ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 6

ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ ਭੁੱਲ ਗਏ । ਭਾਈ ਜੀਊਣਾ ਗੁਰੂ ਜੀ ਦੀ ਭਾਲ ਵਿਚ ਵਿਆਕੁਲ ਹੋ ਗਿਆ । ਨੱਠਾ ਫਿਰਿਆ ਆਵਾਜ਼ਾਂ ਮਾਰਦਾ ਰਿਹਾ । ਉਸ ਦੇ ਬੋਲ ਨਾਲ ਜੰਗਲ ਦੀ ਸੁੰਞਤਾ ਗੂੰਜ ਉਠਦੀ ਤੇ ਉਸ ਦੇ ਕੰਨਾਂ ਨੂੰ ਸੁਣਾਈ ਦਿੰਦੀ । ਉਹ ਗੁਰੂ ਜੀ ਦੀ ਭਾਲ ਕਰਦਾ ਹੋਇਆ ਡਿੱਗ ਪਿਆ । ਉਸ ਵੇਲੇ ਸ਼ਾਮ ਹੋਣ ਵਾਲੀ ਸੀ , ਉਸ ਦੇ ਮੂੰਹ ਘੁੱਟ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ । ਉਸ ਵੇਲੇ ਤਿੰਨ ਸਿੱਖ ਆ ਗਏ — ਭਾਈ ਧਰਮ ਸਿੰਘ , ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ । ਉਹਨਾਂ ਨੇ ਦੇਖਿਆ , ਪਹਿਲਾਂ ਤਾਂ ਸਮਝਿਆ ਸ਼ਾਇਦ ਮਰਿਆ ਪਿਆ ਹੈ , ਪਰ ਜਦੋਂ ਨਬਜ਼ ਦੇਖੀ ਤਾਂ ਭਾਈ ਧਰਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਆਖਿਆ , “ ਜੀਊਂਦਾ ਹੈ । ਪਾਣੀ ਮੂੰਹ ਪਾਉ । ” ਭਾਈ ਮਾਨ ਸਿੰਘ ਨੇ ਛੱਪੜੀ ਵਿਚੋਂ ਕੱਪੜਾ ਭਿਉਂ ਕੇ ਭਾਈ ਜੀਊਣੇ ਦੇ ਮੂੰਹ ਉੱਤੇ ਨਿਚੋੜਿਆ ਤਾਂ ਉਹ ਇਕ ਦਮ ਹੋਸ਼ ਵਿਚ ਆ ਗਿਆ , ਉਸ ਨੇ ਪੁੱਛਿਆ , “ ਗੁਰੂ ਜੀ ! ” “ ਗੁਰੂ ਜੀ । ” ਸ਼ਬਦ ਉਸ ਦੀ ਜ਼ਬਾਨੋਂ ਸੁਣ ਕੇ ਉਹਨਾਂ ਨੇ ਇਕ ਦੂਸਰੇ ਵੱਲ ਦੇਖਿਆ । ਉਹ ਵੀ ਗੁਰੂ ਜੀ ਨੂੰ ਲੱਭਦੇ ਹੋਏ ਵਿਆਕੁਲ ਹੋ ਰਹੇ ਸਨ । ਥਕੇਵਾਂ ਸੀ । ਗੁਰਮੁਖਾ ਕੌਣ ਹੈਂ ? ” ਭਾਈ ਦਇਆ ਸਿੰਘ ਨੇ ਪੁੱਛਿਆ । “ ਮੈਂ ਜੀਊਣਾ ….. ਬਲੋਲਪੁਰ ਤੋਂ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ | “ ਤੁਸਾਂ ਗੁਰੂ ਜੀ ਨੂੰ ਦੇਖਿਆ ? ” “ ਹਾਂ …. ਦੇਖਿਆ — ਗੁਰੂ ਜੀ ਆਪ ਚੱਲ ਕੇ ਦਰਸ਼ਨ ਦੇਣ ਆਏ , ਪਰ ਮੈਂ ਮੰਦਭਾਗੀ ਸੇਵਾ ਨਾ ਕਰ ਸਕਿਆ । ਇਸ ਤੋਂ ਅੱਗੇ ਉਸ ਨੇ ਪੂਰਨ ਮਸੰਦ ਦੀ ਦੁਰਘਟਨਾ ਸੁਣਾਈ । “ ਕਿਧਰ ਨੂੰ ਗਏ ਸਨ ? ” “ ਏਧਰ
ਮੈਨੂੰ ਪਠਾਣਾਂ ਨੇ ਫੜ ਲਿਆ ਉਹ ਪੂਰੀ ਗੱਲ ਨਾ ਕਰ ਸਕਿਆ । ਉਸ ਨੇ ਪਾਣੀ ਮੰਗਿਆ । ਉਸ ਨੂੰ ਹੋਰ ਪਾਣੀ ਪਿਲਾਇਆ । ਮਾਨ ਸਿੰਘ ਨੇ ਕਿਸੇ ਜੰਗਲੀ ਬੂਟੀ ਦੇ ਪੱਤੇ ਮਲ ਕੇ ਫੱਕੀ ਦਿੱਤੀ ਤਾਂ ਕਿ ਠੀਕ ਹੋ ਕੈ ਰਤਾ ਖਲੋ ਜਾਏ । “ ਏਧਰ ਨੂੰ ਜਾਓ ! ” ਜੀਊਣੇ ਨੇ ਦੱਖਣ ਵੱਲ ਹੱਥ ਕੀਤਾ , “ ਮੈਂ ਤਾਂ ਮਾਛੀਵਾੜੇ ਨੂੰ ਜਾਂਦਾ ਹਾਂ – ਯਾਦ ਆ ਗਿਆ । ” ਕੀ ? ” “ ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ । ਕੀ ਪਤਾ , ਗੁਰੂ ਜੀ ਉਧਰ ਜਾਣ । ਪੁੱਛ ਦੇਖਣਾ । ਉਹ ਸ਼ਾਇਦ ਪੂਰਨ ਵਾਂਗ ਨਸ਼ੁਕਰੇ ਤੇ ਅਕ੍ਰਿਤਘਣ ਨਾ ਹੋਣ । ” “ ਗੱਲ ਤੇਰੀ ਠੀਕ ਹੈ , ਪਰ ਮਾਛੀਵਾੜਾ ਪਿੰਡ ….. ? ” “ ਹੈ ਤਾਂ ਮੁਸਲਮਾਨਾਂ ਦਾ । ਕਈ ਕੱਟੜ ਮੁਸਲਮਾਨ ਤੇ ਤੁਰਕਾਂ ਦੇ ਸਹਾਇਕ ਹਨ । “ ਤੁਸੀਂ ਵੀ ਅਸਾਡੇ ਨਾਲ ਚੱਲੋ । ” ‘ ਮੈਂ ….. ਮੈਂ ਹੌਲੀ ਤੁਰਾਂਗਾ । ਤੁਸੀਂ ਦੱਖਣ ਵੱਲੋਂ ਹੋ ਕੇ ਮੁੜ ਪੱਛਮ ਵੱਲ ਮੁੜਨਾ । ਮੈਂ ਸਿੱਧਾ ਚੱਲਦਾ ਹਾਂ । ਰਾਹ ਵਿਚ ਮੇਲ ਹੋ ਜਾਏਗਾ । ਤੁਸੀਂ ਏਧਰ ਲੱਭ ਆਉ । ” ਭਾਈ ਜੀਊਣੇ ਦੇ ਸਿੱਖੀ ਪਿਆਰ ਤੇ ਉਸ ਦੀ ਹਿੰਮਤ ਦੀ ਦਾਦ ਦਿੱਤੀ । ਉਸ ਦੇ ਦੱਸਣ ਤਿੰਨੇ ਸਿੰਘ ਚੱਲ ਪਏ , ਉਪਰੋਂ ਹਨੇਰਾ ਹੁੰਦਾ ਜਾਂਦਾ ਸੀ । ਦਿਨ ਬਹੁਤ ਥੋੜਾ ਰਹਿ ਗਿਆ ਸੀ । ਤਿੰਨੇ ਗੁਰਸਿੱਖ ਗੁਰੂ ਜੀ ਨੂੰ ਭਾਲਦੇ ਹੋਏ ਉਹਨਾਂ ਹੀ ਝਾੜਾਂ ਵਿਚ ਅੱਪੜ ਗਏ , ਜਿਥੇ ਗੁਰੂ ਜੀ ਬਿਰਾਜੇ ਸਨ । ਦੇਖਿਆ , ਝਾੜੀ ਉੱਤੇ ਗੁਰੂ ਜੀ ਦੇ ਬਸਤਰ ਦੀ ਲੀਰ ਸੀ । ਕੁਝ ਕੱਪੜਾ ਸਵਾਰ ਕੇ ਪਾਇਆ ਤੇ ਧਰਤੀ ਉੱਤੇ ਕ੍ਰਿਪਾਨ ਦੀ ਨੋਕ ਨਾਲ ਅੱਖਰ ਲਿਖੇ ਸਨ । “ ਗੁਰੂ ਜੀ ਇਥੇ ਆਏ । ” ਖ਼ੁਸ਼ੀ ਨਾਲ ਤਿੰਨਾਂ ਨੇ ਕਿਹਾ ਤੇ ਪੈੜ ਨੱਪ ਕੇ ਚੱਲ ਪਏ । ਪਰ ਬਦਕਿਸਮਤੀ ਨਾਲ ਹਨੇਰਾ ਹੋ ਗਿਆ । ਫਿਰ ਵੀ ਤੁਰਦੇ ਗਏ , ਲੱਭਦੇ ਗਏ , ਆਪਣੇ ਗੁਰੂ ਮਹਾਰਾਜ ਨੂੰ ।
( ਚਲਦਾ )


Share On Whatsapp

Leave a Reply




"2" Comments
Leave Comment
  1. waheguru ji 🙏🙏🙏 🙏🙏

  2. Waheguru ji mehair pherya hat rakheyo

top