ਅੱਧਾ ਸਿੱਖ – ਜਰੂਰ ਪੜ੍ਹੋ

ਅੱਜ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ-ਸਫ਼ਰ ਵਿੱਚੋਂ ਦੋ ਅਦਭੁੱਤ ਘਟਨਾਵਾਂ ਯਾਦ ਆ ਰਹੀਆਂ ਨੇ-
ਪਹਿਲੀ ਘਟਨਾ :- ਗੁਰੂ ਸਾਹਿਬ ਦਰਬਾਰ ਸਾਹਿਬ ਦੇ ਰਬਾਬੀਆਂ/ਰਾਗੀਆਂ ਨੂੰ ਐਨਾ ਮਾਣ ਅਤੇ ਪਿਆਰ ਬਖ਼ਸ਼ਦੇ ਸਨ ਕਿ ਉਨ੍ਹਾਂ ਨੇ ਰਬਾਬੀਆਂ ਦੀਆਂ ਰਿਹਾਇਸ਼-ਗਾਹਾਂ ਆਪਣੀ ਰਿਹਾਇਸ਼ ਦੇ ਬਿਲਕੁਲ ਮਗਰਲੀ ਗਲੀ ਵਿੱਚ ਬਣਵਾਈ ਹੋਈ ਸੀ। ਇੱਕ ਵਾਰ ਗੁਰੂ ਘਰ ਦੇ ਇੱਕ ਰਬਾਬੀ ਦੀ ਧੀ ਦਾ ਵਿਆਹ ਸੀ। ਉਹ ਗੁਰੂ ਸਾਹਿਬ ਕੋਲੋਂ ਵਿਆਹ ਖ਼ਰਚੇ ਲਈ ਕੁੱਝ ਮਾਇਆ ਮੰਗਣ ਆਇਆ। ਉਸਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੈਨੂੰ ਇੱਕ ਟਕਾ ਗੁਰੂ ਨਾਨਕ ਜੀ ਦੇ ਨਾਂ ਦਾ ਦਿਓ। ਸਤਿਗੁਰਾਂ ਨੇ ਇੱਕ ਟਕਾ ਰਬਾਬੀ ਦੀ ਤਲੀ ‘ਤੇ ਧਰ ਦਿੱਤਾ। ਫਿਰ ਉਸਨੇ ਵਾਰੋ-ਵਾਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀਆਂ ਦੇ ਨਾਂ ‘ਤੇ ਇੱਕ-ਇੱਕ ਟਕਾ ਮੰਗਿਆ। ਮਿਹਰਬਾਨ ਦਾਤਾਰ ਨੇ ਫਿਰ ਇੱਕ-ਇੱਕ ਟਕਾ ਉਸਨੂੰ ਦੇ ਦਿੱਤਾ। ਰਬਾਬੀ ਕਹਿਣ ਲੱਗਾ- “ਹੁਣ ਆਪਣੇ ਨਾਂ ਦਾ ਇੱਕ ਟਕਾ ਦਿਓ !” ਇਸ ਵਾਰ ਗੁਰੂ ਸਾਹਿਬ ਨੇ ਉਸਨੂੰ ‘ਅੱਧਾ ਟਕਾ’ ਦਿੱਤਾ। ਹੈਰਾਨ ਹੋ ਕੇ ਰਬਾਬੀ ਪੁੱਛਣ ਲੱਗਾ ਕਿ ਉਨ੍ਹਾਂ ਨੇ ਆਪਣੀ ਵਾਰੀ ਅੱਧਾ ਟਕਾ ਕਿਉੰ ਦਿੱਤਾ। ਤਾਂ ਪਾਤਸ਼ਾਹ ਨੇ ਫ਼ੁਰਮਾਇਆ- “ਭਾਈ ਗੁਰਮੁਖਾ ! ਮੈੰ ਅਜੇ ‘ਅੱਧਾ ਸਿੱਖ’ ਬਣਿਆ ਹਾਂ, ਇਸ ਲਈ ਅਜੇ ਮੈਂ ਤੈਨੂੰ ਅੱਧਾ ਟਕਾ ਈ ਦਿੱਤਾ ਏ। ਜਿਸ ਦਿਨ ਮੈਂ ਪੂਰਨ ਸਿੱਖ ਹੋ ਗਿਆ ਉਸ ਦਿਨ ਤੈਨੂੰ ਪੂਰਾ ਟਕਾ ਦਿਆਂਗਾ !
ਦੂਜੀ ਘਟਨਾ :- ਸਿਆਲ਼ ਦੀ ਰੁੱਤੇ ਇੱਕ ਦਿਨ ਮੂੰਹ-ਹਨ੍ਹੇਰੇ ਕੋਈ ਸ਼ਰਧਾਲੂ ਚਾਦਰ ਦੀ ਬੁੱਕਲ਼ ਨਾਲ ਮੂੰਹ ਸਿਰ ਲਪੇਟੀਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਅਇਆ ਅਤੇ ਉਸਨੇ ਅਰਦਾਸੀਏ ਸਿੱਖ ਨੂੰ ਬੇਨਤੀ ਕੀਤੀ ਕਿ ਉਹਦੇ ਲਈ ਅਰਦਾਸ ਕਰ ਦਏ। ਅਰਦਾਸੀਏ ਨੇ ਪੁੱਛਿਆ ਕਿ ਅਰਦਾਸ ਕੀ ਕਰਨੀ ਹੈ। ਤਾਂ ਉਹ ਸ਼ਰਧਾਲੂ ਬੋਲਿਆ ਕਿ ਮੇਰੇ ਲਈ ਗੁਰੂ ਅੱਗੇ ਅਰਦਾਸ ਕਰੋ ਕਿ ਮੈਨੂੰ “ਪੂਰਾ ਸਿੱਖ” ਬਣਾ ਦੇਣ। ਜਦੋਂ ਅਰਦਾਸੀਏ ਨੇ ਉਤਸੁਕਤਾਵਸ ਘੁੰਮਕੇ ਜ਼ਰਾ ਨੇੜੇ ਨੂੰ ਹੋ ਕੇ ਧਿਆਨ ਨਾਲ ਦੇਖਿਆ ਤਾਂ ਉਹ ਸ਼ਰਧਾਲੂ ਕੋਈ ਹੋਰ ਨਹੀਂ, ਸਗੋਂ ਨਿਮਰਤਾ ਤੇ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਜੀ ਸਨ !!
ਮੈੰ ਅਕਸਰ ਸੋਚਿਆ ਕਰਦਾਂ ਕਿ ਕਿੱਥੇ ਉਹ ਤ੍ਰਿਕਾਲ-ਦਰਸ਼ੀ ਰਹਿਬਰ ਜੋ ਪਰਮਪਦ ਨੂੰ ਪਹੁੰਚੇ ਹੋਣ ਦੇ ਬਾਵਜੂਦ ਹਉਮੈ ਤੋਂ ਇਸ ਕਦਰ ਰਹਿਤ ਸੀ ਕਿ ਆਪਣੇ ਆਪ ਨੂੰ ਕਦੇ ਪੂਰਾ ਸਿੱਖ ਸਮਝਦਾ ਈ ਨਹੀਂ ਸੀ, ਤੇ ਕਿੱਥੇ ਮੇਰੇ ਵਰਗੇ ਹਉਮੈ ‘ਚ ਗ੍ਰਸੇ ਮੂੜ੍ਹ ਅਗਿਆਨੀ ਜੋ ਪੰਜ-ਸੱਤ ਵਾਰ ਗੁਰੂਦੁਆਰਾ ਸਾਹਿਬ ਦੇ ਅੱਗਿਓੰ ਲੰਘ ਜਾਣ ਨਾਲ ਈ ਆਪਣੇ ਆਪ ਨੂੰ “ਸਿੱਖ” ਕਹਾਉਣ ਲੱਗ ਜਾਂਦੇ ਆ !
ਧੰਨੁ ਗੁਰੂ ! ਧੰਨੁ ਸਿੱਖੀ ! ਧੰਨੁ ਗੁਰੂ ਦੇ ਸਿੱਖ !
:- ਜਸਪਾਲ “ਸ਼ੌਂਕੀ”


Share On Whatsapp

Leave a Reply




"2" Comments
Leave Comment
  1. Chandpreet Singh

    ਵਾਹਿਗੁਰੂ ਜੀ 🙏

  2. Waheguru Ji 🙏🙏🙏

top