਵੱਲ ਨਾ ਚਲੇ ਜਾਣ, ਪਹਿਲਾਂ ਅਸੀਂ ਮੁੱਠ ਭੇੜ ਕਰ ਲਈਏ, ਸਭ ਨੇ ਆਪਣੇ ਬਸਤਰ ਬਿਰਖਾਂ ’ਤੇ ਖਿੰਡਾ ਦਿੱਤੇ।
ਤੰਬੂਅਨ ਜਿਮ ਕਪੜੇ ਟੰਗੇ ਝਾਰਨ ਊਪਰ ਪਾਇ॥ 20॥(ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ)
ਜਿੰਨ੍ਹਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਣੀ ਫ਼ੌਜ ਸਭ ਉਧਰੇ ਝੁੱਕ ਗਈ। ਜਦੋਂ ਬਿਲਕੁਲ ਮਾਰ ਹੇਠ ਆਈ ਤਾਂ ਸਿੰਘਾਂ ਨੇ ਇਕੋ ਵਾਰੀ ਬਾੜ-ਝਾੜ ਦਿੱਤੀ, ਜਿਸ ਨਾਲ ਵੀਹ-ਪੰਝੀਹ ਡਿੱਗ ਪਏ। ਅਚਨਚੇਤ ਝਾੜਾਂ ਵਿਚੋਂ ਬੰਦੂਕਾਂ ਚਲੀਆਂ ਤਾਂ ਵਜ਼ੀਦ ਖਾਂ ਨੇ ਜਾਣਿਆ ਕਿ ਏਥੇ ਤੀਕ ਸਿੱਖਾਂ ਸਮੇਤ ਗੁਰੂ ਹੈ। ਇਥੋਂ ਝੰਗੀ ਵਿਚੋਂ 5-5 ਸਿੰਘ ਨਿਕਲਦੇ ਤੇਜ਼ੀ ਨਾਲ ਹੱਲਾ ਬੋਲਦੇ ਫਿਰ ਸਹਾਇਤਾ ਲਈ ਫਿਰ 5-5 ਨਿਕਲਦੇ ਹੱਲਾ ਬੋਲ ਕੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਝੰਗੀ ਵਿਚ ਆ ਜਾਂਦੇ ਇਕ ਪ੍ਰਕਾਰ ਦੀ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਰਹੇ ਨੇ। ਸਭ ਤੋਂ ਪਹਿਲਾਂ ਕਮਾਨ ਭਾਈ ਰਾਇ ਸਿੰਘ {ਭਾਈ ਮਨੀ ਸਿੰਘ ਦੇ ਭਰਾ ਸਨ} ਨੇ ਸੰਭਾਲੀ। ਜੰਗ ਵਿਚ ਕਾਫ਼ੀ ਜੌਹਰ ਦਿਖਾਏ ਆਖ਼ਰਕਾਰ ਉਨ੍ਹਾਂ ਦੇ ਗੋਲੀ ਲੱਗ ਗਈ ਉਹ ਸ਼ਹੀਦ ਹੋ ਗਏ, ਉਨ੍ਹਾਂ ਦੀ ਥਾਂ ’ਤੇ ਕਮਾਨ ਭਾਈ ਮਹਾਂ ਸਿੰਘ ਨੇ ਸੰਭਾਲ ਲਈ। ਇੰਝ ਖਿਦਰਾਣੇ ਦੀ ਧਰਤੀ ’ਤੇ ਸਿੱਖਾਂ ਅਤੇ ਤੁਰਕਾਂ ਵਿਚ ਗਹੀ-ਗੱਚ ਲੜਾਈ ਹੋਣ ਲੱਗੀ। ਖ਼ੂਬ ਮਾਰੋ ਮਾਰ ਤੇ ਕਾੜ-ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉੱਠਿਆ। ਉਨ੍ਹਾਂ ਸਿੱਖਾਂ ਨੇ ਅਜਿਹੀ ਦ੍ਰਿੜ੍ਹਤਾ ਨਾਲ ਲੜਾਈ ਕੀਤੀ ਕਿ ਤੁਰਕਣੀ ਫ਼ੌਜ ਅੱਗੇ ਨਾ ਵੱਧ ਸਕੀ ਅਤੇ ਨਾ ਉਨ੍ਹਾਂ ਨੂੰ ਤਲਾਬ ਵਿਚੋਂ ਪਾਣੀ ਹੀ ਪੀਣ ਲਈ ਨੇੜੇ ਲੱਗਣ ਦਿੱਤਾ। ਟਿੱਬੀ ਦੇ ਦੂਜੇ ਪਾਸਿਉਂ ਗੁਰੂ ਜੀ ਤੀਰਾਂ ਦੀ ਵਰਖਾ ਲਗਾਤਾਰ ਕਰ ਰਹੇ ਸਨ। ਇਹ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਪਰ ਇਸ ਵੇਲੇ ਤੱਕ ਵਜੀਦ ਖ਼ਾਂ ਦੀ ਫ਼ੌਜ ਵੀ ਲੜਾਈ ਕਰਕੇ ਭੁੱਖ ਅਤੇ ਪਿਆਸ ਕਰਕੇ ਦਿਲ ਛੱਡ ਬੈਠੀ ਸੀ, ਕਿਉਂਕਿ ਗੁਰੂ ਜੀ ਨੇ ਢਾਬ ’ਤੇ ਕਬਜ਼ਾ ਕੀਤਾ ਹੋਇਆ ਸੀ। ਇਸ ਲਈ ਮੁਗਲ ਫ਼ੌਜ ਨੇ ਕਾਫ਼ੀ ਸਿੰਘਾਂ ਦੀ ਸ਼ਹੀਦੀਆਂ ਨੂੰ ਤੱਕਿਆ ਤੇ ਸਮਝ ਗਿਆ ਕਿ ਗੁਰੂ ਜੀ ਅੱਗੇ ਨਿਕਲ ਗਏ ਸ਼ਾਇਦ ਉਹ ਏਸੇ ਵਿਚ ਹੀ ਆਪਣੀ ਜਿੱਤ ਸਮਝਦਿਆਂ ਹੋਇਆਂ ਪਾਣੀ ਦੀ ਤਲਾਸ਼ ਵਿਚ ਵਾਪਸ ਹੋ ਗਿਆ। ਜਦੋਂ ਕਪੂਰੇ ਕੋਲੋਂ ਪਾਣੀ ਪੁੱਛਿਆ ਉਸਨੇ ਕਿਹਾ ਕਿ ਪਿਛਾਂਹ 30 ਕੋਹ ’ਤੇ ਪਾਣੀ ਮਿਲੇਗਾ।
ਲੱਗੀ ਭੂਖ ਕਛੁ ਪਯਾਸ ਸੰਤਾਏ।ਸੋ ਫਿਰ ਨੱਠ ਪਿਛਾਹਾਂ ਧਾਏ॥31॥ (ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ. ਰਤਨ ਸਿੰਘ ਭੰਗੂ)
ਇਸ ਤਰ੍ਹਾਂ ਪਾਣੀ ਲਈ ਮੁਗ਼ਲ ਮਜਬੂਰ ਹੋ ਕੇ ਭੱਜ ਤੁਰੇ। ਇਹ ਲਾਸਾਨੀ ਜਿੱਤ ਵੇਖ ਕੇ ਗੁਰੂ ਜੀ ਖ਼ੁਦ ਮੈਦਾਨ-ਏ-ਜੰਗ ਵਿਚ ਸਿੰਘਾਂ ਨੂੰ ਪਛਾਣਨ ਲਈ ਤੁਰ ਪਏ।
ਕੋਈ ਬੀਸ ਤੀਸਨ ਪਰ ਪਰਯੋ। ਚਾਲੀ ਕੋਈ ਪਚਾਸਨ ਪਰ ਮਰਯੋ॥
ਸੌ ਸੌ ਦੋਇ ਸੋ ਸੌ ਲੌ ਪਏ। ਅਗੈ ਗਿਰੇ ਮਰ ਮੁਖਿ ਪਿਛੈ ਨ ਕਏ॥36॥(ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ)
ਪੰਜ-ਹਜ਼ਾਰੀ, ਦਸ-ਹਜ਼ਾਰੀ ਵਰਗੇ ਅਨੇਕਾਂ ਵਾਰੀ ਸਨਮਾਨਾਂ ਨਾਲ ਨਿਵਾਜਦੇ ਹੋਏ ਗੁਰੂ ਜੀ, ਭਾਈ ਮਹਾਂ ਸਿੰਘ ਕੋਲ ਪੁੱਜੇ, ਜਿੱਥੇ ਉਹ ਜਿਵੇਂ ਗੁਰੂ ਜੀ ਦਾ ਹੀ ਇੰਤਜ਼ਾਰ ਕਰਦਾ ਸਹਿਕ ਰਿਹਾ ਹੋਵੇ। ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਗੁਰੂ ਤੋਂ ਬੇਦਾਵੇ ਵਾਲੀ ਗ਼ਲਤੀ ਦੀ ਭੁੱਲ ਨੂੰ ਬਖ਼ਸ਼ਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ’ਤੇ ਰੱਖ ਕੇ ਮੂੰਹ ਮੱਥਾ ਸਾਫ਼ ਕਰਦਿਆਂ ਅਨੇਕਾਂ ਬਖ਼ਸ਼ੀਸ਼ਾਂ ਬਖ਼ਸ਼ ਕੇ ਕਿਹਾ,‘‘ਭਾਈ ਮਹਾਂ ਸਿੰਘ ਤੇਰੀ ਬਹਾਦਰੀ ਤੇ ਸੇਵਾ ਤੋਂ ਮੈਂ ਕਾਇਲ ਹਾਂ, ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ।
ਸ੍ਰੀ ਸਤਿਗੁਰ ਗੱਲ ਮੰਨ ਲਈ ਕਾਗਜ਼ ਖਿਯੋਂ ਨਿਕਾਰ।
ਧੰਨਿ ਧੰਨਿ ਗੁਰੂ ਸਿਖਨ ਕਹਯੋ ਕੀਯੋ ਪ੍ਰਸਵਰਥ ਉਪਕਾਰ॥ 40॥ (ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰ.ਰਤਨ ਸਿੰਘ ਭੰਗੂ)
ਭਾਈ ਮਹਾਂ ਸਿੰਘ ਦੀ ਬੇਨਤੀ ਅਤੇ ਉਸਦੀ ਬਹਾਦਰੀ ਸਦਕਾ ਗੁਰੂ ਸਾਹਿਬ ਨੇ ਉੱਠ ਕੇ ਡੱਬ ਵਿਚ ਸੰਭਾਲੀ ਬੇਦਾਵੇ ਵਾਲੀ ਚਿੱਠੀ ਪਾੜ ਦਿੱਤੀ ਅਤੇ ਇਉਂ ਟੁੱਟੀ ਗੰਢ ਕੇ ਆਪਣੇ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਿਵਾਜਿਆ। ਦਸਮੇਸ਼ ਪਿਤਾ ਦੀ ਅਸੀਸ ਅਤੇ ਬਖਸ਼ਿਸ ਹਾਸਲ ਕਰਨ ਵਾਲੇ ਚਾਲ਼ੀ ਮੁਕਤੇ ਹਨ। ਇਸ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਂ ਮਹਾਨ ਕੋਸ਼ ਅਨੁਸਾਰ ਇਹ ਹਨ : –
1. ਸਮੀਰ ਸਿੰਘ 2. ਸਰਜਾ ਸਿੰਘ 3. ਸਾਧੂ ਸਿੰਘ 4. ਸੁਹੇਲ ਸਿੰਘ 5. ਸੁਲਤਾਨ ਸਿੰਘ 6. ਸੋਭਾ ਸਿੰਘ 7. ਸੰਤ ਸਿੰਘ 8. ਹਰਸਾ ਸਿੰਘ 9. ਹਰੀ ਸਿੰਘ 10. ਕਰਨ ਸਿੰਘ 11. ਕਰਮ ਸਿੰਘ 12. ਕਾਲਾ ਸਿੰਘ 13. ਕੀਰਤਿ ਸਿੰਘ 14. ਕ੍ਰਿਪਾਲ ਸਿੰਘ 15. ਖੁਸ਼ਾਲ ਸਿੰਘ 16 ਗੁਲਾਬ ਸਿੰਘ 17 ਗੰਗਾ ਸਿੰਘ 18. ਗੰਡਾ ਸਿੰਘ 19. ਘਰਬਾਰਾ ਸਿੰਘ 20. ਚੰਬਾ ਸਿੰਘ 21. ਜਾਦੋ ਸਿੰਘ 22. ਜੋਗਾ ਸਿੰਘ 23. ਜੰਗ ਸਿੰਘ 24. ਦਯਾਲ ਸਿੰਘ 25. ਦਰਬਾਰਾ ਸਿੰਘ 26. ਦਿਲਬਾਗ ਸਿੰਘ 27.ਧਰਮ ਸਿੰਘ 28. ਧੰਨਾ ਸਿੰਘ 29. ਨਿਹਾਲ ਸਿੰਘ 30. ਨਿਧਾਨ ਸਿੰਘ 31. ਬੂੜ ਸਿੰਘ 32. ਭਾਗ ਸਿੰਘ 33. ਭੋਲਾ ਸਿੰਘ 34. ਭੰਗ ਸਿੰਘ 35. ਮਹਾਂ ਸਿੰਘ 36. ਮੱਜਾ ਸਿੰਘ 37. ਮਾਨ ਸਿੰਘ 38. ਮੈਯਾ ਸਿੰਘ 39. ਰਾਇ ਸਿੰਘ 40. ਲਛਮਣ ਸਿੰਘ
ਸ਼ਹੀਦ ਹੋਣ ਵਾਲੇ ਸਿੰਘਾਂ ਵਿਚ ਬੇਦਾਵਾ ਦੇਣ ਵਾਲੇ 40 ਸਿੰਘ ਵੀ ਸ਼ਾਮਲ ਸਨ।
ਗੁਰੂ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ ਆਪਣੀ ਗੋਦ ‘ਚ ਲੈ ਕੇ ਬੇਦਾਵਾ ਪਾੜ ਦਿੱਤਾ ਅਤੇ ਭਾਈ ਮਹਾਂ ਸਿੰਘ ਜੀ ਨੇ ਇਸੇ ਥਾਂ ‘ਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਜੰਗ ‘ਚ ਮਾਤਾ ਭਾਗ ਕੌਰ ਨੇ ਵੀ ਜੌਹਰ ਵਿਖਾਏ ਅਤੇ ਜ਼ਖ਼ਮੀ ਹੋਏ, ਜਿੰਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀਂ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਉਨ੍ਹਾਂ ਨੂੰ ਖਾਲਸਾ ਦਲ ‘ਚ ਸ਼ਾਮਲ ਕਰ ਲਿਆ। ਇਥੇ ਵੀ ਸਿੱਖ ਵੱਡੀ ਗਿਣਤੀ ਵਿਚ ਸ਼ਹੀਦ ਹੋਏ। ਇਥੇ ਵੱਖ-ਵੱਖ ਇਤਿਹਾਸਕਾਰਾਂ ਅਨੁਸਾਰ ਗਿਣਤੀ 300 ਦੇ ਕਰੀਬ ਦੀ ਸੀ। ਸ਼ਾਮ ਨੂੰ ਵੱਡੇ ਅਕਾਰ ਦੀ ਚਿਖਾ ਤਿਆਰ ਕਰ ਕੇ ਸਭ ਸਿੰਘਾਂ ਦੀਆਂ ਲੋਥਾਂ ਇਸ ਵਿਚ ਰੱਖ ਕੇ ਗੁਰੂ ਜੀ ਨੇ ਆਪਣੇ ਹੱਥੀਂ“ ਆਪਨ ਹਾਥ ਅਨਲ ਤਿਹ ਦੀਨੇ।।(ਗੁ.ਬਿਲਾਸ ਪਾਤਸ਼ਾਹੀ 10)”ਸਸਕਾਰ ਜਦੋਂ ਤੱਕ ਅੰਗੀਠਾ ਬਲਦਾ ਰਿਹਾ। ਉਸ ਸਮੇਂ ਤੱਕ ਗੁਰੂ ਜੀ ਉਥੇ ਹੀ ਬਿਰਾਜੇ ਰਹੇ ਅਤੇ ਕੀਰਤਨ ਹੁੰਦਾ ਰਿਹਾ। ਇਥੇ ਮੁਕਤਸਰ ਸਾਹਿਬ ਦੀ ਧਰਤੀ ਤੇ 1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ, ਇਸ ਦਿਹਾੜੇ ਨੂੰ ਚਾਲੀ ਮੁਕਤਿਆਂ ਦੀ ਕੀਤੀ ਹੋਈ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ।
ਵਾਹਿਗੁਰੂ ਜੀ 🙏