17 ਦਸੰਬਰ ਦਾ ਇਤਿਹਾਸ – ਸ਼ਹਾਦਤ ਸ਼੍ਰੀ ਗੁਰ ਤੇਗ਼ ਬਹਾਦਰ ਸਾਹਿਬ ਜੀ

17 ਦਸੰਬਰ ਸ਼ਹਾਦਤ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਉ ਸੰਖੇਪ ਝਾਤ ਮਾਰੀਏ ਗੁਰੂ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਮੈਂ ਹਾਂ ਤੇਗ ਤੇ ਕਢ ਲੈ ਤੇਗ ਤੂੰ ਵੀ,
ਇੱਕ ਦੋ ਨੀ ਪਰਖ ਲੈ ਸੌ ਤੇਗਾਂ,
ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ,
ਮੇਰੇ ਸਾਂਹਵੇ ਨੀ ਸਕਦੀਆਂ ਖਲੋ ਤੇਗਾਂ,
ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ,
ਵੇਖ ਪਿਤਾ ਦੀਆਂ ਪਹਿਨੀਆ ਦੋ ਤੇਗਾਂ,
ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ,
ਰਿਹਾ ਪਰਖਦਾ ਤੇਰਾ ਪਿਉ ਤੇਗਾਂ,
ਹੁਣ ਵੀ ਵੇਖੇਗਾਂ ਆਉਂਦੇ ਭਵਿਖ ਅੰਦਰ ,
ਮੇਰੇ ਪੁੱਤਰ ਨੇ ਵਹੁਣੀਆਂ ਓਹ ਤੇਗਾਂ,
ਉਹਦੀ ਤੇਗ ਵਿੱਚੋ ਜਿਹੜੀ ਤੇਗ ਨਿਕਲੂ ,
ਓਹ ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ ।
ਗੁਰੂ ਤੇਗ਼ ਬਹਾਦਰ ਸਾਹਿਬ; ਮਾਰਚ 1673 ਦੇ ਆਖ਼ਰੀ ਹਫ਼ਤੇ ਤੋਂ 10 ਜੁਲਾਈ 1675 ਤੱਕ ਚੱਕ ਨਾਨਕੀ ਵਿੱਚ ਰਹੇ। ਓਨੀਂ ਦਿਨੀਂ ਔਰੰਗਜ਼ੇਬ ਤਲਵਾਰ ਦੇ ਜ਼ੋਰ ਨਾਲ਼ ਹਰੇਕ ਭਾਰਤੀ ਨੂੰ ਮੁਸਲਮਾਨ ਬਣਾ ਰਿਹਾ ਸੀ। ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚਾ ਕੀਤਾ। 25 ਮਈ 1675 ਈਸਵੀ ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜੱਥਾ ਇੱਕ ਮੋਹਤਬਰ ਸਿੱਖ ਆਗੂ ਪੰਡਤ ਕਿਰਪਾ ਰਾਮ ਦੱਤ ਦੀ ਮਦਦ ਨਾਲ਼ ਚੱਕ ਨਾਨਕੀ ਵਿਖੇ ਆਇਆ ਅਤੇ ਗੁਰੂ ਸਾਹਿਬ ਦੇ ਦਰਬਾਰ ’ਚ ਉਨ੍ਹਾਂ ਫ਼ਰਿਆਦ ਕੀਤੀ ਕਿ ਅਸੀਂ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤੱਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਆਪਣੀ ਬੇਵੱਸੀ ਜ਼ਾਹਰ ਕੀਤੀ ਹੈ। ਅਸੀਂ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਸ਼ੀ, ਮਥੁਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ, ਪਰ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਹੀ ਬਚੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਉਨ੍ਹਾਂ ਨੂੰ ਕਿਹਾ ਕਿ ‘ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਓ, ਸੂਬੇਦਾਰ ਨੂੰ ਆਖ ਦਿਓ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।’
ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿੱਚ ਜਾਨ ਆ ਗਈ। ਆਪ ਜੀ ਦੇ ਵਚਨ ਸੁਣ ਕੇ ਪੂਰੇ ਦਰਬਾਰ ਵਿੱਚ ਸਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂ ਪੁਰਖ ਦੇ ਬਲੀਦਾਨ ਦੀ ਲੋੜ ਹੈ, ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂ ਪੁਰਖ ਕੌਣ ਹੋ ਸਕਦਾ ਹੈ ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਅਲੋਪ ਹੁੰਦੇ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਮੂੰਹੋਂ ਐਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਮ੍ਹਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਵੀ ਖ਼ੁਸ਼ੀ-ਖ਼ੁਸ਼ੀ ਮੁਸਲਮਾਨ ਬਣ ਜਾਵਾਂਗੇ।
ਜਦੋਂ ਗੁਰੂ ਜੀ ਦਾ ਸੁਨੇਹਾ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਨੂੰ ਦਿੱਤਾ ਗਿਆ ਤਾਂ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਦੂਸਰੇ ਪਾਸੇ ਗੁਰੂ ਜੀ ਨੇ ਕੁਝ ਚੋਣਵੇਂ ਸਿੱਖ (ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਦਿਕ) ਸਮੇਤ ਆਪ ਹੀ ਦਿੱਲੀ ਵੱਲ ਜਾਣ ਦੀ ਤਿਆਰੀ ਕਰ ਲਈ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਦੇ ਦਿੱਲੀ ਵੱਲ ਜਾਣ ਤੋਂ ਪਹਿਲਾਂ ਬਾਲਕ ਗੋਬਿੰਦ ਰਾਇ ਜੀ ਨੂੰ 1675 ਨੂੰ ਗੁਰਿਆਈ ਸੌਂਪ ਦਿੱਤੀ ਸੀ। ਕੇਸਰ ਸਿੰਘ ਛਿਬਰ ਬੰਸਾਵਲੀਨਾਮਾ ਮੁਤਾਬਕ ਗੁਰੂ ਜੀ ਨੂੰ ਦਿੱਲੀ ਵੱਲ ਜਾਂਦਿਆਂ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਤਿੰਨ ਮਹੀਨੇ ਬੱਸੀ ਪਠਾਣਾ ਦੇ ਕਿਲ੍ਹੇ ਵਿੱਚ ਰੱਖਿਆ ਗਿਆ ਕਿਉਂਕਿ ਔਰੰਗਜ਼ੇਬ ਹਸਨ ਅਬਦਾਲ (ਪਾਕਿਸਤਾਨ) ਵਿੱਚ ਸੀ। ਇੱਥੇ ਕਿਲ੍ਹੇ ਵਿੱਚ ਹੀ ਔਰੰਗਜ਼ੇਬ ਦੇ ਹੁਕਮਾਂ ਮੁਤਾਬਕ ਸੈਫ਼-ਉਦ-ਦੀਨ ਨੇ ਗੁਰੂ ਜੀ ਨਾਲ਼ ਕਈ ਵਾਰ ਧਾਰਮਿਕ ਚਰਚਾਵਾਂ ਕੀਤੀਆਂ ਅਤੇ ਇਸਲਾਮ ’ਚ ਲਿਆਉਣ ਲਈ ਦਬਾਅ ਬਣਾਇਆ ਗਿਆ, ਪਰ ਗੁਰੂ ਜੀ ਨੇ ਉਨ੍ਹਾਂ ਦੀ ਉਮੀਦ ਦੇ ਉਲ਼ਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਅਨੁਸਾਰ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਂ ’ਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ, ਪਰ ਇਸ ਦੇ ਉਲ਼ਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਤੁਹਾਡੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਜ਼ਲੂਮਾਂ (ਹਿੰਦੂਆਂ) ਦੀ ਰੱਖਿਆ ਲਈ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਤੁਸੀਂ ਬਾਦਸ਼ਾਹ ਹੋਣ ਦੇ ਨਾਂ ’ਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠੇ ਹੋ ਪਰ ਅਸੀਂ ਇਨ੍ਹਾਂ ਦੀ ਬਾਂਹ ਪਕੜਨ ਲਈ ਆਏ ਹਾਂ। ਕਵੀ ਕੇਸ਼ਵ ਭੱਟ; ਗੁਰੂ ਜੀ ਦੀ ਕਥਨੀ ਅਤੇ ਕਰਨੀ ਬਾਰੇ ਲਿਖਦਾ ਹੈ ।
‘ਬਾਂਹਿ ਜਿਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ। ਤੇਗ਼ ਬਹਾਦਰ ਬੋਲਿਆ, ਧਰ ਪਈਐ ਧਰਮ ਨ ਛੋੜੀਏ।’
ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ, ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਅਤੇ ਕੁਰਬਾਨੀ ਲਈ ਤਿਆਰ ਅਟੱਲ ਨਿਸ਼ਚੇ ਨੂੰ ਵੇਖ ਕੇ ਔਰੰਗਜ਼ੇਬ ਤੱਕ ਸਭ ਹਾਕਮ ਗੁੱਸੇ ਵਿੱਚ ਸਨ। ਉਨ੍ਹਾਂ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਰਹੀਆਂ ਸਨ। ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਚੌਥੇ ਮਹੀਨੇ ਤਿੰਨੇ ਸਿੱਖਾਂ ਸਮੇਤ ਗੁਰੂ ਜੀ ਨੂੰ ਦਿੱਲੀ ਲਿਜਾਇਆ ਗਿਆ। ਆਪਣੀ ਹਾਰ ਹੁੰਦੀ ਵੇਖ ਆਖ਼ਿਰ ਹੁਕਮ ਸੁਣਾਇਆ ਗਿਆ ਕਿ ਗੁਰੂ ਅਤੇ ਇਸ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।
ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਗਰਮ ਪਾਣੀ ਦੀ ਉਬਲਦੀ ਦੇਗ ਵਿੱਚ ਉਬਾਲ਼ਿਆ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰ ਕੇ ਗੁਰੂ ਜੀ ਦੇ ਮੁਰੀਦਾਂ ਨੂੰ ਦਿੱਤੇ ਅਣਮਨੁੱਖੀ ਤਸੀਹਿਆਂ ਨੂੰ ਵੇਖ ਕੇ ਵੀ ਗੁਰੂ ਜੀ ਅਡੋਲ ਰਹੇ ਸਗੋਂ ਸਿਦਕ ਹੋਰ ਵੀ ਦ੍ਰਿੜ੍ਹ ਹੋ ਗਿਆ।
ਅੰਤ ਮਿਤੀ 17 ਦਸੰਬਰ , 1675 ਈ: ਨੂੰ ਚਾਂਦਨੀ ਚੌਕ; ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ, ਵਿਖੇ ਕਾਜ਼ੀ ਨੇ ਫਤਵਾ ਪੜ੍ਹਿਆ। ਜੱਲਾਦ ਜਲਾਲ-ਉ-ਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ, ਪਰ ਉਨ੍ਹਾਂ ਆਪਣੇ ਮੂੰਹੋਂ ਸੀ ਨਾ ਉਚਾਰੀ। ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਅੰਦਰ ਤਰਥੱਲੀ ਮੱਚ ਉੱਠੀ। ਜੱਲਾਦ ਦਾ ਦਿਲ ਦਹਿਲ ਗਿਆ ਤੇ ਉਹ ਤਲਵਾਰ ਸੁੱਟ ਜਾਮਾ ਮਸਜਿਦ ਵੱਲ ਭੱਜ ਗਿਆ।
ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ਼-ਨਾਲ਼ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿੱਤੇ ਜਾਣ ਪਰ ਹਨ੍ਹੇਰਾ ਪੈ ਚੁੱਕਾ ਹੋਣ ਕਰ ਕੇ ਅਤੇ ਸਖ਼ਤ ਹਨ੍ਹੇਰੀ ਆਉਣ ਕਰ ਕੇ ਉਸ ਦੇ ਇਸ ਹੁਕਮ ’ਤੇ ਅਮਲ ਨਾ ਹੋ ਸਕਿਆ। ਉੱਧਰ ਭਾਈ ਜੈਤਾ, ਭਾਈ ਨਾਨੂਰਾਮ, ਭਾਈ ਤੁਲਸੀ ਤੇ ਭਾਈ ਊਦੇ ਜੀ ਨੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲਿਆਉਣ ਦੀ ਤਰਕੀਬ ਘੜ ਰੱਖੀ ਸੀ। ਭਾਈ ਜੈਤਾ ਜੀ ਰਾਤ ਦੇ ਹਨ੍ਹੇਰੇ ਵਿੱਚ ਗੁਰੂ ਸਾਹਿਬ ਦਾ ਸੀਸ ਚੁੱਕ ਲਿਆਇਆ। ਦੂਜੇ ਪਾਸੇ ਭਾਈ ਲੱਖੀ ਸ਼ਾਹ ਵਣਜਾਰਾ (ਭਾਈ ਮਨੀ ਸਿੰਘ ਦੇ ਸਹੁਰਾ) ਨੇ ਆਪਣੇ ਪੁੱਤਰਾਂ (ਭਾਈ ਨਿਗਾਹੀਆ, ਹੇਮਾ ਤੇ ਹਾੜੀ) ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁੱਕ ਲਿਆਂਦਾ ਅਤੇ ਆਪਣੇ ਘਰ ਅੰਦਰ ਹੀ ਧੜ ਦਾ ਸਸਕਾਰ ਕਰ ਦਿੱਤਾ। ਗੁਰੂ ਜੀ ਦੇ ਸਸਕਾਰ ਵਾਲੇ ਅਸਥਾਨ ’ਤੇ ਹੁਣ ਗੁਰਦਵਾਰਾ ਰਕਾਬ ਗੰਜ ਸੁਸ਼ੋਭਿਤ ਹੈ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




top